ਤੀਰਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਰਥ [ ਨਾਂਪੁ ] ਧਾਰਮਿਕ ਸਥਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੀਰਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੀਰਥ : ਸੰਸਕ੍ਰਿਤ ਮੂਲ ਦੇ ‘ ਤੀਰਥ’ ਸ਼ਬਦ ਦਾ ਅਰਥ ਹੈ ‘ ਪਾਪ ਤੋਂ ਛੁਟਕਾਰਾ ਦਿਵਾਉਣ ਵਾਲਾ’ । ਇਸ ਤਰ੍ਹਾਂ ਤੀਰਥ ਦਾ ਭਾਵ ਬਣਿਆ ਉਹ ਪਵਿੱਤਰ ਸਥਾਨ ਜਿਥੇ ਲੋਕੀਂ ਧਰਮ ਦੀ ਭਾਵਨਾ ਨਾਲ ਪਾਪ ਦੂਰ ਕਰਨ ਲਈ ਜਾਣ ।

                      ਉਂਜ ਤਾਂ ਪਾਪ-ਪੁੰਨ ਦੀ ਭਾਵਨਾ ਕਿਸੇ ਨ ਕਿਸੇ ਰੂਪ ਵਿਚ ਸਾਰਿਆਂ ਦੇਸ਼ਾਂ ਦੇ ਧਰਮਾਂ ਨਾਲ ਜੁੜੀ ਹੋਈ ਹੈ , ਪਰ ਭਾਰਤ ਵਿਚ ਇਸ ਧਰਮ-ਭਾਵਨਾ ਪ੍ਰਤਿ ਵਿਸ਼ੇਸ਼ ਰੁਚੀ ਵਿਖਾਈ ਗਈ ਹੈ । ਪੁੰਨਾਂ ਨੂੰ ਇਕੱਠਾ ਕਰਨਾ ਅਤੇ ਪਾਪਾਂ ਦਾ ਨਿਵਾਰਣ ਕਰਨਾ ਇਹ ਦੋਵੇਂ ਕਿਸੇ ਵੀ ਧਰਮ ਦੇ ਮੁੱਖ ਉਦੇਸ਼ਾਂ ਵਿਚ ਸ਼ਾਮਲ ਹਨ । ਇਸ ਭਾਵਨਾ ਦੇ ਵਿਕਸਿਤ ਹੋਣ ਦੇ ਨਾਲ ਨਾਲ ਤੀਰਥਾਂ ਦੀ ਕਲਪਨਾ ਵੀ ਹੋਣ ਲਗ ਗਈ । ਹਿੰਦੂ ਧਰਮ ਵਿਚ ‘ ਅਠਸਠ ਤੀਰਥ’ ( ਵੇਖੋ ) ਵਿਸ਼ੇਸ਼ ਆਦਰ ਅਤੇ ਇਸ਼ਨਾਨ ਕਰਨ ਯੋਗ ਮੰਨੇ ਗਏ ਹਨ ।

                      ਤੀਰਥ ਦੀ ਸਥਿਤੀ ਆਮ ਤੌਰ ’ ਤੇ ਕਿਸੇ ਵਗਦੀ ਨਦੀ ਜਾਂ ਜਲਾਸ਼ਯ ਦੇ ਕੰਢੇ ਹੁੰਦੀ ਹੈ । ਪਰ ‘ ਪਦਮ-ਪੁਰਾਣ’ ਵਿਚ ਤੀਰਥ ਦਾ ਲਾਕੑਸ਼ਣਿਕ ਆਧਾਰ’ ਤੇ ਵਿਆਪਕ ਅਰਥ ਕਰਦਿਆਂ ਗੁਰੂ-ਤੀਰਥ , ਮਾਤਾ-ਪਿਤਾ ਤੀਰਥ , ਪਤਿ -ਤੀਰਥ , ਪਤਨੀ-ਤੀਰਥ ਆਦਿ ਦਾ ਉੱਲੇਖ ਕੀਤਾ ਗਿਆ ਹੈ । ਜੋ ਗੁਰੂ ਆਪਣੇ ਸ਼ਿਸ਼ ( ਸੇਵਕ ) ਦੇ ਅਗਿਆਨ ਰੂਪ ਅੰਧਕਾਰ ਦਾ ਨਾਸ਼ ਕਰਦਾ ਹੈ , ਉਹ ਸ਼ਿਸ਼ ਲਈ ਗੁਰੂ- ਤੀਰਥ ਹੈ , ਜਾਂ ਉਹ ਗੁਰੂ ਤੀਰਥ ਦੇ ਸਮਾਨ ਹੈ ।

                      ਪੁਰਾਣਾਂ ਵਿਚ ਤੀਰਥਾਂ ਦੀਆਂ ਹੋਰ ਵੀ ਕਈ ਕਿਸਮਾਂ ਦਾ ਉੱਲੇਖ ਮਿਲਦਾ ਹੈ । ‘ ਸਕੰਦ-ਪੁਰਾਣ’ ( ਕਾਸ਼ੀ ਖੰਡ ) ਵਿਚ ਤਿੰਨ ਤਰ੍ਹਾਂ ਦੇ ਤੀਰਥਾਂ ਦਾ ਜ਼ਿਕਰ ਹੋਇਆ ਹੈ , ਜਿਵੇਂ ਸੰਗਮ , ਸਥਾਵਰ ਅਤੇ ਮਾਨਸ । ਬ੍ਰਾਹਮਣਾਂ ਨੂੰ ‘ ਜੰਗਮ- ਤੀਰਥ’ ਦਸਿਆ ਗਿਆ ਹੈ ਕਿਉਂਕਿ ਇਹ ਪਵਿੱਤਰ ਸਮਝੇ ਜਾਂਦੇ ਹਨ; ਇਨ੍ਹਾਂ ਦੀ ਸੇਵਾ ਕਰਨ ਨਾਲ ਤੀਰਥ ਉਤੇ ਜਾਣ ਦਾ ਫਲ ਪ੍ਰਾਪਤ ਹੁੰਦਾ ਹੈ । ‘ ਸਥਾਵਰ-ਤੀਰਥ’ ਧਰਤੀ ਉਤੇ ਸਥਿਤ ਪਵਿੱਤਰ ਧਾਮਾਂ ਨੂੰ ਕਹਿੰਦੇ ਹਨ । ਅਜਿਹੇ ਤੀਰਥ ਉਤੇ ਜਾਣ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਉਤਮ ਫਲਾਂ ਦੀ ਪ੍ਰਾਪਤੀ ਹੁੰਦੀ ਹੈ । ‘ ਮਾਨਸ-ਤੀਰਥ’ ਦਾ ਸੰਬੰਧ ਆਤਮ-ਸੰਜਮ ਨਾਲ ਹੈ । ਸਤਿ , ਦਇਆ , ਇੰਦ੍ਰੀਆਂ ਦਾ ਦਮਨ , ਖਿਮਾ , ਦਾਨ , ਬ੍ਰਹਮਚਰਯ , ਗਿਆਨ ਅਤੇ ਧੀਰਜ ਆਦਿ ਮਨ ਦੀਆਂ ਬਿਰਤੀਆ ਨੂੰ ਵਿਕਸਿਤ ਕਰਨਾ ‘ ਮਾਨਸ -ਤੀਰਥ’ ਹੈ । ਇਨ੍ਹਾਂ ਤਿੰਨਾਂ ਤੀਰਥਾਂ ਵਿਚੋਂ ‘ ਮਾਨਸ-ਤੀਰਥ’ ਸ੍ਰੇਸ਼ਠ ਹੈ ।

                      ਤੀਰਥ ਦੀ ਫਲ-ਪ੍ਰਾਪਤੀ ਤਦ ਹੀ ਸੰਭਵ ਹੈ ਜੇ ਅੰਤਹਕਰਣ ਸ਼ੁੱਧ ਹੈ । ਅਸ਼ੁੱਧ ਆਚਰਣ ਵਾਲੇ ਪਾਪੀਆਂ , ਮਾਨਸਿਕ ਵਿਕਾਰਾਂ ਵਿਚ ਗ੍ਰਸੇ ਨਾਸਤਿਕਾਂ ਅਤੇ ਸ਼ੰਸੇ ਨਾਲ ਭਰੇ ਮਨ ਵਾਲਿਆਂ ਨੂੰ ਤੀਰਥ ਦਾ ਫਲ ਪ੍ਰਾਪਤ ਨਹੀਂ ਹੁੰਦਾ । ਸਪੱਸ਼ਟ ਹੈ ਕਿ ਸ਼ੁੱਧ ਅੰਤਹਕਰਣ ਵਾਲਿਆਂ ਨੂੰ ਹੀ ਤੀਰਥ ਕਰਨ ਦੀ ਫਲ-ਪ੍ਰਾਪਤੀ ਹੁੰਦੀ ਹੈ । ਗੁਰਬਾਣੀ ਵਿਚ ਸਾਫ਼ ਕਿਹਾ ਗਿਆ ਹੈ— ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੇ ਗੁਮਾਨੁ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ( ਗੁ.ਗ੍ਰੰ.1428 ) । ਗੁਰੂ ਅਮਰਦਾਸ ਜੀ ਨੇ ਵੀ ਕਿਹਾ ਹੈ— ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ( ਗੁ.ਗ੍ਰੰ.789 ) ।

                      ਧਨਾਸਰੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਹਰਿ ਦੇ ਨਾਮ ਦੀ ਆਰਾਧਨਾ ਨੂੰ ਤੀਰਥ-ਇਸ਼ਨਾਨ ਤੁਲ ਮੰਨਿਆ ਹੈ । ਸ਼ਬਦ ਨੂੰ ਵਿਚਾਰਨਾ ਅਤੇ ਹਿਰਦੇ ਵਿਚ ਬ੍ਰਹਮ -ਗਿਆਨ ਨੂੰ ਵਸਾਉਣਾ ਹੀ ਸ੍ਰੇਸ਼ਠ ਤੀਰਥ-ਯਾਤ੍ਰਾ ਹੈ— ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ( ਗੁ.ਗ੍ਰੰ.687 ) । ਗੁਰੂ ਅਰਜਨ ਦੇਵ ਜੀ ਅਨੁਸਾਰ ਘਰ ( ਹਿਰਦੇ ) ਵਿਚ ਵਸਦੇ ਪਰਮਾਤਮਾ ਨੂੰ ਛਿਣ ਭਰ ਲਈ ਵੀ ਨ ਮੰਨ ਕੇ , ਤੀਰਥਾਂ ਉਤੇ ਕੀਤੇ ਗਏ ਇਸ਼ਨਾਨ ਕੇਵਲ ਬੁੱਧੀ ਨੂੰ ਹਉਮੈ ਦੀ ਮੈਲ ਲਗਾਉਣਾ ਹੈ— ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਮਾਨੈ ( ਗੁ.ਗ੍ਰੰ.687 ) ।

                      ਕਿਸੇ ਸਥਾਨ ਦੇ ਤੀਰਥ ਬਣਨ ਪਿਛੇ ਉਥੇ ਕਿਸੇ ਮਹਾਪੁਰਸ਼ ਦੇ ਜਨਮ ਲੈਣ , ਕਿਸੇ ਇਤਿਹਾਸਿਕ ਘਟਨਾ ਦੇ ਘਟਣ , ਕੁਦਰਤੀ ਸੁੰਦਰਤਾ ਹੋਣ , ਦੇਵੀ ਦੇਵਤੇ ਨਾਲ ਸੰਬੰਧ ਰਖਣ ਦੀ ਗੱਲ ਵਿਸ਼ੇਸ਼ ਮਹੱਤਵ ਰਖਦੀ ਹੈ । ਅਸਲ ਵਿਚ , ‘ ਤੀਰਥ’ ਤੋਂ ਮਤਲਬ ਹੈ ਉਹ ਪਵਿੱਤਰ ਸਥਾਨ ਜੋ ਆਪਣੇ ਆਪ ਵਿਚ ਪਵਿੱਤਰ ਹੋਵੇ ਅਤੇ ਆਪਣੇ ਪਾਸ ਆਉਣ ਵਾਲਿਆਂ ਵਿਚ ਪਵਿੱਤਰਤਾ ਦਾ ਸੰਚਾਰ ਕਰੇ ।

                      ਤੀਰਥਾਂ ਨਾਲ ਧਾਰਮਿਕ ਪਰਵਾਂ/ਪੁਰਬਾਂ ਜਾਂ ਦਿਨਾਂ ਦਾ ਵੀ ਵਿਸ਼ੇਸ਼ ਸੰਬੰਧ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਪਰਵਾਂ ਉਤੇ ਕੀਤੀ ਜਾਣ ਵਾਲੀ ਤੀਰਥ-ਯਾਤ੍ਰਾ ਵਿਸ਼ੇਸ਼ ਮਹੱਤਵਪੂਰਣ ਸਮਝੀ ਜਾਂਦੀ ਹੈ । ਅਜਿਹਾ ਵਿਸ਼ਵਾਸ ਬਣ ਗਿਆ ਹੈ ਕਿ ਅਜਿਹੇ ਪਰਵਾਂ’ ਤੇ ਕੀਤੀ ਤੀਰਥ-ਯਾਤ੍ਰਾ ਜਾਂ ਤੀਰਥ-ਇਸ਼ਨਾਨ ਵਿਸ਼ੇਸ਼ ਪੁੰਨ ਅਰਜਿਤ ਕਰਨ ਦਾ ਅਵਸਰ ਦਿੰਦਾ ਹੈ । ਇਸ ਨੂੰ ਇਕ ਪ੍ਰਕਾਰ ਦਾ ਧਾਰਮਿਕ ਕਰਤੱਵ ਵੀ ਮੰਨਿਆ ਜਾਣ ਲਗਿਆ ਹੈ । ਸਿੱਖ ਧਰਮ ਵਿਚ ਅੰਮ੍ਰਿਤਸਰ ( ਦਰਬਾਰ ਸਾਹਿਬ ) ਦੇ ਸਰੋਵਰ ਦੇ ਇਸ਼ਨਾਨ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ । ਇਕ ਸ਼ਲਿਸ਼ਟ ਪ੍ਰਯੋਗ ਵਿਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਰਾਮਦਾਸਿ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ( ਗੁ.ਗ੍ਰੰ.624 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਤੀਰਥ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤੀਰਥ ( ਸੰ. । ਸੰਸਕ੍ਰਿਤ ਤੀਰਥ ( ਤ੍ਰੀ ਧਾਤੂ ਤੋਂ ) = ਜੋ ਪਾਪਾਂ ਤੋਂ ਤਾਰੇ ) ਪਵਿਤ੍ਰ ਮੰਨੇ ਗਏ ਸਥਾਨ । ਜਿਹਾਕੁ ਹਿੰਦੂਆਂ ਨੇ ਗੰਗਾ , ਜਗਨਨਾਥ , ਕਾਂਸ਼ੀ ਆਦਿ ਮੰਨੇ ਹਨ । ੨. ( ਸੰਪ੍ਰਦਾ ) ਪਰਮੇਸ਼ੁਰ ਦਾ ਨਾਮ ਹੀ ਤੀਰਥ ਹੈ । ਯਥਾ-ਪ੍ਰਮਾਣ-‘ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.