ਗੂਜਰੀ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੂਜਰੀ ਰਾਗ ( ਬਾਣੀ ) : ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 48 ਚਉਪਦੇ , ਨੌਂ ਅਸ਼ਟਪਦੀਆਂ ਅਤੇ ਦੋ ਵਾਰਾਂ ( ਇਕ ਮਹਲੇ ੩ ਦੀ , ਇਕ ਮਹਲੇ ੫ ਦੀ ) ਹਨ । ਇਨ੍ਹਾਂ ਤੋਂ ਇਲਾਵਾ 8 ਸ਼ਬਦ ਭਗਤ-ਬਾਣੀ ਦੇ ਹਨ ।

                      ਚਉਪਦੇ ਪ੍ਰਕਰਣ ਦੇ ਕੁਲ 48 ਚਉਪਦਿਆਂ ਵਿਚੋਂ ਦੋ ਗੁਰੂ ਨਾਨਕ ਦੇਵ ਜੀ ਦੀ ਰਚਨਾ ਹਨ । ਗੁਰੂ ਜੀ ਨੇ ਦਸਿਆ ਹੈ ਕਿ ਪਰਮਾਤਮਾ ਦੀ ਆਰਾਧਨਾ ਮੂਰਤੀ-ਪੂਜਾ ਰਾਹੀਂ ਨਹੀਂ , ਨਾਮ-ਸਿਮਰਨ ਰਾਹੀਂ ਹੁੰਦੀ ਹੈ । ਗੁਰੂ ਅਮਰਦਾਸ ਜੀ ਦੇ ਸੱਤ ਚਉਪਦਿਆਂ ਵਿਚੋਂ ਪੰਜਾਂ ਵਿਚ ਚਾਰ ਚਾਰ ਪਦਿਆਂ ਦੇ ਜੁੱਟ ਹਨ ਅਤੇ ਦੋ ਵਿਚ ਪੰਜ ਪੰਜ ਦੇ । ਗੁਰੂ ਜੀ ਅਨੁਸਾਰ ਸਭ ਤੋਂ ਉੱਤਮ ਪ੍ਰੇਮ ਪਰਮਾਤਮਾ ਦੀ ਪ੍ਰੀਤ ਹੈ । ਗੁਰੂ ਰਾਮਦਾਸ ਜੀ ਦੇ ਰਚੇ ਸੱਤ ਚਉਪਦਿਆਂ ਵਿਚੋਂ ਛੇ ਚਾਰ ਚਾਰ ਪਦਿਆਂ ਦੇ ਜੁੱਟ ਹਨ ਅਤੇ ਇਕ ਵਿਚ ਪੰਜ ਪਦੇ ਹਨ । ਪਹਿਲਾ ਚਉਪਦਾ ‘ ਸੋਦਰ ’ ਦੇ ਪ੍ਰਕਰਣ ਵਿਚ ਵੀ ਆਇਆ ਹੈ । ਇਹ ਗੁਰੂ ਜੀ ਵਲੋਂ ਗੁਰੂ ਅਮਰਦਾਸ ਜੀ ਨੂੰ ਸੰਬੋਧਿਤ ਦਸਿਆ ਜਾਂਦਾ ਹੈ । ਕਿਤਨੀ ਨਿਮਰਤਾ ਹੈ ਇਸ ਸ਼ਬਦ ਵਿਚ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ । ਇਸ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ 32 ਚਉਪਦਿਆਂ ਦੀ ਰਚਨਾ ਕੀਤੀ ਹੈ । ਇਨ੍ਹਾਂ ਵਿਚ ਦੁਪਦੇ , ਤ੍ਰਿਪਦੇ , ਚਉਪਦੇ ਅਤੇ ਪੰਚਪਦੇ ਸ਼ਾਮਲ ਹਨ ਜਿਨ੍ਹਾਂ ਵਿਚ ਗੁਰਮਤਿ ਦੇ ਅਨੇਕ ਸਿੱਧਾਂਤਾਂ ਦੀ ਵਿਆਖਿਆ ਹੋਈ ਹੈ ।

                      ਕੁਲ ਨੌਂ ਅਸ਼ਟਪਦੀਆਂ ਵਿਚੋਂ ਪੰਜ ਗੁਰੂ ਨਾਨਕ ਦੇਵ ਜੀ ਦੀਆਂ ਹਨ । ਇਨ੍ਹਾਂ ਵਿਚ ਸਗੁਣ , ਸਾਕਾਰ ਬ੍ਰਹਮ ਦੇ ਮੁਕਾਬਲੇ ਨਿਰਗੁਣ , ਨਿਰਾਕਾਰ , ਨਿਰੰਜਨ ਦੇ ਸਰੂਪ ਨੂੰ ਸਪੱਸ਼ਟ ਕੀਤਾ ਗਿਆ ਹੈ । ਇਕ ਅਸ਼ਟਪਦੀ ਗੁਰੂ ਅਮਰਦਾਸ ਜੀ ਦੀ ਲਿਖੀ ਹੈ ਜਿਸ ਵਿਚ ਦਸ ਪਦੀਆ ਦਾ ਸਮੁੱਚ ਹੈ । ਗੁਰੂ ਰਾਮਦਾਸ ਜੀ ਨੇ ਵੀ ਇਸ ਰਾਗ ਵਿਚ ਕੇਵਲ ਇਕ ਅਸ਼ਟਪਦੀ ਲਿਖੀ ਹੈ । ਗੁਰੂ ਅਰਜਨ ਦੇਵ ਜੀ ਨੇ ਆਪਣੀਆਂ ਦੋਹਾਂ ਅਸ਼ਟਪਦੀਆਂ ਵਿਚ ਪਰਮਾਤਮਾ ਦੇ ਬਾਹਰਲੇ ਅਤੇ ਅੰਦਰਲੇ ਗੁਣਾਂ ਉਤੇ ਝਾਤ ਪਾਈ ਹੈ ।

ਇਸ ਤੋਂ ਅਗੇ ‘ ਗੂਜਰੀ ਕੀ ਵਾਰ ਮ. ੩’ ਅਤੇ ‘ ਗੂਜਰੀ ਕੀ ਵਾਰ ਮ.੫’ ਦਰਜ ਹਨ ਜਿਨ੍ਹਾਂ ਬਾਰੇ ਸੁਤੰਤਰ ਇੰਦਰਾਜ ਹਨ ।

                      ਭਗਤ - ਬਾਣੀ ਪ੍ਰਕਰਣ ਦੇ ਕੁਲ ਅੱਠ ਸ਼ਬਦਾਂ ਵਿਚੋਂ ਕਬੀਰ ਜੀ ਨੇ ਆਪਣੇ ਦੋ ਸ਼ਬਦਾਂ ਵਿਚ ਦੋ ਨੁਕਤੇ ਸਪੱਸ਼ਟ ਕੀਤੇ ਹਨ । ਇਕ ਇਹ ਕਿ ਹਰਿ-ਨਾਮ ਸਿਮਰਨ ਦਾ ਕੇਵਲ ਇਕੋ-ਇਕ ਮੌਕਾ ਹੈ ਮਨੁੱਖ-ਜਨਮ । ਦੂਜਾ ਇਹ ਕਿ ਸਭ ਦਾ ਰਖਵਾਲਾ ਪਰਮਾਤਮਾ ਖ਼ੁਦ ਹੈ । ਭਗਤ ਨਾਮਦੇਵ ਨੇ ਆਪਣੇ ਦੋ ਸ਼ਬਦਾਂ ਵਿਚ ਦਸਿਆ ਹੈ ਕਿ ਪਰਮਾਤਮਾ ਨਿਰਾਕਾਰ ਹੈ , ਉਸ ਦੀ ਪੂਜਾ ਮੂਰਤੀ ਵਜੋਂ ਕਰਨਾ ਅਨੁਚਿਤ ਹੈ । ਰਵਿਦਾਸ ਜੀ ਨੇ ਆਪਣੇ ਇਕ ਸ਼ਬਦ ਵਿਚ ਕਿਹਾ ਹੈ ਕ ਹਰਿ ਦੀ ਪੂਜਾ ਲਈ ਤਨ-ਮਨ ਅਰਪਿਤ ਕਰਨਾ ਚਾਹੀਦਾ ਹੈ , ਫੁਲ-ਪਤੀਆਂ ਜਾਂ ਦੁੱਧ ਨਾਲ ਕੀਤੀ ਪੂਜਾ ਵਿਅਰਥ ਹੈ ।

                      ਭਗਤ ਤ੍ਰਿਲੋਚਨ ਨੇ ਆਪਣੇ ਦੋ ਸ਼ਬਦਾਂ ਵਿਚ ਸਥਾਪਿਤ ਕੀਤਾ ਹੈ ਕਿ ਉਸ ਨਿਰਲੇਪ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਬਾਹਰਲੇ ਭੇਖਾਂ ਦੀ ਲੋੜ ਨਹੀ । ਭਗਤ ਜੈਦੇਵ ਨੇ ਆਪਣੇ ਇਕ ਸ਼ਬਦ ਵਿਚ ਉਪਦੇਸ਼ ਦਿੱਤਾ ਹੈ ਕਿ ਹਰਿ-ਨਾਮ ਦੇ ਸਿਮਰਨ ਨਾਲ ਸੰਸਾਰ ਦੀਆਂ ਸਾਰੀਆਂ ਔਕੜਾਂ ਦੂਰ ਹੋ ਜਾਂਦੀਆਂ ਹਨ ਅਤੇ ਮਨੁੱਖ ਦਾ ਉੱਧਾਰ ਹੋ ਜਾਂਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.