ਗੱਪ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੱਪ : ‘ ਗੱਪ’ ਸਦੀਆਂ ਤੋਂ ਮਨੁੱਖੀ ਸੁਭਾਅ ਦਾ ਅਟੁੱਟ ਹਿੱਸਾ ਬਣਿਆ ਤੁਰਿਆ ਆ ਰਿਹਾ ਹੈ । ‘ ਗੱਪ’ ਕੋਈ ਸਾਹਿਤ ਰੂਪ ਨਹੀਂ ਸਗੋਂ ਇਹ ਮਨੁੱਖੀ ਮਨੋ-ਬਿਰਤੀ ਨਾਲ ਸੰਬੰਧਿਤ ਹੈ ਅਤੇ ਕੰਨ ਰਸ ਨਾਲ ਸੰਬੰਧ ਰੱਖਦਾ ਹੈ । ਗੱਪ ਦਾ ਸ਼ਾਬਦਿਕ ਅਰਥ ਅਤੇ ਆਧਾਰ ਝੂਠ ਹੈ । ਗੱਪ ਦਾ ਜਨਮ ਕਿਸੇ ਦੂਸਰੇ ਜਾਂ ਦੂਸਰਿਆਂ ਨੂੰ ਪ੍ਰਭਾਵਿਤ ਕਰਨ , ਆਪਣਾ ਝੂਠਾ ਸਿੱਕਾ ਮਨਵਾਉਣ ਅਤੇ ਆਪਣੀਆਂ ਕਪੋਲ ਕਲਪਨਾਵਾਂ ਨੂੰ ਸੱਚਾ ਸਿੱਧ ਕਰਨ ਲਈ ਕੀਤਾ ਗਿਆ ਪ੍ਰਯਤਨ ਹੁੰਦਾ ਹੈ । ਗੱਪ ਮਾਰਨ ਵਾਲੇ ਬੰਦੇ ਨੂੰ ਗੱਪੀ ਕਿਹਾ ਜਾਂਦਾ ਹੈ । ਇਸ ਨਾਲ ਸੰਬੰਧਿਤ ਸ਼ਬਦ ਗਪੌੜ ਸੰਖ ਹੈ । ਪੁਰਾਣੇ ਸਮੇਂ ਜਦੋਂ ਵਿਅਕਤੀ ਕੋਲ ਸਮਾਂ ਬਹੁਤ ਹੁੰਦਾ ਸੀ , ਉਸ ਸਮੇਂ ਗੱਪ ਸੁਣਾਉਣ ਦੀ ਪ੍ਰਥਾ ਵਧੇਰੇ ਪ੍ਰਚਲਿਤ ਸੀ , ਅੱਜ ਦੇ ਮਨੁੱਖ ਕੋਲ ਸਮਾਂ ਨਹੀਂ ਹੈ , ਵਿਹਲ ਨਹੀਂ ਹੈ , ਇਸ ਲਈ ਗੱਪ ਸੁਣਨ ਅਤੇ ਸੁਣਾਉਣ ਦਾ ਰਿਵਾਜ ਵੀ ਘੱਟ ਰਿਹਾ ਹੈ ਅਤੇ ਤਕਰੀਬਨ ਘੱਟ ਗਿਆ ਹੈ ।

        ਗੱਪ ਦਾ ਸੁਧਰਿਆ ਰੂਪ ਜਦੋਂ ਸਾਹਿਤ ਵਿੱਚ ਪ੍ਰਯੋਗ ਹੋਣ ਲੱਗਦਾ ਹੈ ਤਾਂ ਉਸ ਨੂੰ ਅਸੀਂ ਕਾਲਪਨਿਕ ਰਚਨਾਵਾਂ ਦੀ ਸਾਕਾਰ ਹੋਂਦ ਦੇ ਸਰੂਪ ਵਿੱਚੋਂ ਪਹਿਚਾਣ ਸਕਦੇ ਹਾਂ । ਕਿਉਂ ਜੋ ਗੱਪ ਵੀ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਕਲਪਨਾ ਉਪਰ ਹੀ ਆਧਾਰਿਤ ਹੁੰਦੀ ਹੈ ।

        ਇਵੇਂ ਲੱਗਦਾ ਹੈ ਜਿਵੇਂ ‘ ਗੱਪ’ ਸ਼ਬਦ ਗੁਫ਼ਤਗੂ ਸ਼ਬਦ ਦਾ ਵਿਗੜਿਆ ਰੂਪ ਹੋਵੇ । ਵੇਖਿਆ ਜਾਵੇ ਤਾਂ ਗੱਪ ਆਧਾਰਹੀਣ , ਸਿਧਾਂਤਹੀਣ ਅਤੇ ਤਰਕਹੀਣ ਹੁੰਦੀ ਹੈ । ਜਿਵੇਂ ਕਿਹਾ ਜਾਂਦਾ ਹੈ ਕਿ ਸੱਚ ਕੋਲ ਪ੍ਰਮਾਣ ਹੁੰਦਾ ਹੈ , ਝੂਠ ਕੋਲ ਕੋਈ ਪ੍ਰਮਾਣ ਨਹੀਂ ਹੁੰਦਾ । ਇਸੇ ਤਰ੍ਹਾਂ ਗੱਪੀ ਦੇ ਗੱਪਾਂ ਦੀ ਜਦੋਂ ਪੋਲ ਖੁੱਲ੍ਹਦੀ ਹੈ ਤਦ ਗੱਪੀ ਨੂੰ ਨਮੋਸ਼ੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ । ਲੋਕ ਕਹਾਵਤ ਹੈ ‘ ਗੱਪੀ ਨੂੰ ਗੱਪ ਪਿਆਰੇ , ਸੱਚੇ ਨੂੰ ਸੱਚ ਨਿਤਾਰੇ । ’

        ‘ ਗੱਪੀ’ ਆਪਣੀ ਗੱਪ ਨੂੰ ਰਸਦਾਇਕ ਬਣਾਉਣ ਲਈ ਮਿੱਠੀਆਂ-ਮਿੱਠੀਆਂ ਕਹਾਣੀਆਂ ਦੀ ਸਿਰਜਣਾ ਕਰਦਾ ਰਹਿੰਦਾ ਹੈ । ਗੱਪੀ ਨੂੰ ਸੱਥ ਦਾ ਸ਼ਿੰਗਾਰ ਵੀ ਆਖਿਆ ਜਾ ਸਕਦਾ ਹੈ । ਉਸ ਕੋਲ ਆਪਣੀ ਗੱਲ ਨੂੰ ਲਮਕਾਅ ਕੇ ਕਹਿਣ ਦੀ ਵਿਧੀ ਹੁੰਦੀ ਹੈ । ਗੱਪੀ ਸ੍ਰੋਤਿਆਂ ਅੰਦਰ ਜਿਗਿਆਸਾ ਪੈਦਾ ਕਰ ਕੇ ਆਪਣੀ ਵਾਰਤਾ ਦਾ ਵਿਸਤਾਰ ਕਰਦਾ ਰਹਿੰਦਾ ਹੈ । ‘ ਗੱਪੀ’ ਕਈ ਵਾਰ ਆਪਣੇ ਢੰਗ ਤਰੀਕੇ ਕਰ ਕੇ ਮਖੌਲ ਦਾ ਕੇਂਦਰ ਬਿੰਦੂ ਵੀ ਬਣਦਾ ਹੈ ਅਤੇ ਉਸ ਦੀਆਂ ਗੱਪਾਂ ਕਈ ਵਾਰ ਪੰਗੇ ਵੀ ਪਾ ਦਿੰਦੀਆਂ ਹਨ ।

        ਹਰੇਕ ਗੱਪ ਮਾਰਨ ਵਾਲਾ ਆਪਣੀ ਗੱਪ ਨੂੰ ਇਸ ਢੰਗ ਨਾਲ ਸਿਰਜਦਾ ਅਤੇ ਵਿਉਂਤਦਾ ਹੈ ਕਿ ਦੂਸਰਾ ਸੁਣਨ ਵਾਲਾ , ਸੁਣ ਕੇ ਦੰਗ ਰਹਿ ਜਾਵੇ । ਉਦਾਹਰਨ ਲਈ ਦੋ ਗੱਪੀਆਂ ਦੀ ਵਾਰਤਾਲਾਪ ਇੱਥੇ ਸੰਖੇਪ ਵਿੱਚ ਦਰਜ ਕੀਤੀ ਜਾਂਦੀ ਹੈ :

        ਪਹਿਲਾ ਗੱਪੀ : ਸਾਡੇ ਘਰ ਏਡੀ ਵੱਡੀ ਖੁਰਲੀ ਹੈ ਜਿਸ ਵਿੱਚ ਸਾਰੇ ਸੰਸਾਰ ਦੇ ਡੰਗਰ ਚਾਰਾ ਚਰ ਸਕਦੇ ਹਨ , ਅਣਗਿਣਤ ਡੰਗਰ ।

        ਦੂਜਾ ਗੱਪੀ : ਸਾਡੇ ਘਰੇ ਏਡਾ ਵੱਡਾ ਢਾਂਗਾ ਹੈ ਜਦੋਂ ਕਦੇ ਮੀਂਹ ਨਾ ਪੈਂਦਾ ਹੋਵੇ ਤਾਂ ਸਾਡੇ ਬਜ਼ੁਰਗ ਉਸ ਢਾਂਗੇ ਨੂੰ ਬੱਦਲਾਂ ਵਿੱਚ ਮਾਰ ਕੇ ਮੀਂਹ ਵਰ੍ਹਾ ਲੈਂਦੇ ਹਨ ।

        ਪਹਿਲਾ ਗੱਪੀ : ਫੇਰ ਉਸ ਨੂੰ ਰੱਖਦੇ ਕਿੱਥੇ ਹੋ ?

        ਦੂਜਾ ਗੱਪੀ : ਤੁਹਾਡੇ ਵਾਲੀ ਖੁਰਲੀ ਵਿੱਚ ਹੋਰ ਕਿੱਥੇ ।

ਇਸ ਤਰ੍ਹਾਂ ਕਲਪਨਾ , ਵਿਚਿੱਤਰਤਾ ਅਤੇ ਵਿਨੋਦ ਕੁਝ ਕੁ ਅਜਿਹੇ ਭਾਵ ਹਨ ਜਿਨ੍ਹਾਂ ਦੇ ਆਧਾਰ ਉਪਰ ਗੱਪੀ ਆਪਣੇ ਗੱਪ ਦੀ ਇਮਾਰਤ ਬਣਾਉਂਦੇ ਹਨ ।


ਲੇਖਕ : ਸੁਦਰਸ਼ਨ ਗਾਸੋ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਗੱਪ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਪ ( ਨਾਂ , ਇ ) ਵਧਾ ਚੜ੍ਹਾ ਕੇ ਕੀਤੀ ਝੂਠੀ ਗੱਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੱਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਪ [ ਨਾਂਇ ] ਝੂਠਾ ਕਥਨ , ਗਪੌੜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੱਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੱਪ . ਸੰਗ੍ਯਾ— ਪ੍ਰਾ. ਗਲੑਪ. ਮਿਥ੍ਯਾ ਪ੍ਰਵਾਦ. ਝੂਠੀ ਗੱਲ. ਅਸਤ੍ਯ ਕਲਪਨਾ । ੨ ਫ਼ਾ ਗੱਲ । ੩ ਸ਼ੇਖ਼ੀ ਮਾਰਨੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.