ਚੌਪਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਪਈ [ ਨਾਂਇ ] ਚਹੁੰ ਚਰਨਾਂ ਦਾ ਕਾਵਿ-ਛੰਦ ਜਿਸਦੇ ਹਰ ਚਰਨ ਵਿੱਚ ਪੰਦਰਾਂ ਜਾਂ ਸੋਲ਼ਾਂ ਮਾਤਰਾਵਾਂ ਹੋਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੌਪਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਪਈ . ਚਤੁ੄ੑਪਦੀ. ਚੌਪਾਈ. ਇੱਕ ਮਾਤ੍ਰਿਕ ਛੰਦ , ਜਿਸ ਦਾ ਲੱਛਣ ਹੈ— ਚਾਰ ਚਰਣ , ਪ੍ਰਤਿ ਚਰਣ ੧੫ ਮਾਤ੍ਰਾ , ਪਹਿਲਾ ਵਿਸ਼੍ਰਾਮ ਅੱਠ ਪੁਰ , ਦੂਜਾ ਸੱਤ ਪੁਰ , ਅੰਤ ਗੁਰੁ ਲਘੁ. ਇਸ ਦਾ ਨਾਮ “ ਜਯਕਰੀ” ਭੀ ਹੈ.

ਉਦਾਹਰਣ—

ਸੁਣਿਐ ਈਸਰੁ ਬਰਮਾ ਇੰਦੁ ,

ਸੁਣਿਐ ਮੁਖਿ ਸਾਲਾਹਣ ਮੰਦੁ ,

ਸੁਣਿਐ ਜੋਗ ਜੁਗਤਿ ਤਨ ਭੇਦ ,

ਸੁਣਿਐ ਸਾਸਤ ਸਿੰਮ੍ਰਿਤਿ ਵੇਦ.

                                                          ( ਜਪੁ )

( ਅ ) ਜੇ ਪੰਦ੍ਰਾਂ ਮਾਤ੍ਰਾ ਦੀ ਚੌਪਈ ਦੇ ਅੰਤ ਜਗਣ ਹੋਵੇ , ਤਦ “ ਗੁਪਾਲ” ਅਤੇ “ ਭੁਜੰਗਿਨੀ” ਸੰਗ੍ਯਾ ਹੈ.

ਉਦਾਹਰਣ—

    ਸੁਣਿਐ ਸਤੁ ਸੰਤੋਖੁ ਗਿਆਨੁ ,

ਸੁਣਿਐ ਅਠਸਠਿ ਕਾ ਇਸਨਾਨੁ ,

  ਸੁਣਿਐ ਪੜਿ ਪੜਿ ਪਾਵਹਿ ਮਾਨੁ ,

    ਸੁਣਿਐ ਲਾਗੈ ਸਹਜਿ ਧਿਆਨੁ.

                                                              ( ਜਪੁ )

( ੲ ) ਪ੍ਰਤਿ ਚਰਣ ੧੬ ਮਾਤ੍ਰਾ , ਅੰਤ ਗੁਰੁ , ਇਸ ਚੌਪਈ ਦਾ ਨਾਮ “ ਰੂਪਚੌਪਈ” ਭੀ ਹੈ. ਇਸ ਦੇ ਅੰਤ ਜਗਣ ਅਤੇ ਤਗਣ ਦਾ ਨਿ੄੥ਧ ਹੈ.

ਉਦਾਹਰਣ—

  ਜਾਤਿ ਪਾਤਿ ਜਿਹ ਚਿਹਨ ਨ ਬਰਨਾ ,

ਅਬਿਗਤ ਦੇਵ ਅਛੈ ਅਨਭਰਮਾ ,

ਸਬ ਕੋ ਕਾਲ ਸਭਿਨ ਕੋ ਕਰਤਾ ,

ਰੋਗ ਸੋਗ ਦੋਖਨ ਕੋ ਹਰਤਾ.

                                                    ( ਅਕਾਲ )

( ਸ ) ਜੇ ੧੬ ਮਾਤ੍ਰਾ ਦੀ ਚੌਪਈ ਦੇ ਅੰਤ ਦੋ ਗੁਰੁ ਹੋਣ , ਤਦ “ ਸ਼ੰਖਿਨੀ” ਸੰਗ੍ਯਾ ਹੈ. ਕਿਤਨਿਆਂ ਦੇ ਮਤ ਵਿੱਚ ਸ਼ੰਖਿਨੀ ਚੌਪਈ ਦੇ ਅੰਤ ਯਗਣ ਹੋਣਾ ਜਰੂਰੀ ਹੈ. ਇਹ ਦੋਵੇਂ ਲੱਛਣ ਅੱਗੇ ਲਿਖੇ ਉਦਾਹਰਣਾਂ ਵਿੱਚ ਘਟਦੇ ਹਨ , ਯਥਾ : —

ਨੈਨਹੁ ਦੇਖੁ ਸਾਧਦਰਸੇਰੈ ,

ਸੋ ਪਾਵੈ ਜਿਸੁ ਲਿਖਤੁ ਲਿਲੇਰੈ ,

ਸੇਵਉ ਸਾਧਸੰਤ ਚਰਨੇਰੈ ,

ਬਾਛਉ ਧੂਰਿ ਪਵਿਤ੍ਰ ਕਰੇਰੈ.

( ਕਾਨ ਮ : ੫ )

ਤਾਤ ਮਾਤ ਜਿਹ ਜਾਤ ਨ ਪਾਤਾ ,

ਏਕ ਰੰਗ ਕਾਹੂ ਨਹਿ ਰਾਤਾ ,

ਸਰਬ ਜੋਤਿ ਕੇ ਬੀਚ ਸਮਾਨਾ ,

ਸਬ ਹੂੰ ਸਰਬਠੌਰ ਪਹਿਚਾਨਾ.

                          ( ਅਕਾਲ )

੨ ਇੱਕ ਖ਼ਾਸ ਬਾਣੀ , ਜਿਸ ਦੀ ਰਚਨਾ ਚੌਪਈ ਛੰਦ ਵਿੱਚ ਹੋਣ ਤੋਂ ਇਹ ਸੰਗ੍ਯਾ ਹੈ. ਦਸਮਗ੍ਰੰਥ ਦੇ ੪੦੫ ਵੇਂ ਚਰਿਤ੍ਰ ਵਿੱਚ ਇਹ ਕਥਾ ਹੈ ਕਿ— ਸਤਯੁਗ ਵਿੱਚ ਰਾਜਾ ਸਤ੍ਯਸੰਧ ਅਤੇ ਦੀਰਘਦਾੜ੍ਹ ਦਾਨਵ ਦਾ ਯੁੱਧ ਹੋਇਆ. ਦੋਹਾਂ ਦੇ ਘੋਰ ਸ਼ਸਤ੍ਰਪ੍ਰਹਾਰ ਤੋਂ ਜੋ ਅਗਨਿ ਦੀ ਲਾਟ ਨਿਕਲੀ , ਉਸ ਵਿੱਚੋਂ “ ਦੂਲਹਦੇਈ” ਨਾਮ ਦੀ ਇਸਤ੍ਰੀ ਉਪਜੀ. ਦੂਲਹਦੇਈ ਨੂੰ ਮਨਭਾਉਂਦਾ ਪਤੀ ਕੋਈ ਨਾ ਮਿਲੇ. ਇਸ ਪੁਰ ਉਸੇ ਨੇ ਵਡਾ ਕਠਿਨ ਤਪ ਕਰਕੇ ਦੁਰਗਾ ( ਦੇਵੀ ) ਨੂੰ ਪ੍ਰਸੰਨ ਕੀਤਾ. ਦੇਵੀ ਨੇ ਰੀਝਕੇ ਵਰ ਦਿੱਤਾ ਕਿ ਤੈਨੂੰ ਅਕਾਲ ਵਰੇਗਾ. ਰਾਤ ਨੂੰ ਸੁਪਨੇ ਵਿੱਚ ਅਕਾਲ ਨੇ ਦੂਲਹਦੇਈ ਨੂੰ ਆਖਿਆ ਕਿ ਜੇ ਤੂੰ ਸ੍ਵਾਸਵੀਰਯ ਦਾਨਵ ਨੂੰ ਜੰਗ ਵਿੱਚ ਮਾਰੇਂਗੀ , ਤਦ ਮੇਰੀ ਅਰਧਾਂਗਿਨੀ ਹੋ ਸਕੇਂਗੀ. ਇਸ ਪੁਰ ਦੂਲਹਦੇਈ ਨੇ ਸ੍ਵਾਸਵੀਰਯ ਨਾਲ ਘੋਰ ਜੰਗ ਕੀਤਾ. ਜਦ ਚਿਰ ਤੀਕ ਲੜਦੀ ਬਹੁਤ ਥਕ ਗਈ , ਤਦ ਸਹਾਇਤਾ ਲਈ ਮਹਾਕਾਲ ਦਾ ਧ੍ਯਾਨ ਕੀਤਾ. ਦੂਲਹਦੇਈ ਦੀ ਸਹਾਇਤਾ ਕਰਨ ਲਈ ਮਹਾਕਾਲ ਨੇ ਮੈਦਾਨਜੰਗ ਵਿੱਚ ਆਕੇ ਭਯੰਕਰ ਯੁੱਧ ਕੀਤਾ. ਦੂਲਹਦੇਈ ਅਤੇ ਅਕਾਲ ਨੇ ਸ੍ਵਾਸਵੀਰਯ ਦੀ ਸੈਨਾ ਦਾ ਨਾਸ਼ ਕਰਕੇ— “ ਪੁਨ ਰਾਛਸ1  ਕਾ ਕਾਟਾ ਸੀਸਾ.”

ਇਸ ਅਲੰਕਾਰਪੂਰਿਤ ਕਥਾ ਦੇ ਅੰਤ— “ ਕਵਿ ਉਵਾਚ ਬੇਨਤੀ ਚੌਪਈ” — ਸਿਰਲੇਖ ਹੇਠ ਇੱਕ ਵਿਨਯ ( ਬੇਨਤੀ ) ਹੈ , ਜਿਸਦਾ ਆਰੰਭ “ ਹਮਰੀ ਕਰੋ ਹਾਥ ਦੈ ਰੱਛਾ.” ਤੋਂ ਹੁੰਦਾ ਹੈ.

ਇਸ ਚੌਪਈ ਦਾ ਪਾਠ ਰਹਿਰਾਸ ਵਿੱਚ ਗੁਰਸਿੱਖ ਨਿੱਤ ਕਰਦੇ ਹਨ. ਇਸ ਬਾਣੀ ਦੇ ਅੰਤ ਮਹਾਤਮਰੂਪ ਵਾਕ ਲਿਖਿਆ ਹੈ ਕਿ—

“ ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ,

ਹੋ! ਜੋ ਯਾਂਕੀ ਏਕਬਾਰ ਚੌਪਈ ਕੋ ਕਹੈ.”


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੌਪਈ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੌਪਈ : ਇਹ ਇਕ ਮਾਤ੍ਰਿਕ ਛੰਦ ਹੈ , ਇਸ ਨੂੰ ਚੌਪਈ ਜਾਂ ਚਤੁਸ਼ਪਦੀ ਵੀ ਕਿਹਾ ਜਾਂਦਾ ਹੈ । ਇਸ ਦੇ ਚਾਰ ਵਰਣ ਹੁੰਦੇ ਹਨ ਅਤੇ ਹਰ ਵਰਣ ਦੀਆਂ 15 ਮਾਤ੍ਰਾਵਾਂ ਹੁੰਦੀਆਂ ਹਨ । ਪਹਿਲਾ ਵਿਸ਼ਰਾਮ ਅੱਠ ਤੇ ਦੂਜਾ ਸਤ ਤੇ ਅਤੇ ਅੰਤ ਵਿਚ ਗੁਰੂ ਲਘੂ ਹੁੰਦਾ ਹੈ । ਇਸ ਦਾ ਇੱਕ ਹੋਰ ਨਾਂ ‘ ਜਯਕਰੀ’ ਵੀ ਹੈ ।

                  ਜੇ ਪੰਦਰਾਂ ਮਾਤ੍ਰਾਵਾਂ ਦੀ ਚੌਪਈ ਦੇ ਅੰਤ ਵਿਚ ਜਗਣ ਹੋਵੇ ਤਾਂ ਇਸ ਨੂੰ ‘ ਗੁਪਾਲ’ ਅਤੇ ‘ ਭੁਜੰਗਿਨੀ’ ਨਾਂ ਦਿੱਤਾ ਜਾਂਦਾ ਹੈ । ਜੇਕਰ ਚੌਪਈ ਦੇ ਹਰ ਚਰਣ ਤੇ 16 ਮਾਤ੍ਰਾਵਾਂ ਹੋਣ ਅਤੇ ਅੰਤ ਵਿਚ ਗੁਰੂ ਹੋਵੇ ਤਾਂ ਉਹ ‘ ਰੂਪ-ਚੌਪਈ’ ਅਖਵਾਉਂਦੀ ਹੈ । ਇਸ ਤਰ੍ਹਾਂ ਦੀ ਚੌਪਈ ਦੇ ਅੰਤ ਵਿਚ ਜਗਣ ਅਤੇ ਭਗਣ ਨਹੀਂ ਹੁੰਦੇ । 16 ਮਾਤ੍ਰਾ ਅਤੇ ਅੰਤ ਵਿਚ ਗੁਰੂ ਵਾਲੀ ਚੌਪਈ ਦਾ ਨਾਂ ‘ ਸ਼ੰਖਿਨੀ’ ਹੈ । ਕਈ ਵਿਦਵਾਨਾਂ ਅਨੁਸਾਰ ਸ਼ੰਖਿਨੀ ਚੌਪਈ ਦੇ ਅੰਤ ਵਿਚ ਜਗਣ ਹੋਣਾ ਜ਼ਰੂਰੀ ਹੈ ।

                  2. ਚੌਪਈ ਇਕ ਖ਼ਾਸ ਬਾਣੀ ਵੀ ਹੈ । ਚੌਪਈ ਛੰਦ ਵਿਚ ਰਚੀ ਗਈ ਹੋਣ ਕਰਕੇ ਇਸ ਦਾ ਇਹੋ ਨਾਂ ਹੈ । ਦਸਮ ਗ੍ਰੰਥ ਦੇ 405ਵੇਂ ਚਰਿਤ੍ਰ ਵਿਚ ਇਹ ਕਥਾ ਹੈ ਕਿ ਸਤਜੁਗ ਵਿਚ ਰਾਜਾ ਸਤਯਸੰਧ ਅਤੇ ਈਰਾਘਦਾੜ੍ਹ ਦਾਨਵ ਦਾ ਯੁੱਧ ਹੋਇਆ । ਦੋਹਾਂ ਦੇ ਸ਼ਸਤਰ ਨਾਲ ਜੋ ਅੱਗ ਦੀ ਲਾਟ ਨਿਕਲੀ , ਉਸ ਵਿਚੋਂ ‘ ਦੂਲਹਦੇਈ’ ਨਾਂ ਦੀ ਇਕ ਇਸਤਰੀ ਹੋਂਦ ਵਿਚ ਆਈ । ਦਲਹਦੇਈ ਨੂੰ ਕੋਈ ਮਨਪਸੰਦ ਪਤੀ ਨਾ ਮਿਲਿਆ । ਇਸ ਕਾਰਨ ਉਸ ਨੇ ਬਹੁਤ ਭਾਰੀ ਤੱਪ ਕਰਕੇ ਦੁਰਗਾ ( ਦੇਵੀ ) ਨੂੰ ਪ੍ਰਸੰਨ ਕੀਤਾ । ਦੇਵੀ ਨੇ ਖੁਸ਼ ਹੋ ਕੇ ਉਸ ਨੂੰ ਵਰ ਦਿੱਤਾ ਕਿ ਅਕਾਲ ਤੇਰੇ ਨਾਲ ਵਿਆਹ ਕਰਾਵੇਗਾ । ਅਕਾਲ ਨੇ ਸੁਪਨੇ ਵਿਚ ਦੁਲਹਦੇਈ ਨੂੰ ਕਿਹਾ ਕਿ ਜੇ ਉਹ ਜੰਗ ਵਿਚ ਸ੍ਵਾਸਵੀਰਯ ਦਾਨਵ ਨੂੰ ਮਾਰੇਗੀ ਤਾਂ ਹੀ ਉਸ ਦੀ ਪਤਨੀ ਬਣ ਸਕੇਗੀ । ਦੂਲਹਦੇਈ ਨੇ ਦਾਨਵ ਨਾਲ ਘੋਰ ਯੁੱਧ ਕੀਤਾ । ਬਹੁਤ ਥੱਕ ਜਾਣ ਤੇ ਉਸ ਨੇ ਮਹਾਕਾਲ ਨੂੰ ਯਾਦ ਕੀਤਾ । ਦੂਲਹਦੇਈ ਦੀ ਸਹਾਇਤਾ ਲਈ ਮਹਾਕਾਲ ਨੇ ਮੈਦਾਨੇ-ਜੰਗ ਵਿਚ ਜ਼ਬਰਦਸਤ ਯੁੱਧ ਕੀਤਾ । ਮਹਾਕਾਲ ਅਤੇ ਦੂਲਹਦੇਈ ਦੋਹਾਂ ਨੇ ਮਿਲ ਕੇ ਸ੍ਵਾਸਵੀਰਯ ਦੀ ਸੈਨਾ ਦਾ ਨਾਸ਼ ਕਰ ਦਿੱਤਾ ਅਤੇ ਦਾਨਵ ਦਾ ਸਿੱਰ ਵੱਢ ਦਿੱਤਾ ।

                  ਇਸ ਅਲੰਕਾਰਾਂ ਭਰੀ ਕਥਾ ਦੇ ਅੰਤ ਵਿਚ ਇਕ ਬੇਨਤੀ ਹੈ ਜਿਸ ਦਾ ਸਿਰਲੇਖ ‘ ਕਬਿਉਬਾਚ ਬੇਨਤੀ ਚੌਪਈ’ ਹੈ । ਇਸ ਦਾ ਆਰੰਭ ‘ ਹਮਰੀ ਕਰੋ ਹਾਥ ਦੈ ਰੱਛਾ’ ਤੋਂ ਹੁੰਦਾ ਹੈ । ਇਸ ਚੌਪਈ ਦਾ ਪਾਠ ਰਹਿਰਾਸ ਵਿਚ ਗੁਰਸਿੱਖ ਹਰ ਰੋਜ਼ ਕਰਦੇ ਹਨ ।

                  ਹ. ਪੁ.– – ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.