ਟੋਟਕਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਟੋਟਕਾ: ਟੋਟਕੇ ਦਾ ਮੂਲ ਧਾਤੂ ਟੋਟਾ ਜਾਂ ਟੁਕੜਾ ਹੈ।ਪੰਜਾਬੀ ਲੋਕਧਾਰਾ ਵਿੱਚ ਟੋਟਕਾ ਸ਼ਬਦ ਦਾ ਪ੍ਰਯੋਗ ਤਿੰਨ ਅਰਥਾਂ ਵਿੱਚ ਹੁੰਦਾ ਹੈ। ਪਹਿਲਾ, ਲੋਕ-ਚਿਕਿਤਸਾ ਵਿੱਚ ਟੋਟਕੇ ਤੋਂ ਭਾਵ ਕਿਸੇ ਰੋਗ ਨੂੰ ਦੂਰ ਕਰਨ ਲਈ ਘਰੇਲੂ ਨੁਸਖਾ ਹੈ। ਆਮ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਘਰਾਂ ਵਿੱਚ ਓਹੜ-ਪੋਹੜ ਕੀਤਾ ਜਾਂਦਾ ਹੈ। ਸਿਆਣੀਆਂ ਔਰਤਾਂ ਇਹ ਟੋਟਕੇ ਸਾਂਭੀ ਰੱਖਦੀਆਂ ਹਨ ਅਤੇ ਅੱਗੋਂ ਨਵੀਂ ਪੀੜ੍ਹੀ ਨੂੰ ਦੱਸਦੀਆਂ ਰਹਿੰਦੀਆਂ ਹਨ। ਜਿਵੇਂ ਚਿੱਟੀ ਫਟਕੜੀ ਤਵੇ ਤੇ ਖਿੱਲ ਬਣਾ ਕੇ, ਰਗੜ ਕੇ ਕਪੜਛਾਣ ਕਰ ਕੇ ਚਟਾਉਣ ਨਾਲ ਖੰਘ ਜਾਂ ਮੂੰਹ ਦੇ ਛਾਲੇ ਦੂਰ ਕੀਤੇ ਜਾਂਦੇ ਹਨ ਅਤੇ ਅੱਖਾਂ ਦੁਖਣ ਤੇ ਬੱਕਰੀ ਦੇ ਦੁੱਧ ਨਾਲ ਰੂੰਅ ਦੇ ਫਹੇ ਭਿਉਂ ਕੇ ਅੱਖਾਂ ਤੇ ਰੱਖਣ ਨਾਲ ਅੱਖਾਂ ਠੀਕ ਹੁੰਦੀਆਂ ਹਨ ਜਾਂ ਬੱਚੇ ਦੇ ਢਿੱਡ ਦੁਖਣ ਤੇ ਘੜੇ ਦੇ ਚੱਪਣ ਤੇ ਹਰੜ ਘਸਾ ਕੇ ਦੇਣਾ ਲਾਹੇਵੰਦ ਹੈ। ਇਹਨਾਂ ਟੋਟਕਿਆਂ ਵਿੱਚੋਂ ਕਾਫ਼ੀ ਪੁਰਾਤਨ ਭਾਰਤੀ ਆਯੁਰਵੈਦਿਕ ਪੱਧਤੀ ਅਨੁਸਾਰੀ ਹਨ।

     ਟੋਟਕੇ ਦਾ ਦੂਜਾ ਅਰਥ ਕਿਸੇ ਰੋਗ ਨੂੰ ਦੂਰ ਕਰਨ ਲਈ ਜਾਦੂ-ਟੂਣਾ ਆਦਿ ਵੀ ਹੈ। ਇਸ ਵਿੱਚ ਮੰਤਰ ਫੂਕੀ, ਸੁਆਹ ਦੀ ਚੁਟਕੀ ਸਭ ਤੋਂ ਵੱਧ ਵਰਤੀ ਜਾਂਦੀ ਹੈ। ਜਿਵੇਂ ਕਨੇਡੂ ਨਿਕਲਣ ਤੇ ਹਾਰੇ ਦੀ ਸੁਆਹ ਦੀ ਮੁੱਠੀ ਭਰ ਕੇ ਸੱਤ ਵਾਰ ਅੱਗੇ ਲਿਖਿਆ ਮੰਤਰ ਉਚਾਰਿਆ ਜਾਂਦਾ ਹੈ ਤੇ ਹੱਥ ਦੇ ਅੰਗੂਠੇ ਨਾਲ ਸੁਆਹ ਸੰਬੰਧਿਤ ਥਾਂ ਤੇ ਲਗਾਈ ਜਾਂਦੀ ਹੈ :

ਦੱਦ, ਕਨੇਡੂ, ਨਾਰਵਾ, ਕਛਰਾਲੀ ਤੇ ਕਲਬੂਤ

          ਦੋਹੀ ਸਾਹਿਬ ਫਕੀਰ ਦੀ ਪੰਜੇ ਭਗਵਾ ਫੂਸ।

     ਟੋਟਕੇ ਦਾ ਤੀਜਾ ਅਰਥ ਲੋਕ ਸਾਹਿਤ ਨਾਲ ਜੁੜਿਆ ਹੋਇਆ ਹੈ। ਇਹ ਲੋਕ-ਗੀਤ ਦਾ ਰੂਪ ਵੀ ਹੋ ਸਕਦਾ ਹੈ ਅਤੇ ਲੋਕ ਬਿਰਤਾਂਤ ਦਾ ਹਿੱਸਾ ਵੀ ਹੋ ਸਕਦਾ ਹੈ। ਲਘੂ-ਆਕਾਰੀ ਛੋਟੀ ਕਹਾਣੀ ਨੂੰ ਵੀ ਟੋਟਕਾ ਆਖ ਦਿੱਤਾ ਜਾਂਦਾ ਹੈ। ਜਿਵੇਂ :

ਅਧ ਅਧ ਪਾ ਦੀਆਂ ਤਿੰਨ ਪਕਾਈਆਂ

ਸਵਾ ਸੇਰ ਦੀ ਇੱਕੋ,

ਭਾਈਆਂ ਪਿੱਟੀ ਦਾ ਤਿੰਨੇ ਖਾ ਗਿਆ

          ਮੈਂ ਸੰਤੋਖਣ ਇੱਕੋ।

     ਉਪਰੋਕਤ ਟੋਟਕੇ ਵਿੱਚ ਚਲਾਕੀ ਨਾਲ ਵੱਧ ਖਾਣ ਵਾਲੀ ਔਰਤ ਦੀ ਕਹਾਣੀ ਛੁਪੀ ਹੋਈ ਹੈ ਜੋ ਕੇਵਲ ਚਾਰ ਰੋਟੀਆਂ ਪਕਾਉਂਦੀ ਹੈ ਜਿਨ੍ਹਾਂ ਵਿੱਚੋਂ ਤਿੰਨ ਰੋਟੀਆਂ ਅੱਧ- ਅੱਧ ਪਾਈਏ ਦੀਆਂ ਅਤੇ ਚੌਥੀ ਇੱਕਲੀ ਸਵਾ ਸੇਰ ਦੀ ਹੁੰਦੀ ਹੈ। ਉਸ ਦਾ ਪਤੀ ਤਿੰਨ ਰੋਟੀਆਂ ਖਾਂਦਾ ਹੈ (ਤਿੰਨਾਂ ਦਾ ਭਾਰ ਡੇਢ ਪਾ ਬਣਦਾ ਹੈ) ਪਰ ਉਹ ਇਕੱਲੀ ਵੱਧ ਭਾਰ ਦੀ ਇੱਕ ਰੋਟੀ (ਸਵਾ ਸੇਰ) ਖਾ ਕੇ ਖ਼ੁਦ ਸੰਤੋਖਣ ਅਖਵਾਉਂਦੀ ਹੈ।


ਲੇਖਕ : ਰਾਜਿੰਦਰ ਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਟੋਟਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੋਟਕਾ (ਨਾਂ,ਪੁ) 1 ਰੋਗ ਨਵਿਰਤ ਕਰਨ ਦਾ ਦੇਸੀ ਨੁਸਖਾ 2 ਹਸਾਉਣਾ ਜੁਮਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਟੋਟਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੋਟਕਾ [ਨਾਂਪੁ] ਨੁਸਖ਼ਾ; ਲਤੀਫ਼ਾ, ਚੁਟਕਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.