ਘੱਲੂਘਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੱਲੂਘਾਰਾ. ਤਬਾਹੀ. ਗ਼ਾਰਤੀ. ਸਰਵਨਾਸ਼ Holocaust। ੨ ਜੇਠ ਸੰਮਤ ੧੮੦੩ ਵਿੱਚ ਲਾਹੌਰ ਦੇ ਸੂਬੇ ਯਹਿਯਾ ਖ਼ਾਨ ਦੀ ਅਮਲਦਾਰੀ ਅੰਦਰ, ਉਸ ਦੇ ਵਜ਼ੀਰ ਦੀਵਾਨ ਲਖਪਤਰਾਇ ਨਾਲ ਜੋ ਖਾਲਸੇ ਦੀ ਲੜਾਈ ਕਾਨੂਵਾਣ ਦੇ ਛੰਭ ਪਾਸ ਹੋਈ, ਓਹ ਛੋਟਾ ਘੱਲੂਘਾਰਾ ਪ੍ਰਸਿੱਧ ਹੈ, ਜਿਸ ਵਿੱਚ ਦਸ ਗ੍ਯਾਰਾਂ ਹਜ਼ਾਰ ਦੇ ਕਰੀਬ ਸਿੰਘਾਂ ਦਾ ਸ਼ਹੀਦ ਹੋਣਾ ਅਨੁਮਾਨ ਕੀਤਾ ਜਾਂਦਾ ਹੈ. ਅਤੇ ੨੮ ਮਾਘ ਸੰਮਤ ੧੮੧੮ ਨੂੰ ਜੋ ਅਹਮਦਸ਼ਾਹ ਦੁੱਰਾਨੀ ਨਾਲ ਰਾਇਪੁਰ ਗੁੱਜਰਵਾਲ ਪਾਸ ਕੁੱਪਰਹੀੜੇ ਦੇ ਮਕਾਮ ਹੋਈ, ਓਹ ਵਡਾ ਘੱਲੂਘਾਰਾ ਸਿੱਖ ਇਤਿਹਾਸ ਵਿੱਚ ਪ੍ਰਸਿੱਧ ਹੈ, ਇਸ ਘੱਲੂਘਾਰੇ ਵਿੱਚ ਅਠਾਰਾਂ ਵੀਹ ਹਜ਼ਾਰ ਦੇ ਕਰੀਬ ਸਿੰਘ , ਅਤੇ ਇਤਨੀ ਹੀ ਦੁੱਰਾਨੀ ਫ਼ੌਜ ਖੇਤ ਰਹੀ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੱਲੂਘਾਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਘੱਲੂਘਾਰਾ : ਸਿੱਖ ਇਤਿਹਾਸ ਵਿਚ ਇਹ ਨਾਂ ਦੋ ਲੜਾਈਆਂ ਲਈ ਵਰਤਿਆ ਗਿਆ ਹੈ। ਪਹਿਲੀ ਲੜਾਈ (ਸੰਮਤ 1803) ਦੀਵਾਨ ਲਖਪਤ ਰਾਇ ਨਾਲ ਹੋਈ ਸੀ ਅਤੇ ਦੂਜੀ ਲੜਾਈ ਅਹਿਮਦ ਸ਼ਾਹ ਅਬਦਾਲੀ ਨਾਲ ਰਹੀੜੇ ਹੋਈ ਸੀ। (ਵਿਸਥਾਰ ਲਈ ਵੇਖੋ, ਘੱਲੂਘਾਰਾ ਛੋਟਾ ਅਤੇ ਘੱਲੂਘਾਰਾ ਵੱਡਾ)।

          ਘੱਲੂਘਾਰਾ ਛੋਟਾ––ਕਾਨੂੰਵਾਨ ਦੇ ਛੰਭ ਕੋਲ 2 ਜੇਠ ਸੰਮਤ 1803 (ਸੰਨ 1746) ਨੂੰ ਸਿੰਘਾਂ ਅਤੇ ਦੀਵਾਨ ਲਖਪਤ ਰਾਇ ਵਿਚਕਾਰ ਹੋਈ ਲੜਾਈ ਨੂੰ ਛੋਟਾ ਘੱਲੂਘਾਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲਾਹੌਰ ਦਾ ਸੂਬੇਦਾਰ ਜਿਸ ਵੇਲੇ ਜ਼ਕਰੀਆ ਖ਼ਾਨ ਬਣਿਆ ਤਾਂ ਉਸ ਨੇ ਦੀਵਾਨ ਲਖਪਤ ਰਾਇ ਦੇ ਭਰਾ ਜਸਪਤ ਰਾਇ ਨੂੰ ਫ਼ੌਜਦਾਰ ਵਜੋਂ ਜਲੰਧਰ ਤੋਂ ਬਦਲ ਕੇ ਐਮਨਾਬਾਦ ਭੇਜ ਦਿਤਾ। ਜਸਪਤ ਰਾਇ ਬਹੁਤ ਸਾਰੇ ਸਿੱਖ ਧੋਖੇ ਨਾਲ ਮਰਵਾ ਕੇ ਲਾਹੌਰ ਦੇ ਸੂਬੇ ਕੋਲੋਂ ਇਨਾਮ ਪ੍ਰਾਤ ਕਰਦਾ ਰਿਹਾ। ਸੰਨ 1803 ਬਿਕ੍ਰਮੀ (ਸੰਨ 1746) ਨੂੰ ਐਮਨਾਬਾਦ ਗੁਰਦੁਆਰਾ, ਰੋੜੀ ਸਾਹਿਬ ਵਿਚ ਵੈਸਾਖੀ ਦੇ ਮੇਲੇ ਤੇ ਸਿੰਘਾਂ ਦੇ ਦੋ-ਤਿੰਨ ਜੱਥੇ ਟੁਰਦੇ-ਫਿਰਦੇ ਆ ਗਏ। ਜਦੋਂ ਜਸਪਤ ਰਾਇ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਉਸ ਨੇ ਉਸੇ ਵਕਤ ਸਿੰਘਾਂ ਨੂੰ ਇਲਾਕਾ ਛੱਡ ਕੇ ਜਾਣ ਦਾ ਹੁਕਮ ਕਰ ਦਿਤਾ। ਅਗੋਂ ਸਿੰਘਾਂ ਨੇ ਆਖਿਆ ਕਿ ਉਹ ਰਾਤ ਦੀ ਰਾਤ ਆਪਣੇ ਗੁਰਦੁਆਰੇ ਵਿਚ ਭਜਨ-ਬੰਦਗੀ ਕਰਨਗੇ ਅਤੇ ਤੜਕੇ ਵੈਸਾਖੀ ਦਾ ਇਸ਼ਨਾਨ ਕਰਕੇ ਚਲੇ ਜਾਣਗੇ। ਜਸਪਤ ਰਾਇ ਸਿੰਘਾਂ ਦੀ ਮੌਜੂਦਗੀ ਇਕ ਪਲ ਵੀ ਨਹੀਂ ਸੀ ਸਹਾਰ ਸਕਦਾ। ਜਸਪਤ ਰਾਇ ਨੇ ਸਿਪਾਹੀ ਭੇਜੇ ਪਰ ਸਿੰਘ ਨਾ ਉੱਠੇ। ਅਖੀਰ ਜਸਪਤ ਰਾਇ ਸੌ ਪਿਆਦਿਆਂ ਸਮੇਤ ਹਾਥੀ ਉਤੇ ਚੜ੍ਹ ਕੇ ਆਇਆ ਅਤੇ ਸਿੰਘਾਂ ਨੂੰ ਬੁਰਾ ਭਲਾ ਕਹਿਣ ਲੱਗਾ। ਪਹਿਲਾਂ ਤਾਂ ਸਿੰਘ ਚੁੱਪ ਰਹੇ। ਅਖੀਰ ਉਨ੍ਹਾਂ ਦਾ ਸਬਰ ਟੁੱਟ ਗਿਆ। ਸਰਦਾਰ ਚੜ੍ਹਤ ਸਿੰਘ ਨੇ ਜਸਪਤ ਰਾਇ ਨੂੰ ਸੋਧਣ ਦਾ ਹੁਕਮ ਦੇ ਦਿਤਾ। ਸਿੰਘਾਂ ਨੇ ਤਲਵਾਰਾਂ ਸੂਤ ਲਈਆਂ ਅਤੇ ਜੈਕਾਰੇ ਮਾਰਦੇ ਹੋਏ ਸ਼ਹਿਰ ਜਾ ਵੜੇ। ਜਸਪਤ ਰਾਇ ਦੇ ਸਾਥੀ ਪਤਰਾ ਵਾਚ ਗਏ। ਸਿੰਘਾਂ ਨੇ ਜਸਪਤ ਰਾਇ ਨੂੰ ਸੋਧ ਦਿਤਾ ਅਤੇ ਮਾਰੋ ਮਾਰ ਕਰਦੇ ਹੋਏ ਚੂੜ੍ਹਕਾਣੇ ਦੀ ਬਾਰ ਵਿਚ ਜਾ ਵੜੇ। ਬਾਕੀ ਲੋਕਾਂ ਨੇ ਸ਼ਹਿਰ ਨੂੰ ਖੂਬ ਲੁੱਟਿਆ। ਜਦੋਂ ਇਹ ਖਬਰ ਦੀਵਾਨ ਲਖਪਤ ਰਾਇ ਨੂੰ ਲਾਹੌਰ ਪੁੱਜੀ ਤਾਂ ਉਹ ਸਣੇ ਕਪੜੀ ਮੱਚ ਗਿਆ ਅਤੇ ਤਰਲੋ ਮੱਛੀ ਹੁੰਦਾ ਹੋਇਆ ਲਾਹੌਰ ਦੇ ਸੂਬੇਦਾਰ ਬਿਜੈ ਖਾਂ ਕੋਲ ਜਾ ਰੋਇਆ ਪਿਟਿਆ। ਬਿਨਾਂ ਸੋਚੇ ਸਮਝੇ ਸੂਬੇ ਦੇ ਕਦਮਾਂ ਵਿਚ ਆਪਣੀ ਪੱਗ ਸੁਟ ਕੇ ਬੋਲਿਆ, “ਜੇ ਹੁਣ ਤੁਸੀਂ ਬੰਨ੍ਹਾਉਗੇ ਤਾਂ ਬੰਨ੍ਹਾਗਾ ਪਰ ਸਿੰਘਾਂ ਦਾ ਖੁਰਾ-ਖੋਜ ਮਿਟਾ ਕੇ ਬੰਨ੍ਹਾਂਗਾ।” ਸੂਬੇ ਨੇ ਆਖਿਆ ਕਿ ਮੈਂ ਤਾਂ ਅਗੇ ਹੀ ਇਸ ਦੀ ਭਾਲ ਵਿਚ ਹਾਂ ਜੋ ਕੁਝ ਚਾਹੀਦਾ ਹੈ, ਲੈ ਲੈ।

          ਪਹਿਲਾਂ ਤਾਂ ਲਾਹੌਰ ਦੇ ਵਸਨੀਕ ਸਿੰਘਾਂ ਉਤੇ ਦੀਵਾਨ ਲਖਪਤ ਰਾਇ ਨੇ ਹੱਥ ਚੁਕਿਆ ਅਤੇ ਫੜ ਕੇ ਕਤਲ ਕਰਵਾਉਣ ਲਗ ਪਿਆ। ਦੂਸਰੇ ਦਿਨ ਦੀਵਾਨ ਕੌੜਾ ਮਲ, ਰਾਇ ਸੂਰਤ ਸਿੰਘ, ਲਛੀ ਰਾਮ, ਚੌਧਰੀ ਜਵਾਹਰ ਮਲ, ਪੰਡਤ ਸੁਰਤ ਰਾਮ ਆਦਿ ਸ਼ਹਿਰ ਦੇ ਮੁੱਖ ਆਦਮੀ ਦੀਵਾਨ ਲਖਪਤ ਰਾਇ ਪਾਸ ਜਾ ਪਹੁੰਚੇ ਅਤੇ ਉਸ ਨੂੰ ਬਹੁਤ ਸਮਝਾਇਆ ਅਤੇ ਇਥੋਂ ਤੀਕ ਵੀ ਕਿਹਾ ਕਿ ਅਜ ਸੋਮਾਵੰਤੀ ਅਮਾਵਸ ਹੈ ਇਹ ਜਿਹੜੇ ਸਿੰਘ ਤੂੰ ਜਲਾਦਾਂ ਦੇ ਹਵਾਲੇ ਕੀਤੇ ਹੋਏ ਹਨ, ਕਤਲ ਨਾ ਕਰਵਾਓ ਪਰ ਉਸ ਨੇ ਇਹ ਮਿਹਨਤਕਸ਼ ਅਤੇ ਬੇਗੁਨਾਹ ਸਿਖ ਮਰਵਾ ਹੀ ਦਿਤੇ ਅਤੇ ਗੁਰਬਾਣੀ ਦੀਆਂ ਪੋਥੀਆਂ ਲਭ ਲਭ ਕੇ ਅਗਨੀ ਭੇਟਾ ਕਰ ਦਿਤੀਆਂ। ਧਰਮਸ਼ਾਲਾਵਾਂ ਢੁਹਾ ਸੁੱਟੀਆਂ। ਸ੍ਰੀ ਅੰਮ੍ਰਿਤਸਰ ਜੀ ਦਾ ਸਰੋਵਰ ਮਿਟੀ ਨਾਲ ਭਰਵਾ ਦਿਤਾ ਅਤੇ ਫਸਲ ਬੀਜ ਦਿਤੀ ਅਤੇ ਢੰਢੌਰਾ ਫੇਰ ਦਿਤਾ ਕਿ ਜੋ ਕੋਈ ਗੁਰੂ ਦਾ ਸਿੰਘ ਸਦਾਵੇਗਾ ਉਹ ਸਜ਼ਾ ਪਾਵੇਗਾ ਜਿਹੜਾ ਜਲ ਖੇਤੀਆਂ ਨੂੰ ਪਾਲਦਾ ਹੈ ਉਹੋ ਮਾਰਦਾ ਹੈ। ਖ਼ਤਰੀਆਂ ਨੇ ਇਹ ਪੰਥ ਪੈਦਾ ਕੀਤਾ ਹੈ। ਮੈਂ ਖ਼ਤਰੀ ਇਸ ਪੰਥ ਨੂੰ ਖਤਮ ਕਰਦਾ ਹਾਂ। ਹੋਕਾ ਫਿਰਵਾ ਦਿਤਾ ਕਿ ਗੁੜ ਨੂੰ ਕੋਈ ਗੁੜ ਨਾ ਆਖੋ, ਰੋੜੀ ਆਖੋ ਅਤੇ ਰੋੜੀ ਲਿਖਿਆ ਕਰੋ ਕਿਉਂਕਿ ਹਿੰਦੀ ਵਿਚ ਗੁੜ ਤੋਂ ਗੁਰੂ ਬਣ ਜਾਂਦਾ ਹੈ।

          ਸਿੰਘਾਂ ਤੇ ਇੰਨੇ ਜ਼ੁਲਮ ਕਰਨ ਦੇ ਬਾਵਜੂਦ ਜਦੋਂ ਉਸਨੂੰ ਸਬਰ ਨਾ ਆਇਆ ਤਾਂ ਉਹ ਸਾਰੇ ਪੰਜਾਬ ਦੇ ਮੁਸਲਮਾਨ ਤੇ ਸੂਬੇ ਦੀ ਫੌਜ ਇਕੱਠੀ ਕਰਕੇ ਸਿੰਘਾਂ ਨੂੰ ਮਾਰਨ ਲਈ ਚੜ੍ਹ ਬੈਠਾ। ਉਸ ਦੀ ਫੌਜ ਅੱਠਾਂ ਦਸਾਂ ਕੋਹਾਂ ਵਿਚ ਟਿੱਡੀ ਦਲ ਵਾਂਗੂੰ ਤੁਰ ਪਈ। ਉਸ ਸਮੇਂ ਸਿੰਘ ਗੁਰਮਤਾ ਕਰਕੇ ਪੰਦਰਾਂ ਕੁ ਹਜ਼ਾਰ ਦੀ ਗਿਣਤੀ ਵਿਚ ਕਾਨੂੰਵਾਨ ਦੇ ਛੰਭ ਵਿਚ ਜਾ ਇਕੱਠੇ ਹੋਏ।

          ਲਖਪਤ ਰਾਇ ਨੇ ਕਈ ਲੱਖ ਆਦਮੀ ਲੈ ਕੇ ਸਿੰਘਾਂ ਨੂੰ ਕਾਨੂੰਵਾਨ ਦੇ ਛੰਭ ਵਿਚ ਘੇਰ ਲਿਆ। ਦਿਨ ਵੇਲੇ ਸਿੰਘ ਚਾਰੇ ਪਾਸੇ ਜੰਗਲ ਦੀ ਹੱਦ (ਜੋ ਵੀਹ ਕੋਹ ਵਿਚ ਸੀ) ਅੰਦਰ ਤੀਰ, ਬੰਦੂਕ ਚਲਾਉਂਦੇ ਰਹਿੰਦੇ ਅਤੇ ਮੱਛੀਆਂ ਤੇ ਹਿਰਨਾਂ ਦਾ ਸ਼ਿਕਾਰ ਕਰਕੇ ਛੱਕ ਲੈਂਦੇ। ਕਈ ਥਾਵਾਂ ਤੇ ਵੈਰੀਆਂ ਉੱਤੇ ਅਚਾਨਕ ਹੱਲਾ ਵੀ ਕਰਦੇ।

          ਬਹਾਦਰ ਸਿੰਘ ਕੰਡਿਆਂ ਵਾਲੇ ਸੰਘਣੇ ਜੰਗਲਾਂ ਦੇ ਪੂਰੇ ਭੇਤੀ ਸਨ ਅਤੇ ਹਿਰਨਾਂ ਵਾਂਗ ਤੁਰਦੇ ਫਿਰਦੇ। ਮੁਸਲਮਾਨ ਇਸ ਜੰਗਲ ਵਿਚ ਵੜ ਨਹੀਂ ਸਨ ਸਕਦੇ। ਤਿੰਨ ਮਹੀਨੇ ਇਹੋ ਜਿਹੀ ਹੀ ਸਥਿਤੀ ਬਣੀ ਰਹੀ। ਜਦੋਂ ਸਿੰਘਾਂ ਕੋਲ ਜੰਗੀ ਸਾਮਾਨ ਖਤਮ ਹੋ ਗਿਆ ਤਾਂ ਉਹ ਗੁਰਮਤਾ ਸੋਧ ਇਕ ਪਾਸੇ ਨਿਕਲ ਪਏ। ਘਮਸਾਨ ਦੀ ਲੜਾਈ ਹੋਈ। ਦੋਹਾਂ ਪਾਸਿਆਂ ਦੇ ਆਦਮੀ ਮਰ ਗਏ। ਸਿੰਘ ਪਹਾੜਾਂ ਵਲ ਨੂੰ ਤੁਰ ਪਏ। ਅਗੇ ਅਗੇ ਸਿੰਘਾਂ ਦਾ ਦਲ ਅਤੇ ਉਨ੍ਹਾਂ ਦੇ ਪਿਛੇ ਪਿਛੇ ਸ਼ਾਹੀ ਫੌਜਾਂ ਆ ਰਹੀਆਂ ਸਨ। ਖਾਲਸਿਆਂ ਨੇ ਤਾਂ ਪਹਾੜਾਂ ਉੱਤੇ ਚੜ੍ਹ ਜਾਣ ਦਾ ਇਰਾਦਾ ਬਣਾਇਆ ਹੋਇਆ ਸੀ। ਲੜਦੇ ਲੜਦੇ ਜਦੋਂ ਪਠਾਨਕੋਟ ਤੇ ਨੇੜੇ ਪਹੁੰਚ ਗਏ ਤਾਂ ਲਾਹੌਰ ਦੇ ਸੂਬੇਦਾਰ ਨੇ ਪਹਾੜੀ ਰਾਜਿਆਂ ਨੂੰ ਸਿੰਘਾਂ ਦਾ ਰਾਹ ਰੋਕਣ ਦਾ ਹੁਕਮ ਲਿਖ ਭੇਜਿਆ। ਸਾਰੇ ਪਹਾੜੀ ਰਾਜੇ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਆ ਗਏ ਅਤੇ ਸਾਰੇ ਨਾਕੇ ਬੰਦ ਕਰ ਦਿਤੇ। ਬੇਵਫ਼ਾ ਪਹਾੜੀ ਰਾਜਿਆਂ ਨੇ ਇਹ ਗੱਲ ਨਾ ਸੋਚੀ ਕਿ ਸਿੰਘ ਤਾਂ ਹਿੰਦੂ ਧਰਮ ਦੀ ਰਾਖੀ ਲਈ ਲੜਦੇ ਹਨ। ਦੋ ਤਰਫ ਪਹਾੜੀ ਰਾਜੇ ਅਤੇ ਇਕ ਪਾਸੇ ਬਿਆਸ ਦਰਿਆ ਤੇਜੀ ਨਾਲ ਚੜ੍ਹ ਰਿਹਾ ਸੀ। ਲਖਪਤ ਰਾਇ ਅਣਗਣਿਤ ਤੁਰਕੀ ਫ਼ੌਜਾਂ ਲੈ ਕੇ ਤੀਰਾਂ ਤੇ ਗੋਲੀਆਂ ਦਾ ਮੀਂਹ ਬਰਸਾ ਰਿਹਾ ਸੀ। ਦੂਜੇ ਪਾਸਿਓਂ ਭੁੱਖ, ਤੇਹ ਅਤੇ ਜੇਠ ਦੀ ਧੁਪ ਵੀ ਸਤਾ ਰਹੀ ਸੀ। ਅਨੇਕ ਸਿੰਘਾਂ ਨੇ ਬਿਆਸ ਦਰਿਆ ਵਿਚ ਆਪਣੇ ਘੋੜੇ ਜਾ ਠੇਲੇ। ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਏ ਅਤੇ ਕਈ ਹੋਰ ਬਹਾਦਰ ਸਿੰਘ ਗੋਤੇ ਖਾ ਗਏ। ਸਰਦਾਰ ਜੱਸਾ ਸਿੰਘ, ਨਵਾਬ ਕਪੂਰ ਸਿੰਘ ਅਤੇ ਹੋਰਨਾਂ ਸਰਦਾਰਾਂ ਨੇ ਆਖਿਆ ਕਿ ਡੁੱਬ ਕੇ ਮਰਨ ਨਾਲੋਂ ਦੁਸ਼ਮਣ ਨਾਲ ਟੱਕਰ ਲੈ ਕੇ ਮਰਨਾ ਹੀ ਚੰਗਾ ਹੈ। ਇਹ ਸੁਣ ਕੇ ਸਭ ਸਿੰਘ ਫਿਰ ਖੜੇ ਹੋ ਗਏ। ਅਖੀਰ ਸਰਦਾਰਾਂ ਦੀ ਲਲਕਾਰ ਸੁਣ ਕੇ ਭੁੱਖੇ ਤਿਹਾਏ ਸਿੰਘ ਜੈਕਾਰੇ ਛਡਦੇ ਹੋਏ ਤਲਵਾਰਾਂ ਸੂਤ ਕੇ ਦੁਸ਼ਮਣ ਤੇ ਸ਼ੇਰਾਂ ਵਾਂਗੂੰ ਟੁੱਟ ਪਏ। ਫਿਰ ਸਿੰਘਾਂ ਅਗੇ ਕੌਣ ਅੜੇ ? ਜਸਪਤ ਰਾਇ ਦਾ ਪੁੱਤਰ ਹਰਭਜ ਰਾਇ, ਬਿਜੈ ਖਾਂ ਦਾ ਪੁੱਤਰ ਨਾਹਰ ਖਾਂ, ਸੈਫ ਅਲੀ ਖਾਂ ਫ਼ੌਜਦਾਰ, ਕਰੀਮ ਬਖਸ਼ ਨਾਵਬ ਰਸ਼ੂਲ ਨਗਰੀਆਂ, ਮਿਰਜ਼ਾ ਹਿੰਮਤ ਬੇਗ ਆਦਿ ਆਪਣੀ ਆਪਣੀ ਫ਼ੌਜ ਲੈ ਕੇ ਬਹੁਤ ਲੜੇ ਪਰ ਸਿੰਘਾਂ ਅਗੇ ਉਨ੍ਹਾਂ ਦੀ ਕੋਈ ਵਾਹ ਨਾ ਚਲੀ। ਬਹਾਦਰ ਸਿੰਘ ਤਿੰਨ-ਚਾਰ ਕੋਹ ਵਿਚ ਖਿਲਰੀ ਹੋਈ ਤੁਰਕੀ ਫੌਜ ਨੂੰ ਚੀਰ ਕੇ ਨਿਕਲ ਗਏ ਅਤੇ ਕਈਆਂ ਦੇ ਆਹੂ ਲਾਹ ਦਿਤੇ। ਫ਼ੌਜਦਾਰ, ਹਰਭਜ, ਨਾਹਰ ਖਾਂ, ਕਰੀਮ ਬਖ਼ਸ਼, ਅਖਗਰ ਖ਼ਾਂ ਵਰਗੇ ਕਈ ਵੱਡੇ ਵੱਡੇ ਸੋਧ ਦਿਤੇ ਗਏ। ਤਿੰਨ ਪਹਿਰਾਂ ਤੋਂ ਚਾਰ ਚੁਫੇਰਿਉਂ ਘੇਰੇ ਹੋਏ ਸਿੰਘਾਂ ਉੱਤੇ ਕਹਿਰਾਂ ਦੀ ਅੱਗ ਵਰਦੀ ਰਹੀ। ਇੱਕੋ ਦਿਨ ਅਨੇਕਾਂ ਸਿੰਘ ਸ਼ਹੀਦੀਆਂ ਪਾ ਗਏ। ਸੁੱਖਾ ਸਿੰਘ ਤਖਾਣ ਨੇ ਵੀ ਇਸ ਲੜਾਈ ਵਿਚ ਬਹੁਤ ਜੌਹਰ ਵਿਖਾਏ। ਅਨੇਕਾਂ ਸਿੰਘਾਂ ਦੀ ਸ਼ਹੀਦੀ ਕਾਰਨ ਇਸ ਲੜਾਈ ਦਾ ਨਾਂ ਛੋਟਾ ਘਲੂਘਾਰਾ ਹੈ।

          ਘੱਲੂਘਾਰਾ ਵੱਡਾ––ਇਸ ਨੂੰ ਜ਼ਿਆਦਾ ਕਰਕੇ ਕੁੱਪ ਦਾ ਘੱਲੂਘਾਰਾ ਹੀ ਕਹਿੰਦੇ ਹਨ। ਅਸਲ ਵਿਚ ਇਹ ਸਿੰਘਾਂ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਕਾਰ 2 ਫਰਵਰੀ, 1762 (28 ਮਾਘ ਸੰਮਤ 1818) ਨੂੰ ਮਲੇਰਕੋਟਲੇ ਦੇ ਨੇੜੇ ਕੁੱਪ ਦੇ ਸਥਾਨ ਤੇ ਹੋਈ ਇਤਿਹਾਸਕ ਲੜਾਈ ਦਾ ਹੀ ਨਾਂ ਹੈ। ਇਸ ਘੱਲੂਘਾਰੇ ਦਾ ਇਤਿਹਾਸਕ ਪਿਛੋਕੜ ਇਸ ਤਰ੍ਹਾਂ ਹੈ ਕਿ 22 ਅਕਤੂਬਰ, 1761 ਨੂੰ ਦੀਵਾਲੀ ਵਾਲੇ ਦਿਨ ਸਾਰਾ ਸਿੱਖ ਪੰਥ ਅੰਮ੍ਰਿਤਸਰ ਸ਼ਹਿਰ ਵਿਚ ਇਕੱਠਾ ਹੋਇਆ। ਅਕਾਲ ਤਖਤ ਤੇ ਇਹ ਗੁਰਮਤਾ ਪਾਸ ਹੋਇਆ ਕਿ ਸਿੰਘ ਲਾਹੌਰ ਨੂੰ ਆਪਣੇ ਕਬਜ਼ੇ ਵਿਚ ਲੈਣ ਅਤੇ ਜੰਡਿਆਲੇ ਦੇ ਆਕਿਲ ਦਾਸ ਨੂੰ ਯੋਗ ਸਜ਼ਾ ਦਿਤੀ ਜਾਵੇ। ਇਹ ਫੈਸਲਾ ਕਰਕੇ ਸਿੰਘਾਂ ਨੇ ਲਾਹੌਰ ਤੇ ਹੱਲਾ ਬੋਲ ਦਿਤਾ। ਬਚਾਓ ਲਈ ਲਾਹੌਰ ਦੇ ਹਾਕਮ ਉਬੈਦ ਖਾਂ ਨੇ ਆਪਣੇ ਆਪ ਨੂੰ ਕਿਲੇ ਅੰਦਰ ਬੰਦ ਕਰ ਲਿਆ ਤੇ ਇਸ ਤਰ੍ਹਾਂ ਸ਼ਹਿਰ ਦੇ ਬਾਹਰਲੇ ਹਿੱਸੇ ਉਪਰ ਸਿੱਖਾਂ ਦਾ ਕਬਜ਼ਾ ਹੋ ਗਿਆ। ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ਤੇ ਬਿਠਾ ਦਿਤਾ ਅਤੇ ਉਸ ਨੂੰ ਬਾਦਸ਼ਾਹ ਦਾ ਰੁਤਬਾ ਦਿਤਾ। ਉਸੇ ਦਿਨ ਤੋਂ ਸਿੱਖ ਉਸ ਨੂੰ ਬਾਦਸ਼ਾਹ ਆਖਣ ਲਗ ਪਏ। ਸਿੱਖਾਂ ਨੇ ਸਰਕਾਰੀ ਟਕਸਾਲ ਆਪਣੇ ਕਬਜ਼ੇ ਵਿਚ ਲੈ ਲਈ ਅਤੇ ਆਪਣਾ ਸਿੱਕਾ ਜਾਰੀ ਕੀਤਾ। ਸਿੱਖਾਂ ਕੋਲ ਲਾਹੌਰ ਦੇ ਉਤੇ ਪੱਕਾ ਕਬਜ਼ਾ ਰੱਖਣ ਦੀ ਤਾਕਤ ਨਹੀਂ ਸੀ ਜਿਸ ਕਰਕੇ ਸਿੱਖਾਂ ਨੇ ਲਾਹੌਰ ਛਡ ਦਿਤਾ ਅਤੇ ਜੰਡਿਆਲੇ ਉਤੇ ਜਾ ਹੱਲਾ ਬੋਲਿਆ।

          ਆਕਿਲ ਦਾਸ ਮੁਸਲਮਾਨ ਸਰਕਾਰਾਂ ਦਾ ਇਕ ਵੱਡਾ ਮੁਖ਼ਬਰ ਅਤੇ ਸਿੱਖਾਂ ਦਾ ਜਾਨੀ ਦੁਸ਼ਮਣ ਸੀ। ਇਸ ਨੇ ਬਹੁਤ ਸਾਰੇ ਸਿੱਖਾਂ ਨੂੰ ਫੜਵਾਇਆ ਅਤੇ ਸਿੱਖਾਂ ਦੇ ਬਹੁਤ ਸਾਰੇ ਧਾਰਮਕ ਪੈਰੋਕਾਰਾਂ ਨੂੰ ਮਰਵਾ ਦਿਤਾ। ਬਦਲੇ ਵਿਚ ਸਿੱਖਾਂ ਨੇ ਜਨਵਰੀ, 1762 ਨੂੰ ਆਕਿਲ ਦਾਸ ਦਾ ਸਾਰਾ ਇਲਾਕਾ ਲੁੱਟ ਲਿਆ।

          ਆਕਿਲ ਦਾਸ ਨੇ ਅਬਦਾਲੀ ਤੋਂ ਮਦਦ ਮੰਗ ਲਈ ਅਤੇ ਆਪ ਵੀ ਸਿੱਖਾਂ ਨੂੰ ਤੰਗ ਕਰਨ ਲਗ ਪਿਆ। ਇਸ ਲਈ ਸਿੱਖਾਂ ਨੇ ਮਲੇਰਕੋਟਲੇ ਵਲ ਨੂੰ ਕੂਚ ਕਰਨਾ ਹੀ ਠੀਕ ਸਮਝਿਆ। ਅਬਦਾਲੀ ਪਹਿਲਾਂ ਹੀ ਸਿੱਖਾਂ ਨਾਲ ਲਗਦਾ ਸੀ ਕਿਉਂਕਿ ਹਰ ਵਾਰ ਜਦੋਂ ਵੀ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ, ਸਿੱਖਾਂ ਦੇ ਜੱਥਿਆਂ ਨੇ ਅਬਦਾਲੀ ਦੀ ਫ਼ੌਜ ਨੂੰ ਲੁਟਿਆ। ਦੂਜੀ ਗੱਲ ਇਹ ਵੀ ਸੀ ਕਿ ਹਿੰਦੁਸਤਾਨ ਦੀਆਂ ਸਾਰੀਆਂ ਤਾਕਤਾਂ ਨੇ ਅਬਦਾਲੀ ਦੀ ਈਨ ਮੰਨ ਲਈ ਪਰ ਸਿੱਖਾਂ ਨੇ ਉਸ ਦੇ ਅੱਗੇ ਬਿਲਕੁਲ ਸਿਰ ਨਾ ਝੁਕਾਇਆ। ਹੁਣ ਸਿੱਖ ਅਬਦਾਲੀ ਨੂੰ ਰਾਤ ਦਿਨ ਰੜਕਣ ਲਗ ਪਏ ਸਨ। ਇਸੇ ਕਰਕੇ ਹੀ ਅਬਦਾਲੀ ਨੇ ਹਿੰਦੁਸਤਾਨ ਉਤੇ ਛੇਵਾਂ ਹਮਲਾ ਕੀਤਾ। ਅਬਦਾਲੀ ਛੇਤੀ ਹੀ ਲਾਹੌਰ ਪਹੁੰਚਿਆ ਅਤੇ ਦੂਸਰੇ ਦਿਨ ਹੀ ਜੰਡਿਆਲੇ ਪਹੁੰਚ ਗਿਆ ਪਰ ਸਿੱਖਾਂ ਦਾ ਕੋਈ ਥਹੁ ਪਤਾ ਨਾ ਲੱਗਣ ਕਰਕੇ ਆਕਿਲ ਦਾਸ ਤੋਂ ਖਰਾਜ ਵਸੂਲ ਕਰਕੇ ਵਾਪਸ ਲਾਹੌਰ ਚਲਾ ਗਿਆ ਅਤੇ ਸਿੱਖਾਂ ਦਾ ਖੁਰਾ ਖੋਜ ਪਤਾ ਕਰਨਾ ਸ਼ੁਰੂ ਕੀਤਾ।

          ਉਧਰ ਜੰਡਿਆਲੇ ਤੋਂ ਤੁਰਦੇ ਹੋਏ ਸਿੱਖ ਮਲੇਰਕੋਟਲੇ ਦੇ ਇਲਾਕੇ ਵਿਚ ਆ ਵੜੇ। ਉਸ ਵੇਲੇ ਸਿੱਖ ਫ਼ੌਜਾਂ ਕੋਈ ਪੰਜਾਹ ਹਜ਼ਾਰ ਦੀ ਗਿਣਤੀ ਵਿਚ ਸਨ ਅਤੇ ਉਨ੍ਹਾਂ ਦੇ ਪਰਿਵਾਰ ਵੀ ਉਨ੍ਹਾਂ ਦੇ ਨਾਲ ਹੀ ਸਨ। ਸਿੱਖ ਫੌਜਾਂ ਮਲੇਰਕੋਟਲੇ ਤੋਂ ਲਗਭਗ 10 ਕਿ. ਮੀ. (6 ਮੀਲ) ਲੁਧਿਆਣੇ ਵਲ ਕੁੱਪ ਪਿੰਡ ਵਿਚ ਬੈਠੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਪਰਿਵਾਰ ਉਥੋਂ 6 ਕਿ. ਮੀ. (4 ਮੀਲ) ਦੂਰ ਗੁਰਮ ਪਿੰਡ ਵਿਚ ਇਕ ਕੈਂਪ ਵਿਚ ਟਿਕੇ ਹੋਏ ਸਨ। ਸਰਹਿੰਦ ਦਾ ਕਮਾਂਡਰ ਜਹਾਨ ਖ਼ਾਨ ਵੀ ਉਸ ਵੇਲੇ ਮਲੇਰਕੋਟਲਾ ਵਿਚ ਮੌਜੂਦ ਸੀ। ਜਹਾਨ ਖ਼ਾਨ ਅਤੇ ਮਲੇਰਕੋਟਲੇ ਦਾ ਭੀਖਣ ਖ਼ਾਨ ਸਿੱਖਾਂ ਵਿਰੁੱਧ ਲੜ ਰਹੇ ਸਨ।

          ਇੰਨੇ ਵਿਚ ਅਬਦਾਲੀ ਨੂੰ ਸਿੱਖਾਂ ਦੇ ਟਿਕਾਣੇ ਦਾ ਪਤਾ ਲਗ ਗਿਆ ਅਤੇ ਉਸ ਨੇ ਤੁਰੰਤ ਹੀ ਮਲੇਰਕੋਟਲੇ ਵਲ ਨੂੰ ਕੂਚ ਕਰ ਦਿਤਾ ਅਤੇ ਦੋ ਦਿਨਾਂ ਦੇ ਵਿਚ ਹੀ 5 ਫਰਵਰੀ 1762 ਦੀ ਸਵੇਰ ਨੂੰ ਮਲੇਰਕੋਟਲੇ ਆ ਪਹੁੰਚਿਆ। ਅਬਦਾਲੀ ਨੇ ਅੱਧੀ ਫ਼ੌਜ ਆਪਣੇ ਕੋਲ ਰੱਖੀ ਅਤੇ ਬਾਕੀ ਅੱਧੀ ਫ਼ੌਜ ਆਪਣੇ ਵਜ਼ੀਰ ਸ਼ਾਹ ਵਲੀ ਖ਼ਾਨ ਨੂੰ ਦੇ ਕੇ ਕੈਂਪ ਵਿਚ ਬੈਠੇ ਸਿੱਖ-ਪਰਿਵਾਰਾਂ ਉਤੇ ਹਮਲਾ ਕਰਨ ਦਾ ਹੁਕਮ ਦਿਤਾ। ਇਸ ਪਿਛੋਂ ਅਬਦਾਲੀ ਨੇ ਜੈਨ ਖ਼ਾਨ, ਭੀਖਣ ਖ਼ਾਨ ਅਤੇ ਲਛਮੀ ਨਾਰਾਇਣ ਨੂੰ ਵੀ ਸ਼ਾਹ ਵਲੀ ਖ਼ਾਨ ਦੀ ਸਹਾਇਤਾ ਲਈ ਭੇਜ ਦਿਤਾ। ਸਿੱਖਾਂ ਨੂੰ ਅਬਦਾਲੀ ਦੇ ਨਿਜੀ ਤੌਰ ਤੇ ਮਲੇਰਕੋਟਲੇ ਵਿਚ ਮੌਜੂਦ ਹੋਣ ਤੇ ਹੀ ਇਸ ਨਵੇਂ ਗਠਜੋੜ ਦਾ ਪਤਾ ਲਗਾ। ਸਿੱਖ ਫੌਜ ਦੁਸ਼ਮਣ ਦੀ ਫ਼ੌਜ ਦਾ ਮਸਾਂ ਚੌਥਾ ਹਿੱਸਾ ਸੀ ਅਤੇ ਉਨ੍ਹਾਂ ਕੋਲ ਤੋਪਾਂ ਵੀ ਕੋਈ ਨਹੀਂ ਸਨ। ਦੂਜੇ ਪਾਸੇ ਅਬਦਾਲੀ ਕੋਲ ਭਾਰੀ ਤੋਪ ਖ਼ਾਨਾ ਸੀ।

          ਜਦੋਂ ਦੁੱਰਾਨੀ ਨੇ ਸਿੱਖ-ਪਰਿਵਾਰਾਂ ਨੂੰ ਆਪਣੇ ਘੇਰੇ ਵਿਚ ਲੈ ਲਿਆ ਤਾਂ ਸਿੱਖ ਫ਼ੌਜਾਂ ਉਸੇ ਵਕਤ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਗੁਰਮ ਪਿੰਡ ਵਲ ਨੂੰ ਚਲ ਪਈਆਂ। ਕਾਸਿਮ ਖਾਨ ਪਹਿਲਾਂ ਵਿਅਕਤੀ ਸੀ ਜਿਸ ਨੇ ਸਿੱਖਾਂ ਤੇ ਹਮਲਾ ਕੀਤਾ। ਫਿਰ ਅਹਿਮਦ ਸ਼ਾਹ ਨੇ ਆਪਣੇ ਦੋ ਹੋਰ ਨਾਮਗਰ ਜਰਨੈਲਾਂ, ਜਹਾਨ ਖ਼ਾਨ ਅਤੇ ਸਰ ਬੁਲੰਦ ਖ਼ਾਨ ਨੂੰ ਸਿੱਖ ਫ਼ੌਜਾਂ ਤੇ ਹਮਲਾ ਕਰਨ ਦਾ ਹੁਕਮ ਦੇ ਦਿਤਾ। ਅਬਦਾਲੀ, ਖੁਦ ਵੀ ਇਨ੍ਹਾਂ ਜਰਨੈਲਾਂ ਨਾਲ ਹਮਲੇ ਵਿਚ ਰਲ ਗਿਆ। ਸਿੱਖਾਂ ਨੇ ਆਪਣੇ ਪਰਿਵਾਰ ਮਾਲਵੇ ਦੇ ਤਿੰਨ ਸਰਦਾਰਾਂ ਸੇਖੂ ਸਿੰਘ ਹੰਬਲਵਾਲ (ਆਲਾ ਸਿੰਘ ਦਾ ਏਜੰਟ) ਸੰਗੂ ਸਿੰਘ ਭਾਈਕਾ ਅਤੇ ਬੁੱਢਾ ਸਿੰਘ ਭਾਈਕਾ ਦੀ ਸਪੁਰਦੀ ਹੇਠ ਬਰਨਾਲੇ ਭੇਜ ਦਿਤੇ। ਆਪ ਦੁੱਰਾਨੀ ਫ਼ੌਜਾਂ ਦਾ ਮੁਕਾਬਲਾ ਕਰਨ ਵਿਚ ਡਟ ਗਏ। ਇਸ ਲੜਾਈ ਵਿਚ ਸਰਦਾਰ ਚੜ੍ਹਤ ਸਿੰਘ ਸੁਕਰਚਕੀਏ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਬੜੇ ਜੌਹਰ ਵਿਖਾਏ। ਦੂਜੇ ਪਾਸੇ ਸ਼ਾਹ ਵਲੀ ਖ਼ਾਨ ਨੇ ਸਿੱਖ-ਪਰਿਵਾਰਾਂ ਉਤੇ ਹਮਲਾ ਕਰ ਦਿਤਾ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਅਤੇ ਬੱਚਿਆਂ ਨੂੰ ਮਾਰ ਦਿਤਾ।

          ਸਰਦਾਰ ਜੱਸਾ ਸਿੰਘ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਉਸ ਨੇ ਸਿੱਖ-ਪਰਿਵਾਰਾਂ ਦੀ ਹਿਫ਼ਾਜ਼ਤ ਲਈ ਸਰਦਾਰ ਕਰੋੜਾ ਸਿੰਘ, ਸ਼ਾਮ ਸਿੰਘ, ਕਰਮ ਸਿੰਘ, ਨਾਹਰ ਸਿੰਘ ਅਤੇ ਕੁਝ ਹੋਰ ਸਰਦਾਰਾਂ ਨੂੰ ਭੇਜਿਆ। ਸ਼ਾਹ ਵਲੀ ਨੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਔਰਤਾਂ ਤੇ ਬੱਚੇ ਕੈਦੀ ਬਣਾ ਲਏ। ਸਿੱਖਾਂ ਨੇ ਸ਼ਾਹ ਵਲੀ ਤੇ ਹੱਲਾ ਬੋਲ ਦਿਤਾ ਅਤੇ ਸਾਰੇ ਕੈਦੀਆਂ ਨੂੰ ਉਸ ਦੇ ਪੰਜੇ ਵਿਚੋਂ ਛੁਡਾ ਲਿਆ ਅਤੇ ਨਾਲ ਹੀ ਨਾਲ ਸ਼ਾਹ ਵਲੀ ਦੀਆਂ ਫ਼ੌਜਾਂ ਦਾ ਭਾਰੀ ਨੁਕਸਾਨ ਕੀਤਾ। ਤਲਵਾਰ ਧਾਰੀ ਸਿੱਖਾਂ ਨੇ ਸ਼ਾਹ ਵਲੀ ਤੇ ਬਹੁਤ ਦਬਾਅ ਪਾ ਦਿਤਾ ਅਖੀਰ ਵਿਚ ਉਸ ਨੇ ਸਿੱਖ-ਪਰਿਵਾਰਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦਾ ਮਨਸੂਬਾ ਛੱਡ ਦਿਤਾ ਅਤੇ ਆਪ ਆਪਣੀ ਵੱਡੀ ਫ਼ੌਜ ਵਿਚ ਜਾ ਰਲਿਆ।

          ਸਰਦਾਰ ਚੜ੍ਹਤ ਸਿੰਘ ਨੇ ਜਰਨੈਲ ਸਰ ਬੁਲੰਦ ਖ਼ਾਨ ਨੂੰ ਜ਼ਖਮੀ ਕਰਕੇ ਪਿਛਾਂਹ ਧਕ ਦਿਤਾ। ਠੀਕ ਉਸ ਵੇਲੇ ਜਹਾਨ ਖ਼ਾਂ ਨੇ ਚੜ੍ਹਤ ਸਿੰਘ ਉੱਤੇ ਦੂਜੇ ਪਾਸਿਉਂ ਹਮਲਾ ਕਰ ਦਿਤਾ। ਜੱਸਾ ਸਿੰਘ ਨੇ ਜਹਾਨ ਖ਼ਾਨ ਨੂੰ ਜ਼ਖਮੀ ਕਰ ਦਿਤਾ। ਲਹੂ-ਲੂਹਾਨ ਹੁੰਦੀਆਂ ਦੋਵੇਂ ਫੌਜਾਂ ਰਾਹਿਲ ਪਿੰਡ ਕੋਲ ਪਹੁੰਚ ਗਈਆਂ। ਅਬਦਾਲੀ ਤੋਂ ਡਰਦੇ ਹੋਏ ਪਿੰਡਾਂ ਦੇ ਲੋਕ ਆਪੋ ਆਪਣੇ ਘਰਾਂ ਦੇ ਦਰਵਾਜਿਆਂ ਦੇ ਪਿਛੇ ਲੁਕ ਗਏ ਅਤੇ ਸਿੱਖਾਂ ਦੀ ਕੋਈ ਮਦਦ ਨਾ ਕੀਤੀ ਕੁਝ ਇਕ ਬੁੱਢੇ ਸਿੱਖ ਮਰਦ ਅਤੇ ਔਰਤਾਂ ਬਾਜਰੇ ਦੇ ਖਲਵਾੜਿਆਂ ਨੂੰ ਅੱਗ ਲਾ ਕੇ ਉਨ੍ਹਾਂ ਸਾਰਿਆਂ ਨੂੰ ਜਿਉਂਦੇ ਹੀ ਉਥੇ ਮਾਰ ਦਿਤਾ।

          ਦੁਸ਼ਮਣ ਨਾਲ ਲੜਾਈ ਕਰਦਿਆਂ ਕਰਦਿਆਂ ਸਿੱਖ ਬਰਨਾਲੇ ਵਲ ਨੂੰ ਪਿਛਾਂਹ ਮੁੜੇ। ਸ਼ਾਮ ਤੀਕ ਸਿੱਖ ਕੁਤਬਾ ਨਾਂ ਦੇ ਪਿੰਡ ਵਿਚ ਪਹੁੰਚ ਗਏ। ਇਥੇ ਪਾਣੀ ਦੀ ਇਕ ਢਾਬ ਸੀ। ਸਿੰਘਾਂ ਨੇ ਤੁਰੰਤ ਇਸ ਢਾਬ ਉਤੇ ਕਬਜ਼ਾ ਕਰ ਲਿਆ ਅਤੇ ਆਪਣੇ ਪਰਿਵਾਰਾਂ ਦੀ ਤੇ ਆਪਣੀ ਚਿਰੋਕਣੀ ਲੱਗੀ ਪਿਆਸ ਬੁਝਾਈ। ਪਿਆਸੇ ਪਠਾਣਾਂ ਨੇ ਵੀ ਸਿੰਘਾਂ ਤੋਂ ਪਾਣੀ ਪ੍ਰਾਪਤ ਕਰਨ ਲਈ ਕਈ ਹੱਲੇ ਕੀਤੇ ਪਰ ਪਾਣੀ ਪੀ ਕੇ ਸਿੰਘ ਇੰਨੇ ਤਕੜੇ ਹੋ ਗਏ ਕਿ ਉਨ੍ਹਾਂ ਨੇ ਪਠਾਣਾਂ ਦਾ ਡੱਟ ਕੇ ਮੁਕਾਬਲਾ ਕੀਤਾ। ਅਖੀਰ ਸਿੰਘਾਂ ਨੇ ਇਹ ਟਿਕਾਣਾ ਵੀ ਛੱਡ ਦਿੱਤਾ। ਦੁੱਰਾਨੀ ਫੌਜਾਂ ਵੀ ਢਾਬ ਟੁਟ ਪਈਆਂ ਅਤੇ ਪਾਣੀ ਪੀਣ ਪਿਆਉਣ ਦੇ ਆਹਰ ਲਗੀਆਂ। ਇੰਨੇ ਚਿਰ ਨੂੰ ਸਿੱਖ ਅਤੇ ਉਨ੍ਹਾਂ ਦੇ ਪਰਿਵਾਰ ਕਾਫ਼ੀ ਦਰ ਚਲੇ ਗਏ। ਅਬਦਾਲੀ ਨੇ ਬਰਨਾਲੇ ਤਕ ਸਿੱਖਾਂ ਦਾ ਪਿੱਛਾ ਕੀਤਾ। ਹੁਣ ਕਾਫੀ ਹਨੇਰਾ ਹੋ ਚੁਕਾ ਸੀ ਇਸ ਲਈ ਇਸ ਨੇ ਬਰਨਾਲੇ ਹੀ ਡੇਰਾ ਲਾ ਲਿਆ। ਸਿੱਖ ਕੋਟਕਪੂਰਾ ਅਤੇ ਫਰੀਦਕੋਟ ਵਲ ਨੂੰ ਕੂਚ ਕਰ ਗਏ। ਕੁੱਪ ਤੋਂ ਬਰਨਾਲੇ ਤੀਕ ਦਾ 40 ਕਿ. ਮੀ. (25 ਮੀਲ) ਦਾ ਰਸਤਾ ਲਾਸ਼ਾਂ ਹੀ ਲਾਸ਼ਾਂ ਨਾਲ ਭਰਿਆ ਪਿਆ ਸੀ। ਬਾਦਸ਼ਾਹਾਂ ਨੇ ਇਨ੍ਹਾਂ ਸਾਰੀਆਂ ਲਾਸ਼ਾਂ ਵਿਚੋਂ ਸਿੰਘਾਂ ਦੀਆਂ ਲਾਸ਼ਾਂ ਦੇ ਸਿਰ ਕਟਵਾ ਕੇ ਲਾਹੌਰ ਨੂੰ ਜਾਣ ਲਈ ਕਈ ਗੱਡੇ ਭਰ ਲਏ। ਲਾਹੌਰ, ਦਿਲੀ ਦਰਵਾਜੇ ਤੋਂ ਬਾਹਰ ਸਿੰਘਾਂ ਦੇ ਸੀਸਾਂ ਦੇ ਮੀਨਾਰ ਬਣਾ ਕੇ ਖੜੇ ਕਰ ਦਿਤੇ। ਇਹ ਲੜਾਈ ਸਿੱਖ-ਇਤਿਹਾਸ ਅੰਦਰ ‘ਵੱਡਾ ਘੱਲੂਘਾਰਾ’ ਦੇ ਨਾਂ ਨਾਲ ਯਾਦ ਕੀਤੀ ਜਾਂਦੀ ਹੈ।

          ਰਤਨ ਸਿੰਘ ਭੰਗੂ ਅਨੁਸਾਰ ਵਡੇ ਘੱਲੂਘਾਰੇ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਸਿੰਘਣੀਆਂ ਦੀ ਗਿਣਤੀ ਪੰਜਾਹ ਹਜ਼ਾਰ ਸੀ ਪਰ ਉਸਦੇ ਪਿਤਾ ਅਨੁਸਾਰ ਇਹ ਗਿਣਤੀ ਤੀਹ ਹਜ਼ਾਰ ਸੀ। ਮੁਸਲਮਾਨ ਇਤਿਹਾਸਕਾਰ ਲਤੀਫ਼ ਅਨੁਸਾਰ ਇਹ ਗਿਣਤੀ ਬਾਰਾਂ ਤੋਂ ਤੀਹ ਹਜ਼ਾਰ ਸੀ। ਅੰਗਰੇਜ਼ ਇਤਿਹਾਸਕਾਰ ਕਨਿੰਘਮ ਅਨੁਸਾਰ ਇਹ ਗਿਣਤੀ ਬਾਰਾਂ ਤੋਂ ਵੀਹ ਹਜ਼ਾਰ ਸੀ। ਹੋਰਨਾਂ ਇਤਿਹਾਸਕਾਰਾਂ ਨੇ ਵੀ ਇਹ ਗਿਣਤੀ ਹਜ਼ਾਰਾਂ ਵਿਚ ਹੀ ਲਿਖੀ ਹੈ।

        ਹ. ਪੁ.––ਤਵਾਰੀਖ ਗੁਰੂ ਖਾਲਸਾ––ਹਿੱਸਾ ਦੂਜਾ––ਗਿਆਨ ਸਿੰਘ ਗਿਆਨੀ; ਰਾਈਜ਼ ਆੱਫ ਦੀ ਸਿਖ ਪਾਵਰ ਇਨ ਦੀ ਪੰਜਾਬ––ਸੋਹਣ ਸਿੰਘ ਸੀਤਲ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1963, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਘੱਲੂਘਾਰਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਘੱਲੂਘਾਰਾ : ਘੱਲੂਘਾਰਾ ਤੋਂ ਭਾਵ ਹੈ ਤਬਾਹੀ ਜਾਂ ਸਰਵਨਾਸ਼ । ਸਿੱਖ ਇਤਿਹਾਸ ਵਿਚ ‘ਛੋਟਾ ਘੱਲਘਾਰਾ’ ਤੇ ‘ਵੱਡਾ ਘੱਲੂਘਾਰਾ’ ਨਾਂ ਨਾਲ ਦੋ ਘੱਲੂਘਾਰੇ ਪ੍ਰਸਿੱਧ ਹਨ।

ਛੋਟਾ ਘੱਲੂਘਾਰਾ

ਛੋਟਾ ਘੱਲੂਘਾਰਾ – ਲਾਹੌਰ ਦੇ ਗਵਰਨਰ ਦੀਵਾਨ ਲਖਪਤ ਰਾਏ ਨੂੰ ਜਦੋਂ ਆਪਣੇ ਭਰਾ ਜਸਪਤ ਰਾਏ (ਜੋ ਏਮਨਾਬਾਦ ਦਾ ਫ਼ੌਜਦਾਰ ਸੀ) ਦੀ ਸਿੰਘਾਂ ਹੱਥੋਂ ਹੋਈ ਮੌਤ ਦਾ ਪਤਾ ਲੱਗਾ ਤਾਂ ਉਹ ਪਾਗ਼ਲਾਂ ਵਾਂਗ ਸਿੱਖਾਂ ਵਿਰੁੱਧ ਦੰਦੀਆਂ ਕਰੀਚਣ ਲੱਗਾ। ਉਹ ਲਾਹੌਰ ਦੇ ਸੂਬੇਦਾਰ ਯਹੀਆ ਖ਼ਾਂ ਦੇ ਕੋਲ ਆਇਆ ਤੇ ਆਪਣੀ ਪੱਗ ਉਸ ਦੇ ਪੈਰਾਂ ਉੱਤੇ ਰੱਖ ਕੇ ਕਸਮ ਖਾਧੀ ਕਿ ਹੁਣ ਉਹ ਆਪਣੀ ਪੱਗ ਉਸ ਸਮੇਂ ਹੀ ਸਿਰ ਉੱਤੇ ਬੰਨ੍ਹੇਗਾ ਜਦੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ।

ਵੱਡੀ ਗਿਣਤੀ ਵਿਚ ਫ਼ੌਜ ਜਿਸ ਵਿਚ ਮੁਗ਼ਲ ਸੈਨਿਕ ਅਤੇ ਸਾਰੇ ਮੁਲਕ ਵਿਚੋਂ ਲਏ ਗਏ ਹੋਰ ਸਹਾਇਕ ਸ਼ਾਮਲ ਸਨ, ਯਹੀਆ ਖ਼ਾਂ ਅਤੇ ਲਖਪਤ ਰਾਏ ਦੀ ਨਿੱਜੀ ਕਮਾਨ ਥੱਲੇ ਸਿੱਖਾਂ ਵਿਰੁੱਧ ਚੜ੍ਹ ਪਏ। ਸਿੱਖ ਪੰਦਰਾਂ ਕੁ ਹਜ਼ਾਰ ਦੀ ਗਿਣਤੀ ਵਿਚ ਸਰਕੰਡੇਦਾਰ ਕਾਹਨੂੰਵਾਨ ਦੇ ਛੰਭ ਵਿਚ ਪਨਾਹ ਲਈ ਬੈਠੇ ਸਨ। ਮੁਗ਼ਲ ਸੈਨਿਕਾਂ ਅਤੇ ਤੋਪਾਂ ਲਈ ਜੰਗਲ ਕੱਟ ਕੇ ਰਸਤਾ ਬਣਾਇਆ ਗਿਆ। ਤੋਪਾਂ ਦੀ ਮਦਦ ਨਾਲ ਸਿੱਖਾਂ ਨੂੰ ਕਾਹਨੂੰਵਾਨ ਛੰਭ ਵਿਚੋਂ ਕੱਢ ਕੇ ਰਾਵੀ ਵੱਲ ਧੱਕ ਦਿੱਤਾ ਗਿਆ ਜਿਥੋਂ ਉਹ ਪੜੋਲ ਤੇ ਕਠੂਆ ਵੱਲ ਨੂੰ ਚਲੇ ਗਏ। ਲਖਪਤ ਰਾਏ ਉਨ੍ਹਾਂ ਦੀਆਂ ਪੈੜਾਂ ਨੱਪਦਾ ਆ ਰਿਹਾ ਸੀ। ਸਿੱਖਾਂ ਕੋਲ ਇਕ ਹੀ ਚਾਰਾ, ਬਸੋਲੀ ਦੀਆਂ ਪਹਾੜੀਆਂ ਵੱਲ ਨੂੰ ਚਲੇ ਜਾਣ ਦਾ ਸੀ ਪਰ ਲਾਹੌਰ ਤੋਂ ਪਹਿਲਾਂ ਹੀ ਪਹੁੰਚ ਚੁੱਕੇ ਸ਼ਾਹੀ ਹੁਕਮਾਂ ਦੀ ਤਾਮੀਲ ਕਰਦਿਆਂ ਪਹਾੜੀਆਂ ਨੇ ਗੋਲੀਆਂ ਅਤੇ ਇੱਟਾਂ ਵੱਟਿਆਂ ਨਾਲ ਸਿੱਖਾਂ ਦਾ ਸਵਾਗਤ ਕੀਤਾ, ਸਥਿਤੀ ਬਹੁਤ ਹੀ ਭਿਆਨਕ ਸੀ। ਸਿੱਖਾਂ ਦੇ ਸਾਹਮਣੇ ਸਿੱਧਾ ਪਹਾੜ ਖੜ੍ਹਾ ਸੀ, ਉਨ੍ਹਾਂ ਦੇ ਸੱਜੇ ਪਾਸੇ ਹੜ੍ਹ ਆਇਆ ਰਾਵੀ ਦਰਿਆ ਸੀ ਤੇ ਪਿੱਛੇ ਮੌਤ ਬਣ ਕੇ ਵੈਰੀ ਚੜ੍ਹੇ ਆ ਰਹੇ ਸਨ। ਸਿੰਘਾਂ ਪਾਸ ਅਸਲੇ ਤੇ ਖ਼ੁਰਾਕ ਦਾ ਕੋਈ ਭੰਡਾਰ ਨਹੀਂ ਸੀ ਤੇ ਉਨ੍ਹਾਂ ਦੇ ਕਮਜ਼ੋਰ ਘੋੜੇ ਪਹਾੜੀ ਢਲਾਣਾਂ ਤੇ ਖੱਡਾਂ ਤੋਂ ਉਖੜ ਉਖੜ ਡਿਗ ਰਹੇ ਸਨ।

ਸਿੰਘਾਂ ਨੇ ਪਿੱਛੇ ਮੁੜਨ ਅਤੇ ਮਾਝੇ ਵੱਲ ਚਲੇ ਜਾਣ ਦਾ ਫ਼ੈਸਲਾ ਕੀਤਾ ਪਰ ਹੜ੍ਹ ਨਾਲ ਸ਼ੂਕਦੇ ਰਾਵੀ ਦਰਿਆ ਨੂੰ ਪਾਰ ਕਰਨਾ ਮੁਸ਼ਕਲ ਸੀ। ਗੁਰਦਿਆਲ  ਸਿੰਘ ਡੱਲੇਵਾਲ ਦੇ ਦੋ ਭਰਾ ਇਹ ਵੇਖਣ ਲਈ ਕਿ ਦਰਿਆ ਨੂੰ ਕਿਸ ਜਗ੍ਹਾ ਤੋਂ ਪਾਰ ਕੀਤਾ ਜਾ ਸਕਦਾ ਹੈ ਆਪਣੇ ਘੋੜਿਆਂ ਸਮੇਤ ਦਰਿਆ ਵਿਚ ਉਤਰੇ ਪਰ ਤੂਫ਼ਾਨੀ ਲਹਿਰਾਂ ਨੇ ਉਨ੍ਹਾਂ ਨੂੰ ਵਾਪਸ ਨਾ ਪਰਤਣ ਦਿੱਤਾ। ਜਦੋਂ ਬਚਣ ਦਾ ਕੋਈ ਰਾਹ ਨਾ ਦਿਸਿਆ ਤਾਂ ਸਿੰਘਾਂ ਨੇ ਇਹ ਫ਼ੈਸਲਾ ਕੀਤਾ ਕਿ ਜਿਹੜੇ ਪੈਦਲ ਹਨ ਉਹ ਤਾਂ ਪਹਾੜਾਂ ਤੇ ਚੜ੍ਹ ਕੇ ਬਚਣ ਦਾ ਯਤਨ ਕਰਨ ਅਤੇ ਜਿਨ੍ਹਾਂ ਪਾਸ ਘੋੜੇ ਹਨ ਉਹ ਦੁਸ਼ਮਣ ਵਿਚ ਦੀ ਆਪਣਾ ਰਾਹ ਬਣਾ ਕੇ ਅੱਗੇ ਨਿਕਲ ਜਾਣ (ਜਿਹੜੇ ਪਹਾੜਾਂ ਵੱਲ ਚਲੇ ਗਏ ਸਨ, ਉਨ੍ਹਾਂ ਨੇ ਮੰਡੀ ਤੇ ਕੁੱਲੂ ਦੇ ਵੱਖ ਵੱਖ ਭਾਗਾਂ ਵਿਚ ਬੜੀ ਔਖਿਆਈ ਵਿਚ ਛੇ ਮਹੀਨੇ ਲੰਘਾਏ ਤੇ ਫ਼ਿਰ ਕੀਰਤਪੁਰ ਦੇ ਅਸਥਾਨ ਉੱਤੇ ਖ਼ਾਲਸੇ ਨੂੰ ਆ ਮਿਲੇ)।

ਸਿੱਖਾਂ ਦਾ ਮੁੱਖ ਜੱਥਾ ਜੋ ਸੁੱਖਾ ਸਿੰਘ ਦੀ ਅਗਵਾਈ ਵਿਚ ਪਿੱਛਾ ਕਰ ਰਹੀ ਦੁਸ਼ਮਣ ਫ਼ੌਜ ਉੱਪਰ ਝਪਟ ਪਿਆ ਸੀ ਜਲਦੀ ਹੀ ਵੈਰੀਆਂ ਦੇ ਘੇਰੇ ਵਿਚ ਆ ਗਿਆ। ਸੈਂਕੜੇ ਸਿੰਘ ਜੂਝਦੇ ਹੋਏ ਕੱਟ ਮਰੇ ਅਤੇ ਬਹੁਤ ਸਾਰਿਆਂ ਨੂੰ ਕੈਦੀ ਬਣਾ ਲਿਆ ਗਿਆ। ਲਖਪਤ ਰਾਏ ਉੱਤੇ ਹਮਲਾ ਕਰਨ ਦੇ ਯਤਨ ਵਿਚ ਸੁੱਖਾ ਸਿੰਘ ਦੀ ਲੱਤ ਜਖ਼ਮੀ ਹੋ ਗਈ। ਜਿਸ ਮੁੱਠਭੇੜ ਵਿਚ ਲਖਪਤ ਰਾਏ ਨੂੰ ਵੀ ਕਾਫ਼ੀ ਨੁਕਸਾਨ ਉਠਾਉਣਾ ਪਿਆ। ਉਸ ਦਾ ਪੁੱਤਰ ਹਰਭਜ ਰਾਏ, ਸੂਬੇਦਾਰ ਯਹੀਆ ਖ਼ਾਂ ਦਾ ਪੁੱਤਰ ਨਾਹਰ ਖ਼ਾਂ, ਫ਼ੌਜਦਾਰ ਕਰਮ ਬਖਸ਼ ਰਸੂਲਨਗਰੀਆ ਤੇ ਮਖਮੂਰ ਖ਼ਾਂ ਆਦਿ ਸਿੰਘਾਂ ਹੱਥੋਂ ਮਾਰੇ ਗਏ। ਇਸ ਘੇਰੇ ਵਿਚੋਂ ਬਚ ਨਿਕਲੇ ਸਿੱਖਾਂ ਦਾ ਜੰਗਲ ਵਿਚ ਪਿੱਛਾ ਕਰ ਕੇ ਉਨ੍ਹਾਂ ਉੱਤੇ ਮੁੜ ਹਮਲਾ ਕੀਤਾ ਗਿਆ। ਹਮਲਾ ਕਰਨ ਵਾਲਿਆਂ ਵਿਚ ਸੈਨਿਕਾਂ ਤੋਂ ਇਲਾਵਾ ਇਸ ਮਕਸਦ ਲਈ ਆਸ ਪਾਸ ਦੇ ਪਿੰਡਾਂ ਤੋਂ ਇਕੱਠੇ ਕੀਤੇ ਲੋਕ ਵੀ ਸਨ। ਇਹ ਵੇਲੇ ਦੇ ਵੇਲੇ ਤਿਆਰ ਕੀਤੇ ‘ਸਿਪਾਹੀ’ ਸਿੱਖਾਂ ਨੇ ਸੌਖਿਆਂ ਹੀ ਆਪਣੇ ਸ਼ਿਕਾਰ ਬਣਾਏ ਅਤੇ ਉਨ੍ਹਾਂ ਵਿਚੋਂ ਬਹੁਤਿਆਂ ਦੇ ਘੋੜੇ ਤੇ ਹਥਿਆਰ ਖੋਹ ਲਏ। ਇਹ ਘਟਨਾ ਪਹਿਲੀ ਜੂਨ, 1746 ਨੂੰ ਵਾਪਰੀ।

ਇਨ੍ਹਾਂ ਸਿੱਖਾਂ ਨੂੰ (ਜੋ 2000 ਦੇ ਲਗਭਗ ਸਨ) ਕੁੱਝ ਸੁੱਖ ਦਾ ਸਾਹ ਮਿਲਿਆ ਤਾਂ ਉਨ੍ਹਾਂ ਨੇ ਰਾਵੀ ਨੂੰ ਪਾਰ ਕਰਕੇ ਗੁਰਦਾਸਪੁਰ ਦੇ ਰਿਆੜਕੀ ਦੇ ਖੇਤਰ ਵਿਚ ਜਾਣ ਦਾ ਫ਼ੈਸਲਾ ਕੀਤਾ। ਜਦੋਂ ਉਹ ਘੋੜਿਆਂ ਰਾਹੀਂ ਤੇ ਤੁਲੇ ਬਣਾ ਕੇ ਰਾਵੀ ਦਰਿਆ ਨੂੰ ਪਾਰ ਕਰ ਕੇ ਉਸ ਦੇ ਪੂਰਬੀ ਕਿਨਾਰੇ ਉੱਤੇ ਆਏ ਤਾਂ ਭੱਠ ਵਾਂਗ ਭੁੱਜਦੀ ਰੇਤ ਨੇ ਉਨ੍ਹਾਂ ਦੀ ਭੁੱਖ ਅਤੇ ਜ਼ਖਮਾਂ ਦੀ ਤਕਲੀਫ ਵਿਚ ਹੋਰ ਵਾਧਾ ਕਰ ਦਿੱਤਾ। ਪੈਦਲਾਂ ਲਈ ਤੁਰਨਾ ਮੁਹਾਲ ਹੋ ਗਿਆ। ਉਨ੍ਹਾਂ ਨੇ ਆਪਣੇ ਬਚੇ ਖੁਚੇ ਕੱਪੜਿਆਂ ਨਾਲੋਂ ਲੀਰਾਂ ਪਾੜ ਕੇ ਆਪਣੇ ਨੰਗੇ ਪੈਰਾਂ ਉੱਤੇ ਬੰਨ੍ਹੀਆਂ ਤੇ ਇਸ ਤਰ੍ਹਾਂ ਕਈ ਮੀਲਾਂ ਦਾ ਪੰਧ ਤਹਿ ਕਰ ਕੇ ਸ੍ਰੀ ਹਰਿਗੋਬਿੰਦਪੁਰ ਦੇ ਅਸਥਾਨ ਤੋਂ ਬਿਆਸ ਦਰਿਆ ਪਾਰ ਕੀਤਾ। ਉਨ੍ਹਾਂ ਨੇ ਆਪਣੀਆਂ ਚੌੜੀਆਂ ਢਾਲਾਂ ਨੂੰ ਰੇਤੇ ਵਿਚ ਦਬਾ ਕੇ ਗਰਮ ਕੀਤਾ ਅਤੇ ਰੋਟੀਆਂ ਪਕਾਉਣ ਵਾਸਤੇ ਵਰਤਿਆ। ਸਿੰਘ ਅਜੇ ਯਹੀਆਪੁਰ ਦੇ ਲਾਗੇ ਬੈੇਠੇ ਹੀ ਸਨ ਕਿ ਸਥਾਨਕ ਪਠਾਣਾਂ ਦੀ ਇਕ ਟੋਲੀ ਉਨ੍ਹਾਂ ਉੱਤੇ ਟੁੱਟ ਪਈ। ਸਿੱਖਾਂ ਨੇ ਇਨ੍ਹਾਂ ਨਾਲ ਸੌਖਿਆਂ ਹੀ ਨਜਿੱਠ ਲੈਣਾ ਸੀ ਪਰ ਉਸੇ ਵਕਤ ਉਨ੍ਹਾਂ ਨੂੰ ਪਤਾ ਲੱਗਾ ਕਿ ਲਖਪਤ ਰਾਏ ਆਪਣੇ ਲਸ਼ਕਰ ਸਮੇਤ ਦਰਿਆ ਪਾਰ ਕਰ ਕੇ ਉਨ੍ਹਾਂ ਵੱਲ ਵੱਧ ਰਿਹਾ ਹੈ। ਸਿੱਖ ਉਥੋਂ ਸਤਲੁਜ ਦਰਿਆ ਵੱਲ ਨੂੰ ਚਲ ਪਏ ਤੇ ਅਲੀਵਾਲ ਦੇ ਸਥਾਨ ਤੋਂ ਦਰਿਆ ਪਾਰ ਕਰ ਕੇ ਮਾਲਵੇ ਵਿਚ ਦਾਖਲ ਹੋ ਗਏ। ਸਿੰਘਾਂ ਦਾ ਪਿੱਛਾ ਕਰ ਰਿਹਾ ਲਖਪਤ ਰਾਏ ਸਿਰੜੀ ਸਿੱਖਾਂ ਨਾਲ ਦਸਤਪੰਜਾ ਲੈਂਦਾ ਲੈਂਦਾ ਥੱਕ ਗਿਆ ਤੇ ਲਾਹੌਰ ਨੂੰ ਵਾਪਸ ਚਲਾ ਗਿਆ। ਇਸ ਮੁਹਿੰਮ ਵਿਚ ਲਖਪਤ ਰਾਏ ਨੇ ਲਗਭਗ 7000 ਸਿੱਖਾਂ ਨੂੰ ਮਾਰ ਦਿੱਤਾ ਤੇ 3000 ਸਿੱਖਾਂ ਨੂੰ ਕੈਦੀ ਬਣਾ ਕੇ ਲਾਹੌਰ ਲੈ ਗਿਆ। ਇਨ੍ਹਾਂ ਕੈਦੀ ਬਣਾਏ ਸਿੱਖਾਂ ਨੂੰ ਲਾਹੌਰ ਦੇ ਨਖਾਸ ਚੌਂਕ ਵਿਚ ਲਿਜਾ ਕੇ ਨਿਰਾਦਰੀ ਭਰੇ ਤਸੀਹੇ ਦੇਣ ਉਪਰੰਤ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਸਿਰਾਂ ਦੇ ਮੀਨਾਰਾਂ ਦੀ ਸ਼ਕਲ ਵਿਚ ਢੇਰ ਲਗਾਏ ਗਏ ਤੇ ਉਨ੍ਹਾਂ ਦੇ ਕੱਟੇ ਵੱਢੇ ਸਰੀਰਾਂ ਨੂੰ ਮਸੀਤ ਦੀਆਂ ਦੀਵਾਰਾਂ ਦੇ ਵਿਚ ਦੱਬ ਦਿੱਤਾ ਗਿਆ।

ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਨੂੰ ਇਕੋ ਵੇਲੇ ਇੰਨਾ ਵੱਡਾ ਨੁਕਸਾਨ ਉਠਾਉਣਾ ਪਿਆ ਸੀ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ ਪਹਿਲਾ ਘੱਲੂਘਾਰਾ ਜਾਂ ‘ਛੋਟਾ ਘੱਲੂਘਾਰਾ’ ਕਿਹਾ ਗਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-04-58-48, ਹਵਾਲੇ/ਟਿੱਪਣੀਆਂ: ਹ. ਪੁ. –ਸਿੱ. ਇ.–ਪ੍ਰਿੰ. ਤੇਜਾ ਸਿੰਘ, ਗੰਡਾ ਸਿੰਘ; ਪ੍ਰਾ. ਪੰ. ਪ੍ਰ.–ਰਤਨ ਸਿੰਘ ਭੰਗੂ: ਸਿੱ ਰਾ. ਕਿ. ਬ. –ਸੀਤਲ, ਪੰਥਕ ਉਸਰੀਏ–ਤਰਲੋਕ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.