ਤੀਜ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤੀਜ : ਤੀਜ ਨਵੀਆਂ ਵਿਆਹੀਆਂ ਔਰਤਾਂ ਦਾ ਤਿਉਹਾਰ ਹੈ ਜੋ ਸਾਉਣ ਮਹੀਨੇ ਦੀ ਤੀਜੀ ਤਿੱਥ ਤੋਂ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ । ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਣ ਕਰ ਕੇ ਇਸ ਤਿਉਹਾਰ ਨੂੰ ਸਾਵੇਂ ਵੀ ਕਿਹਾ ਜਾਂਦਾ ਹੈ । ਪੰਜਾਬ ਵਿੱਚ ਇਸ ਤਿਉਹਾਰ ਦਾ ਨਾਂ ਤੀਆਂ ਵੀ ਲਿਆ ਜਾਂਦਾ ਹੈ । ਇੱਕ ਰੀਤ ਅਨੁਸਾਰ ਮਾਪੇ ਆਪਣੀਆਂ ਸਜ ਵਿਆਹੀਆਂ ਧੀਆਂ ਨੂੰ ਸਾਉਣ ਦੇ ਮਹੀਨੇ ਤੋਂ ਪਹਿਲਾਂ ਹੀ ਸਹੁਰੇ ਘਰਾਂ ਤੋਂ ਪੇਕੇ ਘਰ ਲੈ ਆਉਂਦੇ ਹਨ । ਤੀਜ ਤੋਂ ਇੱਕ ਦਿਨ ਪਹਿਲਾਂ ਆਂਢ-ਗੁਆਂਢ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਹੱਥਾਂ ਤੇ ਮਹਿੰਦੀ ਲਾਉਂਦੀਆਂ ਹਨ ਤੇ ਸਹੁਰੇ ਘਰਾਂ ਤੋਂ ਆਈਆਂ ਮੁਟਿਆਰਾਂ ਘਰ-ਘਰ ਜਾ ਕੇ ਆਪਣੀਆਂ ਸਹੇਲੀਆਂ ਦੀ ਸੁੱਖ-ਸਾਂਦ ਪੁੱਛਦੀਆਂ ਹਨ । ਇਹਨਾਂ ਦਿਨਾਂ ਵਿੱਚ ਹਰ ਘਰ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਹੈ । ਖੀਰ ਰਿੰਨ੍ਹੀ ਜਾਂਦੀ ਹੈ , ਮਾਲ੍ਹ- ਪੂੜੇ ਤੇ ਗੁਲਗੁਲੇ ਪਕਾਏ ਜਾਂਦੇ ਹਨ ।

        ਤੀਜ ਵਾਲੇ ਦਿਨ , ਢਲੀ ਦੁਪਹਿਰ ਮੁਟਿਆਰਾਂ ਇਕੱਠੀਆਂ ਹੋ ਕੇ ਨਗਰ-ਖੇੜੇ ਦੀ ਸੁੱਖ ਦੇ ਗੀਤ ਗਾਉਂਦੀਆਂ ਹੋਈਆਂ , ਪਿੰਡ ਦੀ ਪਿੱਪਲਾਂ ਤੇ ਬੋਹੜਾਂ ਵਾਲੀ ਸਾਂਝੀ ਥਾਂ ਵੱਲ ਨੂੰ ਤੁਰ ਪੈਂਦੀਆਂ ਹਨ । ਤੀਆਂ ਵਿੱਚ ਮੋਹਰੀ ਮੁਟਿਆਰਾਂ , ਹੋਰਨਾਂ ਕੁੜੀਆਂ ਵੱਲੋਂ ਕੰਨੀਆਂ ਫੜ ਕੇ ਤਾਣੀ ਹੋਈ ਫੁਲਕਾਰੀ ਦੇ ਚੰਦੋਏ ਹੇਠ ਤੁਰਦੀਆਂ ਹਨ ਜਿਨ੍ਹਾਂ ਵਿੱਚ ਕੁੜੀਆਂ ਤੋਂ ਇਲਾਵਾ ਭਾਬੀਆਂ , ਚਾਚੀਆਂ ਤੇ ਤਾਈਆਂ ਵੀ ਨਵੇਂ ਕੱਪੜੇ ਪਾ ਕੇ ਤੀਆਂ ਵਾਲੀ ਥਾਂ `ਤੇ ਪੁੱਜਦੀਆਂ ਹਨ ।

        ਤੀਜ ਨਿਰੋਲ ਕੁਦਰਤ ਦੀ ਪੂਜਾ ਦਾ ਤਿਉਹਾਰ ਹੈ । ਇਸ ਦੀ ਖ਼ੁਸ਼ੀ ਵਿੱਚ ਮੁਟਿਆਰਾਂ ਤੀਆਂ ਦੇ ਪਿੜ ਵਿੱਚ ਜਾ ਕੇ ਹਾਸੇ ਬਿਖੇਰਦੀਆਂ ਹਨ ਅਤੇ ਪੇਕੇ ਘਰ ਆਉਣ ਨੂੰ ਤਾਂਘਦੀਆਂ ਹਨ :

ਮਹੀਨਾ ਸਾਉਣ ਦਾ , ਤੀਆਂ ਦੇ ਦਿਨ ਨੇੜੇ ,

ਘੱਲੀਂ ਮਾਏ ਵੱਡੇ ਵੀਰ ਨੂੰ ।

ਨਿੱਤ ਕਾਂਗ ਉਡਾਰੀ ਆ ਬਨੇਰੇ ,

                  ਘੱਲੀਂ ਮਾਏ ਵੱਡੇ ਵੀਰ ਨੂੰ ।

        ਕੁੜੀਆਂ ਪਿੱਪਲਾਂ ਤੇ ਪੀਂਘਾਂ ਪਾ ਲੈਂਦੀਆਂ ਹਨ । ਮੁਟਿਆਰਾਂ ਗਿੱਧੇ ਦੇ ਗੋਲ ਪਿੜ ਵਿੱਚ ਖੜੋ ਕੇ ਤਾਲ ਦਿੰਦੀਆਂ ਹਨ । ਇਸ ਗਿੱਧੇ ਵਿੱਚ ਕਿਸੇ ਸਾਜ਼ ਦੀ ਵਰਤੋਂ ਨਹੀਂ ਕੀਤੀ ਜਾਂਦੀ । ਮੁਟਿਆਰਾਂ ਤਾੜੀ ਮਾਰ ਕੇ ਸੁਰ- ਤਾਲ ਪੈਦਾ ਕਰਦੀਆਂ ਹਨ । ਗਿੱਧੇ ਵਿੱਚ ਨੱਚਣ ਵਾਲੀਆਂ ਕੁੜੀਆਂ ਧਰਤੀ ਉੱਤੇ ਅੱਡੀ ਮਾਰ ਕੇ ਤਾਲ ਨਾਲ ਤਾਲ ਮਿਲਾਉਂਦੀਆਂ ਹਨ ।

        ਤੀਆਂ ਗਿੱਧੇ ਵਿੱਚ ਨੱਚਣ ਦੀ ਇੱਕ ਬੱਝਵੀ ਪ੍ਰਕਿਰਿਆ ਹੈ । ਪਹਿਲਾਂ ਇੱਕ ਕੁੜੀ ਬੋਲੀ ਪਾਉਂਦੀ ਹੈ । ਦੂਜੀਆਂ ਕੁੜੀਆਂ ਬੋਲੀ ਦੇ ਆਖ਼ਰੀ ਟੱਪੇ ਨੂੰ ਵਾਰ-ਵਾਰ ਦੁਹਰਾ ਕੇ ਬੋਲੀ ਚੁੱਕਦੀਆਂ ਹਨ ਤੇ ਦੋ ਕੁੜੀਆਂ ਦੀ ਜੋੜੀ ਗਿੱਧੇ ਦੇ ਪਿੜ ਵਿੱਚ ਨੱਚਦੀ ਹੈ । ਕਈ ਵਾਰ ਨੱਚਦੀਆਂ- ਨੱਚਦੀਆਂ ਕੁੜੀਆਂ ਮੂੰਹ ਨਾਲ ਭੁਰਕੜੇ ਦੀ ਅਵਾਜ਼ ਵੀ ਕੱਢਦੀਆਂ ਹਨ , ਇਸ ਨੂੰ ‘ ਰੂੰ ਪਿੰਜਣਾ` ਕਿਹਾ ਜਾਂਦਾ ਹੈ । ਦਿਨ ਛਿਪਣ ਤੱਕ ਮੁਟਿਆਰਾਂ ਨਵੀਆਂ ਤੋਂ ਨਵੀਆਂ ਬੋਲੀਆਂ ਪਾ ਕੇ , ਭੈਣਾਂ , ਸਹੇਲੀਆਂ , ਨਣਦਾਂ , ਭਰਜਾਈਆਂ , ਦਰਾਣੀਆਂ , ਜਠਾਣੀਆਂ ਬਾਰੋ-ਬਾਰੀ ਨੱਚਦੀਆਂ ਰਹਿੰਦੀਆਂ ਹਨ ।

        ਤੀਆਂ ਦਾ ਅਖੀਰਲਾ ਦਿਨ ਬਹੁਤ ਵਿਸ਼ੇਸ਼ ਹੁੰਦਾ ਹੈ । ਇਸ ਦਿਨ ਵਧੀਆ ਨੱਚਣ ਵਾਲੀਆਂ ਤੀਆਂ ਦੀਆਂ ਮੋਹਰੀ ਮੁਟਿਆਰਾਂ ਧੂੰਮ-ਧੜੱਕੇ ਨਾਲ ਨੱਚਦੀਆਂ ਹਨ । ਗਿੱਧੇ ਵਿੱਚ ਆਪਣੇ ਨਗਰ-ਖੇੜੇ , ਬਾਬਲ ਮਾਂ , ਤਾਏ , ਚਾਚੇ ਤੇ ਵੀਰਾਂ ਦੀ ਸਿਫ਼ਤ ਕੀਤੀ ਜਾਂਦੀ ਹੈ । ਵਰੀ ਦੇ ਸੂਟ ਤੇ ਸੋਨੇ-ਚਾਂਦੀ ਦੇ ਗਹਿਣਿਆਂ ਨਾਲ ਸੱਜ ਕੇ ਆਈਆਂ ਮੁਟਿਆਰਾਂ , ਵਿਆਹ ਦੇ ਗੀਤ-ਨਾਟ , ਸੱਸ-ਸਹੁਰੇ , ਜੇਠ-ਦਿਓਰਾਂ ਬਾਰੇ ਗੀਤ-ਨਾਟ ਪੇਸ਼ ਕਰਦੀਆਂ ਹਨ । ਤੀਜ ਵਾਲੇ ਦਿਨ ਗਿੱਧੇ ਦਾ ਸਿਖਰ ਹੁੰਦਾ ਹੈ । ਬੱਲੋਂ ਪਾਈ ਜਾਂਦੀ ਹੈ । ਜਿਹੜੀ ਕੁੜੀ ਕਦੇ ਨਹੀਂ ਨੱਚੀ ਹੁੰਦੀ ਉਸ ਨੂੰ ਵੀ ਸ਼ਗਨ ਵਜੋਂ ਉਸ ਦਿਨ ਨਚਾਇਆ ਜਾਂਦਾ ਹੈ । ਅੰਤ ਵਿੱਚ ਮੁਟਿਆਰਾਂ ਪਿੱਪਲਾਂ , ਬੋਹੜਾਂ ਤੇ ਸਾਉਣ ਦੇ ਮਹੀਨੇ ਦੀ ਸਿਫ਼ਤ ਗਾਉਂਦੀਆਂ ਹਨ । ਕੋਈ ਮੁਟਿਆਰ ਅਕਾਸ਼ ਵੱਲ ਮੂੰਹ ਕਰ ਕੇ ਸ਼ੁਕਰਾਨੇ ਵਜੋਂ ਧਰਤੀ ਨੂੰ ਸੀਸ ਨਿਵਾਉਂਦੀ ਹੋਈ ਬੋਲੀ ਪਾਉਂਦੀ ਹੈ :

ਉਚੇ ਟਿੱਬੇ ਮੈਂ ਨਰਮਾ ਚੁਗਦੀ ,

ਚੁਗ-ਚੁਗ ਲਾਵਾਂ ਢੇਰ

ਤੀਆਂ ਤੀਜ ਦੀਆਂ ,

ਵਰ੍ਹੇ ਦਿਨਾਂ ਨੂੰ ਫੇਰ ।

                  ਤੀਆਂ ਤੀਜ ਦੀਆਂ...

ਇਸ ਬੋਲੀ ਨਾਲ ਤੀਆਂ ਦਾ ਸਾਰਾ ਪਿੜ ਨੱਚ ਉੱਠਦਾ ਹੈ । ਅੰਤ ਸੂਰਜ ਦੀ ਟਿੱਕੀ ਛਿਪਦੀ ਨਾਲ ਮੁਟਿਆਰਾਂ ਪਿੰਡ ਦਾ ਦਰਵਾਜ਼ਾ ਲੰਘ ਕੇ ਆਪੋ-ਆਪਣੇ ਘਰੀਂ ਪਹੁੰਚ ਜਾਂਦੀਆਂ ਹਨ ।


ਲੇਖਕ : ਹਰਨੇਕ ਕਲੇਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਤੀਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਜ ( ਨਾਂ , ਇ ) ਚੰਦਰਮਾ ਪੱਖ ਦੀ ਤੀਜੀ ਤਿਥਿ; ਵੇਖੋ : ਤੀਆਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤੀਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਜ [ ਨਾਂਇ ] ਪੂਰਨਮਾਸ਼ੀ ਜਾਂ ਮੱਸਿਆ ਤੋਂ ਮਗਰੋਂ ਤੀਜਾ ਦਿਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੀਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਜ . ਸੰਗ੍ਯਾ— तृतीया — ਤ੍ਰਿਤੀਯਾ. ਚੰਦ੍ਰਮਾ ਦੇ ਪੱਖ ਦੀ ਤੀਜੀ ਤਿਥਿ । ੨ ਸਾਵਨ ਸੁਦੀ ੩ , ਤੀਆਂ ਦਾ ਤ੍ਯੋਹਾਰ. ਦੇਖੋ , ਤੀਆਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.