ਓਅੰਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਓਅੰਕਾਰ [ਨਾਂਪੁ] ਓਮ ਸ਼ਬਦ; ਪਰਮਾਤਮਾ ਦਾ ਵਾਚਕ, ਈਸ਼ਵਰ , ਰੱਬ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6544, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਓਅੰਕਾਰ ओ३म्. ਇਸ ਸ਼ਬਦ ਦਾ ਮੂਲ ਅਵ (अव) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰ੖੠) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ. ਅਵੑ ਦੇ ਅੰਤ ਮਨੑ ਪ੍ਰਤ੍ਯਯ ਆਂਉਣ ਤੋਂ ਓਅੰ ਬਣਦਾ ਹੈ. ‘ਓਅੰ’ ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. “ਓਅੰ ਸਾਧ ਸਤਿਗੁਰ ਨਮਸਕਾਰੰ.” (ਬਾਵਨ) “ਓਅੰ ਪ੍ਰਿਯ ਪ੍ਰੀਤਿ ਚੀਤਿ.” (ਸਾਰ ਮ: ੫) ਇਸ ਦੇ ਪਯ੗੠ਯ ਸ਼ਬਦ—“ਪ੍ਰਣਵ” ਅਤੇ “ਉਦਗੀਥ” ਭੀ ਹਨ.

 

      ਓਅੰਕਾਰ ਸ਼ਬਦ ਦਾ ਅਰਥ ਹੈ—ਓਅੰ ਧੁਨਿ (ਓਅੰ ਦਾ ਉੱਚਾਰਣ)

      “ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸਿ† ਉਪਾਰਾ.” (ਵਿਚਿਤ੍ਰ)

      “ਓਅੰਕਾਰ” ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ.1 “ਓਅੰਕਾਰ ਏਕੋ ਰਵਿ ਰਹਿਆ.” (ਕਾਨ ਮ: ੪) “ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ.” (ਭਾਗੁ)

      ਸੰਸਕ੍ਰਿਤ ਦੇ ਵਿਦ੍ਵਾਨਾ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿ੄ਨੁ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ,2 ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. “ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ.” (ਭਾਗੁ)

      ੨ ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਇਸ ਨਾਉਂ ਦਾ ਇੱਕ ਵਡਾ ਪ੍ਰਸਿੱਧ ਹਿੰਦੂਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ ‘ਦੱਖਣੀ ਓਅੰਕਾਰ’ ਉੱਚਾਰਣ ਕੀਤਾ ਹੈ.3 ੩ ਵ੍ਯ—ਹਾਂ। ੪ ਸਤ੍ਯ. ਯਥਾਰਥ. ਠੀਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਅੰਕਾਰ (ਤੀਰਥ/ਮੰਦਿਰ): ਇਹ ਸ਼ੈਵ-ਮਤ ਦਾ ਇਕ ਪ੍ਰਸਿੱਧ ਤੀਰਥ ਹੈ। ‘ਕਪਿਲ ਤੰਤ੍ਰ ’ ਵਿਚ ਇਸ ਦੀ ਗਿਣਤੀ ਅਠਾਹਠ ਤੀਰਥਾਂ ਵਿਚ ਕੀਤੀ ਗਈ ਹੈ (ਵੇਖੋ ‘ਅਠਸਠ- ਤੀਰਥ’)। ਇਹ ਮੱਧ-ਭਾਰਤ ਦੇ ਨਿਮਾੜ ਜ਼ਿਲ੍ਹੇ ਅੰਦਰ ਨਰਮਦਾ ਨਦੀ ਵਿਚ ਮਾਂਧਾਤਾ ਟਾਪੂ ਉਪਰ ਸਥਿਤ ਹੈ। ਪੁਰਾਣ -ਪ੍ਰਸੰਗ ਅਨੁਸਾਰ ਸੂਰਜ ਵੰਸ਼ ਦੇ ਪ੍ਰਤਾਪੀ ਰਾਜਾ ਮਾਂਧਾਤਾ ਨੇ ਇਥੇ ਸ਼ਿਵ (ਸ਼ੰਕਰ) ਦੀ ਉਪਾਸਨਾ ਅਤੇ ਤਪਸਿਆ ਕੀਤੀ ਸੀ। ਸ਼ਿਵ ਦੇ 12 ਜੋਤਿਰਲਿੰਗਾਂ ਵਿਚੋਂ ਓਅੰਕਾਰੇਸ਼੍ਵਰ ਦੀ ਸਥਾਪਨਾ ਇਸ ਤੀਰਥ ਵਿਚ ਹੋਈ ਦਸੀ ਜਾਂਦੀ ਹੈ। ਇਥੇ ਅਮਲੇਸ਼੍ਵਰ ਨਾਂ ਦਾ ਇਕ ਹੋਰ ਸ਼ਿਵ-ਲਿੰਗ ਵੀ ਹੈ।

            ਇਕ ਹੋਰ ਪ੍ਰਸੰਗ ਅਨੁਸਾਰ ਵਿੰਧਿਆਚਲ ਦੀ ਆਰਾਧਨਾ ਤੋਂ ਪ੍ਰਸੰਨ ਹੋ ਕੇ ਸ਼ਿਵ ਇਥੇ ਓਅੰਕਾਰੇਸ਼੍ਵਰ ਰੂਪ ਵਿਚ ਵਿਰਾਜਮਾਨ ਹੈ। ਇਸ ਤੀਰਥ ਦਾ ਨਾਂ ਓਅੰਕਾਰੇਸ਼੍ਵਰ ਇਸ ਲਈ ਹੀ ਪਿਆ ਦਸਿਆ ਜਾਂਦਾ ਹੈ ਕਿਉਂਕਿ ਇਸ ਟਾਪੂ ਦੀ ਸ਼ਕਲ ‘ਓਅੰ’ ਨਾਲ ਮੇਲ ਖਾਂਦੀ ਹੈ। ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਇਸ ਤੀਰਥ ਉਤੇ ਗਏ ਸਨ। ਸਿੱਖ ਰਵਾਇਤਾਂ ਅਨੁਸਾਰ ‘ਓਅੰਕਾਰ’ (ਵੇਖੋ) ਨਾਂ ਦੀ ਬਾਣੀ ਦਾ ਇਥੇ ਹੀ ਉੱਚਾਰਣ ਹੋਇਆ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਅੰਕਾਰ (ਬਾਣੀ): ਰਾਮਕਲੀ ਰਾਗ ਅਧੀਨ ਸੰਕਲਿਤ ਇਕ ਵਡਾਕਾਰੀ ਬਾਣੀ , ਜਿਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਇਸ ਬਾਣੀ ਨੂੰ ਕਈ ਵਿਦਵਾਨ ‘ਦਖਣੀ ਓਅੰਕਾਰ’ ਵੀ ਕਹਿੰਦੇ ਹਨ, ਪਰ ਅਸਲ ਵਿਚ, ‘ਦਖਣੀ’ ਸ਼ਬਦ ਰਾਮਕਲੀ ਰਾਗ ਦੀ ਦਖਣੀ ਜਾਤਿ ਜਾਂ ਪ੍ਰਕਾਰ ਲਈ ਵਰਤਿਆ ਗਿਆ ਹੈ, ਨ ਕਿ ‘ਓਅੰਕਾਰ’ ਬਾਣੀ ਦੇ ਵਿਸ਼ੇਸ਼ਣ ਵਜੋਂ ਆਇਆ ਹੈ। ਇਸ ਦੇ ਰਚਨਾ-ਕਾਲ ਅਤੇ ਰਚਨਾ- ਸਥਾਨ ਦੇ ਸੰਬੰਧ ਵਿਚ ਵਿਦਵਾਨਾਂ ਵਿਚ ਮਤ-ਏਕਤਾ ਨਹੀਂ ਹੈ। ਗਿਆਨੀ ਗਿਆਨ ਸਿੰਘ ਨੇ ‘ਤਵਾਰੀਖ ਗੁਰੂ ਖ਼ਾਲਸਾ ’ ਵਿਚ ਇਸ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਪੰਡਿਤ ਬੈਜ ਨਾਥ ਪ੍ਰਤਿ ਬਚਪਨ ਵਿਚ ਉਚਾਰਿਆ ਲਿਖਿਆ ਹੈ।

            ਪੰਡਿਤ ਤਾਰਾ ਸਿੰਘ ਨਰੋਤਮ ਨੇ ‘ਗੁਰਮਤਿ ਨਿਰਣਯ ਸਾਗਰ ’ ਵਿਚ ਦਸਿਆ ਹੈ ਕਿ ਗੁਰੂ ਨਾਨਕ ਦੇਵ ਨੇ ਇਸ ਬਾਣੀ ਦਾ ਉੱਚਾਰਣ ਦੱਖਣ ਵਿਚ ਨਰਮਦਾ ਨਦੀ ਦੇ ਕੰਢੇ ਉਤੇ ਸਥਿਤ ‘ਓਅੰਕਾਰ ਤੀਰਥ/ਮੰਦਿਰ’ (ਵੇਖੋ) ਦੇ ਪਾਂਡੇ ਪ੍ਰਤਿ ਕੀਤਾ ਸੀ। ਸੰਪ੍ਰਦਾਈ ਗਿਆਨੀ ਅਤੇ ਭਾਈ ਕਾਨ੍ਹ ਸਿੰਘ ਵੀ ਇਸੇ ਮਤ ਦੇ ਹਨ। ‘ਪੁਰਾਤਨ ਜਨਮਸਾਖੀ ’ ਦੀ ਸਤਾਰ੍ਹਵੀਂ ਸਾਖੀ ਅਨੁਸਾਰ ਇਹ ਬਾਣੀ ਬਨਾਰਸ ਦੇ ਪੰਡਿਤ ਚਤੁਰਦਾਸ ਨੂੰ ਸੰਬੋਧਨ ਕੀਤੀ ਗਈ ਸੀ। ‘ਪ੍ਰਾਣਸੰਗਲੀ ’ ਦੇ 35ਵੇਂ ਅਧਿਆਇ ਅਨੁਸਾਰ ਇਸ ਨੂੰ ਰਾਜਕੁਮਾਰਾਂ ਨੂੰ ਪੜ੍ਹਾਉਣ ਵਾਲੇ ਪੰਡਿਤ ਪ੍ਰਤਿ ਉਚਾਰਿਆ ਗਿਆ ਹੈ।

            ਇਨ੍ਹਾਂ ਤੱਥਾਂ ਦੇ ਆਧਾਰ’ਤੇ ਇਸ ਦੇ ਰਚਨਾ -ਸਥਾਨ ਅਤੇ ਰਚਨਾ-ਕਾਲ ਬਾਰੇ ਕਿਸੇ ਨਿਰਣੇ ਉਤੇ ਨਹੀਂ ਪਹੁੰਚਿਆ ਜਾ ਸਕਦਾ ਹੈ। ਓਅੰਕਾਰ ਮੰਦਿਰ (ਤੀਰਥ) ਨਾਲ ਇਸ ਨੂੰ ਸੰਬੰਧਿਤ ਕੀਤੇ ਜਾਣ ਪਿਛੇ ਸ਼ਾਇਦ ‘ਦਖਣੀ’ ਸ਼ਬਦ ਕੁਝ ਪ੍ਰਭਾਵ ਪਾਉਂਦਾ ਹੋਵੇ, ਪਰ ਇਹ ਸ਼ਬਦ ਰਾਗ ਦੀ ਜਾਤਿ ਨਾਲ ਸੰਬੰਧ ਰਖਦਾ ਹੈ, ਨ ਕਿ ਦੱਖਣ ਦਿਸ਼ਾ ਨਾਲ। ‘ਓਅੰਕਾਰ’ ਦਾ ਸੰਬੰਧ ਓਅੰਕਾਰ ਤੀਰਥ ਨਾਲ ਵੀ ਨਹੀਂ ਜੁੜਦਾ, ਕਿਉਂਕਿ ਇਹ ਰਚਨਾ ਵਰਣਮਾਲਾ ਆਧਾਰਿਤ ਹੋਣ ਕਾਰਣ ਆਰੰਭ ਵਿਚ ‘ਓ’ ਅੱਖਰ ਦੀ ਅਧਿਆਤਮਿਕ ਭਾਵ- ਭੂਮੀ ਨੂੰ ਓਅੰਕਾਰ ਦੇ ਪ੍ਰਸੰਗ ਵਿਚ ਸਪੱਸ਼ਟ ਕਰਦੀ ਹੈ। 54 ਪਦਿਆਂ ਦੀ ਇਸ ਬਾਣੀ ਵਿਚ ਇਕ ਦੋ ਥਾਂਵਾਂ ਨੂੰ ਛਡ ਕੇ ਹੋਰ ਕਿਤੇ ਵੀ ਅੱਖਰਾਂ ਜਾਂ ਮਾਤ੍ਰਾਵਾਂ ਦਾ ਉੱਚਾਰਣ ਨਹੀਂ ਦਿੱਤਾ ਗਿਆ। ਹਰ ਇਕ ਪਦੇ ਦੇ ਪਹਿਲੇ ਸ਼ਬਦ ਤੋਂ ਹੀ ਉਸ ਵਿਚਲੇ ਅੱਖਰ ਜਾਂ ਮਾਤ੍ਰਾ ਦਾ ਅਨੁਮਾਨ ਲਗਾਉਣਾ ਪੈਂਦਾ ਹੈ। ਇਸ ਨਾਲ ਸੰਬੰਧਿਤ ਵਰਣਮਾਲਾ ‘ਦੇਵਨਾਗਰੀ ’ ਪ੍ਰਤੀਤ ਹੁੰਦੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਵਰਣਮਾਲਾ ਉਤੇ ਆਧਾਰਿਤ ‘ਪਟੀ ’ ਨਾਂ ਦੀ ਰਚਨਾ ਆਸਾ ਰਾਗ ਵਿਚ ਵਖਰੇ ਤੌਰ ’ਤੇ ਕੀਤੀ ਹੈ।

            ਇਸ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਰੇ ਦਾਰਸ਼ਨਿਕ ਅਤੇ ਧਾਰਮਿਕ ਵਿਚਾਰ ਕਿਸੇ ਨ ਕਿਸੇ ਰੂਪ ਵਿਚ ਪ੍ਰਗਟਾਏ ਹੋਏ ਮਿਲ ਜਾਂਦੇ ਹਨ। ਇਸ ਰਚਨਾ ਦੀ ਮੂਲ ਬਿਰਤੀਰਹਾਉਵਾਲੀਆਂ ਤੁਕਾਂ ਵਿਚ ਦਸੀ ਗਈ ਹੈ ਕਿ ਹੇ ਪਾਂਡੇ! ਜੇ ਕੁਝ ਲਿਖਣਾ ਹੀ ਹੈ ਤਾਂ ਸੰਸਾਰਿਕ ਜੰਜਾਲਾਂ ਨੂੰ ਛਡ ਕੇ ਰਾਮ-ਨਾਮ ਲਿਖ — ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ (ਗੁ.ਗ੍ਰੰ.930)।

            ਇਸ ‘ਰਾਮ-ਨਾਮ’ ਦੀ ਵਿਆਖਿਆ ਸਾਰੀ ਬਾਣੀ ਵਿਚ ਹੋਈ ਹੈ। ਓਅੰਕਾਰ ਸਰੂਪ ਬ੍ਰਹਮ ਤੋਂ ਸਾਰੀ ਸ੍ਰਿਸ਼ਟੀ , ਗਿਆਨ, ਜੋਤਿ ਅਤੇ ਚਿੱਤ ਦੀ ਉਤਪੱਤੀ ਹੋਈ ਹੈ। ਗੁਰੂ ਦੀ ਸਿਖਿਆ ਦੁਆਰਾ ਨਾਮ ਰੂਪੀ ਵਸਤੂ ਦੀ ਪ੍ਰਾਪਤੀ ਹੁੰਦੀ ਹੈ। ਨਾਮ ਤੋਂ ਬਿਨਾ ਸਾਰਾ ਸੰਸਾਰ ਕੱਚਾ ਅਤੇ ਨਿਰਾਧਾਰ ਹੈ। ਸਤਿ-ਸੰਗਤ ਨਾਲ ਮਨ ਨੂੰ ਧੀਰਜ ਪ੍ਰਾਪਤ ਹੁੰਦਾ ਹੈ। ਦ੍ਵੈਤ -ਭਾਵ ਕਰਕੇ ਮਨੁੱਖ ਵਿਚ ਆਤਮ-ਗਿਆਨ ਨਸ਼ਟ ਹੋ ਜਾਂਦਾ ਹੈ। ਆਤਮ-ਗਿਆਨ ਦੀ ਪ੍ਰਾਪਤੀ ਗੁਰੂ ਦੁਆਰਾ ਸੰਭਵ ਹੈ। ਆਤਮ-ਗਿਆਨ ਦੀ ਪ੍ਰਾਪਤੀ ਨਾਲ ਸੰਸਾਰ ਵਿਚ ਵਿਸ਼ੇ-ਵਾਸਨਾਵਾਂ ਉਤੇ ਜਿਤ ਪ੍ਰਾਪਤ ਹੁੰਦੀ ਹੈ। ਇਸ ਦਾ ਮੂਲ ਸਾਧਨ ਮਨ ਨੂੰ ਵਸ ਵਿਚ ਕਰਨਾ ਹੈ। ਮਨਮੁਖ ਵਿਅਕਤੀ ਅਗਿਆਨੀ ਅਤੇ ਮੂਰਖ ਹੈ ਅਤੇ ਵਿਅਰਥ ਵਿਚ ਮਾਇਆ ਦੁਆਰਾ ਠਗਿਆ ਜਾ ਰਿਹਾ ਹੈ। ਸਾਰਾ ਸੰਸਾਰ ਯਮ ਦੇ ਮਾਰਗ ਉਤੇ ਚਲ ਰਿਹਾ ਹੈ ਅਤੇ ਮਾਇਆ ਦੇ ਪ੍ਰਭਾਵ ਨੂੰ ਨਸ਼ਟ ਕਰਨ ਵਿਚ ਕੋਈ ਵੀ ਸਮਰਥ ਨਹੀਂ ਹੈ।

            ਉੱਤਮ ਕਰਮਾਂ ਦੁਆਰਾ ਸਚ ਅਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮੁਕਤੀ ਲਈ ਨਾਮ-ਸਾਧਨਾ ਬਹੁਤ ਜ਼ਰੂਰੀ ਹੈ। ਨਾਮ ਰੂਪੀ ਸ਼ਬਦ ਨੂੰ ਪਛਾਣ ਲੈਣ ’ਤੇ ਜੀਵਾਤਮਾ ਦੀ ਹਉਮੈ ਨਸ਼ਟ ਹੋ ਜਾਂਦੀ ਹੈ, ਚਿੱਤ ਸਥਿਰ ਹੋ ਜਾਂਦਾ ਹੈ ਅਤੇ ਅੰਧਕਾਰਮਈ ਮਨ ਪ੍ਰਕਾਸ਼ਮਈ ਮਨ ਦੁਆਰਾ ਜੋਤੀਮਾਨ ਹੋ ਜਾਂਦਾ ਹੈ।

            ਗੁਰਮੁਖ ਵਿਅਕਤੀ ਹਰਿ-ਨਾਮ ਨੂੰ ਗਾਉਂਦਾ ਹੈ। ਦੁਖ-ਸੁਖ ਨੂੰ ਧੁਪ ਅਤੇ ਛਾਂ ਵਾਂਗ ਸਮਝ ਕੇ ਸੰਸਾਰਿਕ ਬੰਧਨਾਂ ਨੂੰ ਕਟਦਾ ਹੋਇਆ ਹਰਿ ਦੇ ਨਾਮ ਵਿਚ ਹੀ ਸਮਾ ਜਾਂਦਾ ਹੈ। ਸ਼ਰੀਰ ਰੂਪੀ ਬ੍ਰਿਛ ਉਤੇ ਮਨ (ਜੀਵਾਤਮਾ) ਰੂਪੀ ਪੰਛੀ ਨਿਵਾਸ ਕਰਦਾ ਹੈ। ਇਸ ਬ੍ਰਿਛ ਉਤੇ ਇਕ ਹੋਰ ਸ੍ਰੇਸ਼ਠ ਪੰਛੀ (ਅਰਥਾਤ ਪਰਮਾਤਮਾ) ਵੀ ਨਿਵਾਸ ਕਰਦਾ ਹੈ। ਜਦ ਉਹ ਪੰਛੀ ਗਿਆਨ ਇੰਦ੍ਰੀਆਂ ਨੂੰ ਵਸ ਵਿਚ ਕਰਕੇ ਪਰਮਾਤਮ- ਤੱਤ੍ਵ ਨੂੰ ਚੁਗਦਾ ਹੈ ਤਾਂ ਉਸ ਨੂੰ ਸੰਸਾਰਿਕ ਬੰਧਨ ਨਹੀਂ ਪੈਂਦੇ। ਪਰ ਜੇ ਉਹ ਪੰਛੀ ਪਰਮਾਤਮਾ ਤੋਂ ਵਖ ਹੋ ਕੇ ਵਿਸ਼ੇ-ਰੂਪੀ ਸੁੰਦਰ ਚੋਗੇ ਨੂੰ ਵੇਖਦਾ ਹੈ ਤਾਂ ਉਸ ਦੇ ਖੰਭ ਟੁਟ ਜਾਂਦੇ ਹਨ ਅਤੇ ਉਹ ਮਾਇਆ ਦੇ ਫੰਦੇ ਵਿਚ ਫਸ ਜਾਂਦਾ ਹੈ।

            ਸੰਸਾਰ ਸਾਗਰ ਨੂੰ ਤਰਨਾ ਬਹੁਤ ਔਖਾ ਹੈ। ਆਸਾ -ਨਿਰਾਸ਼ਾ ਤੋਂ ਉਚੇ ਉਠ ਕੇ ਹੀ ਇਸ ਨੂੰ ਤਰਿਆ ਜਾ ਸਕਦਾ ਹੈ। ਇਸ ਸੰਸਾਰ ਵਿਚ ਕੇਵਲ ਪਰਮਾਤਮਾ ਹੀ ਸਥਿਰ ਹੈ, ਬਾਕੀ ਸਭ ਕੁਝ ਨਾਸ਼ਮਾਨ ਹੈ। ਮਨੁੱਖਾਂ ਵਿਚ ਅਵਗੁਣਾਂ ਦੇ ਨਾਲ ਨਾਲ ਗੁਣ ਵੀ ਮੌਜੂਦ ਰਹਿੰਦੇਹਨ, ਪਰ ਅਗਿਆਨ -ਵਸ ਉਨ੍ਹਾਂ ਨੂੰ ਆਪਣੇ ਗੁਣ ਨਹੀਂ ਦਿਸਦੇ। ਇਹ ਗੁਣ ਕੇਵਲ ਗੁਰੂ ਦੀ ਕ੍ਰਿਪਾ ਨਾਲ ਹੀ ਦਿਸ ਪੈਂਦੇ ਹਨ। ਸ੍ਰਿਸ਼ਟੀ ਦੇ ਰਚੈਤਾ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ।

            ਉਸੇ ਪਾਂਧੇ ਨੂੰ, ਵਾਸਤਵ ਵਿਚ, ਪੜ੍ਹਿਆ ਹੋਇਆ ਕਹਿਣਾ ਚਾਹੀਦਾ ਹੈ ਜੋ ਸਹਿਜ ਭਾਵ ਨਾਲ ਬ੍ਰਹਮ ਵਿਦਿਆ ਨੂੰ ਜਾਣਦਾ ਹੋਵੇ। ਮਨਮੁਖ ਵਿਅਕਤੀ ਵਿਦਿਆ ਨੂੰ ਵੇਚਦਾ ਹੈ। ਇਸ ਤਰ੍ਹਾਂ ਉਹ ਵਿਸ਼ ਕਮਾਉਂਦਾ ਹੈ ਅਤੇ ਵਿਸ਼ ਦਾ ਹੀ ਸੇਵਨ ਕਰਦਾ ਹੈ। ਉਹ ਗੁਰੂ ਦਾ ਸ਼ਬਦ ਨਹੀਂ ਪਛਾਣਦਾ ਕਿਉਂਕਿ ਅਜਿਹਾ ਕਰ ਸਕਣ ਲਈ ਉਸ ਕੋਲ ਸੂਝ ਨਹੀਂ ਹੈ। ਗੁਰਮੁਖ ਵਿਅਕਤੀ ਹੀ ਸੱਚਾ ਸਿਖਿਅਕ ਹੈ ਜੋ ਜਿਗਿਆਸੂਆਂ ਨੂੰ ਸਹੀ ਬੁੱਧੀ ਪ੍ਰਦਾਨ ਕਰਦਾ ਹੈ।

            ਇਸ ਤਰ੍ਹਾਂ ਇਸ ਰਚਨਾ ਦਾ ਮੁੱਖ ਉੱਦੇਸ਼ ਹੈ ਕਿ ਬ੍ਰਹਮ-ਵਿਦਿਆ, ਅਦ੍ਵੈਤਾਵਸਥਾ, ਗੁਰਮੁਖਤਾ, ਸ਼ਬਦ-ਰੂਪ ਆਤਮ-ਧਨ ਆਦਿ ਨੂੰ ਅਪਣਾ ਕੇ ਅਤੇ ਨਾਮ-ਸਾਧਨਾ ਵਿਚ ਲੀਨ ਹੋ ਕੇ ਅਧਿਆਤਮਿਕ ਭਵਿਸ਼ ਉਜਲਾ ਕਰ ਲਿਆ ਜਾਏ।

            ਇਸ ਬਾਣੀ ਵਿਚ 54 ਪਦਿਆਂ ਤੋਂ ਇਲਾਵਾ ਦੋ ਤੁਕਾਂ ਦਾ ‘ਰਹਾਉ’ ਵੀ ਹੈ। ਇਸ ਵਿਚਲੇ 10 ਪਦੇ ਚਾਰ ਚਾਰ ਤੁਕਾਂ ਵਾਲੇ, 41 ਅੱਠ ਅੱਠ ਤੁਕਾਂ ਵਾਲੇ ਅਤੇ ਤਿੰਨ ਨੌਂ ਨੌਂ ਤੁਕਾਂ ਵਾਲੇ ਹਨ। ਪਦਿਆਂ ਉਤੇ ਕਿਸੇ ਖ਼ਾਸ ਛੰਦ ਦੇ ਲੱਛਣ ਲਾਗੂ ਨਹੀਂ ਹੁੰਦੇ। ਹਾਂ, ਕਿਤੇ ਕਿਤੇ ਦੌਹਰੇ , ਚੌਪਈ ਅਤੇ ਦੁਵੈਯੇ ਦੀ ਛਾਇਆ ਵੇਖੀ ਜਾ ਸਕਦੀ ਹੈ। ਇਸ ਦੀ ਭਾਸ਼ਾ ਪੰਜਾਬੀ ਪ੍ਰਭਾਵਿਤ ਸਧੁੱਕੜੀ ਹੈ। ਅਰਬੀ-ਫ਼ਾਰਸੀ ਦੇ ਸ਼ਬਦ ਦੋ ਦਰਜਨ ਤੋਂ ਵਧ ਨਹੀਂ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਓਅੰਕਾਰ : ਓਅੰਕਾਰ’ (ਸੰਖਿਪਤ ਰੂਪ ਓਅੰ) ਬ੍ਰਹਮ ਦਾ ਵਾਚਕ ਸ਼ਬਦ ਹੈ। ਵੈਦਿਕ ਸਾਹਿੱਤ ਤੋਂ ਸੰਤ ਸਾਹਿੱਤ ਤਕ ਇਸ ਸ਼ਬਦ ਦੀ ਖੁੱਲ਻ ਕੇ ਵਰਤੋਂ ਹੋਈ ਹੈ। ਮਾਂਡੂਕੑਯ ਉਪਨਿਸ਼ਦ (1) ਵਿਚ ਓਅੰਕਾਰ ਨੂੰ ਨਿੱਤ ਵਸਤੂ ਕਹਿ ਕੇ ਇਸ ਨੂੰ ਸਰਬ ਪ੍ਰਕਾਸ਼ਮਈ ਦਸਿਆ ਗਿਆ ਹੈ। ਭੂਤ, ਭਵਿਖਤ ਅਤੇ ਵਰਤਮਾਨ ਵਿਚ ਓਅੰਕਾਰ ਹੀ ਹੈ। ਤ੍ਰੈਕਾਲ ਤੋਂ ਪਰੇ ਸਤਿ ਸਰੂਪ ਬ੍ਰਹਮ ਵੀ ਓਅੰਦਾਰ ਹੀ ਹੈ। ਇਸੇ ਤਰ੍ਹਾਂ ਛਾਂਦੋਗੑਯ ਉਪਨਿਸ਼ਦ (2/23/3) ਵਿਚ ‘ਓਅੰਕਾਰ’ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਅਤੇ ਸਰਬ–ਵਿਆਪਕ ਮੰਨਿਆ ਗਿਆ ਹੈ। ਬਾਅਦ ਵਿਚ ਓਅੰ (ਓਅਮ) ਨੂੰ ਤ੍ਰੈਦੇਵਾਂ (ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼) ਦਾ ਸੂਚਕ ਸ਼ਬਦ ਕਲਪਤਿ ਕੀਤਾ ਜਾਣ ਲੱਗਾ ਅਤੇ ਕਿਤੇ ਕਿਤੇ ਇਸ ਨੂੰ ਤਿੰਨ ਅਵਸਥਾਵਾਂ (ਜਾਗ੍ਰਿਤ, ਸੁਪਨ ਅਤੇ ਸੁਖੋਪਤੀ) ਦਾ ਵਾਚਕ ਵੀ ਮੰਨਿਆ ਜਾਣ ਲਗ ਪਿਆ। ਇਸ ਤਰ੍ਹਾਂ ਇਸ ਸ਼ਬਦ ਦੀ ਭਾਵਨਾ ਦਾ ਇਕ ਤੋਂ ਅਨੇਕ ਅਰਥਾਂ ਵਿਚ ਵਿਕਾਸ ਹੁੰਦਾ ਰਿਹਾ ਹੈ।

          ਗੁਰਬਾਣੀ ਵਿਚ ਇਸ ਸ਼ਬਦ ਦੀ ਵਰਤੋਂ ਬ੍ਰਹਮ ਦੇ ਵਾਚਕ ਸ਼ਬਦ ਵਜੋਂ ਹੋਈ ਹੈ। ਗੁਰੂ ਨਾਨਕ ਨੇ ‘ਓਅੰਕਾਰ’ ਨੂੰ ਸਭ ਤੋਂ ਨਿਰਾਲਾ, ਵਿਲੱਖਣ, ਅਮਰ ਅਤੇ ਅਜੋਨੀ ਦਸਦੇ ਹੋਇਆਂ ਉਸ ਨੂੰ ਜਾਤਿ–ਮੁਕਤ ਅਤੇ ਸੰਸਾਰਿਕ ਪ੍ਰਪੰਚ ਤੋਂ ਅਤੀਤ ਮੰਨਿਆ ਹੈ ਜੋ ਘਟ ਘਟ ਵਾਸੀ ਵੀ ਹੈ (ਆ. ਗ੍ਰੰ. ੮੩੯, ਬਿਲਾਵਲ ਥਿਤੀ/੧)। ਉਸ ਓੁਅੰਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ, ਉਸ ਨੇ ਓਅੰਕਾਰ ਦਾ ਹੀ ਆਪਣੇ ਮਨ ਵਿਚ ਚਿੰਤਨ ਕੀਤਾ ਹੈ। ਓਅੰਕਾਰ ਤੋਂ ਹੀ ਪਰਬਤ, ਯੁੱਗ, ਵੇਦ ਆਦਿ ਹੋਂਦ ਵਿਚ ਆਏ ਹਨ। ਇਸ ਸ਼ਬਦ ਰਾਹੀਂ ਹੀ ਵਿਅਕਤੀ ਦਾ ਸੁਧਾਰ ਹੁੰਦਾ ਹੈ। ਓਨਾਮ ਅੱਖਰ ਹੀ ਤਿੰਨ ਲੋਕਾਂ ਦਾ ਸਾਰ–ਤੱਤ ਹੈ (ਆ. ਗ੍ਰੰ. ੯੨੯, ਓੁਅੰਕਾਰ/੧)। ਤ੍ਰੈਮੂਰਤੀ ਲਈ ਵਰਤੇ ਜਾਣ ਕਰ ਕੇ ਇਸ ਸ਼ਬਦ ਦੇ ਭ੍ਰਾਂਤ ਅਰਥਾਂ ਨੂੰ ਨਿਸ਼ਚਿਤ ਕਰਨ ਲਈ ਗੁਰੂ ਨਾਨਕ ਦੇਵ ਨੇ ਮੂਲ ਮੰਤਰ ਵਿਚ ਇਸ ਤੋਂ ਪਹਿਲਾਂ ‘੧’ ਅੰਕ ਲਗਾ ਦਿੱਤਾ ਹੈ। ਭਾਈ ਕਾਨ੍ਹ ਸਿੰਘ ਤੇ ਮਤ ਅਨੁਸਾਰ ‘ਓਅੰ’ ਦੇ ਮੁੱਢ ਵਿਚ ਏਕਾ ਲਿਖ ਕੇ ਕਰਤਾਰ ਨੂੰ ਇਕ ਅਤੇ ਅਦੁੱਤੀ ਸਿੱਧ ਕੀਤਾ ਗਿਆ। ਗੁਰਬਾਣੀ ਪਰਮਾਤਮਾ ਨੂੰ ਇਕ ਮੰਨਦੀ ਹੈ। ਗੁਰੂ ਨਾਨਕ ਦੇਵ ਅਨੁਸਾਰ ਪਰਮਾਤਮਾ ਆਪ ਹੀ ਪਟੀ, ਲੇਖਨੀ ਅਤੇ ਲੇਖ ਵੀ ਹੈ। ਉਹ ਪਰਮਾਤਮਾ ਇਕ ਹੈ, ਦੂਜਾ ਕਹਿਣ ਦੀ ਲੋੜ ਨਹੀਂ (ਆ.ਗ੍ਰੰ. ੧੨੯੧), ਕਿਉਂਕਿ ਗੁਰੂ ਨਾਨਕ ਦੇਵ ਦਾ ਵਿਸ਼ਵਾਸ ਸੀ ਕਿ ‘ਏਕੋ’ ਲੇਵੈ ਏਕੋ ਦੇਵੈ ਅਵਰ ਨਾ ਦੂਜਾ ਮੈ ਸੁਣਿਆ” (ਆ. ਗ੍ਰੰ. ੪੩੩)। ਇਸ ਤਰ੍ਹਾਂ ‘ਓਅੰਕਾਰ’ ਤੋਂ ਪਹਿਲਾਂ ‘੧’ ਅੰਕ ਦੀ ਵਰਤੋਂ ਨਾਲ ਗੁਰਬਾਣੀ ਦੀ ਇਕੇਸ਼ਵਰਵਾਦੀ ਭਾਵਨਾ ਵੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ। ਪਰਮਾਤਮਾ ਨੂੰ ਇਕ ਮੰਨਣ ਦੀ ਗੱਲ ਵੈਦਿਕ ਸਾਹਿੱਤ ਵਿਚ ਮਿਲ ਜਾਂਦੀ ਹੈ, ਜਿਵੇਂ ਰਿਗਵੇਦ (ਨਾਸਦੀਯ ਸੂਕਤ), ਛਾਂਦੋਗੑਯ ਉਨਿਸ਼ਦ (6/2/1) ਅਤੇ  ਬ੍ਰਹਮ ਉਪਨਿਸ਼ਦ (16), ਪਰ ਇਨ੍ਹਾਂ ਪ੍ਰਸੰਗਾਂ ਵਿਚ ‘ਓਅੰਕਾਰ’ ਪਦ ਦੀ ਵਰਤੋਂ ਨਹੀਂ ਹੋਈ। ਅਸਲ ਵਿਚ ਗੁਰੂ ਨਾਨਕ ਦੇਵ ਨੇ ‘੧’ ਅੰਕ ਦੀ ਵਰਤੋਂ ਨਾਲ ‘ਓਅੰਦਾਰ’ ਸ਼ਬਦ ਨੂੰ ਪਰੰਪਰਾਗਤ ਮਰਯਾਦਾਵਾਦ ਅਤੇ ਸਗੁਣ ਸਾਧਨਾ ਪੱਧਤੀ ਤੋਂ ਵੱਖ ਕਰ ਕੇ ਪੂਰੀ ਤਰ੍ਹਾਂ ਨਿਰਗੁਣ ਭਾਵ–ਭੂਮੀ ਵਿਚ ਇਕ ਨਵਾਂ ਰੂਪ ਦੇ ਕੇ ਚਿਤਰਿਆ ਹੈ।

          ‘ਓੁਅੰਕਾਰ ਦਾ ਇਕ ਪ੍ਰਯਾਯ ‘ਸ਼ਬਦ’ ਵੀ ਹੈ। ‘ਓਅੰਕਾਰ’ ਵਾਂਗ ‘ਸ਼ਬਦ–ਬ੍ਰਹਮ’ ਦੀ ਧਾਰਨਾ ਰਿਗਵੇਦ (1/164/45) ਤੋਂ ਚਲੀ ਆ ਰਹੀ ਹੈ। ਕਠ ਉਪਨਿਸ਼ਦ (1/2/16) ਅਨੁਸਾਰ ਸ਼ਬਦ ਬ੍ਰਹਮ ਦੀ ਗਿਆਨ ਪ੍ਰਾਪਤੀ ਨਾਲ ਮਨੁੱਖ ਮਨ–ਇੱਛੇ ਫਲ ਪ੍ਰਾਪਤ ਕਰ ਸਕਦਾ ਹੈ। ਪ੍ਰਸ਼ਨ ਉਪਨਿਸ਼ਦ (4/10) ਹੈ। ‘ਬ੍ਰਹਮ–ਸੂਤ੍ਰ’ ਦੇ ਸ਼ੰਕਰ ਭਾਸ਼ੑਯ (1/3/28) ਵਿਚ ਸ਼ਬਦ ਤੋਂ ਸੰਸਾਰ ਦੀ ਉਤਪੱਤੀ ਦਸੀ ਗਈ ਹੈ। ਪੁਰਾਣ ਸਾਹਿੱਤ, ਸਿੱਧ ਸਾਹਿੱਤ ਅਤੇ ਨਾਥ ਸਾਹਿੱਤ ਵਿਚ ਵੀ ‘ਸ਼ਬਦ ਬ੍ਰਹਮ’ ਦੀ ਧਾਰਨਾ ਕਿਸੇ ਨਾ ਕਿਸੇ ਰੂਪ ਵਿਚ ਪ੍ਰਚੱਲਿਤ ਰਹੀ ਹੈ। ‘ਅਨਹਦ ਨਾਦ’ ਵੀ ਅਸਲੋਂ ‘ਸ਼ਬਦ ਬ੍ਰਹਮ’ ਦੀ ਸਥਾਪਨਾ ਦਾ ਰੂਪਾਂਤਰ ਹੈ। ਨਿਰਗੁਣ ਅਤੇ ਸਗੁਣ ਸਾਧਨਾ ਪ੍ਰਣਾਲੀਆਂ ਵਿਚ ਵੀ ‘ਸ਼ਬਦ ਬ੍ਰਹਮ’ ਦੀ ਮਾਨਤਾ ਮਿਲ ਜਾਂਦੀ ਹੈ। ਗੁਰਬਾਣੀ ਵਿਚ ਵੀ ‘ਸ਼ਬਦ ਬ੍ਰਹਮ’ ਨੂੰ ਚਿਤਰਿਆ ਗਿਆ ਹੈ। ‘ਸਿਧ ਗੋਸਟਿ’ (58–61) ਵਿਚ ਸਿੱਧਾਂ ਦੇ ਇਸ ਪ੍ਰਸ਼ਨ “ਉਸ ਸ਼ਬਦ ਦਾ ਨਿਵਾਸ ਕਿੱਥੇ ਹੈ ਜਿਸ ਰਾਹੀਂ ਸੰਸਾਰ ਸਾਗਰ ਤਰਿਆ ਜਾਂਦਾ ਹੈ” ਦਾ ਉੱਤਰ ਦਿੰਦਿਆਂ ਗੁਰੂ ਨਾਨਕ ਦੇਵ ਨੇ ਕਿਹਾ ਹੈ ਕਿ ਉਹ ਸ਼ਬਦ ਸਰਬਤ ਵਸ ਰਿਹਾ ਹੈ, ਉਹ ਅਲੱਖ ਅਤੇ ਸਰਬ ਵਿਆਪਕ ਹੈ। ਪਰਮਾਤਮਾ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਉਹ ਹਿਰਦੇ ਵਿਚ ਵਸ ਸਕਦਾ ਹੈ। ਇਸ ਸ਼ਬਦ ਨੂੰ ਪਛਾਣਨ ਨਾਲ ਮਨੁੱਖ ਵਰਣ–ਚਿੰਨ੍ਹ ਤੋਂ ਪਰੇ ਹੋ ਜਾਂਦਾ ਹੈ, ਫਿਰ ਉਸ ਉਤੇ ਮਾਯਾ ਦਾ ਪ੍ਰਭਾਵ ਵੀ ਨਹੀਂ ਪੈ ਸਕਦਾ ਹੈ। ਜੋ ਵਿਅਕਤੀ ਸ਼ਬਦ ਦੇ ਰੰਗ ਵਿਚ ਰੰਗ ਜਾਂਦਾ ਹੈ, ਉਹ ਪਰਮਾਤਮਾ ਰੂਪੀ, ਅੰਮ੍ਰਿਤ ਪ੍ਰਾਪਤ ਕਰ ਕੇ ਤ੍ਰਿਪਤ ਹੋ ਜਾਂਦਾ ਹੈ। ਇਸ ਤਰ੍ਹਾਂ ‘ਓਅੰਕਾਰ’ ਅਤੇ ਸ਼ਬਦ ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ। ਗੁਰੂ ਨਾਨਕ ਦੇਵ ਨੇ ਸ਼ਬਦ ਬ੍ਰਹਮ ਦੀ ਭਾਵਨਾ ਨੂੰ ਯੋਗਿਕ ਅਤੇ ਤਾਂਤਰਿਕ ਸੀਮਾ ਤੋਂ ਬਾਹਰ ਦਢ ਕੇ ਭਾਵਾਤਮਕ ਰੂਪ ਪ੍ਰਦਾਨ ਕੀਤਾ ਹੈ। ਇਹ ਸ਼ਬਦ ਆਪ ਹੀ ਗੁਰੂ, ਪੀਰ, ਗਹਿਰ ਗੰਭੀਰ ਹੈ ਅਤੇ ਇਸ ਤੋਂ ਬਿਨਾ ਸਾਰਾ ਜਗਤ ਬਾਵਲਾ ਹੈ। (‘ਸ਼ਬਦੁ ਗੁਰ ਪੀਰਾ, ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਓਰਾਨੰ’–ਆ. ਗੰ. ੬੩੫)। ਇਸ ਸ਼ਬਦ ਨੂੰ ਘੜਨ ਦੀ ਵਿਧੀ ਨੂੰ ਟਕਸਾਲ ਦੇ ਰੂਪਕ ਰਾਹੀਂ ਸਪਸ਼ਟ ਕਰਦੇ ਹੋਇਆਂ ਗੁਰੂ ਨਾਨਕ ਨੇ ਜਪੁਜੀ (੩੮) ਵਿਚ ਕਿਹਾ ਹੈ ਕਿ ਸੰਜਮ ਭੱਠੀ ਹੈ, ਧੀਰਜ ਸੁਨਿਆਰਾ ਹੈ, ਬੁੱਧੀ ਅਹਿਰਣ ਹੈ, ਗੁਰੂ ਗਿਆਨ ਰੂਪ ਵੇਦ ਹਥੌੜਾ ਹੈ, ਪਰਮਾਤਮਾ ਦਾ ਭੈ ਧੌਂਕੜੀ ਹੈ, ਤਪਸਿਆ ਅਗਨੀ ਹੈ, ਪ੍ਰਭੂ ਕੁਠਾਲੀ ਹੈ। ਇਸ ਸੱਚੀ ਟਕਸਾਲ ਵਿਚ ਸ਼ਬਦ ਰਪੀ ਸਿੱਕਾ ਢਾਲਿਆ ਜਾਂਦਾ ਹੈ।

          ‘ਓਅੰਕਾਰ’ ਅਤੇ ‘ਸ਼ਬਦ’ ਨੂੰ ‘ਪ੍ਰਣਵ’ ਦਾ ਪ੍ਰਯਾਯ ਵੀ ਮੰਨਿਆ ਜਾਂਦਾ ਹੈ। ‘ਪਾਤੰਜਲ ਯੋਗਸੂਤ੍ਰ’ (1/27) ਵਿਚ ‘ਪ੍ਰਣਵ’ ਨੂੰ ਈਸ਼ਵਰ ਦਾ ਵਾਚਕ ਮੰਨਿਆ ਗਿਆ ਹੈ (ਤਸੑਯ ਵਾਚਕ: ਪ੍ਰਣਵ)। ਤਾਂਤਰਿਕ ਸਾਹਿੱਤ ਵਿਚ ਪ੍ਰਣਵਵਾਦ ਦੀ ਸਥਾਪਨਾ ਨਾਦ–ਬਿੰਦੂ ਦੇ ਰੂਪ ਵਿਚ ਹੋਈ ਹੈ। ਇਹ ਉਨ੍ਹਾਂ ਦਾ ਨਾਦ ਯੋਗ ਹੈ। ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ ਅਨੁਸਾਰ ‘ਨਾਦ ਅਤੇ ਬਿੰਦੂ ਅਸਲ ਵਿਚ ਸੰਪੂਰਣ ਬ੍ਰਹਮੰਡ ਵਿਚ ਵਿਆਪਤ ਅਨਾਹਤ ਨਾਦ/ਅਨਹਦ ਨਾਦ ਦਾ ਵਿਅਕਤੀ ਵਿਚ ਵਿਅਕਤ ਰੂਪ ਹੈ।… ਇਹ ਨਾਦ ਅਸਲੋਂ ਉਪਾਧੀ–ਰਹਿਤ ਹੋਣ ਤੇ ‘ਪ੍ਰਣਵ’ ਜਾਂ ‘ਓਅੰਕਾਰ’ ਅਖਵਾਂਦਾ ਹੈ” ਇਹੀ ਸ਼ਬਦ ਹੈ। ਗੁਰਬਾਣੀ ਵਿਚ ਸ਼ਬਦ ਅਤੇ ਨਾਮ, ਸ਼ਬਦ ਅਤੇ ਗੁਰੂ ਸ਼ਬਦ (ਗੁਰਬਾਣੀ) ਵਿਚ ਵੀ ਕੋਈ ਅੰਤਰ ਨਹੀਂ ਮੰਨਿਆ ਗਿਆ। ਇਨ੍ਹਾਂ ਦੇ ਸਰੂਪ ਅਤੇ ਸਮਰਥਾਵਾਂ ਆਪਸ ਵਿਚ ਮੇਲ ਖਾਂਦੀਆਂ ਹਨ। ‘ਸਿਧ ਗੋਸੀਟ’ (72) ਵਿਚ ਗੁਰੂ ਨਾਨਕ ਦੇਵ ਨੇ ਕਿਹਾ ਹੈ :

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ।

ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੈ ਸੁਖੁ ਹੋਈ।

ਨਾਮੇ ਹੀ ਤੇ ਸਭੁ ਪਰਗੁਟੁ ਹੋਵੈ ਨਾਮੈ ਸੋਝੀ ਪਾਈ।

ਬਿਨੁ ਨਾਵੇ ਭੇਖ ਕਰਹਿ ਬਹੁ ਤੇਰੇ ਸਚੈ ਆਪਿ ਖੁਆਈ।

ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ।

          ਇਸ ਤਰ੍ਹਾਂ ਓਅੰਕਾਰ, ਸ਼ਬਦ, ਗੁਰੂ ਸ਼ਬਦ, ਨਾਮ ਆਦਿ ਸ਼ਬਦ ਸਮਾਨ ਭਾਵ ਸੂਚਕ ਹਨ। ਕਿਤੇ ਕਿਤੇ ‘ਹੁਕਮ (ਵੇਖੇ) ਨੂੰ ਵੀ ਇਸ ਦਾ ਸਮਾਨ ਅਰਥਕ ਮੰਨ ਲਿਆ ਜਾਂਦਾ ਹੈ।

[ਸਹਾ. ਗ੍ਰੰਥ–ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ : ‘ਕਬੀਰ’; ਹਿ. ਸਾ. ਕੋ.(); ਮ. ਕੋ.,; ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ–ਵਿਅਕਤਿਤ੍ਵ, ਕ੍ਰਿਤਿਤ੍ਵ ਔਰ ਚਿੰਤਨ (ਹਿੰਦੀ); ਡਾ. ਦਲੀਪ ਸਿੰਘ ਦੀਪ: ‘ਜਪੁਜੀ–ਇਕ ਤੁਲਨਾਤਮਕ ਅਧਿਐਨ’]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਓਅੰਕਾਰ : ਇਹ ਬ੍ਰਹਮਾ ਦਾ ਵਾਚਕ ਸ਼ਬਦ ਹੈ। ‘ਪ੍ਰਣਵ’ ਇਸ ਦਾ ਸਮਾਨਾਰਥਕ ਸ਼ਬਦ ਹੈ। ਵੈਦਿਕ ਸਾਹਿੱਤ ਤੋਂ ਲੈ ਕੇ ਸੰਤ ਸਾਹਿੱਤ ਤਕ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ‘ਮਾਂਡੂਕ੍ਰਯ ਉਪਨਿਸ਼ਦ’ (1) ਵਿਚ ਓਅੰਕਾਰ ਨੂੰ ਨਿੱਤ ਵਸਤੂ ਕਹਿ ਕੇ ਇਸ ਨੂੰ ਸਰਵ ਪ੍ਰਕਾਸ਼ਮਈ ਦੱਸਿਆ ਗਿਆ ਹੈ। ਭੂਤ ਭਵਿਖ ਅਤੇ ਵਰਤਮਾਨ ਵਿਚ ਓਅੰਕਾਰ ਹੀ ਹੈ। ਤ੍ਰੈਕਾਲ ਤੋਂ ਪਰੇ ਸਤਿ ਸਰੂਪ ਬ੍ਰਹਮ ਵੀ ਓਅੰਕਾਰ ਹੀ ਹੈ ਇਸੇ ਤਰ੍ਹਾਂ ‘ਛਾਂਦੋਗ੍ਰਯ ਉਪਨਿਸ਼ਦ’(2/23/3) ਵਿਚ ਓਅੰਕਾਰ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਅਤੇ ਸਰਵ-ਵਿਆਪਕ ਮੰਨਿਆ ਗਿਆ ਹੈ। ‘ਯਾਗ੍ਰਯਵਲ੍ਰਕ੍ਰਯ ਸਮ੍ਰਿਤੀ’ ਅਨੁਸਾਰ ਜਿਵੇਂ ਪਲਾਸ਼ ਦਾ ਪਤਾ ਇਕ ਤੀਲੇ ਨਾਲ ਉਠਾਇਆ ਜਾ ਸਕਦਾ ਹੈ, ਉਸੇ ਤਰ੍ਹਾਂ ਇਹ ਸੰਸਾਰ ਓਅੰਕਾਰ ਨਾਲ ਧਾਰਣ ਕੀਤਾ ਜਾ ਸਕਦਾ ਹੈ। ਇਸ ਦੀ ਸਰੂਪਗਤ ਭਾਵਨਾ ਨਿਰਗੁਣ ਵਾਲੀ ਹੈ।

ਤਿੰਨ ਵਰਣਾ (ਅਕਾਰ,ਉਕਾਰ, ਮਕਾਰ) ਨਾਲ ਬਣੇ ਹੋਣ ਕਾਰਨ ਕਾਲਾਂਤਰ ਵਿਚ ਇਸ ਨਾਲ ਸਗੁਣ ਭਾਵਨਾ ਵੀ ਜੋੜ ਦਿੱਤੀ ਗਈ। ਇਸ ਦੀ ਵਿਅਖਿਆ ਕਰਦਿਆਂ ਅਕਾਰ ਨੂੰ ਵਿਸ਼ਣੂ, ਉਕਾਰ ਨੂੰ ਮਹੇਸ਼ ਅਤੇ ਮਕਾਰ ਨੂੰ ਬ੍ਰਹਮਾ ਦਾ ਬੋਧਕ ਮੰਨ ਕੇ ਸਮੁਚੇ ਤੌਰ ਤੇ ਇਸ ਨੂੰ ਤ੍ਰੈਦੇਵਾਂ ਦਾ ਪ੍ਰਤੀਕ ਸਿੱਧ ਕੀਤਾ ਜਾਣ ਲਗਿਆ। ਇਸ ਤਰ੍ਹਾਂ ਇਸ ਦਾ ਭਾਵਾਤਮਕ ਸਰੂਪ ਨਿਰਗੁਣੀ ਅਤੇ ਸਗੁਣੀ ਦੋਹਾਂ ਤਰ੍ਹਾਂ ਦੀਆਂ ਅਧਿਆਤਮਿਕ ਪਰੰਪਰਾਵਾਂ ਨਾਲ ਸੰਬੰਧਿਤ ਹੋ ਗਿਆ।

    ਗੁਰਬਾਣੀ ਵਿਚ ਇਸ  ਸ਼ਬਦ ਦੀ ਵਰਤੋਂ ਨਿਰਗੁਣ ਬ੍ਰਹਮ ਦੇਵਾਚਕ ਸ਼ਬਦ ਵਜੋਂ ਹੋਈ ਹੈ ਅਤੇ ਇਸ ਬਾਰੇ ਸਗੁਣਵਾਦੀ ਪਵ੍ਰਿੱਤੀ ਨੂੰ ਖ਼ਤਮ ਕਰਨ ਲਈ ਮੂਲ-ਮੰਤ੍ਰ ਦੇ ਆਰੰਭ ਵਿਚ ‘ਇਕ’ ਅੰਕ ਲਗਾਇਆ ਗਿਆ ਹੈ। ਭਾਈ ਕਾਨ੍ਹ ਸਿੰਘ ਦੇ ਮਤ ਅਨੁਸਾਰ ਵੀ ‘ਓਅੰ’ ਦੇ ਆਰੰਭ ਵਿਚ ਏਕਾ ਲਿਖ ਕੇ ਕਰਤਾਰ ਨੂੰ ਇਕ ਅਤੇ ਅਦੁੱਤੀ ਸਿੱਧ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਨੇ ‘ਥਿਤੀ’(1) ਨਾਂ ਦੀ ਬਾਣੀ ਵਿਚ ਓਅੰਕਾਰ ਨੂੰ ਸਭ ਤੋਂ ਨਿਰਾਲਾ, ਵਿਲੱਖਣ,ਅਮਰ ਅਤੇ ਅਜੂਨੀ ਦਸਦੇ ਹੋਇਆਂ ਇਸ ਨੂੰ ਜਾਤਿ-ਮੁਕਤ ਅਤੇ ਸੰਸਾਰਿਕ ਪ੍ਰਪੰਚ ਤੋਂ ਅਤੀਤ ਮੰਨਿਆ ਹੈ। ਇਹ ਘਟ-ਘਟ ਵਾਸੀ ਵੀ ਹੈ। ਰਾਮਕਲੀ ਰਾਗ ਵਿਚ ਸੰਕਿਲਤ ‘ਓਅੰਕਾਰ’ ਨਾਂ ਦੀ ਬਾਣੀ ਦੇ ਆਰੰਭ ਵਿਚ ਹੀ ਇਹ ਸਥਾਪਨਾ ਕੀਤੀ ਗਈ ਹੈ ਕਿ ਓਅੰਕਾਰ ਤੋਂ ਹੀ ਬ੍ਰਹਮਾ ਦੀ ਉਤਪੱਤੀ ਹੋਈ ਹੈ, ਉਸ ਨੇ ਓਅੰਕਾਰ ਦਾ ਹੀ ਆਪਣੇ ਮਨ ਵਿਚ ਚਿੰਤਨ ਕੀਤਾ ਹੈ। ਓਅੰਕਾਰ ਤੋਂ ਹੀ ਪਰਬਤ, ਯੁਗ, ਵੇਦ ਆਦਿ ਹੋਂਦ ਵਿਚ ਆਏ ਹਨ। ਇਸ ਸ਼ਬਦ ਰਾਹੀਂ ਹੀ ਵਿਅਕਤੀ ਦਾ ਸੁਧਾਰ ਹੁੰਦਾ ਹੈ। ਓਨਮ ਅੱਖਰ ਹੀ ਤਿੰਨ ਲੋਕਾਂ ਦਾ ਸਾਰ ਤੱਤ ਹੈ—‘ਓਅੰਕਾਰਿ ਬ੍ਰਹਮਾ ਉਤਪਤਿ।/ ਓਅੰਕਾਰੁ ਕੀਆ ਜਿਨਿ ਚਿਤਿ।/ ਓਅੰਕਾਰ ਸੈਲ ਜੁਗ ਭਏ।/ ਓਅੰਕਾਰਿ ਬੇਦ ਨਿਰਮਾਏ।/ ਓਅੰਕਾਰ ਸਬਦਿ ਉਧਾਰੇ।/ ਓਅੰਕਾਰਿ ਗੁਰਮੁਖਿ ਤਰੇ।/ਓਨਮ ਅਖਰ ਸੁਣਹੁ ਬੀਚਾਰੁ।/ ਓਨਮ ਅਖਰੁ ਤ੍ਰਿਭਵਣ ਸਾਰੁ।1।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਅੰ/ਓਅੰਕਾਰ: ਭਾਰਤੀ ਅਧਿਆਤਮਿਕ ਪਰੰਪਰਾ ਵਿਚ ‘ਓਅੰ’ ਜਾਂ ‘ਓਅੰਕਾਰ ’ ਬ੍ਰਹਮ-ਵਾਚਕ ਸ਼ਬਦ ਹੈ। ‘ਪ੍ਰਣਵ’ ਇਸ ਦਾ ਸਮਾਨਾਰਥਕ ਸ਼ਬਦ ਹੈ। ਵੈਦਿਕ ਸਾਹਿਤ ਤੋਂ ਲੈ ਕੇ ਸੰਤ ਸਾਹਿਤ ਤਕ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ‘ਮਾਂਡੂਕੑਯ ਉਪਨਿਸ਼ਦ ’ (1) ਵਿਚ ‘ਓਅੰਕਾਰ’ ਨੂੰ ਨਿੱਤ ਵਸਤੂ ਕਹਿ ਕੇ ਇਸ ਨੂੰ ਸਰਵ-ਪ੍ਰਕਾਸ਼ਮਈ ਦਸਿਆ ਗਿਆ ਹੈ। ਭੂਤ , ਭਵਿਖ ਅਤੇ ਵਰਤਮਾਨ ਵਿਚ ਓਅੰਕਾਰ ਹੀ ਹੈ। ਤ੍ਰੈਕਾਲ ਤੋਂ ਪਰੇ ਸਤਿ-ਸਰੂਪ ਬ੍ਰਹਮ ਵੀ ਓਅੰਕਾਰ ਹੀ ਹੈ। ਇਸੇ ਤਰ੍ਹਾਂ ‘ਛਾਂਦੋਗੑਯ ਉਪਨਿਸ਼ਦ’ (2/23/3) ਵਿਚ ਓਅੰਕਾਰ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਅਤੇ ਇਸ ਨੂੰ ਸਰਵ-ਵਿਆਪਕ ਮੰਨਿਆ ਗਿਆ ਹੈ। ‘ਯਾਗੑਯਵਲੑਕੑਯ ਸਮ੍ਰਿਤੀ’ ਅਨੁਸਾਰ ਜਿਵੇਂ ਪਲਾਸ਼ ਦਾ ਪਤਾ ਇਕ ਤੀਲੇ ਨਾਲ ਉਠਾਇਆ ਜਾ ਸਕਦਾ ਹੈ, ਉਸੇ ਤਰ੍ਹਾਂ ਇਹ ਸੰਸਾਰ ਓਅੰਕਾਰ ਨਾਲ ਧਾਰਣ ਕੀਤਾ ਜਾ ਸਕਦਾ ਹੈ। ਇਸ ਦੀ ਸਰੂਪਗਤ ਭਾਵਨਾ ਨਿਰਗੁਣ ਵਾਲੀ ਹੈ।

 

            ਤਿੰਨ ਵਰਣਾਂ (ਅਕਾਰ, ਉਕਾਰ, ਮਕਾਰ) ਨਾਲ ਬਣੇ ਹੋਣ ਕਾਰਣ ਕਾਲਾਂਤਰ ਵਿਚ ਇਸ ਨਾਲ ਸਗੁਣ ਭਾਵਨਾ ਵੀ ਜੋੜ ਦਿੱਤੀ ਗਈ। ਇਸ ਦੀ ਵਿਆਖਿਆ ਕਰਦਿਆਂ ‘ਅਕਾਰ’ ਨੂੰ ਵਿਸ਼ਣੂ, ‘ਉਕਾਰ’ ਨੂੰ ਮਹੇਸ਼ ਅਤੇ ‘ਮਕਾਰ ’ ਨੂੰ ਬ੍ਰਹਮਾ ਦਾ ਬੋਧਕ ਮੰਨ ਕੇ ਸਮੁੱਚੇ ਤੌਰ ’ਤੇ ਇਸ ਨੂੰ ਤ੍ਰੈਦੇਵਾਂ ਦਾ ਪ੍ਰਤੀਕ ਸਿੱਧ ਕੀਤਾ ਜਾਣ ਲਗਿਆ। ਇਸ ਤਰ੍ਹਾਂ ਇਸ ਦਾ ਭਾਵਾਤਮਕ ਸਰੂਪ ਨਿਰਗੁਣੀ ਅਤੇ ਸਗੁਣੀ ਦੋਹਾਂ ਤਰ੍ਹਾਂ ਦੀਆਂ ਅਧਿਆਤਮਿਕ ਪਰੰਪਰਾਵਾਂ ਨਾਲ ਸੰਬੰਧਿਤ ਹੋ ਗਿਆ।

            ‘ਓਅੰ’ ਅਤੇ ਓਅੰਕਾਰ’ ਦੋਵੇਂ ਸ਼ਬਦ ਗੁਰਬਾਣੀ ਵਿਚ ਨਿਰਗੁਣ ਬ੍ਰਹਮ ਦੇ ਵਾਚਕ ਰੂਪ ਵਿਚ ਵਰਤੇ ਗਏ ਹਨ — ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ (ਗੁ.ਗ੍ਰੰ. 1213); ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ (ਗੁ.ਗ੍ਰੰ.1310)। ਇਸ ਬਾਰੇ ਪ੍ਰਚਲਿਤ ਸਗੁਣਵਾਦੀ ਪ੍ਰਵਿੱਤੀ ਨੂੰ ਖ਼ਤਮ ਕਰਨ ਲਈ ਮੂਲ-ਮੰਤ੍ਰ ਦੇ ਆਰੰਭ ਵਿਚ ‘੧’ ਅੰਕ ਲਗਾਇਆ ਗਿਆ ਹੈ। ਭਾਈ ਕਾਨ੍ਹ ਸਿੰਘ ਦੇ ਮਤ ਅਨੁਸਾਰ ‘ਓਅੰ’ ਦੇ ਆਰੰਭ ਵਿਚ ਏਕਾ ਲਿਖ ਕੇ ਕਰਤਾਰ ਨੂੰ ਇਕ ਅਤੇ ਅਦੁੱਤੀ ਸਿੱਧ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ‘ਥਿਤੀ ’ (1) ਨਾਂ ਦੀ ਬਾਣੀ ਵਿਚ ਓਅੰਕਾਰ ਨੂੰ ਸਭ ਤੋਂ ਨਿਰਾਲਾ, ਵਿਲੱਖਣ, ਅਮਰ ਅਤੇ ਅਜੂਨੀ ਦਸਦੇ ਹੋਇਆਂ ਇਸ ਨੂੰ ਜਾਤਿ-ਮੁਕਤ ਅਤੇ ਸੰਸਾਰਿਕ ਪ੍ਰਪੰਚ ਤੋਂ ਅਤੀਤ ਮੰਨਿਆ ਹੈ। ਇਹ ਘਟ-ਘਟ ਵਾਸੀ ਵੀ ਹੈ।

            ਰਾਮਕਲੀ ਰਾਗ ਵਿਚ ਸੰਕਲਿਤ ‘ਓਅੰਕਾਰ’ ਨਾਂ ਦੀ ਬਾਣੀ ਦੇ ਆਰੰਭ ਵਿਚ ਹੀ ਇਹ ਸਥਾਪਨਾ ਕੀਤੀ ਗਈ ਹੈ ਕਿ ਓਅੰਕਾਰ ਤੋਂ ਹੀ ਬ੍ਰਹਮਾ ਦੀ ਉਤਪੱਤੀ ਹੋਈ ਹੈ, ਉਸ ਨੇ ਓਅੰਕਾਰ ਦਾ ਹੀ ਆਪਣੇ ਮਨ ਵਿਚ ਚਿੰਤਨ ਕੀਤਾ ਹੈ। ਓਅੰਕਾਰ ਤੋਂ ਹੀ ਪਰਬਤ, ਯੁਗ , ਵੇਦ ਆਦਿ ਹੋਂਦ ਵਿਚ ਆਏ ਹਨ। ਇਸ ਸ਼ਬਦ ਰਾਹੀਂ ਹੀ ਵਿਅਕਤੀ ਦਾ ਸੁਧਾਰ ਹੁੰਦਾ ਹੈ। ਓਨਮ ਅੱਖਰ ਹੀ ਤਿੰਨ ਲੋਕਾਂ ਦਾ ਸਾਰ ਤੱਤ੍ਵ ਹੈ — ਓਅੰਕਾਰਿ ਬ੍ਰਹਮਾ ਉਤਪਤਿ ਓਅੰਕਾਰੁ ਕੀਆ ਜਿਨਿ ਚਿਤਿ ਓਅੰਕਾਰਿ ਸੈਲ ਜੁਗ ਭਏ ਓਅੰਕਾਰਿ ਬੇਦ ਨਿਰਮਏ ਓਅੰਕਾਰਿ ਸਬਦਿ ਉਧਰੇ ਓਅੰਕਾਰਿ ਗੁਰਮੁਖਿ ਤਰੇ ਓਨਮ ਅਖਰ ਸੁਣਹੁ ਬੀਚਾਰੁ ਓਨਮ ਅਖਰੁ ਤ੍ਰਿਭਵਣ ਸਾਰੁ


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-06, ਹਵਾਲੇ/ਟਿੱਪਣੀਆਂ: no

ਓਅੰਕਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਓਅੰਕਾਰ  : ਇਸ ਸ਼ਬਦ ਦੀ ਵਰਤੋਂ ਸਿੱਖਾਂ ਦੇ ਧਾਰਮਕ ਸਾਹਿਤ ਵਿਚ ਆਮ ਕੀਤੀ ਗਈ ਹੈ ਕਿਉਂਕਿ ਇਹ ਸਿੱਖ ਧਰਮ ਚਿੰਤਨ ਨਾਲ ਸਬੰਧਤ ਮਹੱਤਵਪੂਰਨ ਸੰਕਲਪ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵਰਤੇ 'ੴ' ਦੇ   ਨੂੰ ਓਅੰਕਾਰਸੰਗਿਆ ਦਿਤੀ ਗਈ ਹੈ। ਭਾਈ ਵੀਰ ਸਿੰਘ ਜੀ ਦੇ ਵਿਚਾਰ ਅਨੁਸਾਰ ''ਗੁਰੂ ਜੀ ਨੇ  ਨੂੰ ਪਹਿਲ ਦਿੱਤੀ ਹੈ ਭਾਵ ਸ੍ਵਰਾਂ ਵਿਚ ' ' ਨੂੰ ਸ਼੍ਰੋਮਣੀ ਸ੍ਵਰ ਥਾਪਿਆ ਹੈ। ਇਸ ਕਰ ਕੇ ਇਸ ਦਾ    ' ਰੂਪ ਬਣਾ ਕੇ ਅਗਮ ਅਗੋਚਰ ਪ੍ਰਮਾਤਮਾ ਨੂੰ ਘਟ ਘਟ ਵਾਸੀ ਤੇ ਸਾਰੀ ਰਚਨਾ ਦਾ ਮੁੱਢ, ਮੂਲ ਤੇ ਫ਼ਿਰ ਸਾਰੇ ਸਾਰੇ ਪਸਾਰੇ ਵਿਚ ਵਿਆਪਕ ਕਰਤਾ ਦੱਸਣ ਲਈ '੧' ਦੇ ਨਾਲ ਲਾ ਦਿਤਾ।'' ਪ੍ਰੋ. ਸਾਹਿਬ ਸਿੰਘ ਜੀ ਦੇ ਵਿਚਾਰ ਅਨੁਸਾਰ     ਦੋ ਹਿੱਸੇ ਹਨ ਓ ਅਤੇ  । '  ਦੇ ਅਰਥਾਂ ਬਾਰੇ ਉਹ ਲਿਖਦੇ ਹਨ ਕਿ ਵੇਦਾਂ ਆਦਿ ਦੇ ਆਰੰਭ ਤੇ ਅਖ਼ੀਰ ਵਿਚ ਅਰਦਾਸ ਜਾਂ ਕਿਸੇ ਪਵਿੱਤਰ ਧਰਮ ਕਾਰਜ ਦੇ ਆਰੰਭ ਵਿਚ ਅੱਖਰ 'ਓ' (Ȝ) ਨੂੰ ਪਵਿੱਤਰ ਸਮਝਦਿਆਂ ਪ੍ਰਯੋਗ ਕੀਤਾ ਜਾਂਦਾ ਹੈ।

        ਅਮਰ ਕੋਸ਼ ਵਿਚ ਇਸ ਦਾ ਅਰਥ 'ਬ੍ਰਹਮ' ਦੱਸਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨੇ ਇਸ ਦਾ ਮੂਲ 'ਅਵ' (अव्) ਧਾਤੂ ਮੰਨਿਆ ਹੈ ਜਿਸ ਦੇ ਅਰਥ ਰੱਖਿਆ ਕਰਨ ਵਾਲਾ ਪ੍ਰਵਾਨ ਕੀਤੇ ਹਨ। ਪ੍ਰੋ. ਸਾਹਿਬ ਸਿੰਘ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ '  ਅਰਥਾਂ ਨੂੰ ਨਿਸ਼ਚਿਤ ਕਰਨ ਵਾਸਤੇ ' ਤੋਂ ਪਹਿਲਾਂ '੧' ਲਿਖ ਦਿੱਤਾ ਹੈ :

                ਏਕਾ ਏਕੰਕਾਰ ਲਿਖਿ ਵੇਖਾਲਿਆ।

                ਊੜਾ ਓਅੰਕਾਰ ਪਾਸਿ ਬਹਾਲਿਆ।

                                                                                                (ਭਾਈ ਗੁਰਦਾਸ)

        ਇਸ ਲਈ ਇਥੇ ਇਸ ਦਾ ਭਾਵ ਹੈ ਕਿ '  i' ਦਾ ਅਰਥ ਹੈ ਉਹ ਹਸਤੀ ਜੋ ਇਕ ਹੈ, ਜਿਸ ਜਿਹਾ ਹੋਰ ਕੋਈ ਨਹੀਂ ਅਤੇ ਜਿਸ ਵਿਚ ਇਹ ਜਗਤ ਸਮਾ ਜਾਂਦਾ ਹੈ।

        'ਓ' ਉਪਰ ਪਏ ਚਿੰਨ੍ਹ ' ' ਜਿਸ ਦੇ ਪਾਉਣ ਨਾਲ 'ਓ' ਦੀ ਸ਼ਕਲ ' ' ਬਣ ਜਾਂਦੀ ਹੈ, ਦਾ ਉਚਾਰਨ 'ਕਾਰ' ਹੈ। 'ਕਾਰ' ਸੰਸਕ੍ਰਿਤ ਦਾ ਪਿਛੇਤਰ ਹੈ। ਆਮ ਤੌਰ ਤੇ ਇਹ ਪਿਛੇਤਰ 'ਨਾਵਾਂ' ਦੇ ਅਖੀਰ ਵਿਚ ਵਰਤਿਆ ਜਾਂਦਾ ਹੈ। ਇਸ ਦਾ ਅਰਥ ਹੈ 'ਇਕ ਰਸ' ਜਿਸ ਵਿਚ ਕੋਈ ਤਬਦੀਲੀ ਨਾ ਆਵੇ'। 'ਉਮੰਗ' ਨਾਲ ਉਚਾਰਨ ਕੀਤੀ ਜਾਂਦੀ 'ਕਾਰ' ਦਾ ਅਰਥ ਭਾਈ ਕਾਨ੍ਹ ਸਿੰਘ 'ਧੁਨੀ' ਕਰਦੇ ਹਨ ਪਰ ਭਾਈ ਵੀਰ ਸਿੰਘ ਜੀ ਇਸ ਦੇ ਅਰਥ 'ਕੇਵਲ' ਕਰਦੇ ਹਨ। ਉਨ੍ਹਾਂ ਅਨੁਸਾਰ 'ਓਅੰਕਾਰ' ਦਾ ਅਰਥ ਹੈ–'ਕੇਵਲ ਓਅੰ'।

        ਕਈ ਵਿਦਵਾਨਾਂ ਨੇ'    ' ਨੂੰ ਓਮ ਮੰਨਦਿਆਂ ਉਸ ਦੇ ਓ.ਅ. ਮ. .ਤਿੰਨ ਭਾਗ ਕਰਦੇ ਉਨ੍ਹਾਂ ਦੇ ਭਾਵ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦਿੱਤੇ ਹਨ ਭਰ ਭਾਈ ਕਾਨ੍ਹ ਸਿੰਘ ਜਿਹੇ ਵਿਦਵਾਨ ਨੇ 'ਓਅੰਕਾਰ' ਨੂੰ ਖੰਡ ਖੰਡ ਕਰਨ ਵਾਲੀ ਬਿਰਤੀ ਦਾ ਖੰਡਨ ਕੀਤਾ ਹੈ। ਪ੍ਰੋ. ਸਾਹਿਬ ਸਿੰਘ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਹੈ ਕਿ ਗੁਰਮਤਿ ਵਿਚ ਓਅੰ ਦੇ ਮੁੱਢ ਵਿਚ 'ਏਕਾ ਅੰਕ' ਲਿਖ ਕੇ ਇਹ ਸਿੱਧ ਕੀਤਾ ਹੈ ਕਿ ਗੁਰਮਤਿ ਵਿਚ ਓਅੰਕਾਰ ਨੂੰ ਇਕ ਧੁਨ ਕਿਹਾ ਗਿਆ ਹੈ ਜੋ ਅਖੰਡ ਨਾਦ ਵਿਚ ਲਗਾਤਾਰ ਜਾਰੀ ਰਹਿੰਦੀ ਹੈ।

        ਓਅੰਕਾਰ ਏਕ ਧੁਨਿ ਏਕੈ ਏਕੈ ਰਾਗ ਅਲਾਪੈ ǁ

                                        (ਰਾਮਕਲੀ ਮ. ਪ. ਪੰਨਾ 885)

        ਸ੍ਰੀ ਗੁਰੂ ਨਾਨਕ ਦੇਵ ਜੀ ਨੇ ' ' ਨੂੰ ਸਾਰੀ ਰਚਨਾ ਦਾ ਰਚਣਹਾਰ ਮੰਨਿਆ ਹੈ। ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਓਅੰਕਾਰ ਨੂੰ ਸ੍ਰਿਸ਼ਟੀ ਦਾ ਨਿਰਮਾਤਾ ਮੰਨਦੇ ਹਨ।

              


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-11-56-45, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ; ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ-ਪ੍ਰੋ ਸਾਹਿਬ ਸਿੰਘ; ਗੁਰਮਤਿ ਵਿਆਖਿਆਨ-ਪ੍ਰਿੰਸੀਪਲ ਹਰਿਭਜਨ ਸਿੰਘ

ਓਅੰਕਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਓਅੰਕਾਰ, ਸੰਸਕ੍ਰਿਤ (ਓਂਕਾਰ) / ਪੁਲਿੰਗ : ‘ਓ’ ਸ਼ਬਦ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-29-11-38-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.