ਧਰਮ ਅਰਥ ਬੋਰਡ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਰਮ ਅਰਥ ਬੋਰਡ : ਪੰਜਾਬ ਦੀਆਂ ਰਿਆਸਤਾਂ ਨੂੰ ਮਿਲਾ ਕੇ ਜਦੋਂ ਪੈਪਸੂ ( ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ) ਸਰਕਾਰ ਬਣਾਈ ਗਈ ਤਾਂ ਇਸ ਦੇ ਰਾਜ-ਪ੍ਰਮੁਖ ਨੇ ਸਾਰੀਆਂ ਰਿਆਸਤਾਂ ਦੇ ਗੁਰੂ-ਧਾਮਾਂ ਨੂੰ ਇਕ ਪ੍ਰਬੰਧਕੀ ਸੰਸਥਾ ਦੁਆਰਾ ਚਲਾਉਣ ਦੀ ਸੋਚ ਅਧੀਨ 20 ਮਈ 1949 ਈ. ਨੂੰ ‘ ਧਰਮ ਅਰਥ ਬੋਰਡ’ ਦੀ ਸਥਾਪਨਾ ਕੀਤੀ ਅਤੇ ਹਰ ਇਕ ਵਰਗ ਤੋਂ ਪ੍ਰਤਿਨਿਧ ਲੈ ਕੇ 25 ਮੈਂਬਰਾਂ ਨੂੰ ਸ਼ਾਮਲ ਕੀਤਾ । 27 ਜੂਨ 1949 ਈ. ਨੂੰ ਹੋਈ ਬੈਠਕ ਵਿਚ ਜੱਥੇਦਾਰ ਬਲਵੰਤ ਸਿੰਘ ਚਨਾਰਥਲ ਇਸ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ । ਇਕ ਸਬ-ਕਮੇਟੀ ਦੁਆਰਾ ਇਸ ਬੋਰਡ ਦਾ ਸੰਵਿਧਾਨ ਤਿਆਰ ਕਰਵਾ ਕੇ 26 ਅਗਸਤ 1949 ਈ. ਦੀ ਮੀਟਿੰਗ ਵਿਚ ਪ੍ਰਵਾਨਗੀ ਲਈ ਗਈ । ਇਸ ਬੋਰਡ ਨਾਲ ਲਗਭਗ ਦੋ ਸੌ ਗੁਰਦੁਆਰੇ ਸੰਬੰਧਿਤ ਸਨ ਜਿਨ੍ਹਾਂ ਵਿਚੋਂ 25 ਗੁਰਦੁਆਰੇ ਸਿਧੇ ਬੋਰਡ ਅਧੀਨ ਸਨ , ਜਦ ਕਿ ਬਾਕੀ ਬੋਰਡ ਦੀ ਸਰਪ੍ਰਸਤੀ ਅਧੀਨ ਸਥਾਨਕ ਕਮੇਟੀਆਂ ਦੁਆਰਾ ਅਨੁਸ਼ਾਸਿਤ ਸਨ । ਪਰ ਆਪਸੀ ਵੈਰ-ਵਿਰੋਧ ਅਤੇ ਧੜੇਬੰਦੀਆਂ ਕਾਰਣ ਇਹ ਬੋਰਡ ਸੰਨ 1954 ਈ. ਵਿਚ ਤੋੜ ਦਿੱਤਾ ਗਿਆ ਅਤੇ ਇਸ ਦੀ ਥਾਂ 4 ਮਈ 1954 ਈ. ਨੂੰ 13 ਮੈਂਬਰਾਂ ਦਾ ਇਕ ਅੰਤਰਮ ਗੁਰਦੁਆਰਾ ਬੋਰਡ ਬਣਾਇਆ ਗਿਆ । ਪੈਪਸੂ ਸਰਕਾਰ ਦੇ ਖ਼ਤਮ ਹੋਣ ਤੋਂ ਬਾਦ ਇਸ ਬੋਰਡ ਨੂੰ 8 ਜਨਵਰੀ 1959 ਈ. ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਮੋ ਦਿੱਤਾ ਗਿਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.