ਡੱਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੱਲਾ. ਰਿਆਸਤ ਕਪੂਰਥਲਾ , ਤਸੀਲ ਥਾਣਾ ਸੁਲਤਾਨਪੁਰ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਲੋਹੀਆਂ ਤੋਂ ਤਿੰਨ ਮੀਲ ਪੂਰਵ ਹੈ. ਭਾਈ ਲਾਲੋ, ਭਾਈ ਪਾਰੋ ਆਦਿਕ ਇਸ ਥਾਂ ਮਸ਼ਹੂਰ ਸਿੱਖ ਹੋਏ ਹਨ. ਭਾਈ ਗੁਰਦਾਸ ਜੀ ਲਿਖਦੇ ਹਨ—“ਡੱਲੇ ਵਾਲੀ ਸੰਗਤ ਭਾਰੀ.” ਇਸੇ ਥਾਂ ਨਾਰਾਯਣਦਾਸ ਦੀ ਸੁਪੁਤ੍ਰੀ ਸ੍ਰੀਮਤੀ ਦਮੋਦਰੀ ਜੀ ਨਾਲ ੨੨ ਭਾਦੋਂ ਸੰਮਤ ੧੬੬੧ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਹੋਇਆ ਸੀ. ਵਿਆਹ ਦੇ ਥਾਂ ਦਮਦਮਾ ਬਣਿਆ ਹੋਇਆ ਹੈ, ਪਰ ਸੇਵਾਦਾਰ ਕੋਈ ਨਹੀਂ.
ਗੁਰੂ ਅਰਜਨ ਸਾਹਿਬ ਨੇ ਆਪਣੇ ਸੁਪੁਤ੍ਰ ਦੇ ਆਨੰਦ ਦੀ ਯਾਦਗਾਰ ਵਿੱਚ ਜੋ ਇੱਥੇ ਬਾਵਲੀ ਲਵਾਈ ਹੈ, ਉਹ ਪਿੰਡ ਤੋਂ ਚੜ੍ਹਦੇ ਵੱਲ ਪਾਸ ਹੀ ਹੈ. ਇਸ ਨਾਲ ੧੫ ਘੁਮਾਉਂ ਜ਼ਮੀਨ ਰਿਆਸਤ ਕਪੂਰਥਲੇ ਤੋਂ ਹੈ. ਡੱਲੇ ਵਿੱਚ ਭਾਈ ਲਾਲੋ ਜੀ ਦਾ ਅਸਥਾਨ ਭੀ ਪ੍ਰਸਿੱਧ ਹੈ, ਜਿਸ ਨਾਲ ੪੨ ਘੁਮਾਉਂ ਜ਼ਮੀਨ ਮੁਅ਼ਾਫ਼ ਹੈ।
੨ ਸਾਬੋ ਦੀ ਤਲਵੰਡੀ ਦਾ ਬੈਰਾੜ ਸਰਦਾਰ , ਜਿਸ ਨੇ ਸੰਮਤ ੧੭੬੨-੬੩ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰੇਮ ਨਾਲ ਆਪਣੇ ਪਿੰਡ ਠਹਿਰਾਇਆ ਅਤੇ ਪੂਰੀ ਸੇਵਾ ਕੀਤੀ. ਡੱਲੇ ਨੂੰ ਕਲਗੀਧਰ ਨੇ ਅਮ੍ਰਿਤ ਛਕਾ ਕੇ ਨਾਉਂ ਡੱਲਾ ਸਿੰਘ ਰੱਖਿਆ ਅਰ ਖੜਗ ਤਥਾ ਆਪਣੇ ਵਸਤ੍ਰ ਬਖਸ਼ੇ, ਜੋ ਇਸ ਵੇਲੇ ਸਰਦਾਰ ਸ਼ਮਸ਼ੇਰ ਸਿੰਘ ਰਈਸ ਤਲਵੰਡੀ ਸਾਬੋ ਪਾਸ ਹਨ. ਜਿੱਥੇ ਦਸ਼ਮੇਸ਼ ਵਿਰਾਜੇ ਸਨ, ਉਸ ਗੁਰਦ੍ਵਾਰੇ ਦਾ ਨਾਮ ‘ਦਮਦਮਾ ਸਾਹਿਬ ’ ਹੈ.
ਡੱਲੇ ਸਿੰਘ ਨੂੰ ਸੰਬੋਧਨ ਕਰਕੇ ਕਲਗੀਧਰ ਨੇ ਮਾਲਵੇ ਨੂੰ ਵਰਦਾਨ ਦਿੱਤਾ ਸੀ ਕਿ ਇਸ ਭੂਮਿ ਵਿੱਚ ਨਹਿਰਾਂ ਚੱਲਣਗੀਆਂ, ਅੰਬ ਲੱਗਣਗੇ, ਕਣਕ ਪੈਦਾ ਹੋਵੇਗੀ ਆਦਿਕ. ਦੇਖੋ, ਦਮਦਮਾ ਸਾਹਿਬ ਨੰਬਰ ੧। ੩ ਗੁਰੂ ਅਰਜਨ ਸਾਹਿਬ ਦਾ ਇੱਕ ਸਿੱਖ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਡੱਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਡੱਲਾ (ਪਿੰਡ): ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦਾ ਇਕ ਪੁਰਾਤਨ ਪਿੰਡ , ਜੋ ਸੁਲਤਾਨਪੁਰ ਲੋਧੀ ਨਗਰ ਤੋਂ 6 ਕਿ.ਮੀ. ਦੱਖਣ-ਪੂਰਬ ਵਲ ਸਥਿਤ ਹੈ। ਇਸ ਵਿਚ ਕਦੇ ਬਹੁਤ ਵੱਡੀ ‘ਸੰਗਤ ’ ਹੁੰਦੀ ਸੀ। ਭਾਈ ਗੁਰਦਾਸ ਨੇ ਇਸ ਦਾ ਉਲੇਖ ਆਪਣੀ 11ਵੀਂ ਵਾਰ ਵਿਚ ਕੀਤਾ ਹੈ। ਭਾਈ ਪਾਰੋ, ਭਾਈ ਲਾਲੋ ਆਦਿ ਇਥੋਂ ਦੇ ਪ੍ਰਮੁਖ ਸਿੱਖ ਹੋਏ ਹਨ। ਸੰਨ 1605 ਈ. ਵਿਚ ਇਸ ਪਿੰਡ ਦੇ ਭਾਈ ਪਾਰੋ ਦੇ ਵੰਸ਼ਜ ਭਾਈ ਨਰੈਣ ਦਾਸ ਦੀ ਸੁਪੁੱਤਰੀ ਬੀਬੀ ਦਮੋਦਰੀ ਨਾਲ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੁਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਸੰਪੰਨ ਕੀਤਾ। ਇਤਿਹਾਸਿਕ ਯਾਦਾਂ ਨਾਲ ਸੰਬੰਧਿਤ ਇਥੇ ਕਈ ਸਮਾਰਕ ਬਣੇ ਹੋਏ ਹਨ, ਜਿਵੇਂ :
(1) ਗੁਰਦੁਆਰਾ ਜੰਞ ਘਰ, ਜਿਥੇ ਗੁਰੂ ਹਰਿਗੋਬਿੰਦ ਸਾਹਿਬ ਦੀ ਬਰਾਤ ਠਹਿਰੀ ਸੀ।
(2) ਗੁਰਦੁਆਰਾ ਪਰਕਾਸ਼ ਅਸਥਾਨ ਭਾਈ ਲਾਲੋ ਜੀ, ਜਿਥੇ ਭਾਈ ਲਾਲੋ ਦੀ ਸਮਾਧ ਬਣੀ ਹੋਈ ਹੈ। ਇਥੇ ਅਸੂ ਦੇ ਮਹੀਨੇ ਵਿਚ ਦੋ ਦਿਨਾਂ ਦਾ ਧਾਰਮਿਕ ਮੇਲਾ ਲਗਦਾ ਹੈ।
(3) ਗੁਰਦੁਆਰਾ ਮਾਤਾ ਦਮੋਦਰੀ ਜੀ, ਜਿਥੇ ਮਾਤਾ ਜੀ ਦਾ ਪੇਕਾ ਘਰ ਸੀ। ਇਥੇ ਭਾਈ ਪਾਰੋ ਦੁਆਰਾ ਬਣਵਾਈ ਇਕ ਖੂਹੀ ਵੀ ਮੌਜੂਦ ਹੈ। ਇਥੇ ਮਾਤਾ ਜੀ ਦੇ ਵਿਆਹ ਵਾਲੇ ਦਿਨ ਹਰ ਸਾਲ ਭਾਦੋਂ ਦੇ ਮਹੀਨੇ ਵਿਚ ਬਹੁਤ ਸੰਗਤ ਜੁੜਦੀ ਹੈ।
(4) ਗੁਰਦੁਆਰਾ ਬਾਉਲੀ ਸਾਹਿਬ, ਜੋ ਗੁਰੂ ਅਰਜਨ ਦੇਵ ਜੀ ਦੁਆਰਾ ਆਪਣੇ ਸੁਪੁੱਤਰ ਦੇ ਵਿਆਹ ਦੀ ਯਾਦ ਵਿਚ ਬਣਵਾਈ ਬਾਉਲੀ ਦੇ ਪਾਸ ਹੈ। ਇਥੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਉਚੇਚ ਨਾਲ ਮੰਨਾਇਆ ਜਾਂਦਾ ਹੈ।
ਇਹ ਸਾਰੇ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹਨ, ਪਰ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਡੱਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਡੱਲਾ : ਇਹ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਵਿਚ ਸੁਲਤਾਨਪੁਰ ਤਹਿਸੀਲ ਦਾ ਇਕ ਪਿੰਡ ਹੈ ਜੋ ਰੇਲਵੇ ਸਟੇਸ਼ਨ ਲੋਹੀਆਂ ਤੋਂ 5 ਕਿ. ਮੀ. ਪੂਰਬ ਵੱਲ ਹੈ। ਇਥੇ ਭਾਈ ਲਾਲੋ, ਭਾਈ ਪਾਰੋ ਆਦਿ ਜਿਹੇ ਮਸ਼ਹੂਰ ਸਿੱਖ ਹੋਏ ਹਨ। ਭਾਈ ਗੁਰਦਾਸ ਜੀ ਲਿਖਦੇ ਹਨ - ਡੱਲੇ ਵਾਲੀ ਸੰਗਤ ਭਾਰੀ। ਇਸੇ ਥਾਂ ਤੇ ਹੀ ਨਾਰਾਇਣ ਦਾਸ ਦੀ ਸਪੁੱਤਰੀ ਸ੍ਰੀਮਤੀ ਦਮੋਦਰੀ ਜੀ ਨਾਲ 22 ਭਾਦੋਂ ਸੰਮਤ 1661 (1604 ਈ.) ਵਿਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ ਹੋਇਆ ਸੀ। ਵਿਆਹ ਵਾਲੀ ਥਾਂ ਦਮਦਮਾ ਬਣਿਆ ਹੋਇਆ ਹੈ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਪੁੱਤਰ ਦੇ ਅਨੰਦ ਕਾਰਜ ਦੀ ਯਾਦਗਾਰ ਵਿਚ ਇਥੇ ਬਾਉਲੀ ਬਣਵਾਈ ਹੈ। ਇਹ ਪਿੰਡ ਦੇ ਪੂਰਬ ਵੱਲ ਹੈ। ਇਸ ਦੇ ਨਾਂ ਕਾਫ਼ੀ ਜ਼ਮੀਨ ਹੈ। ਡੱਲੇ ਵਿਚ ਭਾਈ ਲਾਲੋ ਦਾ ਅਸਥਾਨ ਵੀ ਪ੍ਰਸਿੱਧ ਹੈ, ਜਿਸ ਨਾਲ ਕਾਫ਼ੀ ਜ਼ਮੀਨ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-27-03-18-14, ਹਵਾਲੇ/ਟਿੱਪਣੀਆਂ: ਹ. ਪੁ. ਮ. ਕੋ
ਡੱਲਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਡੱਲਾ : ਤਲਵੰਡੀ ਸਾਬੋ ਦਾ ਜੱਟ ਸਰਦਾਰ ਸੀ ਜਿਸਨੇ 1705 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰੇਮ ਨਾਲ ਆਪਣੇ ਪਿੰਡ ਠਹਿਰਾਇਆ ਅਤੇ ਹਰ ਤਰ੍ਹਾਂ ਦੀ ਟਹਿਲ ਸੇਵਾ ਕੀਤੀ । ਜਦੋਂ ਗੁਰੂ ਜੀ ਪੱਕੇ ਪਿੰਡ ਤੋਂ ਚਲ ਕੇ ਤਲਵੰਡੀ ਵੱਲ ਤੁਰੇ ਤਾਂ ਡੱਲਾ ਚਾਰ ਸੌ ਆਦਮੀਆਂ ਸਮੇਤ ਬੜੀ ਸ਼ਰਧਾ ਨਾਲ ਪੰਜ ਕੋਹ ਚਲਕੇ ਗੁਰੂ ਜੀ ਦੇ ਸੁਆਗਤ ਲਈ ਆਇਆ ਤੇ ਗੁਰੂ ਜੀ ਨੂੰ ਇਕ ਘੋੜਾ ਅਤੇ ਸੌ ਰੁਪਈਆ ਨਕਦ ਭੇਟਾ ਦੇ ਕੇ ਨਾਲ ਲੈ ਗਿਆ ਪਰ ਗੁਰੂ ਜੀ ਉਸ ਦੇ ਘਰ ਨਾ ਉਤਰੇ ਸਗੋਂ ਤਲਵੰਡੀ ਦੇ ਕੋਲ, ਜਿਸ ਥਾਂ ਗੁਰੂ ਤੇਗ ਬਹਾਦਰ ਜੀ ਠਹਿਰੇ ਸਨ, ਟਿਕਾਣਾ ਕੀਤਾ । ਇਕ ਵਰਮੀ ਨੂੰ ਸਾਫ ਕਰਾ ਕੇ ਉਸ ਚੌਤਰੇ ਤੇ ਗੁਰੂ ਜੀ ਨੇ ਕਮਰਕਸ ਖੋਲ੍ਹ ਕੇ ਬਚਨ ਕੀਤਾ ਕਿ ਇਹ ਤਾਂ ਅਨੰਦਪੁਰ ਸਾਹਿਬ ਵਾਲਾ ਦਮਦਮਾ ਹੈ। ਪੰਜ ਦਿਨ ਤਕ ਲੰਗਰ ਡੱਲੇ ਦੇ ਘਰ ਚਲਦਾ ਰਿਹਾ ਤੇ ਫੇਰ ਗੁਰੂ ਜੀ ਨੇ ਬਾਹਰ ਕਰਵਾ ਲਿਆ ਪਰ ਰਸਦ ਪਾਣੀ ਡੱਲੇ ਦੇ ਘਰੋਂ ਹੀ ਆਉਂਦਾ ਰਿਹਾ । ਦਸ ਦਿਨ ਬਾਅਦ ਗੁਰੂ ਜੀ ਨੇ ਡੱਲੇ ਦੀ ਸਲਾਹ ਨਾਲ ਜਿਹੜੇ ਬਰਾੜ ਰੋਜੀਨਾ ਲੈਂਦੇ ਸਨ ਉਨ੍ਹਾਂ ਨੂੰ ਤਲਬਾਂ ਦੇ ਕੇ ਵਿਦਾ ਕੀਤਾ । ਸ਼ਰਧਾਲੂ ਸਿੱਖ ਗੁਰੂ ਸਾਹਿਬ ਦੇ ਕੋਲ ਰਹੇ ।
ਤਲਵੰਡੀ ਵਿਚ ਰੋਜ਼ ਦੀਵਾਨ ਲਗਣ ਲਗੇ ਅਤੇ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ । ਅਨੰਦਪੁਰ ਦੀ ਲੜਾਈ ਦਾ ਪ੍ਰਸੰਗ ਛਿੜਨ ਤੇ ਭਾਈ ਡੱਲਾ ਗੁਰੂ ਜੀ ਨੂੰ ਅਕਸਰ ਕਹਿੰਦਾ ਹੁੰਦਾ ਸੀ ਕਿ ਹਜ਼ੂਰ ਨੇ ਉਸ ਵੇਲੇ ਉਸਨੂੰ ਕਿਉਂ ਨਾ ਬੁਲਾਇਆ । ਉਹ ਉਸੇ ਵੇਲੇ ਆਪਣੇ ਸੂਰਬੀਰ ਲੈ ਕੇ ਗੁਰੂ ਜੀ ਦੀ ਟਹਿਲ ਵਿਚ ਪਹੁੰਚ ਜਾਂਦਾ ਤੇ ਇਨ੍ਹਾਂ ਨੂੰ ਐਨਾ ਕਸ਼ਟ ਨਾ ਝਲਣਾ ਪੈਂਦਾ । ਗੁਰੂ ਜੀ ਡੱਲੇ ਦਾ ਹੰਕਾਰ ਨਵਿਰਤ ਕਰਨਾ ਚਾਹੁੰਦੇ ਸਨ ।
ਇਕ ਦਿਨ ਇਕ ਲੁਹਾਰ ਨੇ ਦੁਨਾਲੀ ਬੰਦੂਕ ਗੁਰੂ ਜੀ ਨੂੰ ਅਰਪਨ ਕੀਤੀ । ਗੁਰੂ ਜੀ ਨੇ ਭਰੇ ਦੀਵਾਨ ਵਿਚ ਡੱਲੇ ਨੂੰ ਕਿਹਾ ਕਿ ਆਪਣੇ ਯੋਧਿਆਂ ਵਿਚੋਂ ਕੋਈ ਦੋ ਬੰਦੇ ਸਾਹਮਣੇ ਖੜ੍ਹੇ ਕਰੇ ਤਾਂ ਜੋ ਉਹ ਬੰਦੂਕ ਦੇ ਨਿਸ਼ਾਨੇ ਦੀ ਪਰਖ ਕਰ ਲੈਣ ਕਿ ਗੋਲੀ ਦੋਹਾਂ ਵਿਚੋਂ ਆਰਪਾਰ ਨਿਕਲਦੀ ਹੈ ਕਿ ਨਹੀਂ । ਗੁਰੂ ਜੀ ਦਾ ਇਹ ਬਚਨ ਸੁਣਕੇ ਸਭ ਹੈਰਾਨ ਹੋ ਗਏ । ਭਾਈ ਡੱਲੇ ਦੇ ਆਦਮੀ ਖਿਸਕਣੇ ਸ਼ੁਰੂ ਹੋ ਗਏ । ਗੁਰੂ ਜੀ ਨੇ ਤਿੰਨ ਵਾਰ ਬਚਨ ਦੁਹਰਾਇਆ , ਸ਼ਰਮਿੰਦੇ ਹੋਏ ਭਾਈ ਡੱਲੇ ਨੇ ਕੋਈ ਜੁਆਬ ਨਾ ਦਿੱਤਾ । ਗੁਰੂ ਜੀ ਨੇ ਮੇਵੜੇ ਨੂੰ ਕਿਹਾ ਬਾਹਰ ਜਾ ਕੇ ਉਨ੍ਹਾਂ ਸਿੱਖਾਂ ਨੂੰ ਬੰਦੂਕ ਦਾ ਨਿਸ਼ਾਨਾ ਬਣਨ ਲਈ ਕਹੋ ਜਿਹੜੇ ਅਨੰਦਪੁਰ ਦੀਆਂ ਜੰਗਾਂ ਵਿਚ ਸਨ। ਜਦੋਂ ਮੇਵੜੇ ਨੇ ਬਾਹਰ ਜਾ ਕੇ ਅਵਾਜ਼ ਦਿੱਤੀ ਤਾਂ ਦੋ ਮੱਜ਼੍ਹਬੀ ਸਿੱਖਾਂ ਨੇ ਸਭ ਤੋਂ ਪਹਿਲਾਂ ਸੁਣੀ। ਉਹ ਦਸਤਾਰ ਬੰਨ੍ਹ ਰਹੇ ਸਨ । ਉਸੇ ਤਰ੍ਹਾਂ ਹੀ ਦੌੜੇ ਆਏ ਅਤੇ ਨਿਸ਼ਾਨਾ ਬਣਨ ਲਈ ਇਕ ਦੂਜੇ ਤੋਂ ਅੱਗੇ ਹੋਣ ਲਈ ਲੜਨ ਲੱਗੇ । ਭਾਈ ਡੱਲਾ ਉਨ੍ਹਾਂ ਦੀ ਸੂਰਬੀਰਤਾ ਵੇਖ ਕੇ ਦੰਗ ਰਹਿ ਗਿਆ । ਗੁਰੂ ਜੀ ਨੇ ਉਨ੍ਹਾਂ ਦੇ ਸਿਰਾਂ ਉਤੋਂ ਦੀ ਬੰਦੂਕ ਚਲਾ ਦਿੱਤੀ ਪਰ ਉਨ੍ਹਾਂ ਨੇ ਅੱਖ ਨਾ ਝਮਕੀ । ਇਹ ਕੌਤਕ ਵੇਖ ਕੇ ਭਾਈ ਡੱਲੇ ਦਾ ਹੰਕਾਰ ਦੂਰ ਹੋਇਆ ।
ਵਜ਼ੀਰ ਖ਼ਾਂ (ਸੂਬਾ ਸਰਹਿੰਦ) ਨੇ ਗੁਰੂ ਜੀ ਦੇ ਡੱਲੇ ਪਾਸ ਠਹਿਰਣ ਦੀ ਖ਼ਬਰ ਸੁਣ ਕੇ ਡੱਲੇ ਦੇ ਨਾਂ ਇਕ ਧਮਕੀ ਭਰਿਆ ਪੈਗ਼ਾਮ ਭੇਜਿਆ ਕਿ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲ ਭੇਜੇ ਨਹੀਂ ਤਾਂ ਉਸਦੀ ਗੜ੍ਹੀ ਨੂੰ ਢਾਹ ਕੇ ਉਸ ਨੂੰ ਵੀ ਗੁਰੂ ਦੇ ਨਾਲ ਫੜ ਲਿਆ ਜਾਵੇਗਾ । ਪਰ ਭਾਈ ਡੱਲਾ ਨੇ ਵਜ਼ੀਰ ਖ਼ਾਂ ਦੀ ਇਹ ਗੱਲ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਗੁਰੂ ਜੀ ਉਸਦੇ ਪ੍ਰਾਣ ਦੇ ਨਾਲ ਹਨ। ਉਹ ਇਨ੍ਹਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ ਅਤੇ ਉਸਦੇ ਲਸ਼ਕਰ ਦਾ ਡਟ ਕੇ ਮੁਕਾਬਲਾ ਕਰੇਗਾ । ਇਕ ਵਾਰ ਫੇਰ ਵਜ਼ੀਰ ਖ਼ਾਂ ਨੇ ਡੱਲੇ ਨੂੰ ਲਾਲਚ ਭਰਿਆ ਹੁਕਮ ਭੇਜਿਆ ਪਰ ਡੱਲੇ ਚੌਧਰੀ ਨੇ ਅੱਗੋਂ ਸੂਬਾ ਸਰਹਿੰਦ ਨੂੰ ਕਰਾਰਾ ਜਵਾਬ ਦਿੱਤਾ ।
ਗੁਰੂ ਜੀ ਦੇ ਦਰਬਾਰ ਵਿਚ ਸੰਗਤਾਂ ਵੱਲੋਂ ਜੋ ਭੇਟਾ ਚੜ੍ਹਾਈ ਗਈ ਉਸ ਨਾਲ ਗੁਰੂ ਜੀ ਨੇ ਸਭ ਨੂੰ ਤਲਬਾਂ ਦਿੱਤੀਆਂ ਅਤੇ ਭਾਈ ਡੱਲੇ ਨੂੰ ਵੀ ਤਲਬ ਲੈਣ ਲਈ ਕਿਹਾ ਪਰ ਡੱਲੇ ਨੇ ਮੀਂਹ ਦੀ ਮੰਗ ਕੀਤੀ । ਡੱਲੇ ਦੇ ਵਾਰ ਵਾਰ ਮੀਂਹ ਮੰਗਣ ਤੇ 8 ਦਿਨ ਮੀਂਹ ਪਿਆ ।
ਇਕ ਰਾਤ ਭਾਈ ਡੱਲਾ ਆਪ ਹੀ ਸ਼ਸ਼ਤਰ ਪਹਿਨ ਕੇ ਗੁਰੂ ਕੇ ਪਲੰਘ ਦਾ ਪਹਿਰਾ ਦਿੰਦਾ ਰਿਹਾ । ਪੰਜ ਵਾਰੀ ਗੁਰੂ ਜੀ ਦੇ ਪੁੱਛਣ ਤੇ ਭਾਈ ਡੱਲਾ ਬੋਲਦਾ ਰਿਹਾ । ਖੁਸ਼ ਹੋ ਕੇ ਗੁਰੂ ਜੀ ਨੇ ਕੁਝ ਮੰਗਣ ਲਈ ਕਿਹਾ ਤਾਂ ਭਾਈ ਡੱਲੇ ਨੇ ਗੁਰੂ ਚਰਨ ਵਿਚ ਪੀਹੜੀ ਜਿੰਨੀ ਥਾਂ ਦੀ ਮੰਗ ਕੀਤੀ । ਗੁਰੂ ਜੀ ਨੇ ਇਸ ਦੀ ਇੱਛਾ ਪੂਰਤੀ ਲਈ ਖੰਡੇ ਦਾ ਅੰਮ੍ਰਿਤ ਛਕਣ ਦੀ ਸ਼ਰਤ ਲਾਈ । ਭਾਈ ਡੱਲਾ ਗੁਰੂ ਜੀ ਦਾ ਬਚਨ ਮੰਨ ਕੇ ਇਕ ਸੌ ਪੰਜ ਸਿੱਖਾਂ ਸਮੇਤ ਅੰਮ੍ਰਿਤ ਛਕ ਕੇ ਸਿੰਘ ਸਜਿਆ । ਗੁਰੂ ਸਾਹਿਬ ਨੇ ਖੁਸ਼ ਹੋ ਕੇ ਖੰਡਾ, ਢਾਲਾ ਅਤੇ ਦੋ ਹਜ਼ਾਰ ਦੇ ਜੜਾਉ ਕੜੇ ਉਤਾਰ ਕੇ ਬਖਸ਼ੇ ।
ਭਾਈ ਡੱਲੇ ਦੀ ਮੌਜੂਦਗੀ ਵਿਚ ਗੁਰੂ ਸਾਹਿਬ ਨੇ ਇਸ ਇਲਾਕੇ ਵਿਚ ਕਣਕ, ਅੰਬ, ਅਨਾਰ, ਅਤੇ ਨਹਿਰਾਂ ਦੇ ਵਰ ਦਿੱਤੇ ਪਰ ਭਾਈ ਡੱਲਾ ਗੁਰੂ ਜੀ ਦੀ ਗੁਝੀ ਰਮਜ਼ ਨੂੰ ਨਾ ਸਮਝ ਸਕਿਆ ਤੇ ਭੁਲੇਖੇ ਨਾਲ ਗੁਰੂ ਜੀ ਦਾ ਬਚਨ ਮੋੜਕੇ ਕਹਿਣ ਲੱਗਾ ਇਥੇ ਤਾਂ ਕਾਹੀ, ਜੰਡ, ਕਰੀਰ ਅਤੇ ਟਿੱਬੇ ਹਨ । ਗੁਰੂ ਜੀ ਨੇ ਕਿਹਾ ਜੇ ਤੂੰ ਸਤ ਬਚਨ ਕਹਿ ਦਿੰਦਾ ਤਾਂ ਇਹ ਚੀਜ਼ਾਂ ਹੁਣੇ ਹੋ ਜਾਣੀਆਂ ਸਨ, ਪਰ ਹੁਣ ਸਮਾਂ ਪਾ ਕੇ ਹੋ ਜਾਣਗੀਆਂ ।
ਗੁਰੂ ਜੀ ਨੇ ਜਦੋਂ ਦੱਖਣ ਵੱਲ ਦੀ ਤਿਆਰੀ ਕੀਤੀ ਤਾਂ ਭਾਈ ਡੱਲੇ ਨੂੰ ਵੀ ਨਾਲ ਚਲਣ ਦਾ ਹੁਕਮ ਦਿੱਤਾ ਪਰ ਭਾਈ ਡੱਲੇ ਦਾ ਚਿਤ ਗੁਰੂ ਜੀ ਦੇ ਨਾਲ ਨਿਭ ਸਕਣ ਤੋਂ ਡੋਲ ਗਿਆ ਸੀ । ਇਸਨੇ ਬੇਨਤੀ ਕੀਤੀ ਕਿ ਜਿਨ੍ਹਾਂ ਝਾੜਾਂ ਦੇ ਦੇਸ਼ ਨੂੰ ਤੁਸੀਂ ਵਸਣ ਦਾ ਬਚਨ ਦਿੱਤਾ ਹੈ ਇਨ੍ਹਾਂ ਦੀ ਰਾਖੀ ਉਸ ਬਿਨਾਂ ਕੌਣ ਕਰੇਗਾ । ਗੁਰੂ ਜੀ ਨੇ ਕਿਹਾ ਤੂੰ ਦੇਸ਼ ਦਾ ਹੱਠਾ ਨਾ ਬਣ, ਅਕਾਲ ਪੁਰਖ ਸਭ ਦੀ ਪਾਲਣਾ ਕਰਦਾ ਹੈ । ਇਸ ਤਰ੍ਹਾਂ ਗੁਰੂ ਜੀ ਦੇ ਜ਼ੋਰ ਪਾਉਣ ਤੇ ਡੱਲਾ ਦੁਚਿੱਤੀ ਵਿਚ ਤਲਵੰਡੀ ਛੱਡ ਕੇ ਗੁਰੂ ਜੀ ਨੇ ਨਾਲ ਦੱਖਣ ਨੂੰ ਰਵਾਨਾ ਹੋਇਆ । ਕੇਵਲ ਅਤੇ ਝੋਰੜ ਪਿੰਡ ਇਕ ਰਾਤ ਠਹਿਰੇ । ਜਦੋਂ ਗੁਰੂ ਜੀ ਨੇ ਤੀਜੀ ਰਾਤ ਝੰਡੋ ਪਿੰਡ ਜਾ ਡੇਰਾ ਕੀਤਾ ਤਾਂ ਰਾਤ ਨੂੰ ਹੀ ਰਾਇ ਡੱਲਾ ਗੁਰੂ ਸਾਹਿਬ ਦੇ ਤੰਬੂ ਦੀ ਪਰਿਕਰਮਾ ਕਰਕੇ ਤਲਵੰਡੀ ਦੇ ਰਾਹ ਪੈ ਗਿਆ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-04-38-27, ਹਵਾਲੇ/ਟਿੱਪਣੀਆਂ: ਹ. ਪੁ.–ਤ. ਗੁ. ਖਾ. : ਮ. ਕੋ.
ਵਿਚਾਰ / ਸੁਝਾਅ
Please Login First