ਘੁਮਾਣ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਘੁਮਾਣ ( ਪਿੰਡ ) : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਤੋਂ ਪੱਛਮ ਦਿਸ਼ਾ ਵਿਚ 10 ਕਿ.ਮੀ. ਦੀ ਵਿਥ ਉਤੇ ਵਸਿਆ ਇਕ ਬਹੁਤ ਪੁਰਾਣਾ ਪਿੰਡ ਜਿਥੇ ਸੰਤ ਨਾਮਦੇਵ ਜੀ ( ਵੇਖੋ ) ਆ ਕੇ ਰਹੇ ਸਨ । ਸ਼ਰਧਾਲੂਆਂ ਨੇ ਉਨ੍ਹਾਂ ਦੀ ਯਾਦ ਵਿਚ ਇਕ ਸਮਾਰਕ ਬਣਵਾਇਆ , ਜੋ ਹੁਣ ‘ ਦਰਬਾਰ ਸਾਹਿਬ ਬਾਬਾ ਨਾਮਦੇਵ ਜੀ’ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਸਮਾਰਕ ਦਾ ਸਰੂਪ ਸ. ਜੱਸਾ ਸਿੰਘ ਰਾਮਗੜ੍ਹੀਆਂ ਨੇ ਸੰਵਾਰਿਆ ਸੀ ਅਤੇ ਸਰੋਵਰ ਦੀ ਨਵੀਂ ਚੁਣਾਈ ਕਨ੍ਹੀਆ ਮਿਸਲ ਦੀ ਸਰਦਾਰਨੀ ਸਦਾ ਕੌਰ ਨੇ ਕਰਵਾਈ ਸੀ ।

                      ਇਸ ਡੇਰੇ ਵਿਚ ਗੁਰੂ ਹਰਿਗੋਬਿੰਦ ਸਾਹਿਬ ਵੀ ਆਏ ਸਨ । ਉਨ੍ਹਾਂ ਦੀ ਆਮਦ ਦੀ ਯਾਦ ਵਿਚ ਇਥੇ ਗੁਰੂ -ਧਾਮ ਬਣਿਆ ਹੋਇਆ ਹੈ ਜਿਸ ਦਾ ਪ੍ਰਬੰਧ ਸ੍ਰੀ ਨਾਮਦੇਵ ਦਰਬਾਰ ਕਮੇਟੀ ਹੀ ਕਰਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਘੁਮਾਣ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੁਮਾਣ : ਪਿੰਡ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਵਿਚ ਸ੍ਰੀ ਹਰਿਗੋਬਿੰਦਪੁਰ ( 31° -41’ ਉ , 75° - 29’ ਪੂ ) ਦੇ ਪੱਛਮ ਵੱਲ 10 ਕਿਲੋਮੀਟਰ ਦੀ ਦੂਰੀ ‘ ਤੇ ਸਥਿਤ ਹੈ । ਨਾਮਦੇਵ ( 1270-1350 ) ਮਹਾਂਰਾਸ਼ਟਰ ਦੇ ਬਹੁਤ ਹੀ ਸਤਿਕਾਰ ਯੋਗ ਸੰਤ ਸਨ , ਜਿਹਨਾਂ ਦੇ ਬਹੁਤ ਸਾਰੇ ਧਾਰਮਿਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ , ਉਹ ਇਸ ਪਿੰਡ ਵਿਚ ਬਹੁਤ ਸਮੇਂ ਲਈ ਰਹੇ ਸਨ । 55 ਸਾਲ ਦੀ ਉਮਰ ਤੋਂ ਪਹਿਲਾਂ ਉਹਨਾਂ ਨੇ ਕਈ ਸਾਲ ਮਹਾਂਰਾਸ਼ਟਰ ਦੇ ਜ਼ਿਲਾ ਸ਼ੋਲਾਪੁਰ ਦੇ ਪੰਢਰਪੁਰ ਵਿਚ ਗੁਜ਼ਾਰੇ ਸਨ । ਫਿਰ ਉਹਨਾਂ ਨੇ ਉੱਤਰੀ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੀ ਯਾਤਰਾ ਕੀਤੀ ਅਤੇ 18 ਸਾਲ ਬਾਅਦ ਫਿਰ ਮਹਾਂਰਾਸ਼ਟਰ ਵਾਪਸ ਆ ਗਏ । ਇਸ ਸਮੇਂ ਦੌਰਾਨ ਉਹ ਪੰਜਾਬ ਵਿਚ ਵੀ ਆਏ ਸਨ ਅਤੇ ਪਰੰਪਰਾ ਅਨੁਸਾਰ , ਉਹਨਾਂ ਨੇ ਘੁਮਾਣ ਵਿਚ ਆਪਣਾ ਇਕ ਡੇਰਾ ਵੀ ਬਣਾਇਆ ਸੀ

 

        ਸਥਾਨਿਕ ਪਰੰਪਰਾ ਅਨੁਸਾਰ , ਚੌਦ੍ਹਵੀਂ ਸਦੀ ਤੋਂ ਹੋਂਦ ਵਿਚ ਆਏ ਘੁਮਾਣ ਦੇ ਮੰਦਰ ਦੀ ਜੱਸਾ ਸਿੰਘ ਰਾਮਗੜੀਆ ( ਅ.ਚ. 1802 ) ਨੇ ਮੁਰੰਮਤ ਕਰਵਾਈ ਸੀ ਅਤੇ ਇਸਦੇ ਨਾਲ ਲੱਗਦੇ ਸਰੋਵਰ ਦੀ ਮੁਰੰਮਤ ਕਨ੍ਹਈਆ ਮਿਸਲ ਦੀ ਮੁਖੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ , ਸਦਾ ਕੌਰ ( ਅ.ਚ. 1832 ) ਵੱਲੋਂ ਕਰਵਾਈ ਗਈ ਸੀ । ਮੁੱਖ ਧਰਮ ਅਸਥਾਨ ਜਿਸ ਨੂੰ ‘ ਦਰਬਾਰ ਸਾਹਿਬ ਬਾਬਾ ਨਾਮਦੇਵ ਜੀ’ ਕਿਹਾ ਜਾਂਦਾ ਹੈ , ਅੱਠਭੁਜਾ ਗੁੰਬਦਦਾਰ , ਸੰਗਮਰਮਰ ਲੱਗੇ ਫ਼ਰਸ਼ ਵਾਲਾ ਕਮਰਾ ਹੈ ਅਤੇ ਇਸ ਵਿਚ ਬਾਹਰ ਨੂੰ ਨਿਕਲੀਆਂ ਹੋਈਆਂ ਖਿੜਕੀਆਂ ਅਤੇ ਛੱਜੇ ਹਨ । ਕਮਰੇ ਦੇ ਵਿਚਕਾਰ ਸੰਗਮਰਮਰ ਦੀ ਬਣੀ ਪਾਲਕੀ ਥੱਲੇ ਸੰਗਮਰਮਰ ਦਾ ਛੇਕੋਣਾ ਚੌਂਤਰਾ ਬਣਿਆ ਹੋਇਆ ਹੈ । ਇਕ ਮਿਰਤਕ ਗਊ ਨੂੰ ਜਿਊਂਦਾ ਕਰ ਰਹੇ ਭਗਤ ਨਾਮਦੇਵ ਜੀ ਦੇ ਬੈਠੇ ਹੋਇਆਂ ਦਾ , ਇਕ ਪਿੱਤਲ ਦੀ ਚਾਦਰ ਉੱਪਰ ਉੱਭਰਵੀਂ ਨਕਾਸ਼ੀ ਦੁਆਰਾ ਚਿੱਤਰ ਦਰਸਾਇਆ ਗਿਆ ਹੈ । ਇਸ ਮੰਦਰ ਦੇ ਨਾਲ ਬਾਬਾ ਬਹੁੜ ਦਾਸ ਦੀ ਸਮਾਧ ਹੈ , ਜੋ ਪੰਜਾਬ ਵਿਚ ਨਾਮਦੇਵ ਦਾ ਪ੍ਰਮੁਖ ਸ਼ਾਗਿਰਦ ਸੀ ।

        ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਅਲੱਗ ਆਇਤਾਕਾਰ ਕਮਰੇ ਵਿਚ ਪ੍ਰਕਾਸ਼ ਕੀਤਾ ਗਿਆ ਹੈ ਜੋ ਗੁਰੂ ਹਰਿਗੋਬਿੰਦ ਜੀ ਦੀ ਇਸ ਧਰਮ ਅਸਥਾਨ ਵਿਚ ਆਉਣ ਦੀ ਯਾਦ ਨੂੰ ਕਾਇਮ ਰੱਖਦਾ ਹੈ । ਇਸ ਮੰਦਰ ਦਾ ਪ੍ਰਬੰਧ ਘੁਮਾਣ ਪਿੰਡ ਦੀ ‘ ਸ੍ਰੀ ਨਾਮਦੇਵ ਦਰਬਾਰ ਕਮੇਟੀ’ ਦੁਆਰਾ ਕੀਤਾ ਜਾਂਦਾ ਹੈ । ਇੱਥੇ ਇਕ ਜਾਂ ਦੋ ਮਾਘ ( ਅੱਧ ਜਨਵਰੀ ) ਨੂੰ ਸਲਾਨਾ ਮੇਲਾ ਲੱਗਦਾ ਹੈ , ਜਿਸ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦੋ ਮਾਘ 1406 ਬਿਕਰਮੀ ਨੂੰ ਨਾਮਦੇਵ ਜੀ ਦਾ ਘੁਮਾਣ ਪਿੰਡ ਵਿਚ ਅਕਾਲ ਚਲਾਣਾ ਹੋਇਆ ਸੀ ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.