ਤੋਸ਼ਾਖ਼ਾਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਸ਼ਾਖ਼ਾਨਾ [ਨਾਂਪੁ] ਕੀਮਤੀ ਵਸਤਾਂ ਰੱਖਣ ਵਾਲ਼ਾ ਘਰ ਜਾਂ ਸਥਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੋਸ਼ਾਖ਼ਾਨਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੋਸ਼ਾਖ਼ਾਨਾ: ਫ਼ਾਰਸੀ ਮੂਲ (‘ਤੋਸ਼ਹਖ਼ਾਨਹ’) ਦੇ ਇਸ ਸ਼ਬਦ ਦਾ ਅਰਥ ਭਾਵੇਂ ਖਾਣ-ਪੀਣ ਦੀਆਂ ਵਸਤੂਆਂ ਨੂੰ ਸੰਭਾਲਣ ਵਾਲਾ ਕਮਰਾ ਜਾਂ ਸਟੋਰ ਹੈ, ਪਰ ਪੰਜਾਬ ਵਿਚ ਇਸ ਨੂੰ ਕੀਮਤੀ ਜਾਂ ਪਵਿੱਤਰ ਵਸਤੂਆਂ ਨੂੰ ਸੰਭਾਲਣ ਵਾਲੇ ਕਮਰੇ ਲਈ ਵੀ ਵਰਤਿਆ ਜਾਂਦਾ ਹੈ। ਇਤਿਹਾਸਿਕ ਗੁਰੂ-ਧਾਮਾਂ, ਵਿਸ਼ੇਸ਼ ਕਰਕੇ ਤਖ਼ਤ ਸਾਹਿਬਾਂ ਦੀਆਂ ਕੀਮਤੀ ਵਸਤੂਆਂ ਨੂੰ ਸੰਭਾਲਣ ਲਈ ਜਿਸ ਕਮਰੇ ਨੂੰ ਵਰਤਿਆ ਜਾਂਦਾ ਹੈ, ਉਸ ਲਈ ‘ਤੋਸ਼ਾਖ਼ਾਨਾ’ ਸ਼ਬਦ ਪ੍ਰਯੋਗ ਵਿਚ ਲਿਆਇਆ ਜਾਂਦਾ ਹੈ, ਜਿਵੇਂ ਪਟਨਾ ਸਾਹਿਬ ਦੇ ਹਰਿਮੰਦਿਰ ਸਾਹਿਬ ਦੀ ਉਪਰਲੀ ਮੰਜ਼ਿਲ ਵਿਚ ਬਣੇ ਕਮਰੇ ਨੂੰ ‘ਤੋਸ਼ਾਖ਼ਾਨਾ’ ਕਹਿੰਦੇ ਹਨ। ਉਸ ਵਿਚ ਪੁਰਾਤਨ ਹੱਥ-ਲਿਖਿਤ ਬੀੜਾਂ ਸੰਭਾਲੀਆਂ ਹੋਈਆਂ ਹਨ।

            ਇਸ ਸ਼ਬਦ ਦਾ ਰੂੜ੍ਹ ਪ੍ਰਯੋਗ ਦਰਬਾਰ ਸਾਹਿਬ ਪਰਿਸਰ ਵਿਚ ਦਰਸ਼ਨੀ ਡਿਉੜੀ ਦੇ ਉਪਰ ਬਣੇ ਕਮਰੇ ਲਈ ਹੁੰਦਾ ਹੈ। ਹਰਿਮੰਦਿਰ ਸਾਹਿਬ ਅਤੇ ਅਕਾਲ ਤਖ਼ਤ ਉਪਰ ਸਮੇਂ ਸਮੇਂ ਅਤੇ ਖ਼ਾਸ ਕਰਕੇ ਸਿੱਖ-ਰਾਜ-ਕਾਲ ਵਿਚ ਚੜ੍ਹਾਈਆਂ ਗਈਆਂ ਕੀਮਤੀ ਵਸਤੂਆਂ ਨੂੰ ਇਸ ਕਮਰੇ ਵਿਚ ਸੰਭਾਲਿਆ ਹੋਇਆ ਹੈ ਅਤੇ ਇਨ੍ਹਾਂ ਦਾ ਪ੍ਰਦਰਸ਼ਨ ਖ਼ਾਸ ਖ਼ਾਸ ਮੌਕਿਆਂ ਜਾਂ ਪੁਰਬਾਂ ਉਤੇ ਕੀਤਾ ਜਾਂਦਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਸੁਨਹਿਰੀ ਛਤ੍ਰ , ਛੱਬੇ, ਸਿਹਰੇ, ਝਾਲਰਾਂ, ਰੁਮਾਲੇ , ਸੋਨੇ ਦੇ ਪੱਤਰੇ ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦੋ ਹੋਰ ਵਸਤੂਆਂ ਵਿਸ਼ੇਸ਼ ਉਲੇਖਯੋਗ ਹਨ। ਇਕ, ਨਵਾਬ ਹੈਦਰਾਬਾਦ ਵਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤਾ ਇਕ ਕੀਮਤੀ ਚੰਦੋਆ ਜੋ ਮਹਾਰਾਜੇ ਨੇ ਆਪਣੇ ਉਪਰ ਤਣਨ ਨਾਲੋਂ ਗੁਰੂ ਗ੍ਰੰਥ ਸਾਹਿਬ ਉਪਰ ਤਣਿਆ ਜਾਣਾ ਮੁਨਾਸਬ ਸਮਝਿਆ ਅਤੇ ਦਰਬਾਰ ਸਾਹਿਬ ਵਿਚ ਭੇਟ ਕਰ ਦਿੱਤਾ। ਦੂਜਾ , ਹਾਜੀ ਮੁਹੰਮਦ ਮਸਕੀਨ ਵਲੋਂ ਤਿਆਰ ਕੀਤਾ ਬੇਸ਼ਕੀਮਤ ‘ਚੰਦਨ ਦਾ ਚੌਰ ’ ਜੋ ਉਸ ਨੇ 31 ਦਸੰਬਰ 1925 ਈ. ਨੂੰ ਹਰਿਮੰਦਿਰ ਸਾਹਿਬ ਵਿਚ ਪ੍ਰਸਤੁਤ ਕੀਤਾ ਸੀ

            ਗੁਰਦੁਆਰਾ ਸੁਧਾਰ ਲਹਿਰ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਲੋਂ ਤੋਸ਼ਾਖ਼ਾਨੇ ਦੀਆਂ ਚਾਬੀਆਂ ਸਿੱਖਾਂ ਦੇ ਹਵਾਲੇ ਨ ਕਰਨ ਤੇ ਜੋ ਮੋਰਚਾ ਲਗਿਆ ਸੀ, ਉਹ ‘ਚਾਬੀਆਂ ਦਾ ਮੋਰਚਾਵਜੋਂ ਪ੍ਰਸਿੱਧ ਹੈ। 5 ਜਨਵਰੀ 1922 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਚਾਬੀਆਂ ਦਿੱਤੇ ਜਾਣ ਤੋਂ ਬਾਦ ਮੋਰਚਾ ਖ਼ਤਮ ਹੋਇਆ। ਬਲੂ ਸਟਾਰ ਓਪਰੇਸ਼ਨ ਵੇਲੇ ਤੋਸ਼ਾਖ਼ਾਨੇ ਵਾਲੇ ਕਮਰੇ ਨੂੰ ਨੁਕਸਾਨ ਪਹੁੰਚਿਆ ਸੀ। ਉਂਜ ਭਾਵੇਂ ਕੀਮਤੀ ਵਸਤੂਆਂ ਬਚ ਗਈਆਂ, ਪਰ ਹੈਦਰਾਬਾਦੀ ਚੰਦੋਆ ਗੋਲਾ- ਬਾਰੀ ਦੀ ਤਪਸ਼ ਨਾਲ ਝੁਲਸ ਗਿਆ। ਇਸ ਤੋਸ਼ਾਖ਼ਾਨੇ ਦੀ ਸੁਰਖਿਆ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.