ਥਾਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਥਾਲ : ਥਾਲ ਲੋਕ-ਸਾਹਿਤ ਦਾ ਇੱਕ ਕਾਵਿ-ਰੂਪ ਹੈ । ਇਹ ਕੁੜੀਆਂ ਦਾ ਖੇਡ-ਗੀਤ ਹੈ । ਕਿਸੇ ਖ਼ਾਲੀ ਥਾਂ ਤੇ ਨਿੱਕੀਆਂ-ਵੱਡੀਆਂ ਕੁੜੀਆਂ ( ਬਾਲੜੀਆਂ ) ਬੜੇ ਚਾਅ ਨਾਲ ਥਾਲ ਪਾਉਂਦੀਆਂ ਹਨ । ਥਾਲ ਪਾਉਣ ਲਈ ਧਰਤੀ ਉੱਤੇ ਇੱਕ ਛੋਟਾ ਜਿਹਾ ਗੋਲ ਦਾਇਰਾ ਉਲੀਕ ਲਿਆ ਜਾਂਦਾ ਹੈ । ਤਿੰਨ ਚਾਰ ਕੁੜੀਆਂ ਉਸ ਗੋਲ ਦਾਇਰੇ ਦੇ ਦੁਆਲੇ ਬੈਠ ਜਾਂਦੀਆਂ ਹਨ । ਰਬੜ ਦੀ ਗੇਂਦ ( ਖਿੱਦੋ ਜਾਂ ਖੇਹਨੂੰ ) ਨਾਲ ਥਾਲ ਪਾਇਆ ਜਾਂਦਾ ਹੈ । ਥਾਲ ਪਾਉਣ ਤੋਂ ਪਹਿਲਾਂ ਪੁੱਗਿਆ ਜਾਂਦਾ ਹੈ ਤੇ ਮੀਟੀ , ਵਾਰੀ ਜਾਂ ਪੀਤੀ ਵਾਲੀ ਕੁੜੀ ਗੇਂਦ ਨਾਲ ਗੋਲ ਦਾਇਰੇ ਵਿੱਚ ਗੇਂਦ ਦੇ ਟੱਪਿਆਂ ਨਾਲ ਥਾਲ ਦੇ ਗੀਤ ਗਾਉਂਦੀ ਹੈ ਤੇ ਇੰਞ ਥਾਲ ਇੱਕ ਖੇਡ-ਗੀਤ ਬਣ ਜਾਂਦਾ ਹੈ । ਥਾਲ ਦੇ ਗੀਤਾਂ ਦਾ ਕੋਈ ਬੱਝਵਾਂ ਰੂਪ ਨਹੀਂ । ਹੋਰ ਗੀਤਾਂ ਵਾਂਗ ਇਹਨਾਂ ਵਿੱਚ ਵੀ ਰਾਗ ਤੇ ਲੈਅ ਮਨੋਭਾਵਾਂ ਅਨੁਸਾਰ ਹੀ ਹੁੰਦੀ ਹੈ । ਗੇਂਦ ਨੂੰ ਧਰਤੀ `ਤੇ ਹੱਥ ਨਾਲ ਟੱਪੇ ਖੁਆਏ ਜਾਂਦੇ ਹਨ ਅਤੇ ਵੰਨ-ਸਵੰਨੇ ਬਾਲ-ਗੀਤ ਗਾਏ ਜਾਂਦੇ ਹਨ । ਬੱਚਿਆਂ ਵਿੱਚ ਆਪਸੀ ਮੇਲ-ਮਿਲਾਪ ਦਾ ਮੌਕਾ ਪੈਦਾ ਹੁੰਦਾ ਹੈ ।

        ‘ ਥਾਲ` ਸ਼ਬਦ ‘ ਤਾਲ` ਤੋਂ ਬਣਿਆ ਲੱਗਦਾ ਹੈ । ਗੇਂਦ ਦੇ ਟੱਪੇ , ਅਵਾਜ਼ ਤੇ ਵੇਗ , ਇਸ ਥਾਲ ਗੀਤ-ਖੇਡ ਨੂੰ ਰਸੀਲੀ ਬਣਾਉਣ ਲਈ ਤਾਲ ਦਾ ਕੰਮ ਦੇਂਦੇ ਹਨ । ਥਾਲ ਪਾ ਰਹੀ ਲੜਕੀ ਗੇਂਦ ਦੇ ਟੱਪਿਆਂ ਵੱਲ ਅਤੇ ਗਾਏ ਜਾ ਰਹੇ ਬਾਲ-ਗੀਤ ਦੀ ਲੈਅ ਨਾਲ ਇਕਾਗਰਤਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ । ਥਾਲ ਦੀ ਲੈਅ ਟੁੱਟਣ ਨਾਲ ਜਾਂ ਗੇਂਦ ਦੇ ਟੱਪੇ ਖੁੰਝਣ ਨਾਲ , ਖੇਡ ਰਹੀ ਲੜਕੀ ਦੀ ਵਾਰੀ ਮੁੱਕ ਜਾਂਦੀ ਹੈ ਤੇ ਦੂਜੀ ਲੜਕੀ ਗੇਂਦ ਦੇ ਟੱਪਿਆਂ ਨਾਲ ਥਾਲ ਪਾਉਣਾ ਅਰੰਭ ਕਰ ਦਿੰਦੀ ਹੈ । ਥਾਲ ਪਾਉਣ ਦੇ ਸਮੇਂ ਜੇ ਗੇਂਦ ਗੋਲ ਦਾਇਰੇ ਤੋਂ ਬਾਹਰ ਚਲੀ ਜਾਵੇ ਜਾਂ ਰਿੜ੍ਹ ਜਾਵੇ ਤਾਂ ਵੀ ਥਾਲ ਵਾਲੀ ਲੜਕੀ ਦੀ ਵਾਰੀ ( ਮੀਟੀ ) ਮੁੱਕ ਜਾਂਦੀ ਹੈ । ਇਸ ਤਰ੍ਹਾਂ ਵਾਰੀਆਂ ਬਦਲਦੀਆਂ ਰਹਿੰਦੀਆਂ ਹਨ । ਹਰ ਕੁੜੀ ਆਪਣੇ ਥਾਲਾਂ ਦੀ ਗਿਣਤੀ ਜਾਂ ਹਿਸਾਬ ਆਪ ਰੱਖਦੀ ਹੈ । ਵਾਰੀ ਉੱਕਣ `ਤੇ ਦੂਜੀ ਲੜਕੀ ਥਾਲ ਪਾਉਣ ਲੱਗਦੀ ਹੈ । ਇੱਕ ਤੋਂ ਵੱਧ ਲੜਕੀਆਂ ਖੇਡਦੀਆਂ ਹਨ । ਗਿਣਤੀ ਦੀ ਕੋਈ ਪਾਬੰਦੀ ਨਹੀਂ । ਵਧੇਰੇ ਥਾਲ ਪਾਉਣ ਵਾਲੀ ਲੜਕੀ ਜੇਤੂ ਬਣ ਜਾਂਦੀ ਹੈ । ਥਾਲ ਬੱਚਿਆਂ ਨੂੰ ਜ਼ੁਬਾਨੀ ਕਾਵਿ-ਰਚਨਾ ਯਾਦ ਕਰਨ ਅਤੇ ਉਸ ਨੂੰ ਦੂਜਿਆਂ ਸਾਮ੍ਹਣੇ ਪੇਸ਼ ਕਰਨ ਦਾ ਇੱਕ ਚੰਗਾ ਅਭਿਆਸ ਹੈ । ਇਸ ਥਾਲ ਖੇਡ ਨਾਲ ਯਾਦ ਸ਼ਕਤੀ ਦਾ ਪ੍ਰਗਟਾਵਾ ਵੀ ਹੁੰਦਾ ਹੈ । ਕੋਈ ਖ਼ਰਚ ਨਹੀਂ ਹੁੰਦਾ , ਕੇਵਲ ਇੱਕ ਗੇਂਦ ਚਾਹੀਦੀ ਹੈ । ਕਿਸੀ ਵੀ ਥਾਂ `ਤੇ ਅਤੇ ਕਿਸੇ ਸਮੇਂ ਦੋ ਲੜਕੀਆਂ ਇਸ ਦਾ ਅਨੰਦ ਮਾਣ ਸਕਦੀਆਂ ਹਨ ।

        ਥਾਲ ਵਿਚਲਾ ਭਾਵ ਲੜਕੀ ਦੇ ਮਨੋਭਾਵ ਵਾਂਗ ਹੀ ਮਸੂਮ ਅਤੇ ਅਲ੍ਹੜ ਹੁੰਦਾ ਹੈ । ਇਹਨਾਂ ਵਿੱਚ ਕੋਈ ਗੰਭੀਰ ਵਿਸ਼ਾ ਨਹੀਂ ਹੁੰਦਾ । ਜੋ ਮੂੰਹ ਆਇਆ , ਕਹਿ ਦਿੱਤਾ । ਕਈ ਥਾਲਾਂ ਵਿੱਚ ਤਾਂ ਤੁੱਕ-ਬੰਦੀ ਹੀ ਹੁੰਦੀ ਹੈ । ਕਈ ਥਾਲਾਂ ਵਿੱਚ ਘਰੋਗੀ ਜੀਵਨ ਦੀਆਂ ਝਲਕਾਂ ਮਿਲਦੀਆਂ ਹਨ । ਰਿਸ਼ਤਿਆਂ ਦੀ ਤੰਦ ਹੁੰਦੀ ਹੈ । ਭੈਣ-ਭਰਾ ਦਾ ਪਿਆਰ ਪ੍ਰਗਟਾ ਹੁੰਦਾ ਹੈ । ਮਾਪਿਆਂ ਦੀ ਉਸਤਤ ਹੁੰਦੀ ਹੈ । ਸੱਸ-ਨੂੰਹ ਦੇ ਝਗੜੇ , ਨਨਾਣ-ਭਰਜਾਈ ਦੇ ਸੰਬੰਧ ਆਦਿ ਦਾ ਜ਼ਿਕਰ ਹੁੰਦਾ ਹੈ । ਲੋਕ-ਸਾਹਿਤ ਦਾ ਇਹ ਕਾਵਿ-ਰੂਪ ਲੜਕੀਆਂ ਦੇ ਮਨੋਰੰਜਨ ਦਾ ਮਾਧਿਅਮ ਹੈ ।

ਥਾਲ ਗੀਤਾਂ ਦੇ ਕੁਝ ਨਮੂਨੇ :

ਪਹਿਲਾ ਥਾਲ ਹਸਪਤਾਲ

ਮਾਂ ਮੇਰੀ ਦੇ ਲੰਮੇ ਵਾਲ

ਪਿਉ ਮੇਰਾ ਸ਼ਾਹੂਕਾਰ

ਸ਼ਾਹੂਕਾਰ ਨੇ ਖੂਹ ਲਵਾਇਆ

ਹੇਠਾਂ ਪਾਣੀ ਰਿੜ੍ਹਦਾ ਆਇਆ

ਰਿੜ੍ਹ-ਰਿੜ੍ਹ ਪਾਣੀਆਂ

ਸੁਰਮੇ ਦਾਨੀਆਂ

ਸੁਰਮਾ ਪਾਵਾਂ ਕੱਜਲ ਪਾਵਾਂ

ਸੋਨੇ ਦੀ ਗੁਲਾਲੀ ਲਾਵਾਂ

ਨਿੱਕੀ ਜਿਹੀ ਬਿੰਦੀ ਲਾਵਾਂ

ਲਾਵਾਂ ਫੁੱਲ ਗੁਲਾਬ ਦਾ

ਆਲ-ਮਾਲ ਹੋਇਆ ਪੂਰਾ ਥਾਲ । ...

ਦੂਜਾ ਥਾਲ ਪਾ ਕੇ

ਬੈਠੀ ਮੂੜ੍ਹਾ ਡਾਹ ਕੇ

ਵੀਰ ਆਇਆ ਨਹਾ ਕੇ

ਰੋਟੀ ਦਿੱਤੀ ਪਾ ਕੇ

ਆਂਦਿਆ ਵੇ ਜਾਂਦਿਆ

ਭੂਰੇ ਵਾਲੇ ਵੀਰਾ

ਸੋਨੇ ਦਾ ਮੈਂ ਹੱਸ ਘੜਾਇਆ

ਚਾਂਦੀ ਦਾ ਕਲ੍ਹੀਰਾ

ਮੇਰਾ ਪੂਰਾ ਹੋਇਆ ਥਾਲ । ...

ਛੀ ਛਾਂ ਜੀਵੇ ਮਾਂ

ਖੱਖੜੀਆਂ ਖ਼ਰਬੂਜ਼ੇ ਖ਼ਾਂ

ਖਾਂਦੀ-ਖਾਂਦੀ ਕਾਬਲ ਜਾਂ

ਕਾਬਲੋਂ ਲਿਆਂਦੀ ਗੋਰੀ ਗਾਂ

ਗੋਰੀ ਗਾਂ ਗੁਲਾਬੀ ਵੱਛਾ

ਮਾਰੇ ਸਿੰਗ ਤੁੜਾਵੇ ਰੱਸਾ

ਮੁੰਡੇ ਖੇਡਣ ਗੁੱਲੀ-ਡੰਡਾ

ਕੁੜੀਆਂ ਥਾਲ ਪਾਉਂਦੀਆਂ

ਆਲ-ਮਾਲ ਹੋਇਆ ਪੂਰਾ ਥਾਲ । ...

ਦੱਸ ਦੱਸ ਦੱਸ

ਮੇਰੀ ਡੱਬੀ ਦੇ ਵਿੱਚ ਨੱਥ

ਕਦੀ ਲਾਹਵਾਂ ਕਦੀ ਪਾਵਾਂ

ਕਦੀ ਪੇਕਿਆਂ ਨੂੰ ਜਾਵਾਂ

ਕਦੀ ਸਹੁਰਿਆਂ ਨੂੰ ਜਾਵਾਂ

ਸਹੁਰੇ ਪੈਰੀਂ ਜੁੱਤੀ

ਜੀਵੇ ਕਾਲੀ ਕੁੱਤੀ

ਕੁੱਤੀ ਦੇ ਕਤੂਰੇ

ਮੇਰੇ ਸੱਭੇ ਥਾਲ ਪੂਰੇ । ...

ਖੂਹ ਵਿੱਚ ਪੌੜੀ , ਸੱਸ ਮੇਰੀ ਕੌੜੀ

ਸਹੁਰਾ ਮੇਰਾ ਮਿੱਠਾ , ਲੈਲਪੁਰ ਡਿੱਠਾ

ਲੈਲਪੁਰ ਦੀਆਂ ਕੁੜੀਆਂ ਆਈਆਂ

ਨੰਦ ਕੌਰ ਨਾ ਆਈ

ਨੰਦ ਕੌਰ ਦਾ ਗਿੱਟਾ ਭੱਜਾ

ਹਿੰਗ ਜਵੈਣ ਲਾਈ

ਤੂੰ ਨਾ ਲਾਈ ਮੈਂ ਨਾ ਲਾਈ

ਲਾ ਗਿਆ ਕਸਾਈ

ਤੇਰੇ ਪੇਕਿਆਂ ਦਾ ਨਾਈ

ਤੇਰੇ ਸਹੁਰਿਆਂ ਦਾ ਨਾਈ

ਮੈਨੂੰ ਅੱਜ ਖ਼ਬਰ ਆਈ

ਆਲ ਮਾਲ ਹੋਇਆ ਥਾਲ । ...

ਪੀਂਘਾਂ ਪਾਈਆਂ ਉੱਚੀਆਂ

ਨਣਾਨਾਂ ਮੇਰੀ ਚੁਚੀਆਂ

ਨਣਵਈਆ ਕਾਣਾ

ਉਸੇ ਹੱਟੀ ਜਾਣਾ , ਗਰੀ ਛੁਹਾਰਾ ਖਾਣਾ

ਗਰੀ ਛੁਹਾਰਾ ਮਿੱਠਾ , ਮੈਂ ਵੀਰ ਦਾ ਮੂੰਹ ਡਿੱਠਾ

ਆਲ ਬੀਬਾ ਆਲ

                  ਮੇਰਾ ਪੂਰਾ ਹੋਇਆ ਥਾਲ । ...

        ਅਜੋਕੇ ਸਮੇਂ ਵਿੱਚ ਕੁਝ ਲੇਖਕਾਂ ਨੇ ਵਰਤਮਾਨ ਸਮਾਜਿਕ ਪਰਿਸਥਿਤੀਆਂ ਨੂੰ ਮੁੱਖ ਰੱਖ ਕੇ ‘ ਥਾਲ` ਲਿਖੇ ਹਨ ਤਾਂ ਜੋ ਪਰੰਪਰਾ ਤੇ ਆਧਾਰ `ਤੇ ਗੀਤ ਲਿਖੇ ਜਾਣ ਤੇ ਸਮਕਾਲੀ ਜੀਵਨ ਝਲਕ ਨੂੰ ਪੇਸ਼ ਕੀਤਾ ਜਾ ਸਕੇ । ਉਦਾਹਰਨ ਵਜੋਂ :

ਥਾਲ :

ਆ ਨੀਂ ਸੰਤੀਏ ਪਾਈਏ ਥਾਲ

ਬਣੀਏ ਪੜ੍ਹਕੇ ਚੰਗੇ ਬਾਲ

ਬਿਨ ਪੜ੍ਹਿਆ ਦਾ ਮੰਦਾ ਹਾਲ

ਚੰਗੇ ਚੰਗੇ ਰੱਖ ਖਿਆਲ

ਵਹਿਮਾਂ ਦੇ ਤੂੰ ਛੱਡ ਜੰਜਾਲ

ਰੱਜ ਕੇ ਖਾਵੇ ਕਰੇ ਜੋ ਘਾਲ

ਰੁੱਖਾਂ ਦੀ ਸਭ ਕਰੋ ਸੰਭਾਲ

ਸਾਡਾ ਜੀਵਨ ਇਹਨਾਂ ਨਾਲ

ਭੱਜਣ ਇੱਥੋਂ ਭੁੱਖ ਤੇ ਕਾਲ

                  ਆਲ ਮਾਲ ਪੂਰਾ ਹੋਇਆ ਥਾਲ ।

        ਥਾਲ-ਗੀਤ ਰਿਸ਼ਤਿਆਂ ਦੇ ਸੁਖਾਵੇਂਪਣ ਲਈ ਅਤੇ ਸੰਸਾਰ ਅਮਨ ਲਈ ਸੰਦੇਸ਼ ਦਿੰਦਾ ਹੈ । ਜਿਸ ਦੀ ਭਾਸ਼ਾ ਸਰਲ ਅਤੇ ਸੁਧਰੀ ਹੋਈ ਹੈ । ਵਿਸ਼ਾ ਸਾਰਥਕ ਅਤੇ ਬੱਚਿਆਂ ਦੀ ਮਾਨਸਿਕਤਾ ਦੇ ਮੇਚ ਦਾ ਹੈ । ਨਮੂਨਾ ਪੇਸ਼ ਹੈ :

ਲਾਲ ਲਾਲ ਵੰਗਾਂ

ਰੱਬਾ ਇਹੋ ਸੁੱਖ ਮੰਗਾਂ ,

ਨਾ ਹੋਣ ਪੀੜ ਪੈਣੀਆਂ

ਨਕਾਰੀਆਂ ਇਹ ਜੰਗਾਂ

ਮੇਰੇ ਗੁੱਡੀਆਂ ਪਟੋਲੇ

ਮੇਰੇ ਸੁਹਣੇ ਆਲੇ ਭੋਲੇ

ਮੇਰੇ ਵੀਰ ਦੀ ਅਟਾਰੀ

ਜਿਹੜੀ ਮੋੜੀਆਂ ਸਵਾਰੀ

ਸਾਡੇ ਪੈਲੀਆਂ ਦੇ ਬੰਨੇ

ਸਾਡੇ ਖੂਹਾਂ ਦੇ ਉਹ ਚੰਨੇ

ਛੋਟੇ ਵੀਰ ਦੀ ਦੁਕਾਨ

ਜਿੱਥੋਂ ਖਾਵਾਂ ਮੈਂ ਬਦਾਮ

ਮੇਰੇ ਬਾਬਲੇ ਦੀ ਹੱਟੀ

ਜਿੱਥੋਂ ਆਵੇ ਸਾਨੂੰ ਖੱਟੀ

ਉਹ ਵੱਸਦੀ ਰਹੇ

ਭਾਬੋ ਹਸਦੀ ਰਹੇ

ਗੁੱਡੀ ਖੇਡਦੀ ਰਹੇ

ਘੋੜੀ ਨੱਚਦੀ ਰਹੇ

ਖੇੜਾ ਵੱਸਦਾ ਰਹੇ

ਵੀਰ ਹੱਸਦਾ ਰਹੇ

ਖੇਡਾਂ ਸਹੇਲੀਆਂ ਦੇ ਨਾਲ

ਇਹਨਾਂ ਖਿੱਦੂਆਂ ਦੇ ਨਾਲ

ਇਹਨਾਂ ਧੱਫਿਆਂ ਦੇ ਨਾਲ

ਬੀਬਾ ਹੋਇਆ ਪੂਰਾ ਥਾਲ ।


ਲੇਖਕ : ਸੁਖਦੇਵ ਮਾਦਪੁਰੀ, ਮਨਮੋਹਨ ਸਿੰਘ ਦਾਊਂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਥਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥਾਲ ( ਨਾਂ , ਪੁ ) 1 ਗੋਲ ਅਤੇ ਘੱਟ ਡੂੰਘਾ ਧਾਤ ਦਾ ਬਰਤਨ 2 ਗੇਂਦ ਟਪਾ ਕੇ ਗੀਤ ਗਾਉਂਦੇ ਹੋਏ ਖੇਡੀ ਜਾਣ ਵਾਲੀ ਇੱਕ ਖੇਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਥਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥਾਲ [ ਨਾਂਪੁ ] ਇੱਕ ਤਰ੍ਹਾਂ ਦਾ ਵੱਡਾ ਗੋਲ਼ ਅਤੇ ਘੱਟ ਡੂੰਘਾ ਭਾਂਡਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3740, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਥਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥਾਲ. ਸੰ. ੎ਥਾਲ. ਸੰਗ੍ਯਾ— ਪਾਤ੍ਰ. ਬਰਤਨ । ੨ ਚੌੜਾ ਅਤੇ ਚਪੇਤਲਾ ਭਾਂਡਾ. “ ਥਾਲ ਵਿਚਿ ਤਿੰਨਿ ਵਸਤੂ ਪਈਓ , ਸਤੁ ਸੰਤੋਖੁ ਵੀਚਾਰੋ.” ( ਮੁੰਦਾਵਣੀ ਮ : ੫ ) ਇਸ ਥਾਂ ਥਾਲ ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ । ੩ ੎ਥਲ. ਥਾਂ. ਜਗਾ. “ ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ , ਬਨ ਜਲ ਪੂਰਨ ਥਾਲ ਕਾ.” ( ਮਾਰੂ ਸੋਲਹੇ ਮ : ੫ ) ਹੇ ਵਨ ਜਲ ਆਦਿ ਸਥਾਨਾਂ ਦੇ ਪੂਰਨ ਕਰਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਥਾਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਥਾਲ ( ਸੰ. । ਸੰਸਕ੍ਰਿਤ ਸੑਥਾਲੰ । ਪੰਜਾਬੀ ਥਾਲ ) ੧. ਤਸ਼ਤ । ਚੌੜੀ ਤੇ ਗੋਲ ਬਹੁਤ ਵੱਡੀ ਰਕੇਬੀ ਜਿਸ ਵਿਚ ਰੋਟੀ ਖਾਂਦੇ ਹਨ ।

੨. ਭਾਵ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ । ਯਥਾ-‘ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਥਾਲ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਥਾਲ : ਥਾਲ ਜਾਂ ਖਿੱਦੂ ਉਸ ਗੀਤ ਨੂੰ ਆਖਦੇ ਹਨ ਜਿਹੜਾ ਕੁੜੀਆਂ ਆਪਣਾ ਖਿੱਦੂ ਉਛਾਲਣ ਦੇ ਨਾਲ ਨਾਲ ਗਾਂਦੀਆਂ ਹਨ :

                                    ਖੂਹ ਵਿਚ ਪਾਣੀ , ਮਾਂ ਮੇਰੀ ਰਾਣੀ ,

                                    ਪਿਉ ਮੇਰਾ ਰਾਜਾ , ਹੇਠ ਘੋੜ ਤਾਜ਼ਾ ,

                                    ਚਾਂਦੀ ਦੀਆਂ ਪੌੜੀਆਂ , ਸੋਨੇ ਦਾ ਦਰਵਾਜ਼ਾ ।

                                    ਆਲ ਮਾਲ , ਲੈ ਨੀ ਕੁੜੀਏ ਪਹਿਲਾ ਥਾਲ ।

                                                                                                                  [ ਸਹਾ. ਗ੍ਰੰਥ– – ਬੋ. ਤੋ. ]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.