ਛੰਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਛੰਤ: ਛੰਤ ਛੰਦ ਦੀ ਕਿਸਮ ਨਹੀਂ ਕਾਵਿ ਦਾ ਇੱਕ ਰੂਪਾਕਾਰ ਹੈ ਭਾਵੇਂ ਛੰਦ ਤੇ ਛੰਤ ਇੱਕੋ ਸ਼ਬਦ ਦੇ ਹੀ ਦੋ ਰੂਪਾਂਤਰ ਪ੍ਰਤੀਤ ਹੁੰਦੇ ਹਨ। ਛੰਤ ਨੂੰ ਗੁਰੂ ਕਵੀਆਂ ਨੇ ਵਿਸ਼ਿਸ਼ਟ ਸਾਹਿਤ ਵਿੱਚ ਆਦਰ-ਯੋਗ ਥਾਂ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਈ ਪਦਾਂ ਦਾ ਸਿਰਲੇਖ ਛੰਤ ਹੈ। ਉਹਨਾਂ ਦੇ ਇਸ ਤਰ੍ਹਾਂ ਕਰਨ ਦਾ ਕਾਰਨ ਇਹ ਸੀ ਕਿ ਛੰਤ ਮੱਧ-ਕਾਲ ਦੇ ਲੋਕ-ਕਾਵਿ ਵਿੱਚ ਲੋਕ-ਪ੍ਰਿਆ ਰੂਪਾਕਾਰ ਸੀ, ਜਿਸ ਦਾ ਲਾਭ ਉਠਾ ਕੇ ਗੁਰੂਆਂ ਨੇ ਆਪਣੇ ਵਿਚਾਰਾਂ ਦਾ ਸਫਲ ਸੰਚਾਰ ਕੀਤਾ। ਮੂਲ ਰੂਪ ਵਿੱਚ ਛੰਤ ਮੰਗਲਮਈ ਅਨੁਸ਼ਠਾਨਕ ਗੀਤ ਹੈ। ਗੁਰੂ ਅਮਰਦਾਸ ਨੇ ਬਿਲਾਵਲ ਰਾਗ ਦੇ ਇੱਕ ਛੰਤ ਦੇ ਸਿਰਲੇਖ ਨਾਲ ਮੰਗਲ ਦਾ ਉਪ ਸਿਰਲੇਖ ਅੰਕਿਤ ਕਰ ਕੇ ਇਸ ਤੱਥ ਨੂੰ ਸਾਫ਼ ਕਰ ਦਿੱਤਾ ਹੈ।

     ਮੂਲ ਰੂਪ ਵਿੱਚ ਛੰਤ ਵਿੱਚ ਕਿਸ ਦਾ ਮੰਗਲ ਜਾਂ ਮਹਿਮਾ ਹੋਵੇਗੀ, ਇਸ ਬਾਰੇ ਅਨੁਮਾਨ ਹੀ ਸੰਭਵ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਛੰਤਾਂ ਬਿਨਾਂ ਇਸ ਰੂਪਾਕਾਰ ਵਿੱਚ ਹੋਰ ਕੋਈ ਪ੍ਰਮਾਣਿਕ ਪੁਰਾਤਨ ਰਚਨਾ ਪ੍ਰਾਪਤ ਨਹੀਂ। ਹੋ ਸਕਦਾ ਹੈ ਕਿ ਕਿਸੇ ਸਮੇਂ ਛੰਤ ਦੇ ਮੰਗਲ ਗਾਣ ਵਿੱਚ ਕਿਸੇ ਦੇਵੀ ਦੇਵਤੇ ਦੀ ਉਸਤਤਿ ਗਾਈ ਜਾਂਦੀ ਹੋਵੇ। ਸਮੇਂ ਦੇ ਬੀਤਣ ਨਾਲ ਇਸ ਨਾਲ ਵਿਆਹ ਵਿੱਚ ਲਾੜੇ ਦੀ ਉਸਤਤਿ ਗਾਏ ਜਾਣ ਦਾ ਅਨੁਮਾਨ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਲੌਕਿਕ ਸੰਦਰਭਾਂ ਨੂੰ ਦੈਵਿਕ ਮੋੜ ਦੇ ਦਿੱਤਾ ਗਿਆ ਹੈ। ਇਸ ਦੀ ਗੱਲ ਕਰਨ ਤੋਂ ਪਹਿਲਾਂ ਛੰਤ ਨੂੰ ਛੰਦ ਵਜੋਂ ਵਰਤਣ ਵਾਲੇ ਵਿਆਹ ਨਾਲ ਜੁੜੇ ਇੱਕ ਮਹੱਤਵਪੂਰਨ ਤੱਥ ਵੱਲ ਧਿਆਨ ਦੇਣ ਦੀ ਲੋੜ ਹੈ। ਵਿਆਹ ਸਮੇਂ ਕੁੜੀਆਂ ਲਾੜੇ ਨੂੰ ਛੰਦ ਸੁਣਾਉਣ ਨੂੰ ਆਖਦੀਆਂ ਹਨ ਤੇ ਲਾੜਾ ਕੁਝ ਇਸ ਪ੍ਰਕਾਰ ਦੇ ਛੰਦ ਸੁਣਾਉਂਦਾ ਹੈ :

ਛੰਦ ਪਰਾਗੇ ਆਈਏ ਜਾਈਏ ਛੰਦ ਦੇ ਅੱਗੇ ਕੇਸਰ

ਸੱਸ ਮੇਰੀ ਹੈ ਪਾਰਬਤੀ ਤੇ ਸਹੁਰਾ ਹੈ ਪਰਮੇਸ਼ਰ।

     ਇਸ ਤਰ੍ਹਾਂ ਉਹ ਆਪਣੇ ਸੱਸ ਸਹੁਰੇ ਦੀ ਪ੍ਰਸੰਸਾ ਭਾਂਤ-ਭਾਂਤ ਦੀਆਂ ਉਪਮਾਵਾਂ ਨਾਲ ਕਰਦਾ ਹੈ। ਇਸ ਉਪਮਾ ਦੇ ਘੇਰੇ ਵਿੱਚ ਸਹੁਰੇ ਪਰਿਵਾਰ ਦੇ ਹੋਰ ਜੀਅ ਵੀ ਆ ਸਕਦੇ ਹਨ। ਸਾਲੀਆਂ ਨਾਲ ਜੁੜੇ ਛੰਦਾਂ ਵਿੱਚ ਕਦੇ-ਕਦੇ ਰਤਾ ਕੁ ਸ਼ਰਾਰਤ ਤੇ ਛੇੜ ਵੀ ਹੁੰਦੀ ਹੈ। ਇਉਂ ਛੰਦ ਜਾਂ ਛੰਤ ਦਾ ਸੰਬੰਧ ਵਿਆਹ ਨਾਲ ਜੁੜਿਆ ਸਪਸ਼ਟ ਪਛਾਣਿਆ ਜਾ ਸਕਦਾ ਹੈ।

     ਗੁਰੂ ਗ੍ਰੰਥ ਸਾਹਿਬ ਵਿੱਚ ਵੀ ਛੰਤ ਨਾਲ ਬੀਜ ਰੂਪ ਵਿੱਚ ਜੁੜੇ ਵਿਆਹ ਦੇ ਰੂਪਕ ਨੂੰ ਪਿੱਠ-ਭੂਮੀ ਵਿੱਚੋਂ ਪਛਾਣਿਆ ਜਾ ਸਕਦਾ ਹੈ। ਗੁਰੂ ਸਾਹਿਬਾਨ ਅਰੂਪ ਬ੍ਰਹਮ ਦੀ ਉਸਤਤਿ ਛੰਤਾਂ ਵਿੱਚ ਕਰਦੇ ਹਨ। ਜੀਵ (ਮੈਂ) ਦੀ ਬ੍ਰਹਮ (ਤੂੰ) ਲਈ ਤੜਪ ਛੰਤਾਂ ਵਿੱਚ ਦਰਜ ਹੈ। ਛੰਤ ਦੀ ਸੰਰਚਨਾ ਦਾ ਸੁਭਾਅ ਸੰਬੋਧਨੀ ਹੁੰਦਾ ਹੈ। ਵਿਆਹ ਵਾਲੇ ਛੰਦ ਤਾਂ ਇਸ ਦੀ ਉਦਾਹਰਨ ਹਨ ਹੀ, ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸੂਹੀ ਵਿੱਚ ਦਰਜ ਗੁਰੂ ਨਾਨਕ ਦੇਵ ਦੇ ਛੰਤ ਦੀ ਇਹ ਤੁਕ ਵੀ ਇਸੇ ਪਾਸੇ ਸੰਕੇਤ ਕਰਦੀ ਹੈ :

ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ॥

ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ॥

ਵੀਵਾਹੁ ਹੋਆ ਸਭ ਸੇਤੀ ਪੰਚ ਸਬਦੀ ਆਇਆ॥

ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੇ ਲਾਇਆ॥

ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ॥

ਇਹ ਤਨੁ ਜਿਨ ਸਿਉ ਗਾਡਿਆ ਮਨ ਲੀਅੜਾ ਦੀਤਾ॥

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸ ਲਈਜੈ॥

ਜੇ ਗੁਣਿ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ॥

ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤ ਪੀਜੈ॥

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸ ਲਈਜੈ॥

ਦਾਨ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ॥

ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨਾ ਕੋਈ॥

     ਇਸ ਸੰਬੋਧਨੀ ਸੰਰਚਨਾ ਦੇ ਚਾਰ ਪਦਾਂ ਵਿੱਚੋਂ ਹਰ ਇੱਕ ਦੀਆਂ ਛੇ ਤੁਕਾਂ ਹਨ। ਦੋ ਦੋ ਤੁਕਾਂ ਦੇ ਤਿੰਨ ਜੁੱਟ ਹਨ। ਪਹਿਲੇ ਤੇ ਤੀਜੇ ਜੁੱਟ ਦਾ ਤੁਕਾਂਤ ਹਰ ਬੰਦ ਵਿੱਚ ਮਿਲਦਾ ਹੈ। ਹਰ ਪਦ ਦੀ ਪਹਿਲੀ ਸਤਰ ਪਦ ਦੇ ਅੰਤ ਵਿੱਚ ਅੰਤਰੇ ਵਾਂਗ ਦੁਹਰਾਈ ਗਈ ਹੈ। ਹਰ ਪਦ ਇੱਕ ਸੁੰਦਰ ਪ੍ਰਗੀਤ ਵਾਂਗ ਗਾਇਆ ਜਾ ਸਕਦਾ ਹੈ।

     ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਦੇ ਸੱਤ ਰਾਗਾਂ ਵਿੱਚ 24, ਗੁਰੂ ਅਮਰਦਾਸ ਦੇ ਚਾਰ ਰਾਗਾਂ ਵਿੱਚ 20, ਗੁਰੂ ਰਾਮਦਾਸ ਦੇ ਅੱਠ ਰਾਗਾਂ ਵਿੱਚ ਛੱਤੀ ਅਤੇ ਗੁਰੂ ਅਰਜਨ ਦੇਵ ਦੇ ਪੰਦਰਾਂ ਰਾਗਾਂ ਵਿੱਚ 62 ਛੰਤ ਦਰਜ ਹਨ। ਕੁਝ ਇੱਕ ਛੰਤਾਂ ਨੂੰ ਛੱਡ ਕੇ ਸਾਰੇ ਹੀ ਚਾਰ ਛੰਦਾਂ ਵਾਲੇ ਹਨ ਅਤੇ ਹਰ ਬੰਦ ਦੀਆਂ ਛੇ ਤੁਕਾਂ ਹਨ। ਕੁਝ ਇੱਕ ਖੁੱਲ੍ਹਾਂ ਦੇ ਬਾਵਜੂਦ ਗੁਰੂ ਅਮਰਦਾਸ ਤੇ ਗੁਰੂ ਅਰਜਨ ਦੇਵ ਨੇ ਇਸ ਨੇਮ ਨੂੰ ਖਾਸੀ ਕਰੜਾਈ ਨਾਲ ਨਿਭਾਇਆ ਹੈ ਜਦ ਕਿ ਗੁਰੂ ਨਾਨਕ ਦੇਵ ਤੇ ਗੁਰੂ ਰਾਮਦਾਸ ਨੇ ਇਸ ਪੱਖੋਂ ਵਧੇਰੇ ਲਚਕਦਾਰ ਨੀਤੀ ਅਪਣਾਈ ਹੈ।

     ਛੰਤਾਂ ਨੂੰ ਗੁਰੂ ਕਵੀਆਂ ਨੇ ਅਨੰਦ ਤੇ ਰਸ ਦਾ ਸੰਚਾਰ ਕਰਦੇ ਹੋਏ ਅਕਾਲ ਪੁਰਖ ਦੀ ਉਸਤਤਿ ਗਾਣ ਲਈ ਵਰਤਿਆ ਹੈ। ਰੱਬੀ ਸਿਫ਼ਤ ਸਲਾਹ ਦੇ ਇਹਨਾਂ ਛੰਤਾਂ ਵਿੱਚ ਰਹਾਉ ਦਾ ਅਭਾਵ ਹੈ। ਗੁਰੂਆਂ ਨੇ ਛੰਤਾਂ ਵਿੱਚ ਵਿਆਹ ਦੇ ਰੂਪਕ ਬਿੰਬ ਤੇ ਪ੍ਰਤੀਕ ਭਰਪੂਰ ਰੂਪ ਵਿੱਚ ਵਰਤੇ ਹਨ। ਗੁਰੂ ਕਵੀ ਵਿਆਹ ਨਾਲ ਜੁੜੇ ਲੌਕਿਕ ਅਨੰਦ ਦੇ ਮਾਹੌਲ ਨੂੰ ਸਦੀਵੀ ਅਨੰਦ ਦੀ ਪ੍ਰਾਪਤੀ ਵਾਲੇ ਮਾਹੌਲ ਵਿੱਚ ਵਟਾਉਣ ਲਈ ਯਤਨ ਕਰਦੇ ਹਨ। ਪਾਠਕ ਦੇ ਨਿਜ ਨਾਲ ਜੁੜੇ ਜਜ਼ਬਾਤੀ ਜਾਂ ਇੰਦਰਿਆਵੀ ਹਾਵ ਭਾਵ ਨਾਲ ਨਾਤਾ ਜੋੜ ਕੇ ਉਸ ਨੂੰ ਆਪਣੇ ਮਿਥੇ ਹੋਏ ਵਿਸ਼ੇ ਜਾਂ ਵਿਚਾਰ ਵੱਲ ਤੋਰਨ ਲਈ ਪਾਠਕ ਦੀ ਪਰੰਪਰਾ ਨਾਲ ਨਾਤਾ ਜੋੜਨ ਦੀ ਗੁਰੂਆਂ ਦੀ ਕਲਾ ਕੁਸ਼ਲਤਾ ਦੇ ਦਰਸ਼ਨ ਛੰਤਾਂ ਵਿੱਚ ਕੀਤੇ ਜਾ ਸਕਦੇ ਹਨ।

     ਮਰਦ ਤੇ ਔਰਤ ਦੀ ਪਰਸਪਰ ਖਿੱਚ ਤੇ ਪ੍ਰੇਮ ਹਰ ਦੇਸ ਕਾਲ ਦਾ ਪ੍ਰਕਿਰਤਿਕ ਤੇ ਸਹਿਜ ਸੱਚ ਹੈ। ਇਸ ਨਾਲ ਜੁੜੀ ਸ਼ਿੱਦਤ ਤੇ ਦੁੱਖ-ਸੁੱਖ ਹਰ ਵਿਅਕਤੀ ਦੇ ਹਿੱਸੇ ਆਪਣੇ ਰੰਗ ਵਿੱਚ ਆਉਂਦਾ ਹੈ। ਇਸ ਰੰਗ ਵਿੱਚ ਸਹਿਜ ਪ੍ਰਕਿਰਤਿਕ ਵਰਤਾਰੇ ਨਾਲ ਜੁੜੇ ਅਨਿਕ ਰੰਗੀ ਅਨੁਭਵ ਨੂੰ ਅਧਿਆਤਮਿਕ ਤੜਪ ਵਿੱਚ ਤਬਦੀਲ ਕਰਨ ਦਾ ਕਾਰਜ ਗੁਰੂਆਂ ਨੇ ਛੰਤ ਕਾਵਿ ਵਿੱਚ ਕੀਤਾ ਹੈ।

     ਗੁਰੂ ਕਵੀਆਂ ਨੇ ਛੰਤ ਨੂੰ ਕਈ ਪ੍ਰਕਾਰ ਨਾਲ ਵਰਤਿਆ ਹੈ। ਪਹਿਲੀ ਕਿਸਮ ਹੈ ਨਿਰੋਲ ਛੰਤ। ਦੂਜੀ ਕਿਸਮ ਉਹ ਹੈ ਜਿਸ ਵਿੱਚ ਛੰਤ ਦੇ ਅਰੰਭ ਵਿੱਚ ਇੱਕ ਸਲੋਕ ਲਿਖਿਆ ਗਿਆ ਹੈ। ਤੀਜੀ ਕਿਸਮ ਵਿੱਚ ਉਹ ਛੰਤ ਹਨ ਜਿਨ੍ਹਾਂ ਵਿੱਚ ਹਰ ਬੰਦ ਦੇ ਹੀ ਅਰੰਭ ਵਿੱਚ ਇੱਕ ਸਲੋਕ ਹੈ। ਸਲੋਕ ਆਪਣੇ-ਆਪ ਵਿੱਚ ਇੱਕ ਸੁਤੰਤਰ ਕਾਵਿ-ਰੂਪਾਕਾਰ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਗੁਰੂਆਂ ਨੇ ਛੰਤ ਨੂੰ ਸੁਤੰਤਰ ਕਾਵਿ-ਰੂਪਾਕਾਰ ਵਜੋਂ ਹੀ ਵਰਤਿਆ ਹੈ ਤੇ ਮਿਸ਼ਰਤਿ ਕਾਵਿ-ਰੂਪਾਕਾਰ ਦੀ ਸਿਰਜਣਾ ਵਾਸਤੇ ਵੀ।


ਲੇਖਕ : ਕੁਲਦੀਪ ਸਿੰਘ ਧੀਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 17012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਛੰਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੰਤ. ਸੰ. छन्द —ਛੰਦ. ਪਦਕਾਵ੍ਯ ਦਾ ਨਾਮ “ਛੰਦ” ਹੈ. ਇਸ ਸਿਰਲੇਖ ਹੇਠ ਅਨੇਕ ਜਾਤੀਆਂ ਦੇ ਛੰਦ ਗੁਰਬਾਣੀ ਵਿੱਚ ਪਾਏ ਜਾਂਦੇ ਹਨ, ਪਰ ਸਿਰਲੇਖ ਕੇਵਲ ਛੰਤ ਹੋਇਆ ਕਰਦਾ ਹੈ, ਯਥਾ—

(੧) ਹੁੱਲਾਸ ਦਾ ਭੇਦ ਰੂਪ ਛੰਤ (ਛੰਦ)—

ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ,

ਚਾਖਿਅੜਾ ਚਾਖਿਅੜਾ ਮੈ ਹਰਿਰਸੁ ਮੀਠਾ ਰਾਮ,—

ਹਰਿਰਸੁ ਮੀਠਾ ਮਨ ਮਹਿ ਵੂਠਾ

ਸਤਿਗੁਰੁ ਤੂਠਾ ਸਹਜੁ ਭਇਆ।1

ਗ੍ਰਿਹੁ ਵਸਿ ਆਇਆ ਮੰਗਲੁ ਗਾਇਆ।2

ਪੰਚ ਦੁਸ੍ਟ ਓਇ ਭਾਗਿ ਗਇਆ।3

ਸੀਤਲ ਆਘਾਣੇ ਅੰਮ੍ਰਿਤਬਾਣੇ

ਸਾਜਨ ਸੰਤ ਬਸੀਠਾ,

ਕਹੁ ਨਾਨਕ ਹਰਿ ਸਿਉ ਮਨੁ

ਮਾਨਿਆ ਸੋ ਪ੍ਰਭੁ ਨੈਣੀ ਡੀਠਾ.

(ਆਸਾ ਛੰਤ ਮ: ੫)

(੨) ਸੁਗੀਤਿਕਾ ਦਾ ਇੱਕ ਭੇਦ ਆਸਾ ਰਾਗ ਦੇ ਛੰਤਾਂ ਵਿੱਚ ਦੇਖੀਦਾ ਹੈ. ਪੁ੍ਰਤਿ ਚਰਣ ੨੫ ਮਾਤ੍ਰਾ, ੧੫—੧੦ ਪੁਰ ਵਿਸ਼੍ਰਾਮ, ਅੰਤ ਦੋ ਗੁਰੁ.

ਉਦਾਹਰਣ—

ਹਰਿ ਅੰਮ੍ਰਿਤ ਭਿੰਨੇ ਲੋਇਣਾ,

ਮਨੁ ਪ੍ਰੇਮ ਰਤੰਨਾ,

ਮਨੁ ਰਾਮਕਸਵਟੀ ਲਾਇਆ.

ਕੰਚਨੁ ਸੋਵਿੰਨਾ. xxx

(ਆਸਾ ਛੰਤ ਮ: ੪)

“ਕਹੁ ਨਾਨਕ ਛੰਤ ਗੋਬਿੰਦ ਹਰਿ ਕੇ.”

(ਆਸਾ ਛੰਤ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੰਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਛੰਤ: ਇਹ ਸੰਸਕ੍ਰਿਤ ਦੇ ‘ਛੰਦਸੑ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਤਤਾਪਰਜ ਹੈ ਮਾਤ੍ਰਾ, ਵਰਣ , ਯਤੀ ਆਦਿ ਦੇ ਨਿਯਮਾਂ ਨਾਲ ਯੁਕਤ ਵਾਕ। ਲੋਕ-ਜੀਵਨ ਵਿਚ ਇਸ ਦੀ ਵਰਤੋਂ ਉਨ੍ਹਾਂ ਲੋਕ-ਗੀਤਾਂ ਲਈ ਹੁੰਦੀ ਹੈ ਜੋ ਵਿਆਹ ਦੇ ਮੌਕੇ ਉਤੇ ਲਾੜ੍ਹਾ ਆਪਣੀਆਂ ਸਾਲੀਆਂ ਨੂੰ ਸੁਣਾਉਂਦਾ ਹੈ। ਇਸ ਤੱਥ ਦੇ ਪ੍ਰਕਾਸ਼ ਵਿਚ ਅਤੇ ਗੁਰੂ ਗ੍ਰੰਥ ਸਾਹਿਬ ਵਿਚਲੀ ‘ਛੰਤ’ ਬਾਣੀ ਦੇ ਗੰਭੀਰ ਅਧਿਐਨ ਦੇ ਆਧਾਰ’ਤੇ ਇਹ ਕਿਹਾ ਜਾ ਸਕਦਾ ਹੈ ਕਿ ‘ਛੰਤ’ ਸਿਰਲੇਖ ਆਮ ਤੌਰ ’ਤੇ ਉਨ੍ਹਾਂ ਮਾਂਗਲਿਕ ਪਦਿਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਜੀਵਾਤਮਾ ਰੂਪੀ ਨਾਇਕਾ ਦੇ ਬਿਰਹੋਂ ਦੇ ਅਨੁਭਵ, ਸੰਜੋਗ ਦੀ ਅਭਿਲਾਸ਼ਾ, ਪ੍ਰੀਤਮ ਦੀ ਉਡੀਕ ਅਤੇ ਕਦੇ ਕਦੇ ਪ੍ਰਾਪਤ ਹੋਏ ਸੰਯੋਗ-ਸੁਖ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਗਿਆ ਹੋਵੇ।

            ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਛੰਤਾਂ ਵਿਚੋਂ ਅਧਿਕਾਂਸ਼ ਚਾਰ ਪਦਿਆਂ ਦੇ ਸਮੁੱਚ ਹਨ, ਕਿਤੇ ਕਿਤੇ ਚਾਰ ਤੋਂ ਅਧਿਕ ਪਦੇ ਵੀ ਇਕ ਛੰਤ-ਸਮੁੱਚ ਵਿਚ ਸ਼ਾਮਲ ਕੀਤੇ ਮਿਲਦੇ ਹਨ। ਇਸ ਲਈ ਛੰਤ ਵਾਸਤੇ ਪਦਿਆਂ ਦੀ ਕੋਈ ਖ਼ਾਸ ਗਿਣਤੀ ਨਿਸਚਿਤ ਨਹੀਂ , ਨ ਹੀ ਇਸ ਦੇ ਨਾਂ ਵਿਚ ਕੋਈ ਗਿਣਤੀ ਸੂਚਕ ਸੰਕੇਤ ਹੈ। ਆਮ ਤੌਰ’ਤੇ ਛੰਦ ਦੇ ਹਰ ਇਕ ਪਦੇ ਵਿਚ ਛੇ ਤੁਕਾਂ ਰਹਿੰਦੀਆਂ ਹਨ। ਪਰ ਤੁਕਾਂ ਦੀ ਗਿਣਤੀ ਵਧ-ਘਟ ਵੀ ਮਿਲਦੀ ਹੈ। ਤੁਖਾਰੀ ਰਾਗ ਵਿਚ ਦਰਜ ‘ਬਾਰਹਮਾਹ’ ਨੂੰ ‘ਛੰਤ’ ਸਿਰਲੇਖ ਦਿੱਤਾ ਗਿਆ ਹੈ। ਉਸ ਵਿਚ ਛੇ ਛੇ ਤੁਕਾਂ ਦੇ 17 ਪਦੇ ਹਨ। ਇਨ੍ਹਾਂ ਛੰਤਾਂ ਵਿਚ ਲੋਕ-ਗੀਤਾਂ ਦੀ ਪਰੰਪਰਾ ਵਿਚ ਕੁਝ ਸ਼ਬਦਾਂ ਜਾਂ ਤੁਕਾਂਸ਼ਾਂ ਦੀ ਪੁਨਰਾਵ੍ਰਿਤੀ ਵੀ ਹੋਈ ਹੈ। ਆਸਾ ਰਾਗ ਵਿਚ ਦਰਜ ਗੁਰੂ ਰਾਮਦਾਸ ਜੀ ਦੇ ਲਿਖੇ ‘ਛਕੇ ਛੰਤ’ (ਵੇਖੋ) ਬਹੁਤ ਪ੍ਰਸਿੱਧ ਹਨ। ਉਨ੍ਹਾਂ ਨੂੰ ‘ਆਸਾ ਕੀ ਵਾਰ ’ ਨਾਲ ਗਾਇਆ ਜਾਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਛੰਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਛੰਤ (ਸੰ.। ਦੇਖੋ , ਛੰਤਾ) ੧. ਕਵਿਤਾ, ਕਾਵ ਦੀ ਕੋਈ ਰਚਨਾ

੨. ਹਰੀ ਦੇ ਜਸ ਦੇ ਗੀਤ

੩. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਪ੍ਰਕਾਰ ਦੇ ਸ਼ਬਦ , ਜੋ ਚਾਰ ਤੁਕੇ ਬੀ ਹਨ। ਯਥਾ-‘ਹਰਿ ਅੰਮ੍ਰਿਤ ਭਿੰਨੇ ਲੋਇਣਾ’ ਵਾਲੇ ਛੰਤ।

ਏਹ ਛੇ ਤੁਕੇ ਬੀ ਹਨ। ਯਥਾ-‘ਤੂ ਸੁਣ ਹਰਣਾ ਕਾਲਿਆ’ ਵਾਲੇ।

੪. ਸੁਤੰਤ੍ਰ, ਪ੍ਰਸੰਨਤਾ (ਨਾਲ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਛੰਤ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਛੰਤ : ‘ਛੰਤ’ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਇਕ ਸ਼ੈਲੀਗਤ ਕਾਵਿ ਰੂਪ ਹੈ। ਇਸ ਦਾ ਛੰਦ ਨਾਲੋਂ ਭੇਦ ਹੈ। ‘ਛੰਦ’ (ਵੇਖੋ) ਉਹ ਕਾਵਿ ਬੰਦ ਹੈ ਜਿਸ ਵਿਚ ਮਾਤ੍ਰਾਂ, ਅੱਖਰਾਂ ਜਾਂ ਗਣਾਂ ਦੀ ਗਿਣਤੀ ਦੀ ਪਾਲਣਾ ਹੁੰਦੀ ਹੈ, ਪਰ ਛੰਤ ਦਾ ਸਰੂਪ ਇਸ ਤੋਂ ਭਿੰਨ ਹੈ। ਭਾਈ ਕਾਨ੍ਹ ਸਿੰਘ ਨੇ ਪਦ–ਕਾਵਿ ਦਾ ਨਾਂ ‘ਛੰਤ’ ਦੱਸਿਆ ਹੈ। ਡਾ. ਸ. ਸ. ਕੋਹਲੀ ਅਨੁਸਾਰ ਪ੍ਰਭੂ ਦੀ ਉਸਤਤ ਸੰਬੰਧੀ ਪਵਿੱਤਰ ਕਾਵਿ ਨੂੰ ਛੰਤ ਦਾ ਨਾਂ ਦਿੱਤਾ ਜਾਂਦਾ ਹੈ। ਪਰ ਇਨ੍ਹਾਂ ਦੋਹਾਂ ਅਰਥਾਂ ਨਾਲ ‘ਛੰਤ’ ਦਾ ਸਰੂਪ ਸਪਸ਼ਟ ਨਹੀਂ ਹੁੰਦਾ। ਇਹ ਸੰਸਕ੍ਰਿਤ ਦੇ ‘ਛੰਦਸ੍’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਪ੍ਰਚਲਨ ਲੋਕ–ਕਾਵਿ ਵਿਚ ਹੋਇਆ ਹੈ। ਵਿਆਹ ਵੇਲੇ ਲਾੜਾ ਆਪਣੀਆਂ ਸਾਲੀਆਂ ਦੇ ਮਜ਼ਬੂਰ ਕਰਨ ਤੇ ਆਮ ਕਰਕੇ ਛੰਤ ਸੁਣਾਂਦਾ ਹੈ ਜਿਨ੍ਹਾਂ ਵਿਚ ਮਨੋਰੰਜਨ, ਵਿਅੰਗ ਅਤੇ ਹਾਸੇ ਦੇ ਤੱਤ ਮੋਜੂਦ ਰਹਿੰਦੇ ਹਨ। ਗੁਰੂ ਸਾਹਿਬਾਨ ਨੇ ਲੋਕ–ਕਾਵਿ ਪਰੰਪਰਾਵਾਂ ਨੂੰ ਬੜੀ ਉਦਾਰਤਾ ਨਾਲ ਅਪਣਾਇਆ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ੈਲੀਗਤ ਲੋਕ–ਕਾਵਿ ਰੂਪ ਨੂੰ ਸਥਾਨ ਮਿਲਿਆ ਹੈ। ਗੁਰਬਾਣੀ ਵਿਚਲੇ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ੈਲੀਗਤ ਲੋਕ–ਕਾਵਿ ਰੂਪ ਨੂੰ ਸਥਾਨ ਮਿਲਿਆ ਹੈ। ਗੁਰਬਾਣੀ ਵਿਚਲੇ ਸਾਰੇ ਛੰਤ–ਕਾਵਿ ਦਾ ਗੰਭੀਰਤਾ ਨਾਲ ਅਧਿਐਨ ਕਰਨ ਉਪਰੰਤ ਇਸ ਸਿੱਟੇ ਉੱਤੇ ਪਹੁੰਚਿਆ ਜਾ ਸਕਦਾ ਹੈ ਕਿ ‘ਛੰਤ’ ਸਿਰਲੇਖ ਆਮ ਕਰਕੇ ਉਨ੍ਹਾਂ ਮੰਗਲ–ਮਈ ਸ਼ਬਦਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਜੀਵਾਤਮਾ ਰੂਪੀ ਨਾਇਕਾਂ ਨੂੰ ਵਿਯੋਗ ਦਾ ਅਨੁਭਵ, ਸੰਯੋਗ ਸੁੱਖ ਦੀ ਅਭਿਆਖਾ, ਪ੍ਰੀਤਮ ਦੀ ਉਡੀਕ ਅਤੇ ਕਦੇ ਕਦੇ ਪ੍ਰਾਪਤ ਹੋਣ ਵਾਲੇ ਸੰਯੋਗ ਸੁੱਖ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਗਿਆ ਹੋਵੇ। ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਅਧੀਨ ਅਸਟਪਦੀਆਂ ਦੇ ਬਾਅਦ ਇਨ੍ਹਾਂ ਨੂੰ ਸੰਕਲਿਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਅਧਿਕਾਂਸ ਛੰਤਾ ਦੀ ਪਦ–ਸੰਖਿਆ ਚਾਰ ਚਾਰ ਹੁੰਦੀ ਹੈ ਅਤੇ ਹਰ ਪਦੇ ਵਿਚ ਆਮ ਤੌਰ ਤੇ ਛੇ ਛੇ ਪੰਕਤੀਆਂ ਹੁੰਦੀਆਂ ਹਨ। ਲੋਕ–ਗੀਤਾਂ ਦੀ ਪਰੰਪਰਾ ਵਿਚ ਇਨ੍ਹਾਂ ਛੰਤਾਂ ਵਿਚ ਕੁਝ ਸ਼ਬਦਾਂ ਅਤੇ ਤੁਕਾਂ ਦਾ ਦੋਹਰਾਓ ਵੀ ਹੋਇਆ ਹੈ, ਜਿਸ ਨਾਲ ਭਾਵ ਦਾ ਅਨੁਭਵ ਤੀਬਰ ਹੋ ਸਕਿਆ ਹੈ। ਪਰ ਇਹ ਦੋਹਰਾਓ ਕੁੰਡਲੀਆਂ ਛੰਦ ਵਾਲਾ ਨਹੀਂ ਹੈ। ਪ੍ਰੇਮਾ–ਭਗਤੀ ਦੀ ਸੁੰਦਰ ਅਤੇ ਪ੍ਰਭਾਵਸ਼ਾਲੀ ਅਭਿਵਿਅਕਤੀ ਇਨ੍ਹਾਂ ਛੰਤਾਂ ਵਿਚ ਆਪਣੇ ਸਿੱਖਰ ’ਤੇ ਹੈ। ਪਰ ਛੰਦ ਸ਼ਾਸਤ੍ਰ ਦੇ ਨਿਯਮਾਂ ਦਾ ਇਨ੍ਹਾਂ ਵਿਚ ਪਾਲਦ ਹੋਇਆ ਨਹੀਂ ਮਿਲਦਾ, ਉਂਜ ਕਿਤੇ ਕਿਸੇ ਛੰਦ ਦੇ ਲੱਛਣਾਂ ਦਾ ਆਰੋਪਣ ਹੋ ਵੀ ਸਕਦਾ ਹੈ, ਪਰ ਖੁੱਲ ਦੇ ਨਾਲ।

          [ਸਹਾ. ਗ੍ਰੰਥ––ਗੁ. ਛੰ. ਦਿ.; Dr. S. S. Kohli : A Critical Study of Adi Granth; ‘ਪੰਜਾਬੀ ਕੋਸ਼’  (ਭਾਸ਼ਾ ਵਿਭਾਗ); ਡਾ. ਬਲਬੀਰ ਸਿੰਘ ਦਿਲ : ‘ਅਮਰ ਕਵੀ ਗੁਰੂ ਅਮਰ ਦਾਸ’; ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ : ਵਿਅਕਤਿਤ੍ਵ, ਕ੍ਰਿਤਿਤ੍ਵ ਔਰ ਚਿੰਤਨ’ (ਹਿੰਦੀ)]                                  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.