ਧਿਆਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਿਆਨ (ਨਾਂ,ਪੁ) ਵਿਚਾਰ; ਸਿਮਰਨ; ਚਿੰਤਨ; ਮਨ ਦੇ ਫ਼ੈਲੇ ਖਿਆਲ ਨੂੰ ਇੱਕ ਵਿਸ਼ੇ ਤੇ ਇਕਾਗਰ ਕਰਨ ਦੀ ਅਵਸਥਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧਿਆਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਿਆਨ [ਨਾਂਪੁ] ਚਿੰਤਨ, ਚੇਤਾ , ਖ਼ਿਆਲ; ਲਗਨ , ਧੁਨ, ਇਕਾਗਰਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਿਆਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਿਆਨ ਸੰ. ਧ੍ਯੈ ਧਾਤੁ ਦਾ ਅਰਥ ਹੈ ਸੋਚ ਵਿਚਾਰ , ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵ੎ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿ੄ਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਸ਼੗ਨ ਵਿੱਚ ਲਿਖਿਆ ਹੈ—“ तत्र प्रत्ययैकता ध्यानम्” (ਯੋਗਸੂਤ੍ਰ, ੩—੨) “ਸੁਣਿਐ ਲਾਗੈ ਸਹਜਿ ਧਿਆਨੁ.” (ਜਪੁ) “ਧਿਆਨੀ ਧਿਆਨੁ ਲਾਵਹਿ.” (ਸ੍ਰੀ ਅ: ਮ: ੫) ੨ ਅੰਤਹਕਰਣ ਵਿੱਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩ ਖਿਆਲ. ਚਿੰਤਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਿਆਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਿਆਨ: ‘ਧਿਆਨ’ ਬਾਰੇ ਪਤੰਜਲਿ ਰਿਸ਼ੀ ਨੇ ‘ਯੋਗ-ਸੂਤ੍ਰ’ (3/2) ਵਿਚ ਸਿੱਧਾਂਤਿਕ ਗੱਲ ਕਰਦਿਆਂ ਲਿਖਿਆ ਹੈ ਕਿ ਇਛਿਤ ਵਸਤੂ ਦੀ ਧਾਰਣਾ ਤੋਂ ਬਾਦ ਨਿਰੰਤਰ ਉਸ ਦਾ ਮਨਨ ਕਰਨਾ ਜਾਂ ਚਿੱਤ-ਵ੍ਰਿਤੀ ਨੂੰ ਲਗਾਤਾਰ ਉਸ ਵਿਚ ਲਗਾਈ ਰਖਣਾ ‘ਧਿਆਨ’ ਹੈ। ਇਸ ਨਾਲ , ਜਿਸ ਵਸਤੂ ਜਾਂ ਵਿਸ਼ੇ ਦਾ ਧਿਆਨ ਕੀਤਾ ਜਾਂਦਾ ਹੈ, ਉਸ ਦਾ ਸਪੱਸ਼ਟ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਸ ਦੇ ਅਗੋਂ ਤਿੰਨ ਭੇਦ ਹਨ—ਸਥੂਲ ਗਿਆਨ, ਜੑਯੋਤਿ ਗਿਆਨ ਅਤੇ ਸੂਖਮ ਗਿਆਨ। ਭਾਈ ਕਾਨ੍ਹ ਸਿੰਘ ਨੇ ‘ਮਹਾਨਕੋਸ਼’ ਵਿਚ ਲਿਖਿਆ ਹੈ ਕਿ ਚੌਹਾਂ ਪਾਸਿਆਂ ਤੋਂ ਮਨ ਨੂੰ ਰੋਕ ਕੇ ਕਿਸੇ ਇਕ ਵਿਸ਼ੇ ਉਤੇ ਟਿਕਾਉਣਾ ਹੀ ‘ਧਿਆਨ’ ਹੈ।

            ਸਿੱਖ ਧਰਮ ਵਿਚ ‘ਧਿਆਨ’ ਉਤੇ ਬਹੁਤ ਬਲ ਦਿੱਤਾ ਗਿਆ ਹੈ। ਇਹ ਧਿਆਨ ਪ੍ਰਭੂ, ਨਾਮ ਅਤੇ ਗੁਰੂ ਕਿਸੇ ਦਾ ਵੀ ਹੋ ਸਕਦਾ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਦੇ ਚਰਣਾਂ ਵਿਚ ਧਿਆਨ ਲਗਾਉਣ ਲਈ ਜਿਗਿਆਸੂ ਨੇ ਪ੍ਰੇਰਣਾ ਦਿੱਤੀ ਹੈ— ਗੁਰ ਕੀ ਮੂਰਤਿ ਮਨ ਮਹਿ ਧਿਆਨੁ ਗੁਰੂ ਕੈ ਸਬਦਿ ਮੰਤੁ੍ਰ ਮਨੁ ਮਾਨ ਗੁਰ ਕੈ ਚਰਨ ਰਿਦੈ ਲੈ ਧਾਰਿਉ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ (ਗੁ.ਗ੍ਰੰ. 864)। ਜਪੁਜੀ ਵਿਚ ਧਿਆਨ ਲਗਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਨਾਮ-ਜਸ ਨੂੰ ਸੁਣਨ ਉਤੇ ਬਲ ਦਿੱਤਾ ਹੈ—ਸੁਣਿਐ ਲਾਗੈ ਸਾਜਿ ਧਿਆਨੁ

            ਧਿਆਨ ਦੀ ਸਥਿਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਸ ਬਾਰੇ ਭਗਤ ਨਾਮਦੇਵ ਨੇ ਅਨੇਕ ਉਦਾਹਰਣ ਦਿੰਦੇ ਹੋਇਆਂ ਕਿਹਾ ਹੈ ਕਿ ਬੱਚੇ ਦਾ ਪਤੰਗ ਦੀ ਡੋਰ ਵਲ , ਸੁਨਿਆਰੇ ਦਾ ਗਹਿਣੇ ਘੜਨ ਵਲ, ਪਨਿਹਾਰਨ ਦਾ ਘੜੇ ਵਲ, ਬਾਹਰ ਚਰਨ ਗਈ ਗਊ ਦਾ ਬਛੜੇ ਵਲ ਅਤੇ ਕੰਮ ਕਰਦੀ ਇਸਤਰੀ ਦਾ ਬੱਚੇ ਵਲ ਜਿਸ ਪ੍ਰਕਾਰ ਦਾ ਨਿਰੰਤਰ ਧਿਆਨ ਰਹਿੰਦਾ ਹੈ, ਉਸੇ ਤਰ੍ਹਾਂ ਜਿਗਿਆਸੂ ਦਾ ਧਿਆਨ ਪ੍ਰਭੂ ਜਾਂ ਗੁਰੂ ਚਰਣਾਂ ਵਿਚ ਰਹਿਣਾ ਚਾਹੀਦਾ ਹੈ—

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ

ੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ਮਨੁ ਰਾਮ ਨਾਮਾ ਬੇਧੀਅਲੇ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇਰਹਾਉ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ (ਗੁ.ਗ੍ਰੰ.972)।

          ‘ਧਿਆਨ’ ਧਾਰਣ ਕਰਨ ਸੰਬੰਧੀ ਗੁਰਬਾਣੀ ਵਿਚ ਸਥਾਪਨਾ ਹੈ ਕਿ ਇਸ ਨਾਲ ਹਰ ਪ੍ਰਕਾਰ ਦੀਆਂ ਮਨੋ- ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ— ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਤ ਸਗਲੇ ਫਲ ਪਾਏ (ਗੁ.ਗ੍ਰੰ.395)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਧਿਆਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਿਆਨ (ਸੰ.। ਸੰਸਕ੍ਰਿਤ ਧ੍ਯਾਨ) ਮਨ ਵਿਚ ਲੈ ਆਉਣ ਦੀ ਕ੍ਰਿਯਾ, ਚਿਤ ਵਿਚ ਕਿਸੇ ਇਕ ਭਾਵ ਦਾ ਟਿਕਾਉਣਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਧਿਆਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਧਿਆਨ : ਵੇਖੋ ‘ਅਸ਼ਟਾਂਗ ਯੋਗ’

ਅਸ਼ਟਾਂਗ ਯੋਗ : ਪਤੰਜਲਿ ਰਿਸ਼ੀ ਨੇ ਆਪਣੇ ‘ਯੋਗ ਸੂਤ੍ਰ’ ਦੇ ‘ਸਾਧਨ ਪਾਦ’ ਵਿਚ ਅਵਿਦਿਆ ‘(ਆਗਿਆਨ) ਆਦਿ ਪੰਜ ਕਲੇਸ਼ਾਂ ਨੂੰ ਸਾਰਿਆਂ ਦੁੱਖਾਂ ਦਾ ਕਾਰਣ ਦੱਸਦੇ ਹੋਇਆਂ ਇਨ੍ਹਾਂ ਕਲੇਸ਼ਾਂ ਦਾ ਜੜ੍ਹੋਂ ਨਾਸ਼ ਕਰਨਾ ਜਰੂਰੀ ਮੰਨ ਕੇ ਨਿਰਮਲ ਵਿਵੇਕ ਗਿਆਨ ਦੀ ਪ੍ਰਾਪਤੀ ਉਪਾਂਅ ਵਜੋਂ ਸੁਝਾਈ ਹੈ। ਨਿਰਮਲ ਵਿਵੇਕ ਗਿਆਨ ਦੀ ਪ੍ਰਾਪਤੀ ਜਾਂ ਸਿੱਧੀ ਤੋਂ ਬਿਨਾ ਨਾ ਕਲੇਸ਼ ਨਾਸ਼ ਹੁੰਦੇ ਹਨ ਅਤੇ ਨਾ ਹੀ ਕੈਵਲਯ ਦੀ ਪ੍ਰਾਪਤੀ ਸੰਭਵ ਹੁੰਦੀ ਹੈ। ਵਿਵੇਕ ਗਿਆਨ ਦੀ ਸਿੱਧੀ ਲਈ ਯੋਗ ਦੇ ਅੱਠ ਅੰਗਾਂ (ਅਸ਼ਟਾਂਗ) ਦੀ ਸਥਾਪਨਾ ਕੀਤੀ ਗਈ ਹੈ। ਇਹ ਅੱਠ ਅੰਗ ਜਾਂ ਅਸ਼ਟ ਮਾਰਗ ਇਸ ਪ੍ਰਕਾਰ ਹਨ–ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਯਾਹਾਰ, ਧਾਰਣਾ, ਧਿਆਨ, ਸਮਾਧਿ (ਯੋਗ ਸੂਤ੍ਰ 2/29)। ਇਨ੍ਹਾਂ ਵਿਚੋਂ ਪਹਿਲੇ ਪੰਜ ਯੋਗ ਦੇ ਬਾਹਰਲੇ ਸਾਧਨ ਕਹੇ ਜਾਂਦੇ ਹਨ ਅਤੇ  ਅਖੀਰਲੇ ਤਿੰਨ ਅੰਦਰਲੇ ਸਾਧਨ ਮੰਨੇ ਜਾਂਦੇ ਹਨ (ਯੋਗ ਸੂਤ੍ਰ 3/7)। ਇਨ੍ਹਾਂ ਅੰਦਰਲੇ ਤਿੰਨ ਸਾਧਨਾਂ ਦਾ ਵਿਵੇਕ ਦੇ ਉਤਪਾਦਨ ਵਿਚ ਵਿਸ਼ੇਸ਼ ਮਹੱਤਵ ਹੈ ਅਤੇ ਸਮਾਧੀ ਦੀ ਅਵਸਥਾ ਨਾਲ ਇਨ੍ਹਾਂ ਦਾ ਸਿੱਧਾ ਸੰਬੰਧ ਹੈ। ਇਨ੍ਹਾਂ ਦਾ ਵਿਸਤਾਰ ਸਹਿਤ ਪਰਿਚਯ ਇਸ ਪ੍ਰਕਾਰ ਹੈ :

  •           :ਯਮ ਦਾ ਅਰਥ ਹੈ ਸੰਜਮ। ‘ਯੋਗ ਸੂਤ੍ਰ’ (2/30) ਅਨੁਸਾਰ ਇਹ ਪੰਜ ਹਨ–ਅਹਿੰਸਾਂ, ਸਤੑਸ, ਅਸਤੇਯ (ਚੋਰੀ ਦਾ ਕਰਨਾ), ਬ੍ਰਹਮਚਰਯ ਅਤੇ ਅਪਰਿਗ੍ਰਹ (ਲੋਭ ਵਸ ਬੇਲੋੜੀ ਵਸਤੂ ਨੂੰ ਇਕੱਠਾ ਨਾ ਕਰਨਾ)। ‘ਹਠਯੋਗ ਪ੍ਰਦੀਪਿਕਾ’ (ਪੰਨਾ16) ਵਿਚ ਇਨ੍ਹਾਂ ਯਮਾਂ ਦੀ ਗਿਣਤੀ 10 ਅਤੇ ‘ਭਾਗਵਤ ਪੁਰਾਣ’ (11/19/33) ਵਿਚ ਬਾਰ੍ਹਾਂ ਦਸੀ ਗਈ ਹੈ। ਇਨ੍ਹਾਂ ਰਾਹੀਂ ਕਾਯਾ ਨੂੰ ਯੋਗ–ਸਾਧਨਾ ਦੇ ਅਨੁਕੂਲ ਬਣਾਉਣ ਲਈ ਕਾਯਾ (ਸ਼ਰੀਰ) ਦਾ ਬਲਵਾਨ ਹੋਣਾ ਜਰੂਰੀ ਹੈ, ਤਾਂ ਹੀ ਚਿੱਤ ਇਕਾਗ੍ਰ ਹੋ ਸਕਦਾ ਹੈ। ਉਂਜ ਇਨ੍ਹਾਂ ਦੀ ਪਾਲਣਾ ਮਨੁੱਖ ਜੀਵਨ ਦੇ ਸੰਤੁਲਿਤ ਅਤੇ ਸਾਵੇਂ ਵਿਕਾਸ ਲਈ ਹਰ ਇਕ ਵਿਅਕਤੀ ਲਈ ਜ਼ਰੂਰੀ ਹੈ।
  •           :  ‘ਨਿਯਮ’ ਉਸ ਤਪਸਿਆ ਨੂੰ ਆਖਦੇ ਹਨ ਜਿਸ ਰਾਹੀਂ ਸਦਾਕਾਰ ਦੀ ਪਾਲਣਾ ਹੁੰਦੀ ਹੈ ਅਤੇ ਮਨ ਤੇ ਸ਼ਰੀਰ ਦੀ ਸ਼ੁਧੀ ਹੁੰਦੀ ਹੈ। ‘ਯੋਗ ਸੂਤ੍ਰ’ (2/32) ਅਨੁਸਾਰ ਨਿਯਮ ਪੰਜ ਹਨ–ਸ਼ੌਚ (ਸ਼ਰੀਰਿਕ ਅਤੇ ਮਾਨਸਿਕ ਸ਼ੁੱਧੀ), ਸੰਤੋਸ਼, ਤਪ (ਗਰਮੀ, ਸਰਦੀ ਸਹਿਣ ਕਰਨ ਦਾ ਅਭਿਆਸ ਅਤੇ ਕਠੋਰ ਬ੍ਰਤ ਨੂੰ ਪਾਲਣਾ), ਸ੍ਵਾਧੑਯਾਯ (ਨੇਮ ਨਾਲ ਧਰਮ–ਗ੍ਰੰਥਾਂ ਦਾ ਅਧਿਐਨ), ਈਸ਼ਵਰ ਪ੍ਰਣਿਧਾਨ (ਈਸ਼ਵਰ ਦਾ ਧਿਆਨ ਅਤੇ ਉਸ ਵਿਚ ਸਭ ਕਰਮਾਂ ਦਾ ਸਮਰਪਣ)। ‘ਹਠਯੋਗ ਪ੍ਰਦੀਪਿਕਾ’ (ਪੰਨਾ 16) ਅਤੇ ‘ਦਰਸ਼ਨ’ ਉਪਨਿਸ਼ਦ (2/1) ਵਿਚ ਨਿਯਮਾਂ ਦੀ ਗਿਣਤੀ ਦਸ ਹੈ ਅਤੇ ‘ਭਾਗਵਤ ਪੁਰਾਣ’ (11/19/34) ਵਿਚ ਬਾਰ੍ਹਾਂ। ਯਮ ਅਤੇ ਨਿਯਮ ਦੋਵੇਂ ਨੈਤਿਕ ਸਾਧਨਾ ਉਤੇ ਬਲ ਦਿੰਦੇ ਹਨ ਅਤੇ ਯੋਗ ਅਭਿਆਸ ਲਈ ਆਵੱਸ਼ਕ ਹਨ। ਇਨ੍ਹਾਂ ਦੋਹਾਂ ਦੇ ਅਭਿਆਸ ਨਾਲ ਵੈਰਾਗ (ਵਾਸਨਾ ਦਾ ਅਭਾਵ) ਸੁਲਭ ਹੋ ਜਾਂਦਾ ਹੈ।
  •           : ‘ਯੋਗ ਸੂਤ੍ਰ’ (2/46) ਅਨੁਸਾਰ ਦੇਰ ਤਕ ਨਿਸ਼ਚਿੰਤ ਹੋ ਕੇ ਇਕੋ ਹਾਲਤ ਵਿਚ ਸੁਖਪੂਰਵਕ ਬੈਠਣਾ ‘ਆਸਨ’ ਹੈ। ਟੀਕਾਕਾਰਾਂ ਨੇ ਆਸਨਾਂ ਦੀ ਗਿਣਤੀ ਅਨੰਤ ਦਸੀ ਹੈ, ਪਰ ਮੁੱਖ ਤੌਰ ਤੇ 84 ਮੰਨੀ ਜਾਂਦੀ ਹੈ। ਇਨ੍ਹਾਂ ਵਿਚੋਂ ਵੀ ਚਾਰ ਅਧਿਕ ਪ੍ਰਸਿੱਧ ਹਨ ––ਸਿੱਧਾਸਨ, ਪਦਮਾਸਨ, ਸਮਾਸਨ, ਸ਺ਸਤਿਕਾਸਨ। ਇਨ੍ਹਾਂ ਦੇ ਅਭਿਆਸ ਦਾ ਗਿਆਨ ਕਿਸੇ ਸਿੱਧ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਚਿੱਤ ਦੀ ਇਕਾਗ੍ਰਤਾ ਲਈ ਸ਼ਰੀਰ ਦਾ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਇਸ ਨਾਲ ਸ਼ਰੀਰ ਰੋਗ ਮੁਕਤ ਅਤੇ ਬਲਵਾਨ ਬਣਦਾ ਹੈ। ਆਸਨਾਂ ਰਾਹੀਂ ਸ਼ਰੀਰ ਦੇ ਸਾਰੇ ਅੰਗਾਂ, ਪੱਠਿਆਂ ਅਤੇ ਨਾੜੀਆਂ ਨੂੰ ਵਸ ਵਿਚ ਕੀਤਾ ਜਾ ਸਕਦਾ ਹੈ, ਤਾਂ ਜੋ ਮਨ ਵਿਕਾਰ–ਰਹਿਤ ਹੋ ਸਕੇ। ਇਨ੍ਹਾਂ ਨਾਲ ਉਮਰ ਲੰਮੀ ਹੁੰਦੀ ਹੈ ਅਤੇ ਸ਼ਰੀਰ ਵਿਚ ਥਕਾਵਟ ਮਹਿਸੂਸ ਨਹੀਂ ਹੁੰਦੀ।
  •           :  ‘ਯੋਗ ਸੂਤ੍ਰ’ (2/49) ਅਨੁਸਾਰ ‘ਆਸਨ’ ਦੇ ਸਥਿਰ ਹੋਣ ਤੋਂ ਬਾਅਦ ਸੁਆਸਾਂ ਦੀ ਗਤਿ ਨੂੰ ਰੋਕਣ ਦੀ ਕ੍ਰਿਆ ਦਾ ਆਰੰਭ ਹੁੰਦਾ ਹੈ ਅਤੇ ਇਸੇ ਨੂੰ ‘ਪ੍ਰਾਣਾਯਾਮ’ ਕਿਹਾ ਜਾਂਦਾ ਹੈ। ਇਸ ਨਾਲ ਮਨ ਨੂੰ ਸਥਿਰਤਾ ਮਿਲਦੀ ਹੈ। ਇਸ ਦੇ ਤਿੰਨ ਅੰਗ ਹਨ ਪੂਰਕ (ਅੰਦਰ ਨੂੰ ਪੂਰਾ ਸੁਆਸ ਲੈਣਾ), ਕੁੰਭਕ (ਸੁਆਸ ਨੂੰ ਅੰਦਰ ਰੋਕਣਾ), ਰੇਚਕ (ਨੇਮ ਨਾਲ ਸੁਆਸ ਨੂੰ ਬਾਹਰ ਛੱਡਣਾ) ਯੋਗ ਸੂਤ੍ਰ 2/50)। ਇਸ ਨਾਲ ਸ਼ਰੀਰ ਅਤੇ ਮਨ ਬਲਵਾਨ ਹੁੰਦੇ ਹਨ, ਚਿੱਤ ਵਿਚ ਇਕਾਗ੍ਰਤਾ ਆਉਂਦੀ ਹੈ। ਇਸ ਅਭਿਆਸ ਨਾਲ ਯੋਗ ਬਹੁਤ ਦੇਰ ਤਕ ਆਪਣੇ ਸੁਆਸਾਂ ਨੂੰ ਅੰਦਰ ਰੋਕ ਸਕਦਾ ਹੈ ਅਤੇ ਸਮਾਧੀ ਦਾ ਸਮਾਂ ਅਗੇ ਵਧਾ ਸਕਦਾ ਹੈ। ‘ਹਠਯੋਗ’ ਵਿਚ ਪ੍ਰਾਣਾਯਾਮ ਦਾ ਮਹੱਤਵ ਕਿਤੇ ਅਧਿਕ ਹੈ।

          ਪ੍ਰਤੑਯਾਹਾਰ : ‘ਯੋਗ ਸੂਤ੍ਰ’ (2/54) ਅਨੁਸਾਰ ਇੰਦਰੀਆਂ ਦਾ ਆਪਣੇ ਬਾਹਰਲੇ ਵਿਸ਼ਿਆਂ ਤੋਂ ਹਟ ਕੇ ਅੰਤਰ–ਮੁਖੀ ਹੋਣ ‘ਪ੍ਰਤੑਯਾਹਾਰ’ ਹੈ। ਇੰਦਰੀਆਂ ਮਨ ਨੂੰ ਆਪਣੀ ਇੱਛਾ ਅਨੁਸਾਰ ਇਧਰ ਉਧਰ ਦੌੜਾਈ ਫਿਰਦੀਆਂ ਹਨ। ਪ੍ਰਤੑਯਾਹਾਰ ਦੇ ਅਭਿਆਸ ਨਾਲ ਇਹ ਇੰਦਰੀਆਂ ਪੂਰੀ ਤਰ੍ਹਾਂ ਮਨ ਦੇ ਅਧੀਨ ਹੋ ਜਾਂਦੀਆਂ ਹਨ। ਪ੍ਰਤੑਯਾਹਾਰ ਲਈ ਦ੍ਰਿੜ੍ਹ ਸੰਕਲਪ ਅਤੇ ਇੰਦਰੀਆਂ ਦੀ ਰੋਕ ਬਹੁਤ ਜ਼ਰੂਰੀ ਹਨ।

          ਧਾਰਣਾ : ਪਤੰਜਲਿ ਅਨੁਸਾਰ ਮਨ (ਚਿੱਤ) ਨੂੰ ਕਿਸੇ ਇਛਿਤ ਵਸਤੂ ਜਾਂ ਥਾਂ ਉਤੇ ਕੇਂਦਰਿਤ ਕਰਨ ਦੀ ਕ੍ਰਿਆ ‘ਧਾਰਣਾ’ ਹੈ (ਯੋਗ ਸੂਤ੍ਰ 3/1)। ਇਸ ਦੇ ਅਭਿਆਸ ਨਾਲ ਚਿੱਤ ਵਿੱਤ੍ਰੀਆਂ ਸਥਿਰ ਹੁੰਦੀਆਂ ਹਨ। ‘ਧਾਰਣਾ’ ਦੀ ਸਿੱਧੀ ਲਈ ਕੁਝ ਕੁ ਮੁਦ੍ਰਾਵਾਂ ਦੀ ਲੋੜ ਵੀ ਦਸੀ ਗਈ ਹੈ, ਜਿਨ੍ਹਾਂ ਵਿਚ ਚਾਰ ਪ੍ਰਮੁੱਖ ਹਨ–ਅਗੋਚਰੀ, ਭੂਚਰੀ, ਚਾਚਰੀ ਅਤੇ ਸ਼ਾਂਭਵੀ।

          ਸਮਾਧਿ : ਪਤੰਜਲਿ ਨੇ ਇਸ ਨੂੰ ਯੋਗ ਦਾ ਅੰਤਿਮ ਅੰਗ ਮੰਨਿਆ ਹੈ। ਜਦੋਂ ਧਿਆਨ ਕਰਦਿਆਂ ਕਰਦਿਆਂ ਚਿੱਤ ਲਕਸ਼ਿਤ ਵਸਤੂ ਜਾਂ ਵਿਸ਼ੇ ਦਾ ਆਕਾਰ ਗ੍ਰਹਿਣ ਕਰ ਲੈਂਦਾ ਹੈ ਜਾਂ ਉਸ ਵਸਤੂ ਅਤੇ ਧਿਆਨ ਮਗਨ ਵਿਅਕਤੀ ਦਾ ਆਪਸੀ ਭੇਦ ਮਿਟ ਜਾਂਦਾ ਹੈ ਤਾਂ ਇਸ ਨੂੰ ‘ਸਮਾਧਿ’ ਕਿਹਾ ਜਾਂਦਾ ਹੈ (ਯੋਗ ਸੂਤ੍ਰ 3/3)। ਮੋਖ ਪ੍ਰਾਪਤੀ ਲਈ ਇਸ ਅਵਸਥਾ ਤੋਂ ਗੁਜ਼ਰਨਾ ਬਹੁਤ ਜ਼ਰੂਰੀ ਹੈ। ਇਸ ਰਾਹੀਂ ਬਾਹਰਲੇ ਜਗਤ ਨਾਲ ਸੰਬੰਧ ਟੁਟ ਜਾਂਦਾ ਹੈ। ਇਸ ਨਾਲ ਨਿੱਤਪਦ ਦੀ ਫਿਰ ਤੋਂ ਪ੍ਰਾਪਤੀ ਹੋ ਜਾਂਦੀ ਹੈ। ਇਸ ਅਵਸਥਾ ਨੂੰ ਸਰਲ ਅਨੁਭਵ ਨਹੀਂ ਸਮਝਣਾ ਚਾਹੀਦਾ। ਇਹ ਅਜਿਹੀਆਂ ਮਾਨਸਿਕ ਅਵਸਥਾਵਾਂ ਦੀ ਸੰਗਲੀ ਹੈ ਜੋ ਸਰਲ ਹੁੰਦੀ ਹੋਈ ਵੀ ਆਖੀਰ ਵਿਚ ਅਚੇਤਨ ਅਵਸਥਾ ਵਿਚ ਬਦਲ ਜਾਂਦੀ ਹੈ।

          ਜਦੋਂ ਧਾਰਣਾ, ਧਿਆਨ ਅਤੇ ਸਮਾਧਿ, ਇਹ ਤਿੰਨੋਂ ਅੰਗ ਇਕ ਹੀ ਵਿਸ਼ੇ ਵਲ ਪ੍ਰੇਰਿਤ ਹੁੰਦੇ ਹਨ, ਤਾਂ ਉਸ ਨੂੰ ‘ਸੰਯਮ’ ਕਿਹਾ ਜਾਂਦਾ ਹੈ। ਜਦ ਇਹ ਸੰਯਮ ਵਿਸ਼ਿਆਂ ਵਲ ਪ੍ਰੇਰਿਤ ਹੁੰਦਾ ਹੈ, ਤਾਂ ਅਸਾਧਾਰਣ ਸ਼ਕਤੀਆਂ (ਸਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ, ਪਰ ਮੁਕਤੀ ਲਈ ਇਨ੍ਹਾਂ ਸਿੱਧੀਆਂ ਦੇ ਲੋਭ ਤੋਂ ਬਚਣਾ ਚਾਹੀਦਾ ਹੈ।

[ਸਹਾ. ਗ੍ਰੰਥ–ਡਾ. ਰਾਧਾ ਕ੍ਰਿਸ਼ਣਨ : ‘ਭਾਰਤੀਯ ਦਰਸ਼ਨ’ (ਹਿੰਦੀ) ਭਾਗ 2 ; ‘ਪਾਤੰਜਲ ਯੋਗ ਦਰਸ਼ਨ’ (ਸੰਸਕ੍ਰਿਤ); ਸਵਾਤਮਾ ਰਾਮ ਯੋਗਿੰਦਰ:‘ਹਠਯੋਗ ਪ੍ਰਦੀਪਿਕਾ’ (ਹਿੰਦੀ); ਡਾ. ਰਤਨ ਸਿੰਘ ਜੱਗੀ :‘ਗੁਰੂ ਨਾਨਕ–ਵਿਅਕਤਿਤ੍ਵ, ਕ੍ਰਿਤਿਤ੍ਵ ਔਰ ਚਿੰਤਨ’,(ਹਿੰਦੀ)


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.