ਚੰਦਾ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦਾ ਸਿੰਘ (ਅ.ਚ. 1930): ਜ਼ਿਆਦਾਤਰ ਚੰਦਾ ਸਿੰਘ ਵਕੀਲ ਦੇ ਨਾਂ ਨਾਲ ਪ੍ਰਸਿੱਧ ਸੀ। ਅਜੋਕੇ ਹਰਿਆਣਾ ਰਾਜ ਦੇ ਸਿਰਸਾ ਜ਼ਿਲੇ ਦੇ ਕਾਲਿਆਂਵਾਲੀ ਪਿੰਡ ਵਿਚ ਇਕ ਸਧਾਰਨ ਕਿਸਾਨ ਪਰਵਾਰ ਵਿਚ ਪੈਦਾ ਹੋਇਆ ਸੀ। ਇਹ ਦਿਆਲ ਸਿੰਘ ਦੇ ਤਿੰਨਾਂ ਲੜਕਿਆਂ ਵਿਚੋਂ ਸਭ ਤੋਂ ਵੱਡਾ ਸੀ। ਬਚਪਨ ਵਿਚ ਚੇਚਕ ਦੇ ਹਮਲੇ ਨੇ ਇਸ ਦੀ ਨਿਗਾਹ ਖ਼ਤਮ ਕਰ ਦਿੱਤੀ ਪਰੰਤੂ ਇਹ ਕਮੀ ਇਸ ਨੂੰ ਜੀਵਨ ਵਿਚ ਆਪਣਾ ਰਸਤਾ ਬਣਾਉਣ ਤੋਂ ਰੋਕ ਨਾ ਸਕੀ। ਇਸਨੇ ਆਪਣੀ ਮੁਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪਾਸ ਕੀਤੀ ਅਤੇ ਮਿਡਲ ਦੀ ਪੜ੍ਹਾਈ ਕਰਨ ਲਈ ਅੰਮ੍ਰਿਤਸਰ ਚੱਲਾ ਗਿਆ। ਸਰਕਾਰੀ ਹਾਈ ਸਕੂਲ, ਦਿੱਲੀ ਤੋਂ ਇਸਨੇ ਦਸਵੀਂ ਪਾਸ ਕੀਤੀ। ਇਸਨੂੰ ਅਸਧਾਰਨ ਯਾਦਸ਼ਕਤੀ ਦੀ ਦਾਤ ਮਿਲੀ ਸੀ ਅਤੇ ਪੜ੍ਹਾਈ ਵਿਚ ਸਭ ਤੋਂ ਵਧ ਹੁਸ਼ਿਆਰ ਸੀ। ਇਸਨੇ ਆਪਣੇ ਸਕੂਲ ਦੇ ਕੈਰੀਅਰ ਵਿਚ ਸ਼ੁਰੂ ਤੋਂ ਹੀ ਮੈਰਿਟ ਵਜ਼ੀਫ਼ਾ ਪ੍ਰਾਪਤ ਕੀਤਾ। ਲਾਹੌਰ ਤੋਂ ਕਾਨੂੰਨ ਦਾ ਇਮਤਿਹਾਨ ਪਾਸ ਕੀਤਾ ਅਤੇ ਇਸਨੇ ਸਿਰਸੇ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ, ਜਿੱਥੇ ਛੇਤੀ ਹੀ ਇਹ ਇਕ ਵਕੀਲ ਦੇ ਤੌਰ ਤੇ ਪ੍ਰਸਿੱਧ ਹੋ ਗਿਆ।

     ਅਪ੍ਰੈਲ 1889 ਵਿਚ, ਚੰਦਾ ਸਿੰਘ ਗੁਰਦਾਸਪੁਰ ਜ਼ਿਲੇ ਦੇ ਪਿੰਡ ਭੂਰਾ ਡੱਲਾ ਦੇ ਭਾਈ ਉੱਤਮ ਸਿੰਘ ਦੀ ਲੜਕੀ ਵੇਦ ਕੌਰ ਨਾਲ ਵਿਆਹਿਆ ਗਿਆ।ਉਸ ਸਮੇਂ ਇਹ ਸ਼ਾਦੀ ਮਹੱਤਵਪੂਰਨ ਸੀ। ਇਹ ਪੂਰਨ ਤੌਰ ਤੇ ਸਿੱਖ ਰੀਤੀ-ਰਿਵਾਜ ਅਨੁਸਾਰ ਕੀਤੀ ਗਈ ਸੀ ਕਿਉਂਕਿ ਲੜਕੀ ਦਾ ਪਿਤਾ ਸਿੰਘ ਸਭਾ ਦਾ ਤਕੜਾ ਸਰਗਰਮ ਮੈਂਬਰ ਸੀ। ਉਸਨੇ ਗੁਰੂ ਗ੍ਰੰਥ ਸਾਹਿਬ ਅੱਗੇ ਪਰਚੀਆਂ ਪਾ ਕੇ ਸੱਤ ਨੌਜਵਾਨਾਂ ਵਿਚੋਂ ਚੰਦਾ ਸਿੰਘ ਨੂੰ ਚੁਣਿਆ ਸੀ। ਉਸਨੇ ਖ਼ੁਸ਼ੀ ਨਾਲ ਇਸ ਚੋਣ ਨੂੰ ਪ੍ਰਵਾਨ ਕੀਤਾ ਭਾਵੇਂ ਕਿ ਲਾੜਾ ਸੂਰਦਾਸ (ਅੰਨ੍ਹਾ) ਸੀ। ਚੰਦਾ ਸਿੰਘ ਨੂੰ ਅਨੰਦ ਕਾਰਜ ਤੋਂ ਪਹਿਲਾਂ ਅੰਮ੍ਰਿਤ ਛਕਾਇਆ ਗਿਆ ਸੀ।

     ਸਿੰਘ ਸਭਾ ਪਰਵਾਰ ਵਿਚ ਵਿਆਹ ਕਰਵਾਉਣ ਨਾਲ ਚੰਦਾ ਸਿੰਘ ਸਿੱਖ ਸਮਾਜ ਵਿਚ ਪ੍ਰਸਿੱਧ ਹੋ ਗਿਆ ਸੀ। ਇਹ ਸਿਰਸੇ ਤੋਂ ਬਦਲ ਕੇ ਫ਼ਿਰੋਜ਼ਪੁਰ ਚੱਲਾ ਗਿਆ ਜਿੱਥੇ ਇਸਨੇ ਸਿੰਘ ਸਭਾ ਦੇ ਕਾਰਜਾਂ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸਨੇ ਅਤੇ ਗਿਆਨੀ ਦਿੱਤ ਸਿੰਘ ਨੇ ਖ਼ਾਲਸਾ ਦੀਵਾਨ ਦੇ ਉਦੋਂ ਦੇ ਕਾਰਜਕਾਰੀ ਪ੍ਰਧਾਨ ਧਰਮ ਸਿੰਘ ਘਰਜਾਖ ਦੀ ਨਿੱਜੀ ਰੂਪ ਵਿਚ ਸਹਾਇਤਾ ਕੀਤੀ। 1890ਵਿਚ, ਇਸਨੂੰ ਖ਼ਾਲਸਾ ਕਾਲਜ ਸਥਾਪਕ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਅਤੇ ਦੋ ਸਾਲ ਪਿੱਛੋਂ ਇਹ ਖ਼ਾਲਸਾ ਦੀਵਾਨ , ਲਾਹੌਰ ਅਤੇ ਖ਼ਾਲਸਾ ਕਾਲਜ ਕੌਂਸਲ ਦੀ ਕਾਰਜਕਾਰਨੀ ਕਮੇਟੀ ਦਾ ਮੈਂਬਰ ਬਣਾਇਆ ਗਿਆ। ਇਹ ਕਈ ਸਾਲਾਂ ਤਕ ਫ਼ਿਰੋਜ਼ਪੁਰ ਸਿੰਘ ਸਭਾ ਦਾ ਪ੍ਰਧਾਨ ਵੀ ਰਿਹਾ। ਦਸੰਬਰ 1893 ਵਿਚ, ਇਸਨੇ ਲਾਹੌਰ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਲਾਨਾ ਸਮਾਗਮ ਵਿਚ ਇਕ ਡੈਲੀਗੇਟ ਦੇ ਤੌਰ ਤੇ ਹਿੱਸਾ ਲਿਆ, ਜਿਸ ਵਿਚ ਸ਼ਾਮਲ ਹੋਣ ਤੋਂ ਖ਼ਾਲਸਾ ਦੀਵਾਨ ਲਾਹੌਰ ਨੇ ਇਕ ਮਤੇ ਰਾਹੀਂ ਆਪਣੇ ਮੈਬਰਾਂ ਨੂੰ ਮਨਾ ਕੀਤਾ ਗਿਆ ਸੀ। ਬਾਅਦ ਵਿਚ, ਇਸਨੇ ਦੋ ਸਿੱਖ ਸਭਾਵਾਂ ਚੀਫ਼ ਖ਼ਾਲਸਾ ਦੀਵਾਨ ਅਤੇ ਸਿੱਖ ਵਿੱਦਿਅਕ ਕਾਨਫਰੰਸ ਵਿਚ ਵਧ ਚੜ ਕੇ ਹਿੱਸਾ ਲਿਆ। ਜੈਤੋ ਮੋਰਚੇ ਦੌਰਾਨ, ਇਸਨੇ ਸਵੈ-ਸੇਵਕ ਅਕਾਲੀ ਜਥੇ ਦੀ ਅਗਵਾਈ ਕੀਤੀ ਅਤੇ ਗ੍ਰਿਫ਼ਤਾਰੀ ਦਿੱਤੀ ਸੀ।

     4 ਮਈ 1930 ਨੂੰ ਚੰਦਾ ਸਿੰਘ ਅਕਾਲ ਚਲਾਣਾ ਕਰ ਗਿਆ। ਇਸਦੇ ਕੋਈ ਪੁੱਤਰ ਨਹੀਂ ਸੀ, ਅਤੇ ਇਸਦੀ ਇਕਲੌਤੀ ਪੁੱਤਰੀ ਇਸ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਈ ਸੀ। ਇਸਨੇ ਆਪਣਾ ਘਰ , ਜ਼ਮੀਨ ਅਤੇ ਜਾਇਦਾਦ ਸ੍ਰੀ ਗੁਰੂ ਸਿੰਘ ਸਭਾ, ਫ਼ਿਰੋਜ਼ਪੁਰ ਨੂੰ ਸਪੁਰਦ ਕਰ ਦਿੱਤੀ। ਜਿਵੇਂ ਕਿ ਇਸਦੀ ਇੱਛਾ ਸੀ, ਇਸਦੇ ਘਰ ਨੂੰ ਗੁਰਦੁਆਰਾ ਬਣਾਇਆ ਗਿਆ, ਜਿਹੜਾ ਅੱਜ-ਕੱਲ੍ਹ ‘‘ਗੁਰਦੁਆਰਾ ਅਕਾਲਗੜ੍ਹ`` ਦੇ ਨਾਂ ਵਜੋਂ ਜਾਣਿਆ ਜਾਂਦਾ ਹੈ।


ਲੇਖਕ : ਜ.ਜ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚੰਦਾ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੰਦਾ ਸਿੰਘ : ਪੰਜਾਬ ਦੇ ਇਸ ਕਵੀ ਨੇ ਨਾਮਧਾਰੀ ਸੰਪ੍ਰਦਾਇ ਦੇ ਬਾਨੀ ਬਾਬਾ ਰਾਮ ਸਿੰਘ ਦੇ ਜਲਾਵਤਨ ਹੋਣ ਤੇ ਇਕ ਬਾਰਾਮਾਹ ਲਿਖਿਆ ਸੀ ਜੋ ਦੋਹਰਾ ਚੌਪਈ ਸ਼ੈਲੀ ਵਿਚ ਹੈ। ਇਸ ਵਿਚ ਬਾਬਾ ਰਾਮ ਸਿੰਘ ਦੇ ਆਚਰਣ, ਨਿਤ ਕਰਮ ਤੇ ਉਨ੍ਹਾਂ ਦੇ ਸੇਵਕਾਂ ਦੀ ਸ਼ਰਧਾ ਨੂੰ ਬੜੇ ਸੁਹਣੇ ਢੰਗ ਨਾਲ ਚਿਤਰਿਆ ਹੈ। ਇਹ ਰਚਨਾ 1872 ਦੀ ਹੈ। ਇਸ ਰਚਨਾ ਵਿਚ ਅੰਗਰੇਜ਼ਾਂ ਦੀ ਵਧੀਕੀ ਤੇ ਰੂਸ ਵੱਲੋਂ ਹੋ ਰਹੇ ਹਮਲੇ ਦਾ ਖ਼ਤਰਾ ਦਰਸਾਇਆ ਗਿਆ ਹੈ। ਇਸ ਵਿਚ ਚੌਪਈ ਦੀਆਂ ਚਾਰ ਜਾਂ ਵਧੀਕ ਤੁਕਾਂ ਦੇ ਪਿੱਛੇ ਇਕ ਛੋਟੀ ਜਿਹੀ ਵਾਧੂ ਤੁਕ ਲਾਈ ਹੋਈ ਹੈ।

          ਹ. ਪੁ.––ਪੰ. ਸਾ. ਇ.––ਭਾ. ਵਿ. ਪੰ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਚੰਦਾ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੰਦਾ ਸਿੰਘ : ਇਹ ਪੰਜਾਬ (ਭਾਰਤ) ਦਾ ਵਸਨੀਕ ਸੀ। ਇਸ ਨੇ ਨਨਕਾਣਾ ਸਾਹਿਬ ਦੇ ਮੋਰਚੇ ਵਿਚ ਹਿੱਸਾ ਲਿਆ ਸੀ। ਸੰਨ 1921 ਵਿਚ ਨਨਕਾਣਾ ਸਾਹਿਬ ਵਿਖੇ ਪੁਲਿਸ ਦੁਆਰਾ ਕੀਤੀ ਗਈ ਫ਼ਾਇਰਿੰਗ ਵਿਚ ਇਹ ਸ਼ਹੀਦ ਹੋ ਗਿਆ।

          ਹ. ਪੁ.––ਹੂ. ਇੰਡੀ. ਮਾਰ. 1 : 64


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਚੰਦਾ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚੰਦਾ ਸਿੰਘ : ਚੰਦਾ ਸਿੰਘ ਪੋਲੋ ਦਾ ਸੰਸਾਰ ਪ੍ਰਸਿੱਧ ਖਿਡਾਰੀ ਸੀ। ਇਸ ਨੂੰ ਪਟਿਆਲਾ ਦੇ ਮਹਾਰਾਜਾ ਰਾਜਿੰਦਰ ਸਿੰਘ ਨੇ ਪੋਲੋ ਖੇਡਣ ਲਈ ਉਤਸ਼ਾਹਿਤ ਕੀਤਾ। ਇਸ ਦੀ ਸਹਾਇਤਾ ਨਾਲ ਪਟਿਆਲਾ ਦੀ ਟੀਮ ਨੇ ਤਿੰਨ ਵਾਰ (1896-98) ਸ਼ਿਮਲਾ ਵਿਖੇ ਥਰੋਸਫਰੈਂਡ ਕੱਪ ਜਿੱਤਿਆ। ਸੰਨ 1898 ਵਿਚ ਹੀ ਇਸ ਨੇ ਜੋਧਪੁਰ ਦੀ ਤਕੜੀ ਟੀਮ ਵਿਰੁੱਧ ਪਟਿਆਲਾ ਟੀਮ ਨੂੰ ਜਿਤਾਇਆ। ਫਰਾਂਸ ਦੇ ਕਾਉਂਟ ਜੀਨ-ਡੀ. ਮੈਡਰ ਨੇ ਆਪਣੀ ਟੀਮ ‘ਦੀ ਟਾਈਗਰਜ਼’ ਵਿਚ ਚੰਦਾ ਸਿੰਘ ਨੂੰ ਸ਼ਾਮਲ ਕੀਤਾ ਜਿਸ ਨਾਲ ਇਸ ਟੀਮ ਨੇ ਯੂਰਪ ਦੇ ਕਈ ਵੱਡੇ ਵੱਡੇ ਟੂਰਨਾਮੈਂਟਾਂ ਵਿਚ ਜਿੱਤ ਪ੍ਰਾਪਤ ਕੀਤੀ। ਸਪੇਨ ਦੇ ਬਾਦਸ਼ਾਹ ਐਲਫ਼ਾਂਸੋ ਨੇ ਵੀ ਇਸ ਨੂੰ ਆਪਣੇ ਦੇਸ਼ ਦੀ ਟੀਮ ਵਿਚ ਸ਼ਾਮਲ ਕੀਤਾ। ਪੋਲੋ ਵਿਚ ਇਸ ਨੂੰ ਸਦਾ ਵਡਿਆਈ ਮਿਲਦੀ ਰਹੀ ਅਤੇ ਇਸ ਨੂੰ ਅਮਰੀਕਾ ਦੀਆਂ ਦੰਦ ਕਥਾਵਾਂ ਦੇ ਨਾਇਕ ਮਿਲਬਰਨ ਨਾਲ ਤੁਲਨਾ ਦਿੱਤੀ ਜਾਂਦੀ ਹੈ। ਚੰਦਾ ਸਿੰਘ ਦੀ ਸਹਾਇਤਾ ਨਾਲ ਬਰਤਾਨੀਆ ਦੀ ਟੀਮ ਨੇ ਅਮਰੀਕਨ ਟੀਮ ਨੂੰ ਹਰਾਇਆ ਅਤੇ ਬਰਤਾਨੀਆ ਦੇ ਅਖਬਾਰਾਂ ਤੋਂ ਪ੍ਰਸੰਸਾ ਪ੍ਰਾਪਤ ਕੀਤੀ। ਸੰਨ 1958 ਤਕ ਇਹ ਪੋਲੋ ਖੇਡਦਾ ਰਿਹਾ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-03-14-35, ਹਵਾਲੇ/ਟਿੱਪਣੀਆਂ: ਹ. ਪੁ. –ਹੂ ਜ਼ ਹੂ.-1990-1980

ਚੰਦਾ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚੰਦਾ ਸਿੰਘ (ਵੀ. ਚ.) : ਲਾਂਸ-ਨਾਇਕ ਚੰਦਾ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੀ ਬਰਨਾਲਾ ਤਹਿਸੀਲ ਦੇ ਪਿੰਡ ਸਹਿਜੜੇ ਵਿਖੇ ਸ. ਸੋਹਨ ਸਿੰਘ ਦੇ ਘਰ 15 ਜੁਲਾਈ, 1921 ਨੂੰ ਹੋਇਆ। ਮੁੱਢਲੀ ਸਿਖਿਆ ਪ੍ਰਾਪਤ ਕਰਨ ਪਿੱਛੋਂ ਇਹ 16 ਜੁਲਾਈ, 1939 ਨੂੰ ਪਹਿਲੀ ਰਿਆਸਤੀ ਫ਼ੌਜ ਪਟਿਆਲਾ ਜੋ ਬਾਅਦ ਵਿਚ 15 ਪੰਜਾਬ (ਪਟਿਆਲਾ) ਬਣੀ ਵਿਚ ਭਰਤੀ ਹੋ ਗਿਆ। ਛੇਤੀ ਹੀ ਇਸ ਪਲਟਨ ਨੂੰ ਦੂਜੇ ਮਹਾਂ ਯੁੱਧ ਵਿਚ ਬਰਮਾ ਅਤੇ ਜਾਵਾ ਖੇਤਰਾਂ ਵਿਚ ਭਾਗ ਲੈਣਾ ਪਿਆ। ਛੇ ਸਾਲ ਬਾਅਦ ਇਹ ਬਦੋਸ਼ੋਂ ਪਰਤ ਕੇ ਆਇਆ ਹੀ ਸੀ ਕਿ ਕਸ਼ਮੀਰ ਦਾ ਯੁੱਧ ਸ਼ੁਰੂ ਹੋ ਗਿਆ।

23 ਮਈ, 1948 ਨੂੰ ਲਾਂਸ ਨਾਇਕ ਚੰਦਾ ਸਿੰਘ ਜ਼ੋਜਿਲਾ ਦੱਰਾ ਨੇੜੇ ਮਛੋਈ ਨਾਂ ਦੀ ਥਾਂ ਤੇ ਪਲਾਟੂਨ ਦੀ ਟੋਹ ਪਟਰੋਲ ਦੇ ਅਗਲੇਰੇ ਸੈਕਸ਼ਨ ਦੀ ਕਮਾਨ ਕਰ ਰਿਹਾ ਸੀ ਕਿ ਦੂਸਰੇ ਪਾਸਿਓਂ ਦੁਸ਼ਮਣ ਨੇ ਅਚਾਨਕ ਮਸ਼ੀਨਗਨਾਂ ਤੇ ਸਵੈ-ਚਾਲਤ ਹਥਿਆਰਾਂ ਦੀ ਭਰਵੀਂ ਮਾਰ ਸ਼ੁਰੂ ਕਰ ਦਿੱਤੀ। ਇਸ ਅਚਾਨਕ ਹੋਏ ਹਮਲੇ ਵਿਚ ਇਸ ਦਾ ਤਕਰੀਬਨ ਅੱਧਾ ਸੈਕਸ਼ਨ ਮਾਰਿਆ ਗਿਆ ਜਾਂ ਜ਼ਖ਼ਮੀ ਹੋ ਗਿਆ। ਇਸ ਨੇ ਆਪਣੇ ਜਖ਼ਮੀਆਂ ਨੂੰ ਸੰਭਾਲਿਾ, ਸ਼ਹੀਦਾਂ ਤੇ ਜ਼ਖ਼ਮੀਆਂ ਦੇ ਹਥਿਆਰ ਤੇ ਗੋਲਾ ਬਾਰੂਦ ਇਕੱਠਾ ਕੀਤਾ ਤੇ ਬਾਕੀ ਬਚੇ ਸੈਕਸ਼ਨ ਨੂੰ ਮੁੜ ਜਥੇਬੰਦ ਕੀਤਾ ਤੇ ਨਾਲੋ ਨਾਲ ਓਟ ਲੈ ਕੇ ਦੁਸ਼ਮਣ ਦੀ ਗੋਲਾਬਾਰੀ ਦਾ ਜਵਾਬ ਵੀ ਦਿੰਦਾ ਰਿਹਾ ਅਤੇ ਦੁਸ਼ਮਨ ਦੇ ਹਮਲੇ ਨੂੰ ਰੋਕੀ ਰੱਖਿਆ। ਬੇਸ਼ਕ ਇਸ ਸੈਕਸ਼ਨ ਦੇ ਜੁਆਨਾਂ ਦੀ ਗਿਣਤੀ ਥੋੜ੍ਹੀ ਸੀ ਪਰ ਫ਼ਿਰ ਵੀ ਇਹ ਹੋਰ ਕੁਮਕ ਪਹੁੰਚਣ ਤਕ ਦੁਸ਼ਮਣ ਨੂੰ ਰੋਕਣ ਵਿਚ ਕਾਮਯਾਬ ਰਿਹਾ। ਸ਼ਾਮ ਦੇ ਸਾਢੇ ਪੰਜ ਵਜੇ ਜਦ ਬਾਕੀ ਕੰਪਨੀ ਪਹੁੰਚ ਗਈ ਤਾਂ ਲਾਂਸ ਨਾਇਕ ਚੰਦਾ ਸਿੰਘ ਨੇ ਆਪਣੇ ਅਫ਼ਸਰ ਨੂੰ ਸਾਰੇ ਹਾਲਾਤ ਦਾ ਜਾਇਜ਼ਾ ਦਿੱਤਾ ਤੇ ਹਮਲੇ ਲਈ ਤਜਵੀਜ਼ ਵੀ ਦਿੱਤੀ। ਇਕ ਮੁਸ਼ਕਲ ਥਾਂ ਤੇ ਬੈਠੇ ਸਨਾਈਪਰ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ ਇਸ ਨੇ ਆਪ ਲਈ। ਚੰਦਾ ਸਿੰਘ ਦੀ ਅਗਵਾਈ ਕਾਰਨ ਕੰਪਨੀ ਦਾ ਹਮਲਾ ਸਫ਼ਲ ਹੋਇਆ ਅਤੇ ਦੁਸ਼ਮਣ ਦੀ ਸਨਾਈਪਰ ਚੌਕੀ ਨੂੰ ਇਸ ਨੇ ਖ਼ੁਦ ਖਤਮ ਕਰ ਕੇ ਕਈ ਸਾਥੀ ਸੈਨਿਕਾਂ ਦੀਆਂ ਜਾਨਾਂ ਬਚਾਈਆਂ।

ਇਸ ਅਦਭੁਤ ਬਹਾਦਰੀ ਤੇ ਉੱਤਮ ਅਗਵਾਈ ਸਦਕਾ ਇਸ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ।


ਲੇਖਕ : –ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-03-16-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.