ਛੱਤਿਆਣਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੱਤਿਆਣਾ: ਪੰਜਾਬ ਦੇ ਫ਼ਰੀਦਕੋਟ ਜ਼ਿਲੇ ਵਿਚ ਗਿੱਦੜਬਾਹੇ (32°-12` ਉ, 74°-39` ਪੂ) ਦੇ 14 ਕਿਲੋਮੀਟਰ ਉੱਤਰ ਵੱਲ ਇਕ ਪਿੰਡ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਇਕ ਇਤਿਹਾਸਿਕ ਗੁਰਦੁਆਰਾ ‘ਗੁਰਦੁਆਰਾ ਗੁਪਤਸਰ’ ਬਣਿਆ ਹੋਇਆ ਹੈ। ਗੁਰੂ ਜੀ ਮੁਕਤਸਰ ਦੇ ਯੁੱਧ (1706) ਤੋਂ ਬਾਅਦ ਇਸ ਅਸਥਾਨ ਤੇ ਆਏ ਸਨ ਅਤੇ ਇੱਥੇ ਬਰਾੜ ਵੰਸ਼ ਦੇ ਯੋਧਿਆਂ ਨੇ ਗੁਰੂ ਜੀ ਦੀ ਕੀਤੀ ਸੇਵਾ ਬਦਲੇ ਮੇਹਨਤਾਨਾ ਹਾਸਲ ਕੀਤਾ ਸੀ। ਇਹਨਾਂ ਵਿਚੋਂ ਭਾਈ ਦਾਨ ਸਿੰਘ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਨਾਂ ਦੇ ਪੁਰਾਤਨ ਦਸਤਾਵੇਜ਼ ਵਿਚ ਦੱਸਿਆ ਗਿਆ ਹੈ ਕਿ ਭਾਈ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ, ‘‘ਜੇ ਤੁਠੇ ਹੋ ਤਾਂ ਸਿੱਖੀ ਦੀ ਦਾਤ ਬਖਸ਼ੋ; ਮੇਰੀ ਹੋਰ ਕੋਈ ਇੱਛਾ ਨਹੀਂ ।`` ਗੁਰੂ ਜੀ ਨੇ ਉਸਨੂੰ ਸਿੱਖੀ ਦੀ ਰਹਿਤ ਬਖ਼ਸ਼ੀ। ਉੱਥੇ ਇਬਰਾਹੀਮ ਨਾਂ ਦਾ ਇਕ ਮੁਸਲਿਮ ਫ਼ਕੀਰ ਵੀ ਮੌਜੂਦ ਸੀ ਜੋ ਕਿ ਰੇਤ ਦੇ ਇਕ ਨੇੜਲੇ ਟਿੱਬੇ ਤੇ ਰਹਿੰਦਾ ਸੀ: ਉਸ ਨੂੰ ਵੀ ਖ਼ਾਲਸਾ ਪੰਥ ਵਿਚ ਸ਼ਾਮਲ ਕੀਤਾ ਗਿਆ। ਸਿੱਖ ਧਰਮ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਉਸਦਾ ਨਵਾਂ ਨਾਂ ਅਜਮੇਰ ਸਿੰਘ ਰੱਖਿਆ ਗਿਆ।

     1970ਵਿਆਂ ਦੌਰਾਨ ‘ਗੁਰਦੁਆਰਾ ਗੁਪਤਸਰ` ਦੀ ਪੁਨਰ ਉਸਾਰੀ ਕਰਵਾਈ ਗਈ ਜਿਸ ਵਿਚ ਇਕ ਉੱਚੀ ਛੱਤ ਵਾਲਾ ਹਾਲ ਬਣਾ ਕੇ ਨਾਲ ਹੀ ਇਕ ਸਿਰੇ ਤੇ ਪ੍ਰਕਾਸ਼ ਅਸਥਾਨ ਬਣਵਾਇਆ ਗਿਆ। ਪ੍ਰਕਾਸ਼ ਅਸਥਾਨ ਦੇ ਉੱਪਰ ਦੋ ਮੰਜ਼ਲੇ ਵਰਗਾਕਾਰ ਪੈਵਲਿਅਨ ਬਣਾਏ ਗਏ ਜਿਹਨਾਂ ਦੇ ਸਿਖਰ ਤੇ ਕਮਲ ਰੂਪੀ ਗੁੰਬਦ ਸਹਿਤ ਬਿਜਲਈ ਝਾਲ ਵਾਲੇ ਕਲਸ ਬਣੇ ਹੋਏ ਹਨ। ਹਾਲ ਦੇ ਪੂਰਬ ਵੱਲ ਸਰੋਵਰ , ਦੱਖਣ ਵੱਲ ਗੁਰੂ ਕਾ ਲੰਗਰ ਅਤੇ ਰਿਹਾਇਸ਼ੀ ਕਮਰੇ ਬਣੇ ਹੋਏ ਹਨ। ਗੁਰਦੁਆਰੇ ਕੋਲ ਅੱਠ ਏਕੜ ਵਾਹੀਯੋਗ ਜ਼ਮੀਨ ਹੈ ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕੀਤਾ ਜਾਂਦਾ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.