ਚਿੰਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿੰਤਾ [ਨਾਂਇ] ਸੋਚ, ਫ਼ਿਕਰ , ਗ਼ਮ, ਦੁੱਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਿੰਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿੰਤਾ. ਸੰ. ਸੰਗ੍ਯਾ—ਫ਼ਿਕਰ. ਸੋਚ. “ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ.” (ਮ: ੨ ਵਾਰ ਰਾਮ ੧) ੨ ਧ੍ਯਾਨ. ਚਿੰਤਨ. “ਐਸੀ ਚਿੰਤਾ ਮਹਿ ਜੇ ਮਰੈ.” (ਗੂਜ ਤ੍ਰਿਲੋਚਨ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਿੰਤਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਿੰਤਾ: ਸੰਸਕ੍ਰਿਤ ਮੂਲ ਦੇ ਇਸ ਸ਼ਬਦ ਦਾ ਅਰਥ ਹੈ ਫ਼ਿਕਰ , ਅੰਦੇਸ਼ਾ , ਸੰਸਾਰ ਦੇ ਤਨਾਓ ਭਰੇ ਵਾਤਾਵਰਣ ਵਿਚ ਹਰ ਇਕ ਮਨੁੱਖ ਕਿਸੇ ਨ ਕਿਸੇ ਚਿੰਤਾ ਵਿਚ ਗ੍ਰਸਤ ਹੈ, ਡੁਬਿਆ ਹੋਇਆ ਹੈ। ਇਹ ਇਕ ਪ੍ਰਕਾਰ ਦਾ ਮਾਨਸਿਕ ਵਿਕਾਰ ਜਾਂ ਰੋਗ ਹੈ ਜਿਸ ਨਾਲ ਸਹਿਜ-ਸੰਤੋਖ ਖ਼ਤਮ ਹੋ ਜਾਂਦਾ ਹੈ ਅਤੇ ਮਨੁੱਖ ਆਪਣਾ ਮਾਨਸਿਕ ਸੰਤੁਲਨ ਗੰਵਾ ਬੈਠਦਾ ਹੈ। ਚਿੰਤਾ ਦੇ ਕਾਰਣ ਕਈ ਹੋ ਸਕਦੇ ਹਨ। ਕੋਈ ਕਰਜ਼ੇ ਕਰਕੇ ਚਿੰਤਤ ਹੈ, ਕੋਈ ਬੱਚਿਆਂ ਦੇ ਵਿਆਹ-ਸ਼ਾਦੀ ਲਈ ਚਿੰਤਤ ਹੈ, ਕੋਈ ਵੈਰੀ ਦੇ ਡਰ ਤੋਂ ਫ਼ਿਕਰਮੰਦ ਹੈ। ਇਸੇ ਤਰ੍ਹਾਂ ਕਿਸੇ ਨੂੰ ਆਪਣੀ ਗ਼ਰੀਬੀ ਤੋਂ ਉਬਰਨ ਦੀ ਚਿੰਤਾ ਹੈ, ਕਿਸੇ ਨੂੰ ਬਹੁਤੀ ਸੰਪੱਤੀ ਬਚਾਏ ਜਾਂ ਬਣਾਏ ਰਖਣ ਦੀ ਚਿੰਤਾ ਹੈ, ਕਿਸੇ ਨੂੰ ਪਰਿਵਾਰ ਦੀ ਚਿੰਤਾ ਹੈ, ਆਦਿ। ਇਸ ਲਈ ਚਿੰਤਾਵਾਂ ਦਾ ਕੋਈ ਅੰਤ ਨਹੀਂ , ਚਿੰਤਾਵਾਂ ਨੂੰ ਸੀਮਿਤ ਕਰ ਸਕਣਾ ਸਰਲ ਨਹੀਂ ਹੈ। ਇਨ੍ਹਾਂ ਤੋਂ ਮੁਕਤ ਹੋਣ ’ਤੇ ਹੀ ਵਾਸਤਵਿਕ ਸੁਖ ਮਾਣਿਆ ਜਾ ਸਕਦਾ ਹੈ। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ (ਗੁ.ਗ੍ਰੰ.1019)।

            ਚਿੰਤਾ ਘੁਣ ਦੇ ਸਮਾਨ ਹੈ ਜੋ ਮਨੁੱਖ ਨੂੰ ਅੰਦਰੋਂ ਅੰਦਰ ਖਾਈ ਜਾਂਦੀ ਹੈ। ਕਈ ਵਾਰ ਵਿਅਕਤੀ ਨੂੰ ਨੀਂਦਰ ਨਹੀਂ ਆਉਂਦੀ, ਕੰਮ-ਕਾਰ ਵਿਚ ਰੁਚੀ ਘਟ ਜਾਂਦੀ ਹੈ, ਮਨ ਉਤੇ ਉਦਾਸੀ ਸਦਾ ਛਾਈ ਰਹਿੰਦੀ ਹੈ, ਮਾਤਾ , ਪਿਤਾ ਅਤੇ ਕੁਟੰਬ ਦੀਆਂ ਸਮਸਿਆਵਾਂ ਨੂੰ ਹਲ ਕਰਨ ਲਈ ਬੰਦਾ ਉਲਝਿਆ ਰਹਿੰਦਾ ਹੈ। ਲੋਕ-ਜੀਵਨ ਵਿਚ ਚਿੰਤਾ ਨੂੰ ਚਿਖਾ ਦੇ ਬਰਾਬਰ ਸਮਝਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਮਨੁੱਖਾਂ ਨੂੰ ਇਸ ਪ੍ਰਕਾਰ ਦੀਆਂ ਚਿੰਤਾਵਾਂ ਤੋਂ ਮੁਕਤ ਹੋਣ ਦੀ ਤਾਕੀਦ ਕੀਤੀ ਹੈ ਕਿਉਂਕਿ ਸਾਰਿਆਂ ਦੀ ਚਿੰਤਾ ਕਰਨ ਵਾਲਾ ਤਾਂ ਪਰਮਾਤਮਾ ਆਪ ਹੈ, ਫਿਰ ਬੇਫ਼ਿਕਰ ਕਿਉਂ ਨ ਰਿਹਾ ਜਾਏ—ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ (ਗੁ.ਗ੍ਰੰ.1355)। ਗੁਰੂ ਤੇਗ ਬਹਾਦਰ ਜੀ ਨੇ ਵੀ ਚਿੰਤਾ-ਮੁਕਤ ਹੋਣ ਲਈ ਤਾਕੀਦ ਕੀਤੀ ਹੈ ਕਿਉਂਕਿ ਚਿੰਤਾ ਕਰਨਾ ਇਕ ਵਿਅਰਥ ਚੇਸ਼ਟਾ ਹੈ—ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ (ਗੁ.ਗ੍ਰੰ.1428)।

            ਗੁਰੂ ਅੰਗਦ ਦੇਵ ਜੀ ਨੇ ਜਿਗਿਆਸੂ ਨੂੰ ਚਿੰਤਾ ਨ ਕਰਨ ਲਈ ਪ੍ਰੇਰਦਿਆਂ ਹੋਇਆਂ ਕਿਹਾ ਹੈ ਕਿ ਪਰਮਾਤਮਾ ਜਦ ਸਭ ਦੀ ਚਿੰਤਾ ਕਰ ਰਿਹਾ ਹੈ, ਤਾਂ ਫਿਰ ਹਰ ਇਕ ਪ੍ਰਾਣੀ ਨੂੰ ਆਪਣੇ ਬਾਰੇ ਖ਼ੁਦ ਚਿੰਤਾ ਕਰਨ ਦੀ ਭਲਾ ਕੀ ਲੋੜ ਹੈ?—ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ (ਗੁ.ਗ੍ਰੰ. 955)। ਤਿਲੰਗ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਪ੍ਰਾਣੀ ਨੂੰ ਨਿਸਚਿੰਤ ਹੋ ਕੇ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੰਦਿਆਂ ਕਿਹਾ ਹੈ—ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ਜਿਨਿ ਪੈਦਾਇਸਿ ਤੂ ਕੀਆ ਸੇਈ ਦੇਇ ਆਧਾਰੁ (ਗੁ.ਗ੍ਰੰ.724)।

            ਮੁਕਦੀ ਗੱਲ ਇਹ ਹੈ ਕਿ ਸਤਿਗੁਰੂ ਦੀ ਸੇਵਾ ਕਰਨ ਨਾਲ ਅਤੇ ਅਚਿੰਤ ਪਰਮਾਤਮਾ ਨੂੰ ਮਨ ਵਿਚ ਵਸਾਉਣ ਨਾਲ ਮਨੁੱਖ ਦੇ ਜਨਮ-ਮਰਨ ਆਦਿ ਦੇ ਸਾਰੇ ਦੁਖ ਨਸ਼ਟ ਹੋ ਜਾਂਦੇ ਹਨ ਅਤੇ ਉਹ ਨਿਸਚਿੰਤ ਅਵਸਥਾ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਹੋ ਜਾਂਦਾ ਹੈ— ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ਚਿੰਤਾ ਮੂਲਿ ਹੋਵਈ ਅਚਿੰਤੁ ਵਸੈ ਮਨਿ ਆਇ (ਗੁ.ਗ੍ਰੰ.587)। ਇਸ ਤਰ੍ਹਾਂ ਸਿੱਖ ਧਰਮ- ਸਾਧਨਾ ਵਿਚ ਚਿੰਤਾ ਵਿਚ ਗ੍ਰਸਿਤ ਹੋਣਾ ਵਰਜਿਤ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚਿੰਤਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਿੰਤਾ (ਸੰ.। ਸੰਸਕ੍ਰਿਤ ਚਿੰਤਿਯਾ।) ਫਿਕਰ , ਸੋਚ , ਗ਼ਮ। ਯਥਾ-‘ਚਿੰਤਾ ਤਾ ਕੀ ਕੀਜੀਐ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.