ਛੇਹਰਟਾ ਸਾਹਿਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਛੇਹਰਟਾ ਸਾਹਿਬ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਧਰਮ-ਧਾਮ ਜਿਸ ਦਾ ਸੰਬੰਧ ਗੁਰੂ ਅਰਜਨ ਦੇਵ ਜੀ ਨਾਲ ਹੈ। ਗੁਰੂ ਅਰਜਨ ਦੇਵ ਜੀ ਨੇ ਵਡਾਲੀ ਪਿੰਡ ਨੇੜੇ ਇਕ ਵੱਡਾ ਖੂਹ ਪੁਟਵਾਇਆ ਤਾਂ ਜੋ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਹੂਲਤ ਹੋ ਸਕੇ। ਇਸ ਖੂਹ ਉਤੇ ਛੇ ਹਰਟ ਚਲਦੇ ਸਨ। ਛੇ ਹਰਟਾਂ ਦੇ ਚਲਣ ਕਾਰਣ ਇਸ ਖੂਹ ਨੂੰ ‘ਛੇਹਰਟਾ’ ਕਿਹਾ ਜਾਣ ਲਗਾ। ਕਾਲਾਂਤਰ ਵਿਚ ਇਥੇ ਗੁਰੂ ਸਾਹਿਬ ਦੀ ਯਾਦ ਵਿਚ ਬਣੇ ਗੁਰੂ-ਧਾਮ ਅਤੇ ਵਸੋਂ ਨੂੰ ਵੀ ‘ਛੇਹਰਟਾ’ ਨਾਂ ਦਿੱਤਾ ਜਾਣ ਲਗਾ। ਇਥੇ ਹਰ ਮਹੀਨੇ ਦੇ ਚਾਨਣੇ ਪੱਖ ਦੀ ਪੰਚਮੀ ਨੂੰ ਬਹੁਤ ਸੰਗਤ ਜੁੜਦੀ ਹੈ, ਪਰ ਮਾਘ ਸੁਦੀ ਪੰਚਮੀ ਦੀ ਬਹੁਤ ਮਾਨਤਾ ਕਾਰਣ ਉਸ ਦਿਨ ਇਥੇ ਬਹੁਤ ਭਾਰੀ ਮੇਲਾ ਲਗਦਾ ਹੈ ਜਿਸ ਵਿਚ ਸ਼ਾਮਲ ਹੋਣ ਲਈ ਦੂਰ ਦੂਰ ਤੋਂ ਲੋਕੀਂ ਅਤੇ ਸ਼ਰਧਾਲੂ ਆਉਂਦੇ ਹਨ। ਇਕ ਮਾਨਤਾ ਅਨੁਸਾਰ ਛੇ ਹਰਟਾਂ ਵਾਲਾ ਖੂਹ ਪੁਟਵਾਉਣ ਪਿਛੇ (ਗੁਰੂ) ਹਰਿਗੋਬਿੰਦ ਦੇ ਜਨਮ ਦਾ ਪਿਛੋਕੜ ਵੀ ਕੰਮ ਕਰ ਰਿਹਾ ਹੈ ਕਿਉਂਕਿ ਇਸੇ ਬਾਲਕ ਨੇ ਛੇਵੇਂ ਗੁਰੂ ਵਜੋਂ ਸੁਸ਼ੋਭਿਤ ਹੋਣਾ ਸੀ

            ਇਸ ਗੁਰਦੁਆਰੇ ਦੀ ਇਮਾਰਤ ਵਿਚ ਸਮੇਂ ਸਮੇਂ ਵਾਧਾ ਹੁੰਦਾ ਰਿਹਾ ਹੈ। ਸੁੰਦਰ ਸਰੋਵਰ ਵੀ ਬਣਿਆ ਹੋਇਆ ਹੈ। ਇਹ ਗੁਰੂ-ਧਾਮ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ‘ਵਡਾਲੀ ਗੁਰੂ ਕੀ ’ (ਵੇਖੋ) ਵਾਲੀ ਕਮੇਟੀ ਹੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.