ਗੁਰੂ-ਸ਼ਬਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂ-ਸ਼ਬਦ: ਇਸ ਤੋਂ ਭਾਵ ਹੈ ਗੁਰੂ ਦੇ ਮੁਖ ਵਿਚੋਂ ਉਚਰਿਆ ਸ਼ਬਦ , ਭਾਵ ਗੁਰਬਾਣੀ, ਗੁਰੂ-ਸਿਖਿਆ। ਇਸ ਦਾ ਮਹੱਤਵ ਇਤਨਾ ਹੀ ਹੈ ਜਿਤਨਾ ਗੁਰੂ ਦਾ ਆਪਣਾ ਕਿਉਂਕਿ ਪਰਮਾਤਮਾ ਰੂਪ ਗੁਰੂ ਆਪਣੇ ਸ਼ਬਦ ਵਿਚ ਸਮਾਇਆ ਹੋਇਆ ਹੈ—ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ (ਗੁ.ਗ੍ਰੰ. 1112)। ਇਹ ਬਾਣੀ ਪ੍ਰਭੂ ਦੁਆਰਾ ਆਵੇਸ਼ਿਤ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ—ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ (ਗੁ.ਗ੍ਰੰ.722)। ਗੁਰੂ ਰਾਮਦਾਸ ਜੀ ਨੇ ‘ਗਉੜੀ ਕੀ ਵਾਰ ’ ਵਿਚ ਕਿਹਾ ਹੈ ਕਿ ਬਾਣੀ ਨੂੰ ਪਰਮਾਤਮਾ ਬਾਣੀਕਾਰ ਦੇ ਮੂੰਹ ਵਿਚੋਂ ਖ਼ੁਦ ਉਚਰਵਾ ਰਿਹਾ ਹੈ— ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ (ਗੁ.ਗ੍ਰੰ.308)। ਗੁਰੂ ਅਰਜਨ ਦੇਵ ਜੀ ਨੇ ਵੀ ਸੋਰਠ ਰਾਗ ਵਿਚ ਕਿਹਾ ਹੈ— ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ (ਗੁ.ਗ੍ਰੰ.628)। ਇਹ ਬਾਣੀ ਪ੍ਰਭੂ ਦੇ ਹੁਕਮ ਅਨੁਸਾਰ ਹੀ ਉਚਾਰੀ ਗਈ ਹੈ— ਹਉ ਆਪਹੁ ਬੋਲਿ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ (ਗੁ.ਗ੍ਰੰ.763)। ਇਸ ਨੂੰ ਸਚੀ ਬਾਣੀ (ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨਿ ਪੀਤੀ ਤਿਸੁ ਮੋਖ ਦੁਆਰ—1275) ਅਤੇ ਅੰਮ੍ਰਿਤ ਬਾਣੀ (ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ—1243) ਵੀ ਕਿਹਾ ਗਿਆ ਹੈ।

          ‘ਓਅੰਕਾਰ ’ ਨਾਂ ਦੀ ਰਚਨਾ ਵਿਚ ਲਿਖਿਆ ਹੈ ਕਿ ਗੁਰਬਾਣੀ ਨੂੰ ਵਿਚਾਰਨ ਵਾਲਾ ਕੋਈ ਵਿਰਲਾ ਹੀ ਹੈ। ਮਹਾਪੁਰਖ ਦੀ ਬਾਣੀ ਹੋਣ ਨਾਤੇ ਇਹ ਜਿਗਿਆਸੂ ਨੂੰ ਪਰਮ -ਸੱਤਾ ਨਾਲ ਇਕਮਿਕ ਕਰਾਉਣ ਦੇ ਸਮਰਥ ਹੈ— ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ਇਹ ਬਾਣੀ ਮਹਾਪੁਰਖ ਕੀ ਨਿਜ ਘਰਿ ਵਾਸਾ ਹੋਇ (ਗੁ.ਗ੍ਰੰ.935)। ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਵਿਅਕਤੀ ਬਾਣੀ ਨੂੰ ਵਿਸਾਰ ਦਿੰਦਾ ਹੈ ਉਹ ਪੱਕੇ ਰੋਗੀ ਵਾਂਗ ਸਦਾ ਵਿਰਲਾਪ ਕਰਦਾ ਰਹਿੰਦਾ ਹੈ— ਜੈ ਤਨਿ ਬਾਣੀ ਵਿਸਰਿ ਜਾਇ ਜਿਉ ਪਕਾ ਰੋਗੀ ਵਿਲਲਾਇ (ਗੁ. ਗ੍ਰੰ.661)।

            ਸਪੱਸ਼ਟ ਹੈ ਕਿ ਜਿਵੇਂ ਪਰਮਾਤਮਾ ਅਤੇ ਗੁਰੂ ਅਭਿੰਨ ਹਨ, ਉਸੇ ਤਰ੍ਹਾਂ ਗੁਰੂ ਅਤੇ ਗੁਰਬਾਣੀ (ਸ਼ਬਦ) ਅਭਿੰਨ ਹਨ— ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰੁਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ (ਗੁ.ਗ੍ਰੰ.982)। ਇਸ ਤਰ੍ਹਾਂ ਪਰਮਾਤਮਾ, ਗੁਰੂ ਅਤੇ ਗੁਰਬਾਣੀ ਤਿੰਨੋ ਅਭਿੰਨ ਹਨ। ਗੁਰੂ ਅਮਰਦਾਸ ਜੀ ਨੇ ਬਾਣੀ ਅਤੇ ਨਿਰੰਕਾਰ ਨੂੰ ਅਭੇਦ ਕਿਹਾ ਹੈ— ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਕੋਇ (ਗੁ.ਗ੍ਰੰ. 515)। ਗੁਰੂ ਅਰਜਨ ਦੇਵ ਜੀ ਨੇ ਪੋਥੀ (ਗ੍ਰੰਥੀ ਸਾਹਿਬ) ਨੂੰ ਪਰਮੇਸ਼੍ਵਰ ਦਾ ਨਿਵਾਸ-ਸਥਾਨ ਦਸਿਆ ਹੈ ਅਰਥਾਤ ਉਸ ਵਿਚ ਵਸਿਆ ਕਿਹਾ ਹੈ— ਪੋਥੀ ਪਰਮੇਸਰ ਕਾ ਥਾਨੁ (ਗੁ. ਗ੍ਰੰ.1226)। ਗੁਰੂ ਨਾਨਕ ਦੇਵ ਜੀ ਨੇ ਸਾਰਾਂਸ਼ ਰੂਪ ਵਿਚ ਗਉੜੀ ਰਾਗ ਵਿਚ ਕਿਹਾ ਹੈ— ਬਿਨੁ ਗੁਰ ਸਬਦ ਛੂਟੀਐ ਦੇਖਹੁ ਵੀਚਾਰਾ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ (ਗੁ.ਗ੍ਰੰ.229)।

        ਗੁਰੂ ਅਤੇ ਗੁਰੂ-ਸ਼ਬਦ ਦੀ ਇਸ ਏਕਾਕਾਰਤਾ ਕਰਕੇ ਹੀ ਦਸਮ-ਗੁਰੂ ਨੇ ਸੰਨ 1708 ਈ. ਵਿਚ ਆਪਣੇ ਮਹਾ-ਪ੍ਰਸਥਾਨ ਵੇਲੇ ਗ੍ਰੰਥ ਸਾਹਿਬ ਨੂੰ ‘ਗੁਰੂ-ਪਦਵੀ’ ਦਿੱਤੀ ਅਤੇ ਦੇਹ-ਧਾਰੀ ਗੁਰੂ-ਪਰੰਪਰਾ ਨੂੰ ਖ਼ਤਮ ਕਰਕੇ ਸ਼ਬਦ-ਗੁਰੂ ਦੀ ਅਵਧਾਰਣਾ ਨੂੰ ਸਥਾਪਿਤ ਕੀਤਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.