ਧਰਮ-ਰਾਜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਰਮ - ਰਾਜ : ਧਰਮ ਅਨੁਸਾਰ ਨਿਆਂ ਕਰਨ ਵਾਲਾ ਇਕ ਮਿਥਕ ਰਾਜਾ , ਜੋ ਕਰਮਾਂ ਦੇ ਫਲ ਨੂੰ ਨਿਰਧਾਰਿਤ ਕਰਕੇ ਪ੍ਰਾਣੀਆਂ ਦੀ ਜੀਵਨ-ਗਤਿ ਨਿਸਚਿਤ ਕਰਦਾ ਹੈ । ‘ ਆਸਾ ਕੀ ਵਾਰ ’ ਵਿਚ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ— ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ( ਗੁ.ਗ੍ਰੰ.463 ) । ਗੁਰੂ ਅਮਰਦਾਸ ਜੀ ਨੇ ਵੀ ਲਿਖਿਆ ਹੈ— ਧਰਮ ਰਾਇ ਨੋ ਹੁਕਮ ਹੈ ਬਹਿ ਸਚਾ ਧਰਮੁ ਬੀਚਾਰਿ ( ਗੁ. ਗ੍ਰੰ.38 ) । ਜਦ ਤਕ ਕਰਮਾਂ ਦਾ ਪ੍ਰਭਾਵ ਕਾਇਮ ਹੈ ਉਦੋਂ ਤਕ ਪ੍ਰਾਣੀ ਇਸ ਦੇ ਨਿਰਣੇ ਦੇ ਅਧੀਨ ਹਨ । ਪਰ ਕਰਮ- ਗਤਿ ਦੇ ਖ਼ਤਮ ਹੋਣ ਨਾਲ ਇਸ ਦੀ ਸ਼ਕਤੀ ਪ੍ਰਭਾਵਹੀਨ ਹੋ ਜਾਂਦੀ ਹੈ । ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਹਰਿ -ਭਗਤੀ ਦੁਆਰਾ ਜਦ ਸਾਰੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ ਤਾਂ ਭਲਾ ਉਸ ਸਾਧਕ ਦਾ ਧਰਮ-ਰਾਜ ਕੀ ਵਿਗਾੜ ਸਕਦਾ ਹੈ— ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ( ਗੁ.ਗ੍ਰੰ.614 ) । ਗੁਰੂ ਅਮਰਦਾਸ ਜੀ ਦੀ ਸਥਾਪਨਾ ਹੈ— ਅਧਿਆਤਮੀ ਹਰਿਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨ ਸਵਾਰਣਹਾਰੁ ( ਗੁ. ਗ੍ਰੰ.38-39 ) । ਭਾਰਤੀ ਧਰਮ ਗ੍ਰੰਥਾਂ ਅਤੇ ਪੁਰਾਣ ਸਾਹਿਤ ਵਿਚ ਧਰਮ-ਰਾਜ ਅਤੇ ਯਮ-ਰਾਜ ਨੂੰ ਇਕੋ ਸਮਝਿਆ ਜਾਂਦਾ ਹੈ । ਵੇਖੋ ‘ ਯਮਰਾਜ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.