ਗੜ੍ਹੀ ਨਜ਼ੀਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੜ੍ਹੀ ਨਜ਼ੀਰ: ਪਿੰਡ ਸਮਾਣਾ (30°-11’, 76°-11`ਪੂ) ਤੋਂ 3 ਕਿਲੋਮੀਟਰ ਦੂਰ ਦੱਖਣ-ਪੂਰਬ ਵੱਲ ਹੈ। ਇੱਥੇ ਗੁਰੂ ਤੇਗ਼ ਬਹਾਦਰ ਜੀ ਦੇ ਨਾਂ ‘ਤੇ ਇਤਿਹਾਸਿਕ ਗੁਰਦੁਆਰਾ ‘ਗੁਰਦੁਆਰਾ ਸ੍ਰੀ ਤੇਗ਼ ਬਹਾਦਰ ਪਾਤਸ਼ਾਹੀ ਨੌਂਵੀਂ’ ਬਣਿਆ ਹੋਇਆ ਹੈ ।ਗੁਰੂ ਤੇਗ਼ ਬਹਾਦਰ ਜੀ ਦੀ ਗ੍ਰਿਫ਼ਤਾਰੀ ਲਈ ਜਦੋਂ ਸ਼ਾਹੀ ਫ਼ੌਜਾਂ ਸਾਰੇ ਦੇਸ ਵਿਚ ਗਸ਼ਤ ਕਰ ਰਹੀਆਂ ਸਨ , ਉਦੋਂ ਸਮਾਣਾ ਤੋਂ ਇਕ ਉਦਾਰ ਧਾਰਮਿਕ ਵਿਚਾਰਾਂ ਵਾਲੇ ਮੁਸਲਮਾਨ ਮੁਹੰਮਦ ਬਖ਼ਸ਼, ਗੁਰੂ ਤੇਗ਼ ਬਹਾਦਰ ਜੀ ਦੇ ਰੱਖਿਅਕ ਬਣੇ ਅਤੇ ਉਹ ਗੁਰੂ ਜੀ ਨੂੰ ਆਪਣੇ ਘਰ ਗੜ੍ਹੀ ਨਜ਼ੀਰ ਲੈ ਆਏ। ਪਿੱਛਾ ਕਰਦੇ ਹੋਏ ਸਿਪਾਹੀ, ਸੂਹ ਮਿਲਣ ਤੇ, ਗੁਰੂ ਜੀ ਦੀ ਭਾਲ ਵਿਚ ਗੜ੍ਹੀਪਹੁੰਚੇ ਅਤੇ ਉਹਨਾਂ ਨੇ ਪੁੱਛ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਪਰੰਤੂ ਮੁਹੰਮਦ ਬਖ਼ਸ਼ ਨੇ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਗੁਰੂ ਜੀ ਉਸ ਦੇ ਘਰ ਵਿਚ ਹਨ ਅਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ।

     ਇਸ ਪਿੰਡ ਵਿਚ ਉਸ ਪਵਿੱਤਰ ਅਸਥਾਨ ਤੇ ਬਾਅਦ ਵਿਚ ਗੁਰੂ ਤੇਗ਼ ਬਹਾਦਰ ਜੀ ਨਾਲ ਸੰਬੰਧਿਤ ਇਕ ਛੋਟਾ ਜਿਹਾ ਗੁਰਦੁਆਰਾ ਉਸਾਰਿਆ ਗਿਆ। ਕੈਥਲ ਦੇ ਸ਼ਾਸਕ ਭਾਈ ਉਦੈ ਸਿੰਘ (ਅ.ਚ. 1843) ਨੇ ਗੁਰਦੁਆਰੇ ਦੀ ਦੇਖ-ਭਾਲ ਲਈ 20 ਏਕੜ ਜ਼ਮੀਨ ਦਾਨ ਵਜੋਂ ਦਿੱਤੀ ਅਤੇ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ (1798-1845) ਨੇ ਨਵੀਂ ਇਮਾਰਤ ਦੀ ਉਸਾਰੀ ਕਰਵਾ ਦਿੱਤੀ। ਅਜੋਕੀ ਇਮਾਰਤ ਜਿਸ ਵਿਚ ਵੱਡਾ ਦਰਬਾਰ ਹਾਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੰਗਮਰਮਰ ਦੀ ਪਾਲਕੀ ਬਣੀ ਹੋਈ ਹੈ ਅਤੇ ਗੁਰੂ ਕੇ ਲੰਗਰ ਲਈ ਹਾਲ ਬਣਿਆ ਹੋਇਆ ਹੈ, ਪੇਹੋਵਾ ਵਾਲੇ ਸੰਤਾਂ ਨੇ 1970 ਦੇ ਦਹਾਕੇ ਦੇ ਅੰਤ ਵਿਚ ਇਸ ਦੀ ਉਸਾਰੀ ਕਰਵਾਈ ਹੈ। ਇਹ ਗੁਰਦੁਆਰਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੜ੍ਹੀ ਨਜ਼ੀਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੜ੍ਹੀ ਨਜ਼ੀਰ : ਹਰਿਆਣਾ ਪ੍ਰਾਂਤ ਦੇ ਕਰਨਾਲ ਜ਼ਿਲ੍ਹੇ ਦੀ ਤਹਿਸੀਲ ਕੈਥਲ ਵਿਚ ਇਕ ਪਿੰਡ ਜਿਸ ਦੀ ਦੱਖਣ ਦਿਸ਼ਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਦੀ ਯਾਦ ਵਿਚ ਗੁਰਦੁਆਰਾ ਸੁਸ਼ੋਭਿਤ ਹੈ।

ਗੜ੍ਹੀ ਨਜ਼ੀਰ ਨੂੰ ਭੀਖਨ ਖਾਂ ਪਠਾਣ ਨੇ ਆਬਾਦ ਕੀਤਾ ਸੀ ਤੇ ਉਸ ਨੇ ਗੁਰੂ ਜੀ ਨੂੰ ਇਸ ਜਗ੍ਹਾ ਠਹਿਰਾ ਕੇ ਉਨ੍ਹਾਂ ਦੀ ਸ਼ਰਧਾ ਭਾਵ ਨਾਲ ਸੇਵਾ ਕੀਤੀ।

ਗੁਰਦੁਆਰੇ ਦੀ ਸੇਵਾ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ ਕਰਵਾਈ ਸੀ। ਭਾਈ ਸਾਹਿਬ ਉਦੇ ਸਿੰਘ ਨੇ ਗੁਰਦੁਆਰੇ ਦੇ ਨਾਂ 40 ਏਕੜ ਜ਼ਮੀਨ ਲਗਾਈ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-03-30-26, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ; ਤ. ਗਾ. ਗੁ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.