ਦੋਹਿਰਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੋਹਿਰਾ : ਦੋਹਾ ਅਥਵਾ ਦੋਹਿਰਾ ਅਰੰਭ ਤੋਂ ਹੀ ਲੋਕ ਪ੍ਰਿਆ ਛੰਦ ਰਿਹਾ ਹੈ । ਇਸ ਦੀ ਸਫਲ ਵਰਤੋਂ ਕਾਲੀਦਾਸ ਨੇ ਆਪਣੀ ਰਚਨਾ ਵਿਕ੍ਰਮੋਰਵਸ਼ੀ ਵਿੱਚ ਕੀਤੀ ਹੈ । ਇਸ ਰਚਨਾ ਦੀ ਹਰ ਤੁਕ 23 ਮਾਤਰਾਂ ਦੀ ਹੈ ਅਤੇ ਵਿਸ਼ਰਾਮ 12 + 11 ਮਾਤਰਾਂ ਤੇ ਹੈ । ਅਪਭ੍ਰੰਸ਼ ਵਿੱਚ ਦੋਹਿਰੇ ਦੇ ਲੱਛਣ ਵਧੇਰੇ ਕਰ ਕੇ ਅੱਜ ਦੇ ਪੰਜਾਬੀ ਛੰਦ ਦੋਹਿਰੇ ਵਾਲੇ ਹੀ ਹਨ ।

        ਪੰਜਾਬੀ ਵਿੱਚ ਹਰਮਨਪਿਆਰਾ ਛੰਦ ਦੋਹਿਰਾ ਕਈ ਰੂਪਾਂ ਵਿੱਚ ਮਿਲਦਾ ਹੈ । ਪੰਜਾਬੀ ਲੋਕ-ਗੀਤਾਂ ਦੀ ਇੱਕ ਵੱਡੀ ਗਿਣਤੀ ਏਸੇ ਰੂਪ ਵਿੱਚ ਹੈ । ਦੋਹਿਰੇ ਵਿੱਚ ਆਮ ਤੌਰ ਤੇ ਭਾਵ ਅਤੇ ਅਨੁਭਵ ਪ੍ਰਗਟ ਕੀਤੇ ਜਾਂਦੇ ਹਨ । ਇਹਨਾਂ ਵਿੱਚ ਵਲਵਲਾ ਤਿੱਖਾ ਹੁੰਦਾ ਹੈ । ਵਣਜਾਰਾ ਬੇਦੀ ਅਨੁਸਾਰ :

        ਇਹਨਾਂ ਵਿੱਚ ਅਖਾਣਾਂ ਵਰਗਾ ਸੰਜਮ , ਗੀਤਾਂ ਵਰਗੀ ਸਰੋਦੀ ਲੈਅ , ਜੰਗਲੀ ਫੁੱਲ ਵਰਗੀ ਸਾਦਗੀ ਅਤੇ ਵਗਦੇ ਦਰਿਆ ਵਾਲੀ ਰਵਾਨੀ ਹੁੰਦੀ ਹੈ ।

ਉਂਞ ਤਾਂ ਦੋਹਿਰੇ ਦੇ ਕਈ ਰੂਪ ਹਨ । ਪਰੰਪਰਾਗਤ ਦੋਹਿਰਾ ਮਾਤ੍ਰਿਕ ਛੰਦ ਹੈ । ਇਹ ਛੰਦ ਦੋ ਤੁਕਾਂ ਦਾ ਹੈ ਅਤੇ ਹਰ ਤੁਕ ਵਿੱਚ 24 ਮਾਤਰਾਂ ਹੁੰਦੀਆਂ ਹਨ । ਤੁਕ ਵਿੱਚ ਪਹਿਲਾ ਵਿਸ਼ਰਾਮ 13 ਮਾਤਰਾਂ `ਤੇ ਅਤੇ ਦੂਸਰਾ ਵਿਸ਼ਰਾਮ 11 ਮਾਤਰਾਂ `ਤੇ ਹੁੰਦਾ ਹੈ । ਤੁਕ ਦੇ ਅੰਤ ਵਿੱਚ ਤਰਤੀਬਵਾਰ ਗੁਰੂ ਲਘੂ ( S I ) ਅੱਖਰ ਹੋਣਾ ਜ਼ਰੂਰੀ ਹੈ । ਉਦਾਹਰਨ ਵਜੋਂ :

        ਪੋਠੋਹਾਰੀ  ਮਾਲਵੀ , ਜਾਪਣ ਕਈ ਜੁਆਨ । ਮਾਤਰਾਂ

        S S S S      S I S        S I I I S I S I = 13 + 11 = 24

        ਲਗਣ ਕਈ ਪਚਾਹਧੜੇ , ਜਾਪਣ ਕਈ ਪਠਾਨ ।

        I I I    I S  I S I I S    S I I   I S   I S I = 13 + 11 = 24

ਇਸੇ ਤਰ੍ਹਾਂ :

        ਧੋਬੀ ਕਪੜੇ ਧੋਂਦਿਆ , ਵੀਰਾ ਹੋ ਹੁਸ਼ਿਆਰ । = 13 + 11 = 24

        ਪਿੱਛਲੇ ਪਾਸੇ ਆ ਰਿਹਾ , ਮੂੰਹ ਅੱਡੀ ਸੰਸਾਰ । = 13 + 11 = 24

ਪੰਜਾਬੀ ਦੋਹਿਰਾ ਵੀ ਪ੍ਰਾਚੀਨ ਛੰਦ ਮੰਨਿਆ ਗਿਆ ਹੈ । ਫ਼ਰੀਦ ਦੇ ਸ਼ਲੋਕਾਂ ਵਿੱਚੋਂ ਦੋਹਿਰਾ ਦੇ ਅੰਸ਼ ਮਿਲਦੇ ਹਨ । ਜਿਵੇਂ :

ਸ਼ਕਰ ਖੰਡ ਨਿਵਾਤ ਗੁੜ , ਮਾਖਿਓ ਮਾਝਾ ਦੁਧੁ ।

                  ਸਭੇ ਵਸਤੂ ਮਿਠੀਆਂ , ਰਬ ਨ ਪੁਜਨ ਤੁਧ ।

ਗੁਰੂ ਸਾਹਿਬਾਨ ਦੇ ਕੁਝ ਸਲੋਕ ਵੀ ਦੋਹਿਰੇ ਨਾਲ ਮੇਲ ਖਾਂਦੇ ਹਨ :

ਨਾਲ ਇਆਣੇ ਦੋਸਤੀ , ਵਾਡਾਰੂ ਸਿਉ ਨੇਹੁ ।

                  ਪਾਣੀ ਅਦਰਿ ਲੀਕ ਜਿਉ ਤਿਸਕਾ ਥਾਉ ਨ ਥੇਹੁ ।

        ਇਸੇ ਤਰ੍ਹਾਂ :

ਰਾਜ ਕਰੇਗਾ ਖਾਲਸਾ , ਆਕੀ ਰਹੇ ਨ ਕੋਇ ।

                  ਖੁਆਰ ਹੋਇ ਸਭੁ ਮਿਲੇਗੇ , ਬਚੇ ਸਰਨਿ ਜੋ ਹੋਇ ।

        ਅਸਲ ਵਿੱਚ ਦੋਹਿਰਾ ਦੋ ਤੁਕਾਂ ਦਾ ਹੋਣ ਕਰ ਕੇ ਇਹ ਦੋ ਤੁਕੀਏ ਸਲੋਕਾਂ ਨਾਲ ਮੇਲ ਖਾ ਜਾਂਦਾ ਹੈ । ਦੋਹਿਰੇ ਦੀਆਂ ਸਤਰਾਂ ਵਿੱਚ ਭਾਵ ਤਾਣੇ ਪੇਟੇ ਵਾਂਗ ਬੀੜੇ ਹੁੰਦੇ ਹਨ । ਇੱਕ ਸਤਰ ਦੂਸਰੇ ਬਿਨਾਂ ਅਧੂਰੀ ਅਥਵਾ ਅਰਥਹੀਨ ਹੈ । ਜਿਵੇਂ :

ਸੁਫਨਿਆਂ ਤੂੰ ਸੁਲਤਾਨ ਹੈਂ , ਉਤਮ ਤੇਰੀ ਜਾਤ

                  ਸੈ ਵਰ੍ਹਿਆਂ ਦੇ ਵਿਛੜੇ , ਤੂੰ ਆਣ ਮਿਲਾਵੇਂ ਰਾਤ

ਕੁਝ ਲੋਕ ‘ ਟੱਪੇ` ਨੂੰ ਵੀ ਦੋਹਿਰੇ ਦੀ ਇੱਕ ਵੰਨਗੀ ਮੰਨਦੇ ਹਨ । ਪਰ ਦੋਹਾਂ ਵਿੱਚ ਵਿਆਪਕ ਅੰਤਰ ਹੈ । ਦੋਹਿਰੇ ਦੇ ਬਹੁਤ ਸਾਰੇ ਰੂਪ ਲਘੂ ਗੁਰੂ ਦੀ ਸੰਖਿਆ ਤੇ ਆਧਾਰਿਤ ਹਨ । ਲਘੂ ਗੁਰੂ ਦੀ ਸੰਖਿਆ ਦੇ ਵੱਖ-ਵੱਖ ਹੋਣ ਨਾਲ ਵੱਖ-ਵੱਖ ਨਾਂ ਦੇ ਦੋਹਿਰੇ ਬਣ ਜਾਂਦੇ ਹਨ ਜਿਵੇਂ ਜੇ ਕਿਸੇ ਦੋਹਿਰੇ ਵਿੱਚ ਪੰਜ ਗੁਰੂ ਅਤੇ ਅੱਠਤੀ ਲਘੂ ਹੋਣ ਤਾਂ ਉਹ ‘ ਅਹਿਵਰ` ਹੋਵੇਗਾ ਜੇ ਸੱਤ ਗੁਰੂ ਅਤੇ ਚੌਂਤੀ ਲਘੂ ਹੋਣ ਤਾਂ ‘ ਮੱਛ` ਦੋਹਾ ਬਣੇਗਾ ।


ਲੇਖਕ : ਡੀ.ਬੀ.ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਦੋਹਿਰਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੋਹਾ/ਦੋਹਿਰਾ/ਦੋਹਰਾ : ‘ ਦੋਹਾ’ ਭਾਰਤ ਦਾ ਹਰਮਨ ਪਿਆਰਾ ਛੰਦ ਹੈ । ਇਸ ਨੂੰ ਹੀ ਪੰਜਾਬੀ ਵਿਚ ਦੋਹਿਰਾ/ਦੋਹਿਰਾ/ਦੋਹਰਾ ਕਹਿੰਦੇ ਹਨ । ਗੁਜਰਾਤੀ ਵਿਚ ਵੀ ਇਸ ਦਾ ਨਾਂ ਦੋਹਿਰਾ ਹੀ ਚਲਦਾ ਹੈ । ਇਸ ਵਿਚ ਦੋ ਤੁਕਾਂ ਹੁੰਦੀਆਂ ਹਨ । ਇਸ ਦਾ ਸਫ਼ਲਤਾ– ਪੂਰਵਕ ਪ੍ਰਯੋਗ ਕਾਲੀਦਾਸ ਨੇ ਆਪਣੀ ਰਚਨਾ ਵਿਕ੍ਰਮੋਰਵਸ਼ੀ ਵਿਚ ਕੀਤਾ ਹੈ । ਇੱਥੇ ਇਸ ਦੀਆਂ ਮਾਤ੍ਰਾਂ ਪ੍ਰਤਿ ਚਰਣ 23 ਆਈਆਂ ਹਨ ਅਤੇ ਵਿਰਾਮ 12 , 11 ਪੁਰ ਹੈ । ਇਸ ਤੋਂ ਬਾਅਦ ਅਪਭ੍ਰੰਸ਼ ਕਾਵਿ ਵਿਚ ਜੋ ਦੋਹੇ ਮਿਲਦੇ ਹਨ , ਉਨ੍ਹਾਂ ਵਿਚ ਅਧਿਕ ਰੂਪ ਵਿਚ ਮਾਤ੍ਰਾਂ ਦੀ ਗਿਣਤੀ 13 , 11 ਹੋ ਗਈ ਹੈ । ਅੱਜ ਇਹ ਗਿਣਤੀ 13 , 11 ਹੀ ਪ੍ਰਵਾਨਿਤ ਹੈ । ਉਦਾਹਰਣਾਂ ਇਸ ਤਰ੍ਹਾਂ ਹਨ :

                  ( i )           ਗੁਣ ਗਹੀਰ ਉਹ ਆਪ ਹੈ , ਆਪ ਰਿਹਾ ਸਮਰੱਥ ।

                                    ਗੁਣ ਗਾਹਕ ਪੈਦਾ ਕਰੇ , ਕੇਤੇ ਕਥਾ ਅਕੱਬ ।

                  ( ii )           ਚੰਡਿ ਕਾਲਿਕਾ ਸ੍ਰਵਣ ਮੇਂ , ਤਨਕ ਭਨਕ ਸੁਨਿ ਲੀਨ ।

                                    ਉਤਰਿ ਸੰਗ ਗਿਰਿਰਾਜ ਤੇ , ਮਗਾ ਕੁਲਾਹਨ ਕੀਨ ।                                                       – – ( ‘ ਦਸਮ ਗ੍ਰੰਥ’ )

          ਦੋਹਿਰਾ ਉਲਟਾ ਦਿੱਤਾ ਜਾਏ ਤਾਂ ਸੋਰਠਾ ਬਣ ਜਾਂਦਾ ਹੈ ਅਤੇ ਮਾਤ੍ਰਾਂ 11 , 13 ਹੋ ਜਾਣਗੀਆਂ , ਦੋਹਿਰੇ ਦੇ ਹੋਰ ਵੀ ਕਈ ਭੇਦ ਹਨ ਜੋ ਲਘੂ , ਗੁਰੂ ਦੀ ਸੰਖਿਆ ’ ਤੇ ਆਧਾਰਿਤ ਹਨ , ਜਿਵੇਂ ਅਜਿਹਾ ਦੋਹਿਰਾ ਜਿਸ ਵਿਚ ਚਾਰ ਗੁਰੂ ਤੇ ਚਾਲੀ ਲਘੂ ਹੋਣ ਤਾਂ ‘ ਵਿਯਾਲ’ ਬਣੇਗਾ; ਪੰਜ ਗੁਰੂ ਤੇ ਅਠੱਤੀ ਲਘੂ ਹੋਣ ਤਾਂ ਅਹਿਵਰ; ਛੇ ਗੁਰੂ ਤੇ ਛੱਤੀ ਲਘੂ ਹੋਣ ਤਾਂ ਸਾਰਦੂਲ; ਸੱਤ ਗੁਰੂ ਤੇ ਚੌਂਤੀ ਲਘੂ ਹੋਣ ਤਾਂ ਮੰਛ , ਇਤਿਆਦਿ ।

                  ਉਪਰ ਪਹਿਲੇ ਦੋਹਿਰੇ ਵਿਚ 14 ਗੁਰੂ ਤੇ 20 ਲਘੂ ਹਨ ਇਸ ਨੂੰ ‘ ਹੰਸ’ ਕਹਿੰਦੇ ਹਨ । ਗੁਰੂ ਗ੍ਰੰਥ ਸਾਹਿਬ ਵਿਚ ਕਈ ਸਲੋਕ ਦਰਜ ਹਨ ਜੋ ਦੋਹਿਰਾ ਛੰਦ ਵਿਚ ਰਚੇ ਗਏ ਹਨ , ਜਿਵੇਂ :

                                    ਸਕਰ ਖੰਡ ਨਿਵਾਤ ਗੁੜ , ਮਾਖਿਓ ਮਾਝਾ ਦੁਧੁ ।

                                    ਸਭੇ ਵਸਤੂ ਮਿਠੀਆਂ ਰਬ ਨਾ ਪੁਜਨ ਤੁਧ ।

                  ਹਿੰਦੀ ਵਿਚ ਰਹੀਮ , ਬਿਹਾਰੀ ਆਦਿ ਦੇ ਦੋਹਰੇ ਬਹੁਤ ਪ੍ਰਸਿੱਧ ਹਨ । ਪੰਜਾਬੀ ਵਿਚ ਲਾਲਾ ਕਿਰਪਾ ਸਾਗਰ ਨੇ ਆਪਣੇ ਮਹਾ– ਕਾਵਿ ‘ ਲਕਸ਼ਮੀ ਦੇਵੀ’ ਵਿਚ ਵਧੇਰੇ ਤੌਰ ਤੇ ਦੋਹੇ ਦੀ ਵਰਤੋਂ ਹੀ ਕੀਤੀ ਹੈ ।

                  [ ਸਹਾ. ਗ੍ਰੰਥ– – ਗੁ. ਛੰ. ਦਿ.; ਰਘੁਨੰਦਨ ਸ਼ਾਸਤ੍ਰੀ : ‘ ਹਿੰਦੀ ਛੰਦ ਪ੍ਰਕਾਸ਼’ ; ‘ ਮਾਤ੍ਰਿਕ ਛੰਦ ਦਾ ਵਿਕਾਸ’           ( ਹਿੰਦੀ ) ; ਪ੍ਰਿੰ. ਤੇਜਾ ਸਿੰਘ , ਕਰਮ ਸਿੰਘ : ‘ ਪੰਜਾਬੀ ਪਿੰਗਲ’ ]                                                                


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.