ਗੋਪਾਲ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਪਾਲ ਸਿੰਘ . ਦੇਖੋ , ਸੁਧਾਸਰ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਪਾਲ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੋਪਾਲ ਸਿੰਘ ( 1883-1941 ਈ. ) : ਇਕ ਸਰਗਰਮ ਅਕਾਲੀ ਨੇਤਾ , ਜਿਸ ਦਾ ਜਨਮ ਪੱਛਮੀ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਦੇ ਸਾਗਰੀ ਪਿੰਡ ਵਿਚ ਸ. ਸੁੰਦਰ ਸਿੰਘ ਦੁਕਾਨਦਾਰ ਦੇ ਘਰ ਸੰਨ 1883 ਈ. ਵਿਚ ਹੋਇਆ । ਇਹ ਅਜੇ 12 ਵਰ੍ਹਿਆਂ ਦਾ ਸੀ , ਤਾਂ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਬਾਦ ਤਿੰਨ ਸਾਲਾਂ ਦੇ ਵਿਚ ਵਿਚ ਦੋ ਵੱਡੇ ਭਰਾ ਵੀ ਚਲਾਣਾ ਕਰ ਗਏ । ਘਰ-ਬਾਹਰ ਦੀ ਸਾਰੀ ਜ਼ਿੰਮੇਵਾਰੀ ਇਸ ਦੇ ਸਿਰ ਉਤੇ ਆ ਪਈ । ਇਸ ਨੇ ਇਕ ਪਾਸੇ ਆਪਣੇ ਕਾਰ-ਵਪਾਰ ਨੂੰ ਚੰਗੀ ਤਰ੍ਹਾਂ ਚਲਾਇਆ ਅਤੇ ਦੂਜੇ ਪਾਸੇ ਸਿੰਘ ਸਭਾ ਦੇ ਪ੍ਰਭਾਵ ਅਧੀਨ ਸਿੱਖੀ ਦੇ ਪ੍ਰਚਾਰ ਵਿਚ ਰੁਚੀ ਲਈ । ਗੁਰਦੁਆਰਾ ਸੁਧਾਰ ਲਹਿਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਕਾਰਣ ਸੰਨ 1920 ਈ. ਵਿਚ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ । ਪੰਜਾ ਸਾਹਿਬ ਗੁਰੂ-ਧਾਮ ਆਜ਼ਾਦ ਕਰਾਉਣ ਵਾਲੇ ਜੱਥੇ ਵਿਚ ਭਾਗ ਲੈਣ ਤੋਂ ਬਾਦ ਇਸ ਨੇ ‘ ਗੁਰੂ ਕਾ ਬਾਗ਼ ’ ਮੋਰਚੇ ਲਈ ਪ੍ਰਚਾਰ ਸ਼ੁਰੂ ਕੀਤਾ ਅਤੇ ਪਕੜਿਆ ਗਿਆ । ਸੰਨ 1923 ਈ. ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤੇ ਜਾਣ ਕਾਰਣ ਇਸ ਨੂੰ ਪਕੜ ਲਿਆ ਗਿਆ । ਸੰਨ 1925 ਈ. ਵਿਚ ਗੁਰਦੁਆਰਾ ਐਕਟ ਅਨੁਸਾਰ ਚਲਣ ਅਥਵਾ ਨ ਚਲਣ’ ਤੇ ਅਕਾਲੀ ਦਲ ਵਿਚੋਂ ਹੋਈ ਦੋ-ਫਾੜ ਵੇਲੇ ਇਹ ਬਾਬਾ ਖੜਕ ਸਿੰਘ ਦੇ ਧੜੇ ਵਿਚ ਸ਼ਾਮਲ ਹੋ ਗਿਆ । ਇਸ ਨੇ ਵਖ ਵਖ ਮੋਰਚਿਆਂ ਵਿਚ ਭਾਗ ਲੈਣ ਕਰਕੇ ਲਗਭਗ 13 ਵਰ੍ਹੇ ਕੈਦ ਕਟੀ ਜਿਸ ਦੇ ਫਲਸਰੂਪ ਸਿਹਤ ਖ਼ਰਾਬ ਹੋ ਗਈ ਅਤੇ ਅਕਤੂਬਰ 1941 ਈ. ਵਿਚ ਸੰਸਾਰ ਤਿਆਗ ਦਿੱਤਾ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੋਪਾਲ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਪਾਲ ਸਿੰਘ ( 1883-1941 ) : ਇਕ ਅਕਾਲੀ ਸੁਧਾਰਕ ਜਿਸਦਾ ਜਨਮ ਨਵੰਬਰ 1883 ਵਿਚ ਰਾਵਲਪਿੰਡੀ ਜ਼ਿਲੇ ਦੇ ਪਿੰਡ ਸਾਗਰੀ ਵਿਚ ਹੋਇਆ ਸੀ ਜੋ ਅੱਜ-ਕਲ੍ਹ ਪਾਕਿਸਤਾਨ ਵਿਚ ਹੈ । ਇਸਦਾ ਪਿਤਾ , ਸੁੰਦਰ ਸਿੰਘ ( ਅ.ਚ. 1895 ) ਇਕ ਛੋਟਾ ਦੁਕਾਨਦਾਰ ਸੀ । ਪਿਤਾ ਦੀ ਮੌਤ ਹੋਣ ਤੋਂ ਤਿੰਨ ਸਾਲ ਦੇ ਅੰਦਰ ਹੀ ਗੋਪਾਲ ਸਿੰਘ ਦੇ ਦੋ ਭਰਾ ਵੀ ਅਕਾਲ ਚਲਾਣਾ ਕਰ ਗਏ ਅਤੇ ਪਰਵਾਰ ਦੀ ਦੇਖ -ਭਾਲ ਦੀ ਜ਼ੁੰਮੇਵਾਰੀ ਇਸ `ਤੇ ਆਣ ਪਈ । ਇਸਨੇ ਪਰਵਾਰਿਕ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਸਖ਼ਤ ਮਿਹਨਤ ਕੀਤੀ ਅਤੇ ਨਾਲ ਹੀ ਇਸਨੇ ਜ਼ਿਲਾ ਪੱਧਰ ਦੀਆਂ ਸਿੰਘ ਸਭਾ ਦੁਆਰਾ ਕੀਤੀਆਂ ਜਾ ਰਹੀਆਂ ਸਰਗਰਮੀਆਂ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ । ਇਸਦੇ ਜੀਵਨ ਦਾ ਜ਼ਿਆਦਾ ਸਰਗਰਮ ਹਿੱਸਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਗੁਰਦੁਆਰਾ ਪ੍ਰਬੰਧ ਦੀ ਸੁਧਾਰ ਲਹਿਰ ਪੂਰੇ ਜ਼ੋਰਾਂ’ ਤੇ ਸੀ । ਇਸਨੂੰ 1920 ਵਿਚ ਬਣੀ ਪਹਿਲੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ । ਇਹ ਉਸ ਜਥੇ ਦਾ ਮੈਂਬਰ ਸੀ ਜਿਸਨੂੰ ‘ ਗੁਰਦੁਆਰਾ ਪੰਜਾ ਸਾਹਿਬ` ਦਾ ਮਹੰਤਾਂ ਤੋਂ ਕਬਜ਼ਾ ਲੈਣ ਲਈ ਭੇਜਿਆ ਗਿਆ ਸੀ , ਜੋ ਆਮ ਲੋਕਾਂ ਦੀ ਨਿੰਦਿਆ ਦਾ ਨਿਸ਼ਾਨਾ ਬਣੇ ਹੋਏ ਸਨ । ਗੁਰੂ ਕਾ ਬਾਗ਼ ਮੋਰਚੇ ਲਈ ਲੋਕ- ਰਾਏ ਬਣਾਉਂਦੇ ਸਮੇਂ , ਇਹ 1922 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਲੋਕਾਂ ਨੂੰ ਭੜਕਾਉਣ ਅਤੇ ਬਰਤਾਨਵੀ ਸਰਕਾਰ ਵਿਰੁੱਧ ਨਫ਼ਰਤ ਫੈਲਾਉਣ ਦੇ ਇਲਜ਼ਾਮ ਅਧੀਨ ਇਸ’ ਤੇ ਮੁਕੱਦਮਾ ਚਲਾਇਆ ਗਿਆ । 1923 ਵਿਚ , ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਗਰਮੀਆਂ ਉੱਤੇ ਸਰਕਾਰ ਦੁਆਰਾ ਰੋਕ ਲਗਾ ਦਿੱਤੀ ਗਈ ਸੀ ਤਾਂ ਇਸਨੂੰ ਦੁਬਾਰਾ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ । ਇਸਨੇ ਆਪਣੇ ਜੀਵਨ ਦੇ 13 ਸਾਲ ਪੂਰੀ ਤਰ੍ਹਾਂ ਜੇਲ੍ਹ ਵਿਚ ਬਤੀਤ ਕੀਤੇ ਸਨ । 1925 ਵਿਚ ਗੁਰਦੁਆਰਾ ਐਕਟ ਪਾਸ ਹੋਣ ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਵਿਚ ਦੁਫਾੜ ਹੋਇਆ ਤਾਂ ਗੋਪਾਲ ਸਿੰਘ , ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਵਾਲੇ ਧੜੇ ਵਿਚ ਸ਼ਾਮਲ ਹੋ ਗਿਆ । 1941 ਵਿਚ , ਇਹ ਅਕਾਲ ਚਲਾਣਾ ਕਰ ਗਿਆ ਅਤੇ 26 ਅਕਤੂਬਰ 1941 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਮਾਗਮ ਵਿਚ ਇਸਦੇ ਚਲਾਣੇ ‘ ਤੇ ਸ਼ੋਕ ਅਤੇ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ।


ਲੇਖਕ : ਗ.ਸ.ਗ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.