ਗੁਰੂ ਨਾਨਕ ਫਾਊਂਡੇਸ਼ਨ ਸਰੋਤ : 
    
      ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
      
           
     
      
      
      
        ਗੁਰੂ ਨਾਨਕ ਫਾਊਂਡੇਸ਼ਨ: ਇਸ ਫਾਊਂਡੇਸ਼ਨ ਦੀ ਸਥਾਪਨਾ ਸੰਨ  1965 ਈ. ਵਿਚ ਹੋਈ ਅਤੇ  ਇੰਡੀਅਨ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ ਅਧੀਨ  ਰਜਿਸਟਰ  ਕਰਵਾਈ ਗਈ।  ਇਸ ਦੀ ਸਥਾਪਨਾ ਦਾ ਮੂਲ  ਉਦੇਸ਼ ਗੁਰੂ ਨਾਨਕ ਦੇਵ  ਜੀ ਦੀ ਪੰਚਮ ਜਨਮ-ਸ਼ਤਾਬਦੀ ਨੂੰ ਮੰਨਾਉਣਾ ਸੀ।  ਇਸ ਦਾ ਸਰੂਪ ਸਥਾਈ  ਤੌਰ  ’ਤੇ ਗ਼ੈਰ-ਸਿਆਸੀ ਅਤੇ ਸੰਪ੍ਰਦਾਇਕ ਸੀਮਾਵਾਂ ਤੋਂ ਉੱਚਾ  ਸੀ। ਕਿਸੇ ਵੀ ਧਰਮ , ਦੇਸ਼ , ਜਾਤਿ ਆਦਿ ਦਾ ਵਿਅਕਤੀ  ਇਸ ਦਾ ਮੈਂਬਰ ਬਣ ਸਕਣ  ਦਾ ਅਧਿਕਾਰੀ ਸੀ। ਇਸ ਦੀ ਪ੍ਰਚਾਰ-ਸੀਮਾ ਗੁਰੂ  ਨਾਨਕ  ਦੇਵ  ਜੀ ਦੇ ਧਾਰਮਿਕ ਸਿੱਧਾਂਤਾਂ ਤਕ  ਬੰਦ  ਨਹੀਂ  ਸੀ, ਸਗੋਂ  ਵਖ ਵਖ ਧਰਮਾਂ ਦੇ ਸੰਸਥਾਪਕਾਂ ਦੇ ਜੀਵਨ  ਅਤੇ ਸਿੱਧਾਂਤਾਂ ਨੂੰ ਵੀ ਇਸ ਦੇ ਪ੍ਰਚਾਰ-ਖੇਤਰ ਵਿਚ ਸਮੋਇਆ ਗਿਆ, ਜਿਨ੍ਹਾਂ ਨੇ ਮਨੁੱਖਤਾ ਦੇ ਅਧਿਆਤਮਿਕ ਅਤੇ ਸਦਾਚਾਰਿਕ ਉੱਨਤੀ  ਵਿਚ ਆਪਣਾ ਯੋਗਦਾਨ ਪਾਇਆ। ਇਸ ਤਰ੍ਹਾਂ ਇਹ ਵਿਸ਼ਵ ਵਿਆਪੀ ਸੰਸਥਾ  ਹੈ ਅਤੇ ਇਸ ਦੀਆਂ ਸ਼ਾਖਾਵਾਂ ਹਿੰਦੁਸਤਾਨ  ਤੋਂ ਇਲਾਵਾ ਬਾਹਰਲੇ ਮੁਲਕਾਂ  ਵਿਚ ਵੀ ਕਾਇਮ ਕੀਤੀਆਂ ਗਈਆਂ ਹਨ।
	       ਇਸ ਸੰਸਥਾ ਦੇ ਮੁੱਖ  ਉਦੇਸ਼ਾਂ ਵਿਚ ਹੇਠ ਲਿਖੇ ਉਦੇਸ਼ ਵੀ ਸ਼ਾਮਲ ਸਨ :
	(1)   ਗੁਰੂ ਸਾਹਿਬਾਂ , ਸ਼ਹੀਦਾਂ ਅਤੇ ਸੰਤਾਂ  ਦੀਆਂ ਜੀਵਨੀਆਂ ਤਿਆਰ ਕਰਵਾਉਣਾ,
	(2)   ਗੁਰਬਾਣੀ ਅਤੇ ਹੋਰ  ਧਾਰਮਿਕ ਰਚਨਾਵਾਂ ਨੂੰ ਅੰਗ੍ਰੇਜ਼ੀ ਤੋਂ ਇਲਾਵਾ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਰੂਪਾਂਤਰਿਤ ਕਰਵਾਉਣਾ ਅਤੇ
	(3) ਸਿੱਖ  ਧਰਮ-ਗ੍ਰੰਥਾਂ ਅਤੇ ਧਾਰਮਿਕ ਪੁਸਤਕਾਂ ਦੇ ਅਧਿਐਨ ਲਈ  ਖੋਜ-ਕੇਂਦਰ ਸਥਾਪਿਤ ਕਰਨਾ ਅਤੇ ਸਿੱਖ ਸੰਗੀਤ ਤੇ ਕਲਾ  ਤੋਂ ਇਲਾਵਾ ਤੁਲਨਾਤਮਕ ਅਧਿਐਨ ਦੀ ਵਿਵਸਥਾ ਕਰਨਾ।
	            ਸ਼ਤਾਬਦੀ  ਦੇ ਮੌਕੇ  ਅੰਗ੍ਰੇਜ਼ੀ, ਹਿੰਦੀ  ਅਤੇ ਪੰਜਾਬੀ  ਵਿਚ ਸਮ੍ਰਿਤੀ ਗ੍ਰੰਥ  ਛਾਪਣ ਤੋਂ ਇਲਾਵਾ ਹੋਰ ਵੀ ਕਈ  ਰਚਨਾਵਾਂ ਦਾ ਪ੍ਰਕਾਸ਼ਨ ਹੋਇਆ। ਸਰਕਾਰ  ਵਲੋਂ  ਇਸ ਫਾਊਂਡੇਸ਼ਨ ਦਾ ਕੇਂਦਰ-ਸਥਾਨ ਸਥਾਪਿਤ ਕਰਨ ਲਈ 15- 16 ਇੰਸਟੀਚਿਊਸ਼ਨਲ ਏਰੀਆ ਵਿਚ ਪਲਾਟ ਦਿੱਤਾ ਗਿਆ, ਜਿਸ ਉਤੇ ਬਾਦ ਵਿਚ ਇਕ ਵੱਡੀ  ਇਮਾਰਤ ਕਾਇਮ ਕੀਤੀ ਗਈ, ਜਿਸ ਵਿਚ ਵੱਡੇ  ਹਾਲ  ਤੋਂ ਇਲਾਵਾ, ਦਫ਼ਤਰ ਅਤੇ ਲਾਇਬ੍ਰੇਰੀ ਦੀ ਵੀ ਸੁੰਦਰ  ਵਿਵਸਥਾ ਹੈ। ਜਿਸ ਉਦੇਸ਼ ਨਾਲ  ਇਸ ਦੀ ਸਥਾਪਨਾ ਹੋਈ ਸੀ, ਉਸ ਦੀ ਪੂਰਤੀ ਲਈ ਹੁਣ  ਇਸ ਵਿਚ ਸਰਗਰਮੀ ਘਟ  ਗਈ ਹੈ, ਬਸ  ਇਕ ਰਵਾਇਤੀ  ਜਿਹੇ ਢੰਗ  ਨਾਲ ਕਾਰਵਾਈ  ਚਲਾਈ  ਜਾ ਰਹੀ  ਹੈ। ਇਸ ਦਾ ਇਕ ਕਾਰਣ ਇਹ ਹੈ ਕਿ ਸਥਾਪਨਾ ਕਰਨ ਵਾਲੇ  ਮੁਖੀਏ ਗੁਜ਼ਰ  ਗਏ ਹਨ ਅਤੇ ਅਗਲੀ ਪੀੜ੍ਹੀ  ਵਿਚ ਕਈ ਪ੍ਰਕਾਰ ਦੇ ਤਫ਼ਰਕੇ ਅਤੇ ਨਿਜੀ ਹਿਤਵਾਦ ਆਪਣੇ ਪ੍ਰਭਾਵ  ਵਿਖਾ ਰਹੇ  ਹਨ।
    
      
      
      
         ਲੇਖਕ : ਡਾ. ਰਤਨ ਸਿੰਘ ਜੱਗੀ, 
        ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First