ਦੌਲਾ ਸ਼ਾਹ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦੌਲਾ ਸ਼ਾਹ (ਮ. 1676 ਈ.): ਸੂਫ਼ੀਆਂ ਦੇ ਸੋਹਰਾਵਰਦੀ ਸੰਪ੍ਰਦਾਇ ਦੇ ਸ਼ਾਹ ਸਰਮਸਤ ਨਾਂ ਦੇ ਦਰਵੇਸ਼ ਦਾ ਚੇਲਾ ਜੋ ਆਪਣੀ ਸਖ਼ਾਵਤ ਅਤੇ ਲੋਕ ਕਲਿਆਣ ਦੇ ਕੰਮਾਂ ਵਿਚ ਰੁਚੀ ਲੈਣ ਕਾਰਣ ਬਹੁਤ ਪ੍ਰਤਿਸ਼ਠਿਤ ਸੀ। ਇਹ ਪੱਛਮੀ ਪੰਜਾਬ ਦੇ ਗੁਜਰਾਤ ਨਗਰ ਦਾ ਨਿਵਾਸੀ ਸੀ। ਗੁਰੂ ਹਰਿਗੋਬਿੰਦ ਸਾਹਿਬ ਵਲੋਂ ਕਸ਼ਮੀਰ ਵਿਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਥਾਪੇ ਗਏ ਮਸੰਦ ਭਾਈ ਗੜ੍ਹੀਆ ਨਾਲ ਇਸ ਦੀ ਮੁਲਾਕਾਤ ਹੋਈ। ਭਾਈ ਗੜ੍ਹੀਆ ਪਾਸੋਂ ‘ਸੁਖਮਨੀ ’ ਬਾਣੀ ਦਾ ਪਾਠ ਸੁਣ ਕੇ ਇਹ ਬਹੁਤ ਪ੍ਰਭਾਵਿਤ ਹੋਇਆ। ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਹਰਿਗੋਬਿੰਦ ਜੀ ਕਸ਼ਮੀਰ ਤੋਂ ਪਰਤ ਰਹੇ ਸਨ , ਤਾਂ ਇਹ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਨਿਹਾਲ ਹੋਇਆ ਅਤੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ।
ਗੁਰੂ ਗੋਬਿੰਦ ਸਿੰਘ ਜੀ ਪ੍ਰਤਿ ਵੀ ਇਹ ਅਪਾਰ ਸ਼ਰਧਾ ਰਖਦਾ ਸੀ। ਇਸ ਨੇ ਗੁਰੂ ਜੀ ਨੂੰ ਸੌ ਤੋਲੇ ਸੋਨਾ ਵੀ ਭੇਂਟ ਕੀਤਾ ਸੀ। ਇਸ ਦਾ ਦੇਹਾਂਤ ਸੰਨ 1676 ਈ. ਵਿਚ ਹੋਇਆ ਦਸਿਆ ਜਾਂਦਾ ਹੈ। ਇਸ ਦੇ ਨਾਂ ਦੀ ਪ੍ਰਸਿੱਧੀ ਕਾਰਣ ਗੁਜਰਾਤ ਨਗਰ ਨੂੰ ‘ਦੌਲਾ ਕੀ ਗੁਜਰਾਤ’ ਵੀ ਕਿਹਾ ਜਾਣ ਲਗਿਆ। ਇਸ ਦਾ ਮਕਬਰਾ ਗੁਜਰਾਤ ਨਗਰ ਦੇ ਉੱਤਰ ਵਲ ਹੈ। ਛੋਟੇ ਸਿਰ ਵਾਲੇ ਬੱਚਿਆਂ ਨੂੰ ਲੋਕੀਂ ਇਸ ਦੇ ਮਜ਼ਾਰ ਉਤੇ ਚੜ੍ਹਾ ਜਾਂਦੇ ਹਨ। ਮੁਜ਼ਾਵਰ ਲੋਗ ਖ਼ੈਰ ਮੰਗਣ ਲਈ ਇਨ੍ਹਾਂ ਬੱਚਿਆਂ ਨੂੰ ਨਗਰਾਂ/ਪਿੰਡਾਂ ਵਿਚ ਗਲੀ ਗਲੀ ਲਈ ਫਿਰਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First