ਦੁਸਹਿਰਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੁਸਹਿਰਾ : ਦੁਸਹਿਰਾ ਵਿਜੈ ਦਸ਼ਮੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਸ ਦਿਨ ਮਰਯਾਦਾ ਪ੍ਰਸ਼ੋਤਮ ਰਾਮ ਚੰਦਰ ਦੇ ਪਿਤਾ ਵੱਲੋਂ ਮਿਲੇ ਚੌਦਾਂ ਸਾਲ ਦੇ ਬਨਵਾਸ ਦੌਰਾਨ ਰਾਵਣ ਦੁਆਰਾ ਸੀਤਾ-ਹਰਨ ਦੀ ਅਵੱਗਿਆ ਬਦਲੇ ਦਸ ਸੀਸਧਾਰੀ ਰਾਵਣ ਦਾ ਸੰਘਾਰ ਕਰ ਕੇ ਜਿੱਤ ਪ੍ਰਾਪਤ ਕੀਤੀ ਸੀ । ਇਸ ਕਾਰਨ ਇਸ ਤਿਉਹਾਰ ਨੂੰ ਕੂੜ ਉੱਤੇ ਸੱਚ ਅਤੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ ।

        ਸ਼ਹਿਰਾਂ ਦੇ ਟਾਕਰੇ ਪਿੰਡਾਂ ਵਿੱਚ ਇਸ ਤਿਉਹਾਰ ਦਾ , ਰਾਵਣ , ਮੇਘ ਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣ ਵਾਲੇ ਰੂਪ ਵਜੋਂ ਅਭਾਵ ਵੀ ਹੈ , ਜਦ ਕਿ ਸ਼ਹਿਰਾਂ ਵਿੱਚ ਪੁਤਲੇ ਸਾੜਨ ਨੂੰ ‘ ਰਾਵਣ-ਦਹਨ` ਦੇ ਰੂਪ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਤਿਉਹਾਰ ਦੀ ਸਭ ਤੋਂ ਵਿਸ਼ੇਸ਼ ਰਸਮ ਸ੍ਰਾਧ ਮੁੱਕਣ ਤੋਂ ਪਿੱਛੋਂ ਨਵਰਾਤਰੇ ( ਨੌਰਾਤੇ ) ਸ਼ੁਰੂ ਹੋਣ ਵਾਲੇ ਦਿਨ ਕੁਆਰੀਆਂ ਕੰਨਿਆਵਾਂ ਵੱਲੋਂ ਮਿੱਟੀ ਦੀਆਂ ਝੱਕਰੀਆਂ ਵਿੱਚ ਟੋਭੇ ਆਦਿ ਤੋਂ ਸੁੱਚੀ ਮੱਟੀ ਲਿਆ ਕੇ ਜੌਂਆਂ ਦੀ ਖੇਤਰੀ ਬੀਜਣਾ ਹੈ । ਜੋ ਦੁਸਹਿਰੇ ਵਾਲੇ ( ਦਸਵੇਂ ) ਦਿਨ ਭੈਣਾਂ ਆਪਣੇ ਵੀਰਾਂ ਅਤੇ ਬਜ਼ੁਰਗਾਂ ਦੇ ਕੇਸਾਂ , ਪਗੜੀਆਂ , ਕੰਨਾਂ ਪਿੱਛੇ ਜਾਂ ਜੇਬ ਆਦਿ ਤੇ ਟੰਗ ਕੇ ਉਹਨਾਂ ਦੀ ਲੰਮੇਰੀ ਉਮਰ ਅਤੇ ਚੰਗੇਰੇ ਭਵਿੱਖ ਦੀ ਕਾਮਨਾ ਕਰਦੀਆਂ ਹਨ ।

        ਦੁਸਹਿਰਾ ਤਿਉਹਾਰ ਦੀ ਇੱਕ ਹੋਰ ਮਹੱਤਵਪੂਰਨ ਰੀਤ , ਰਾਮ ਚੰਦਰ ਨੂੰ ਮਤੇਈ ਮਾਂ ਕੇਕਈ ਦੇ ਕਹਿਣ `ਤੇ ਪਿਤਾ ਵੱਲੋਂ ਮਿਲੇ ਚੌਦਾਂ ਸਾਲ ਦੇ ਬਨਵਾਸ ਦੀ ਘਟਨਾ ਤੋਂ ਲੈ ਕੇ ਰਾਵਣ ਦੇ ਸੰਘਾਰ ਉਪਰੰਤ ਅਯੁੱਧਿਆ ਪੁੱਜਣ ਤੱਕ ਦੀ ਇਤਿਹਾਸਿਕ ਝਾਕੀ ਨੂੰ ਰਾਮ ਲੀਲ੍ਹਾ ਨਾਟ-ਸ਼ੈਲੀ ਵਿੱਚ ਦੁਸਹਿਰੇ ਤੋਂ ਪਹਿਲੀਆਂ ਨੌਂ ਰਾਤਾਂ ਵਿੱਚ ਪੇਸ਼ ਕਰਨਾ ਹੈ । ਰਾਮ ਲੀਲ੍ਹਾ ਦੀ ਇਹ ਨਾਟ-ਸ਼ੈਲੀ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਵਿਭਿੰਨ ਨਾਟ ਰੂਪਾਂ ਵਿੱਚ ਪ੍ਰਚਲਿਤ ਹੈ ਪਰ ਸਭ ਦਾ ਮੁੱਖ ਆਸ਼ਾ ਰਾਮ ਚੰਦਰ , ਸੀਤਾ ਅਤੇ ਲਛਮਣ ਨੂੰ ਬਨਵਾਸ ਦੌਰਾਨ ਪੇਸ਼ ਆਈਆਂ ਦੁਸ਼ਵਾਰੀਆਂ ਅਤੇ ਜਿੱਤਾਂ ਨੂੰ ਪੇਸ਼ ਕਰਨਾ ਹੁੰਦਾ ਹੈ । ਰਾਮ ਲੀਲ੍ਹਾ ਦੀ ਪ੍ਰਸਿੱਧ ਨਾਟ ਸ਼ੈਲੀ ਪਿੱਠਵਰਤੀ ਦ੍ਰਿਸ਼ ਅੰਕਿਤ ਪਰਦੇ ਲਗਾ ਕੇ , ਪਰੰਪਰਾਗਤ ਵੇਸ਼ ਭੂਸ਼ਾ ਸਹਿਤ ਕਾਵਿਕ ਭਾਸ਼ਾ ਦੁਆਰਾ ਅਭਿਨੈ ਕਰਦੇ ਹੋਏ ਮੰਚ `ਤੇ ਪੇਸ਼ ਕੀਤੀ ਜਾਂਦੀ ਹੈ ।

        ਇਹ ਪ੍ਰਸਿੱਧ ਕਾਵਿ-ਨਾਟ ਰਚਨਾ ਰਿਸ਼ੀ ਬਾਲਮੀਕ ਰਚਿਤ ਰਾਮਾਇਣ , ਤੁਲਸੀ ਰਚਿਤ ਰਾਮ ਚਰਿਤ ਮਾਨਸ ਤੇ ਆਧਾਰਿਤ ਸਥਾਨਿਕ ਨਾਟਕਕਾਰਾਂ ਦੁਆਰਾ ਸੰਪਾਦਿਤ ਦ੍ਰਿਸ਼ਾਂ ਅਨੁਸਾਰ ਖੇਡੀ ਜਾਂਦੀ ਹੈ , ਜਿਸ ਵਿੱਚ ਨਾ-ਮਾਤਰ ਪਾਠ ਭੇਦ ਹੋਣ ਦੇ ਬਾਵਜੂਦ ਸਮੁੱਚੀ ਕਥਾ ਦਾ ਮੂਲ ਬਿਰਤਾਂਤ ਇੱਕੋ ਜਿਹਾ ਹੁੰਦਾ ਹੈ । ਪਰ ਇਹ ਕਾਵਿ-ਨਾਟ ਇਸ ਢੰਗ ਨਾਲ ਵਿਉਂਤਿਆ ਜਾਂਦਾ ਹੈ ਕਿ ਰਾਵਣ ਨਾਲ ਲੜਾਈ ਦਾ ਅੰਤਿਮ ਭਾਗ ਦੁਸਹਿਰੇ ਵਾਲੇ ਦਿਨ ਖੇਡਿਆ ਜਾ ਸਕੇ । ਪੰਜਾਬ ਅਤੇ ਹਰਿਆਣੇ ਦੀਆਂ ਬਹੁਤੀਆਂ ਨਾਟ-ਮੰਡਲੀਆਂ ਹਰਿਆਣਵੀ ਕਵੀ ਜਸਵੰਤ ਸਿੰਘ ਰਚਿਤ ਰਾਮਾਇਣ ਪਾਠ ਤੇ ਆਧਾਰਿਤ ਰਾਮ ਲੀਲ੍ਹਾ ਖੇਡਦੀਆਂ ਹਨ ।

        ਰਾਮ ਲੀਲ੍ਹਾ ਨਾਟ ਮੰਡਲੀਆਂ ਵਿੱਚ ਅਭਿਨੈ ਕਰਨ ਵਾਲੇ ਕਲਾਕਾਰ ਸਥਾਨਿਕ ਹੁੰਦੇ ਹਨ ਜੋ ਦਿਨ ਵੇਲੇ ਵਿਵਸਾਇ ( ਰੋਟੀ-ਰੋਜ਼ੀ ) ਲਈ ਆਪੋ-ਆਪਣਾ ਧੰਦਾ ਕਰ ਕੇ ਰਾਤ ਸਮੇਂ ਪਰੰਪਰਾਗਤ ਰੂਪ-ਸੱਜਾ ਅਤੇ ਵੇਸ਼- ਭੂਸ਼ਾ ਸਹਿਤ ਅਭਿਨੈ ਕਰਦੇ ਹਨ , ਜਿਸ ਨੂੰ ਹਰ ਸਾਲ ਵੇਖੇ ਜਾਣ ਦੇ ਬਾਵਜੂਦ ਲੋਕ ਸ਼ਰਧਾ ਅਤੇ ਉਤਸ਼ਾਹ ਨਾਲ ਦੇਖਦੇ ਹੋਏ ਪ੍ਰਾਚੀਨ ਇਤਿਹਾਸ ਨੂੰ ਯਾਦ ਕਰਨਾ ਪੁਰਸ਼ਾਰਥ ਦਾ ਕਾਰਜ ਸਮਝਦੇ ਹਨ । ਇਸ ਪ੍ਰਕਾਰ ਦੁਸਹਿਰੇ ਦਾ ਤਿਉਹਾਰ ਇੱਕ ਤਰ੍ਹਾਂ ਨਿਸ਼ਚਿਤ ਦਿਨ ਤੋਂ ਨੌਂ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ।

        ਰਾਮ ਲੀਲ੍ਹਾ ਦਾ ਅੰਤਿਮ ਭਾਗ ਸਟੇਜ ਦੀ ਥਾਂ ਰਾਵਣ ਮੇਘਨਾਦ ਅਤੇ ਕੁੰਭਕਰਨ ਦੇ ਮੈਦਾਨ ਵਿੱਚ ਬਣਾਏ ਪੁਤਲਿਆਂ ਨੇੜੇ ਖੇਡਿਆ ਜਾਂਦਾ ਹੈ ਜਿੱਥੇ ਰਾਮ ਚੰਦਰ ਲਛਮਣ ਅਤੇ ਉਹਨਾਂ ਦੀ ਸਹਿਯੋਗੀ , ਰਾਵਣ ਸੈਨਾ ਦਾ ਸੰਘਾਰ ਕਰਦੇ ਹੋਏ ਪੁਤਲਿਆਂ ਨੇੜੇ ਪੁੱਜਦੇ ਹਨ ਅਤੇ ਰਾਮ ਦੇ ਅਗਨ ਬਾਣ ਨਾਲ ਤਿੰਨਾਂ ਪੁਤਲਿਆਂ ਨੂੰ ਅੱਗ ਲਗਾਉਣ ਦਾ ਦ੍ਰਿਸ਼ ਪੇਸ਼ ਕਰਦੇ ਹਨ । ਪੁਤਲਿਆਂ ਵਿੱਚ ਕਈ ਪ੍ਰਕਾਰ ਦੀ ਆਤਸ਼ਬਾਜ਼ੀ ਭਰੀ ਹੋਣ ਕਾਰਨ ਪਟਾਖ਼ਿਆਂ ਦੀ ਗੋਲਾਬਾਰੀ ਵਰਗੀ ਅਵਾਜ਼ ਅਤੇ ਸ਼ੁਰਲੀਆਂ ਹਵਾਈਆਂ ਦੇ ਅਸਮਾਨੀ ਚੜ੍ਹਨ ਨਾਲ ਪੂਰਾ ਆਲਾ-ਦੁਆਲਾ ਅਤੇ ਅੰਬਰ ਗੂੰਜ ਉੱਠਦਾ ਹੈ , ਜਿਸ ਨੂੰ ਬੱਚੇ ਬੁੱਢੇ ਸਭ ਦਿਲਚਸਪੀ ਨਾਲ ਵੇਖਦੇ ਹਨ । ਪਹਿਲੇ ਸਮਿਆਂ ਵਿੱਚ ਦੁਸਹਿਰੇ ਵਾਲੇ ਦਿਨ ਰਾਜੇ-ਮਹਾਰਾਜੇ ਜਲੂਸ ਦੀ ਸ਼ਕਲ ਵਿੱਚ ਦੁਸਹਿਰੇ ਦਾ ਰਾਵਣ-ਦਹਨ ਬੜੀ ਸ਼ਾਨੋ-ਸੌਕਤ ਨਾਲ ਵੇਖਣ ਆਇਆ ਕਰਦੇ ਸਨ । ਇਸ ਪੱਖੋਂ ਕੁੱਲੂ ਦਾ ਦੁਸਹਿਰਾ ਅੱਜ ਵੀ ਪ੍ਰਸਿੱਧ ਹੈ । ਆਏ ਹੋਏ ਲੋਕਾਂ ਵੱਲੋਂ ਪੁਤਲਿਆਂ ਦੀਆਂ ਸੜੀਆਂ ਬਾਂਸ ਦੀਆਂ ਲੱਕੜੀਆਂ ਨੂੰ ਰਾਵਣ ( ਜੋ ਚਾਰ ਵੇਦਾਂ ਦਾ ਟੀਕਾਕਾਰ ਪੰਡਤ ਅਤੇ ਕਾਲ ਨੂੰ ਮੰਜੀ ਦੇ ਪਾਵੇ ਨਾਲ ਬੰਨ੍ਹ ਕੇ ਰੱਖਣ ਵਾਲਾ ਬੁੱਧੀਮਾਨ ਸੀ ) ਦੀਆਂ ਅਸਥੀਆਂ ਦੇ ਰੂਪ ਵਿੱਚ ਘਰ ਲੈ ਜਾਣਾ ਮਹਾਤਮ ਸਮਝਦੇ ਹਨ । ਬੱਚਿਆਂ ਲਈ ਦੁਸਹਿਰੇ ਦਾ ਤਿਉਹਾਰ ਮੇਲੇ ਦੇ ਰੂਪ ਵਰਗਾ ਹੁੰਦਾ ਹੈ ।


ਲੇਖਕ : ਅਮਨਦੀਪ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਦੁਸਹਿਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਸਹਿਰਾ [ ਨਾਂਪੁ ] ਵੇਖੋ ਦਸਹਿਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.