ਚੰਦ੍ਰਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦ੍ਰਮਾ. ਸੰਗ੍ਯਾ—ਚੰਦ. ਚਾਂਦ. ਦੇਖੋ, ਸੋਮ ੨। ੨ ਇੱਕ ਗਿਣਤੀ ਦਾ ਬੋਧਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਦ੍ਰਮਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੰਦ੍ਰਮਾ: ਸਿੱਖ ਧਰਮ ਵਿਚ ਚੰਦ੍ਰਮਾ ਨਾਲ ਸੰਬੰਧਿਤ ਵਿਗਿਆਨਿਕ ਨਜ਼ਰੀਆ ਹੈ, ਪਰ ਉਂਜ ਭਾਰਤੀ ਮਿਥਿਹਾਸ ਦਾ ਇਕ ਪ੍ਰਮੁਖ ਦੇਵਤਾ ਹੈ, ਜਿਸ ਨੂੰ ‘ਚੰਦ੍ਰ’ ਅਤੇਸੋਮ ’ ਵੀ ਕਹਿੰਦੇ ਹਨ। ‘ਚੰਦ੍ਰ’ ਰੂਪ ਵਿਚ ਇਹ ਨਛੱਤ੍ਰ ਦਾ ਦੈਵੀਕਰਣ ਹੈ ਅਤੇ ‘ਸੋਮ’ ਰੂਪ ਵਿਚ ਇਹ ਸੋਮ-ਰਸ ਪਾਨ ਕਰਨ ਵਾਲੇ ਦੇਵਤਾ ਦੀ ਪ੍ਰਤਿਨਿਧਤਾ ਕਰਦਾ ਹੈ।

            ਪੁਰਾਣ-ਸਾਹਿਤ ਵਿਚ ਇਸ ਦਾ ਮਾਨਵੀਕਰਣ ਕਰਦਿਆਂ ਇਸ ਨੂੰ ‘ਰਿਸ਼ੀ-ਪੁੱਤਰ’ ਮੰਨਿਆ ਗਿਆ ਹੈ। ‘ਭਾਗਵਤ-ਪੁਰਾਣ’ (ਸਕੰਧ 9) ਅਤੇ ‘ਵਿਸ਼ਣੂ-ਪੁਰਾਣ’ (ਅੰਸ਼ 4) ਵਿਚ ਲਿਖਿਆ ਹੈ ਕਿ ਬ੍ਰਹਮਾ ਦੇ ਪੁੱਤਰ ਅਤ੍ਰਿ ਰਿਸ਼ੀ ਦੀਆਂ ਅੱਖਾਂ ਵਿਚੋਂ ਚੰਦ੍ਰਮਾ ਪੈਦਾ ਹੋਇਆ। ਬ੍ਰਹਮਾ ਨੇ ਚੰਦ੍ਰਮਾ ਨੂੰ ਬ੍ਰਾਹਮਣ , ਔਸ਼ਧ ਅਤੇ ਨੱਛਤ੍ਰਾਂ ਦਾ ਸੁਆਮੀ ਬਣਾ ਦਿੱਤਾ। ਇਸ ਨੇ ਤਿੰਨਾਂ ਲੋਕਾਂ ਉਤੇ ਜਿਤ ਪ੍ਰਾਪਤ ਕਰਕੇ ਰਾਜਸੂਯ ਯੱਗ ਕੀਤਾ ਅਤੇ ਆਪਣੀ ਸ਼ਕਤੀ ਕਰਕੇ ਬਹੁਤ ਅਭਿਮਾਨੀ ਹੋ ਗਿਆ। ਇਸ ਨੇ ਦੇਵਤਿਆਂ ਦੇ ਗੁਰੂ ਬ੍ਰਿਹਸਪਤੀ ਦੀ ਪਤਨੀ ਤਾਰਾ ਨੂੰ ਉਧਾਲ ਲਿਆ। ਦੇਵਤਿਆਂ ਨੇ ਬ੍ਰਿਹਸਪਤੀ ਦਾ ਸਾਥ ਦਿੱਤਾ ਅਤੇ ਚੰਦ੍ਰਮਾ ਨਾਲ ਘੋਰ ਯੁੱਧ ਕੀਤਾ। ਦੈਂਤਾਂ ਦੇ ਗੁਰੂ ਸ਼ੁਕ੍ਰਾਚਾਰਯ ਦਾ ਬ੍ਰਿਹਸਪਤੀ ਨਾਲ ਵੈਰ ਸੀ। ਫਲਸਰੂਪ ਉਸ ਨੇ ਆਪਣੇ ਦਲ-ਬਲ ਸਹਿਤ ਚੰਦ੍ਰਮਾ ਦੀ ਮਦਦ ਕੀਤੀ। ਜਦੋਂ ਯੁੱਧ ਦਾ ਅੰਤ ਹੁੰਦਾ ਨਜ਼ਰ ਨ ਆਇਆ ਤਾਂ ਬ੍ਰਹਮਾ ਨੇ ਵਿਚ ਪੈ ਕੇ ਯੁੱਧ ਰੁਕਵਾਇਆ ਅਤੇ ਚੰਦ੍ਰਮਾ ਤੋਂ ਤਾਰਾ ਨੂੰ ਮੁੜਵਾਇਆ। ਚੰਦ੍ਰਮਾ ਦੇ ਸੰਪਰਕ ਵਿਚ ਰਹਿਣ ਕਾਰਣ ਗਰਭਵਤੀ ਹੋਈ ਤਾਰਾ ਨੇ ਕਾਲਾਂਤਰ ਵਿਚ ਇਕ ਬਾਲਕ ਨੂੰ ਜਨਮ ਦਿੱਤਾ ਜੋ ਚੰਦ੍ਰਮਾ ਦਾ ਪੁੱਤਰ ‘ਬੁੱਧ ’ ਅਖਵਾਇਆ।

          ‘ਸ਼ਿਵ-ਪੁਰਾਣ’ (ਸੰਹਿਤਾ 8) ਅਨੁਸਾਰ ਦਕੑਸ਼ ਪ੍ਰਜਾਪਤੀ ਨੇ ਆਪਣੀਆਂ ਕੰਨਿਆਵਾਂ ਵਿਚੋਂ 27 ਦਾ ਵਿਆਹ ਚੰਦ੍ਰਮਾ ਨਾਲ ਕਰ ਦਿੱਤਾ। ਚੰਦ੍ਰਮਾ ਉਨ੍ਹਾਂ ਵਿਚੋਂ ਰੋਹਿਣੀ ਨੂੰ ਅਧਿਕ ਪ੍ਰੇਮ ਕਰਦਾ ਸੀ। ਬਾਕੀਆਂ ਨੇ ਖਿਝ ਕੇ ਆਪਣੇ ਪਿਤਾ ਅੱਗੇ ਸ਼ਿਕਾਇਤ ਕੀਤੀ। ਦਕੑਸ਼ ਨੇ ਨਾਰਾਜ਼ ਹੋ ਕੇ ਚੰਦ੍ਰਮਾ ਨੂੰ ਪਤਿਤ ਅਥਵਾ ਨਸ਼ਟ ਹੋਣ ਦਾ ਸਰਾਪ ਦਿੱਤਾ। ਚੰਦ੍ਰਮਾ ਨੇ ਸਰਾਪ ਤੋਂ ਮੁਕਤੀ ਲਈ ਬ੍ਰਹਮਾ ਅਗੇ ਬੇਨਤੀ ਕੀਤੀ। ਬ੍ਰਹਮਾ ਦੇ ਕਹੇ ’ਤੇ ਚੰਦ੍ਰਮਾ ਨੇ ਪ੍ਰਭਾਸ ਖੇਤਰ ਵਿਚ ਸ਼ਿਵਲਿੰਗ ਦੀ ਸਥਾਪਨਾ ਕਰਕੇ ਛੇ ਮਹੀਨੇ ਤਪਸਿਆ ਕੀਤੀ। ਸ਼ਿਵ ਨੇ ਪ੍ਰਸੰਨ ਹੋ ਕੇ ਉਸ ਨੂੰ ਹਰ ਮਹੀਨੇ ਘਟਣ- ਵਧਣ ਦੀ ਸਮਰਥਤਾ ਪ੍ਰਦਾਨ ਕੀਤੀ ਕਿਉਂਕਿ ਦਕੑਸ਼ ਦੇ ਸਰਾਪ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਸੰਭਵ ਨਹੀਂ ਸੀ। ਇਹੀ ਕਾਰਣ ਹੈ ਕਿ ਚੰਦ੍ਰਮਾ ਹਰ ਮਹੀਨੇ ਵਧਣ-ਘਟਣ ਦੇ ਪ੍ਰਕਾਰਜ ਵਿਚ ਰੁਝਿਆ ਰਹਿੰਦਾ ਹੈ।

            ਪੁਰਾਣ-ਸਾਹਿਤ ਵਿਚ ਚੰਦ੍ਰਮਾ ਅਥਵਾ ਸੋਮ ਬਾਰੇ ਅਨੇਕ ਪ੍ਰਸੰਗ ਮਿਲ ਜਾਂਦੇ ਹਨ। ਅਹਲਿਆ ਨੂੰ ਪਤਿਤ ਕਰਨ ਲਈ ਉਤਾਰੂ ਇੰਦ੍ਰ ਦੀ ਚੰਦ੍ਰਮਾ ਵਲੋਂ ਕੀਤੀ ਗਈ ਮਦਦ ਦਾ ਬ੍ਰਿੱਤਾਂਤ ਵੀ ਮਿਲਦਾ ਹੈ। ਚੰਦ੍ਰਮਾ ਦੇ ਰਥ ਬਾਰੇ ਪੁਰਾਣਾਂ ਵਿਚ ਉਲੇਖ ਹੈ ਕਿ ਉਸ ਦੇ ਤਿੰਨ ਪਹੀਏ ਹਨ ਅਤੇ ਚਿੱਟੇ ਰੰਗ ਦੇ ਦਸ ਘੋੜੇ ਉਸ ਨੂੰ ਖਿਚਦੇ ਹਨ। ਇਸ ਦੇ ‘ਨਿਸ਼ਾਕਰ’, ‘ਸਸਿ’, ‘ਨੱਛਤ੍ਰਨਾਥ’ ਆਦਿ ਕੁਝ ਹੋਰ ਨਾਮਾਂਤਰ ਵੀ ਪ੍ਰਚਲਿਤ ਹਨ।

            ਸਮੁੰਦਰ ਰਿੜਕਣ ਵੇਲੇ ਨਿਕਲੇ ਚੌਦਾਂ ਰਤਨਾਂ ਵਿਚ ਵੀ ਚੰਦ੍ਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਭਾਈ ਗੁਰਦਾਸ ਅਨੁਸਾਰ ਇਸ ਦੇ ਅਰਧ-ਸਰੂਪ ਨੂੰ ਸ਼ਿਵ ਨੇ ਆਪਣੇ ਮਸਤਕ ਉਤੇ ਧਾਰਣ ਕੀਤਾ ਸੀ— ਕਾਲਕੂਟ ਤੇ ਅਰਧ ਚੰਦ੍ਰ ਮਹਾਦੇਵ ਮਸਤਕਿ ਧਰਿ ਪੀਤੇ (26/23)। ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਪਰਮਾਤਮਾ ਦੇ ਹੁਕਮ ਵਿਚ ਆਪਣੇ ਕਾਰਜ ਵਿਚ ਲੀਨ ਮੰਨਿਆ ਹੈ— ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ ਚਲਤ ਅੰਤੁ (ਗੁ.ਗ੍ਰੰ.464)।

            ਯੋਗ-ਸਾਧਨਾ ਦੇ ਪ੍ਰਸੰਗ ਵਿਚ ਚੰਦ੍ਰਮਾ ਨੂੰ ਇੜਾ ਦਾ ਅਤੇ ਸੂਰਜ ਨੂੰ ਪਿੰਗਲਾ ਦਾ ਪ੍ਰਤੀਕ ਮੰਨਿਆ ਗਿਆ ਹੈ— ਚੰਦ ਸੂਰਜ ਕੀ ਪਾਏ ਗੰਢਿ ਤਿਸੁ ਉਦਾਸੀ ਕਾ ਪੜੈ ਕੰਧੁ (ਗੁ.ਗ੍ਰੰ.952)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚੰਦ੍ਰਮਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੰਦ੍ਰਮਾ (ਸੰ.। ਸੰਸਕ੍ਰਿਤ ਚੰਦ੍ਰਮਸੑ। ਪੰਜਾਬੀ ਚੰਦ੍ਰਮਾਂ) ਇਕ ਗ੍ਰਹ ਜੋ ਧਰਤੀ ਦੇ ਉਦਾਲੇ ਘੁੰਮਦਾ ਹੈ, ਆਕਾਸ਼ ਦੇ ਤਾਰੇ ਗ੍ਰਹ ਉਪਗ੍ਰਹ ਸਭ ਤੋਂ ਨੇੜੇ ਪ੍ਰਿਥਵੀ ਨੂੰ ਇਹ ਗ੍ਰਹ ਹੈ, ਚੰਦ , ਚੰਨ। ਯਥਾ-‘ਜਿਉ ਜਲ ਘਟਾਊ ਚੰਦ੍ਰਮਾ’ ਜਿਕੁਰ ਜਲ (ਨਾਲ ਭਰੇ) ਘੜਿਆਂ ਵਿਚ ਚੰਦ੍ਰਮਾ (ਦਾ ਪ੍ਰਤਿਬਿੰਬ ਪੂਰਨ ਹੈ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.