ਨਾਗਾਰਜੁਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਾਗਾਰਜੁਨ (1911–1998): ਨਾਗਾਰਜੁਨ ਹਿੰਦੀ ਸਾਹਿਤ ਵਿੱਚ ਵਿਅੰਗ ਕਵੀਆਂ ਵਿੱਚੋਂ ਇੱਕ ਪ੍ਰਤਿਬੱਧ ਕਵੀ ਦੀ ਭੂਮਿਕਾ ਨਿਭਾਉਣ ਵਾਲਾ ਕਵੀ ਹੈ। ਇੱਕ ਕਵੀ ਹੋਣ ਦੇ ਨਾਲ ਉਸ ਨੇ ਅਨੇਕ ਹੋਰ ਵਿਧਾਵਾਂ ਵਿੱਚ ਵੀ ਲਿਖਿਆ ਹੈ। ਉਸ ਨੂੰ ਪਿਆਰ ਵਿੱਚ ‘ਬਾਬਾ` ਕਿਹਾ ਜਾਂਦਾ ਸੀ। ਨਾਗਾਰਜੁਨ ਦਾ ਜਨਮ 1911 ਵਿੱਚ ਬਿਹਾਰ ਪ੍ਰਾਂਤ ਦੇ ਜ਼ਿਲ੍ਹਾ ਦਰਭੰਗਾ ਦੇ ਤਰਉਨੀ ਗ੍ਰਾਮ ਵਿੱਚ ਹੋਇਆ। ਉਸ ਦਾ ਪਰਿਵਾਰ ਮੈਥਿਲ ਬ੍ਰਾਹਮਣ ਤੇ ਬਹੁਤ ਹੀ ਰੂੜ੍ਹੀਵਾਦੀ ਸੀ। ਉਸ ਦਾ ਅਸਲੀ ਨਾਂ ਵੈਦਯਨਾਥ ਮਿਸ੍ਰ ਸੀ। ਚਾਰ ਸਾਲਾਂ ਦੀ ਛੋਟੀ ਉਮਰ ਵਿੱਚ ਉਸ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ। ਮੁਢਲਾ ਜੀਵਨ ਪਿਤਾ ਦੀ ਦੇਖ-ਰੇਖ ਵਿੱਚ ਬੀਤਿਆ। ਉਹ ਬਹੁਤ ਹੀ ਰੂੜ੍ਹੀਵਾਦੀ, ਕਠੋਰ, ਗ਼ਰੀਬ ਦਾ ਸਨਮਾਨ ਕਰਨ ਵਾਲਾ ਵਿਅਕਤੀ ਸੀ। ਉਸ ਦੇ ਨਾਮਕਰਨ ਦੇ ਸੰਬੰਧ ਵਿੱਚ ਕੁਝ ਧਾਰਨਾਵਾਂ ਪ੍ਰਚਲਿਤ ਹਨ। ਉਸ ਦੇ ਪਿਤਾ ਨੇ ਆਪਣੀਆਂ ਵੱਡੀਆਂ ਸੰਤਾਨਾਂ ਦੇ ਮਰ ਜਾਣ ਕਰ ਕੇ ਵੈਦਯਨਾਥ ਅੱਗੇ ਮੰਨਤ ਮੰਨੀ ਸੀ। ਪੂਰੀ ਹੋਣ ਤੇ ਉਸ ਨੇ ਇਸ ਦਾ ਨਾਂ ਵੈਦਯ ਨਾਥ ਰੱਖਿਆ ਪਰ ਬਾਅਦ ਵਿੱਚ ਇਹ ਲੇਖਕ ਵਜੋਂ ਨਾਗਾਰਜੁਨ ਬਣ ਗਿਆ। ਉਸ ਦੀ ਸਿੱਖਿਆ ਸੰਸਕ੍ਰਿਤ ਪਾਠਸ਼ਾਲਾ ਵਿੱਚ ਹੋਈ। ਉਸ ਦੇ ਪਰਿਵਾਰ ਖ਼ਾਸ ਕਰ ਪਿਤਾ ਦੀ ਕਠੋਰਤਾ ਬਾਰੇ ਅਨੇਕ ਧਾਰਨਾਵਾਂ ਪ੍ਰਚਲਿਤ ਸਨ। ਇਸ ਦਾ ਪ੍ਰਭਾਵ ਬਾਲਕ ਮਨ ਉਪਰ ਵਿਸ਼ੇਸ਼ ਪਿਆ। ਪਿਤਾ ਦੀ ਕਠੋਰਤਾ, ਕਰਮ-ਕਾਂਡੀ ਬਿਰਤੀ ਦੀ ਚਿੰਤਾ ਨਾ ਕਰਦੇ ਹੋਏ ਉਹ ਸਾਰੀ ਉਮਰ ਪ੍ਰਗਤੀਸ਼ੀਲ ਵਿਚਾਰਾਂ ਦਾ ਧਾਰਨੀ ਰਿਹਾ। ਜੀਵਨ ਦੀਆਂ ਬੇਵੱਸੀਆਂ ਨੇ ਉਸ ਨੂੰ ਸੰਘਰਸ਼ਸੀਲ ਬਣਾਇਆ। ਨਾਗਾਰਜੁਨ ਸਾਰੀ ਉਮਰ ਇੱਕ ਫ਼ਕਰ ਕਵੀ ਲੇਖਕ ਦਾ ਜੀਵਨ ਬਤੀਤ ਕਰਦਾ ਰਿਹਾ। ਲੋਕਾਂ ਦੇ ਦੁੱਖ-ਦਰਦ ਨੂੰ ਉਸ ਨੇ ਵਡੇਰੇ (ਬਾਬਾ) ਵਾਂਗ ਸਮਝਿਆ ਅਤੇ ਉਹਨਾਂ ਨੂੰ ਦੂਰ ਕਰਨ ਦਾ ਜਤਨ ਕਰਦਾ ਰਿਹਾ। ਉਸ ਦਾ ਜੀਵਨ ਇੱਕ ਖੁੱਲ੍ਹੀ ਕਿਤਾਬ ਸੀ।

     ਨਾਗਾਰਜੁਨ ਹਿੰਦੀ ਦਾ ਅਜਿਹਾ ਸਾਹਿਤਕਾਰ ਸੀ ਜਿਸ ਕੋਲ ਬਹੁ-ਭਾਸ਼ਾਈ ਗਿਆਨ ਸੀ। ਉਹ ਮੈਥਿਲੀ, ਸੰਸਕ੍ਰਿਤ, ਪਾਲੀ, ਅਰਧ ਮਗਧੀ, ਅਪਭ੍ਰੰਸ਼, ਸਿੰਹਲੀ, ਤਿੱਬਤੀ, ਮਰਾਠੀ, ਗੁਜਰਾਤੀ, ਬੰਗਾਲੀ, ਪੰਜਾਬੀ ਆਦਿ ਅਨੇਕਾਂ ਭਾਸ਼ਾਵਾਂ ਦੀ ਵਰਤੋਂ ਕਰ ਸਕਦਾ ਸੀ। ਸੰਸਕ੍ਰਿਤ, ਪਾਲੀ, ਹਿੰਦੀ, ਮੈਥਿਲੀ ਵਿੱਚ ਉਸ ਦੀ ਪੂਰੀ ਪਕੜ ਸੀ। ਉਸ ਨੇ ਬੋਧ ਧਰਮ ਸਿੰਹਲ ਜਾ ਕੇ ਅਪਣਾਇਆ। ਉੱਥੇ ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਸਿੱਖੀ। ਵਿਅੰਗ ਨੂੰ ਉਸ ਨੇ ਅਨੇਕਾਂ ਰੂਪਾਂ ਵਿੱਚ ਪ੍ਰਸਤੁਤ ਕੀਤਾ ਹੈ। ਨਾਗਾਰਜੁਨ ਦੀਆਂ ਪ੍ਰਕਾਸ਼ਿਤ ਰਚਨਾਵਾਂ ਇਸ ਤਰ੍ਹਾਂ ਹਨ-ਯੁੱਗਧਾਰਾ, ਪਿਆਸੀ ਪਥਰਾਈ ਆਂਖੇ, ਸਤਰੰਗੇ ਪੱਖੋਂ ਵਾਲੀ ਵਿਪਲਵ ਰੇਖਾ, ਹਮਨੇ ਤੁਮ ਸੇ ਕਹਾ ਥਾ, ਹਜਾਰ ਹਜਾਰ ਬਾਹੋਂ ਵਾਲੀ, ਪੁਰਾਨੀ ਜੂਤੀਯੋ ਕਾ ਕੋਰਸ, ਏਸੇ ਭੀ ਹਮ ਕਯਾ! ਏਸੇ ਭੀ ਤੁਮ ਕਯਾ,ਆਖਿਰ ਏਸਾ ਕਯਾ ਏਸੇ/ਐਸੇ ਕਹ ਦਿਯਾ ਮੈਨੇ, ਤਾਲਾਬ ਕੀ ਮਛਲਿਆਂ ਔਰ ਭਸਮਾਂਕੁਰ।

     ਨਾਗਾਰਜੁਨ ਨੇ ਰਤਿ-ਨਾਥ ਕੀ ਚਾਚੀ, ਬਲ ਚਨਮਾ, ਨਈ ਪੌਧ, ਬਾਬਾ ਬਟੇਸਰਨਾਥ, ਵਰੁਣ ਕੇ ਬੇਟੇ ਨਾਮੀ ਨਾਵਲ ਲਿਖੇ ਅਤੇ ਗੀਤ ਗੋਬਿੰਦ, ਮੇਘਦੂਤ ਤੇ ਵਿੱਦਿਆ ਪਤੀ ਗੀਤਾਂ ਦਾ ਅਨੁਵਾਦ ਵੀ ਕੀਤਾ।

     ਸ਼ਿਵ ਕੁਮਾਰ ਮਿਸ਼ਰ ਤੇ ਪ੍ਰਭਾਕਰ ਮਾਚਵੇ ਨੇ ਬਾਬਾ ਨਾਗਾਰਜੁਨ ਦੀ ਕਾਵਿ-ਪ੍ਰਤਿਭਾ ਦੀ ਵਿਸਤਾਰ ਨਾਲ ਚਰਚਾ ਕਰਦਿਆਂ ਉਸ ਦੀ ਕਵਿਤਾ ਨੂੰ ਮਾਨਵ ਜੀਵਨ ਦੇ ਸਰੋਕਾਰਾਂ ਦੀ ਕਵਿਤਾ ਮੰਨਿਆ ਹੈ। ਸਹੀ ਅਰਥਾਂ ਵਿੱਚ ਉਸ ਦਾ ਸੰਪੂਰਨ ਕਾਵਿ ਮਨੁੱਖੀ ਅਨੁਭੂਤੀਆਂ ਨੂੰ ਕਾਵਿਮਈ ਸ਼ੈਲੀ ਵਿੱਚ ਪ੍ਰਸਤੁਤ ਕਰਦਾ ਹੈ। ਉਸ ਦੀ ਕਵਿਤਾ ਆਮ ਆਦਮੀ ਦੇ ਜੀਵਨ ਦੀ ਕਰੁਣਾਮਈ ਕਹਾਣੀ ਹੈ। ਜਿਸ ਦੀ ਪੇਸ਼ਕਾਰੀ ਆਮ ਭਾਸ਼ਾ ਵਿੱਚ ਹੋਈ ਹੈ। ਇਸ ਵੱਡੇ ਕਵੀ ਨੇ ਕਵਿਤਾ ਨੂੰ ਆਮ ਲੋਕਾਂ ਨਾਲ ਜੋੜਿਆ ਹੈ। ਸਮਾਜ ਦੇ ਯਥਾਰਥ ਚਿਤਰਨ ਵਿੱਚ ਉਸ ਦੀ ਵਿਸ਼ੇਸ਼ ਰੁਚੀ ਰਹੀ ਹੈ। ਉਸ ਦੇ ਵਿਚਾਰ ਪੂਰੀ ਤਰ੍ਹਾਂ ਪ੍ਰਗਤੀਸ਼ੀਲ ਹਨ। ਤਦੇ ਕਵੀ ਮੰਨਦਾ ਹੈ।

ਅਕੇਲੇ ਹੀ ਸਕੁਸ਼ਲ ਜੀ ਲਿਯੇ ਸੌ ਵਰਸ਼!

          ਯਹ ਕੈਸੇ ਹੋਗਾ, ਯਹ ਕਯੋਂਕਰ ਹੋਗਾ।

     ਨਾਗਾਰਜੁਨ ਨੇ ਭਾਰਤੀ ਸਮਾਜ ਦੀ ਸੱਚੀ ਤਸਵੀਰ ਪ੍ਰਸਤੁਤ ਕਰਦਿਆਂ ਇਸ ਗੱਲ ਦੀ ਚਿੰਤਾ ਬਿਲਕੁਲ ਨਹੀਂ ਕੀਤੀ ਕਿ ਇਸ ਕਰ ਕੇ ਕਿਸ ਨੂੰ ਕਿੰਨੀ ਤਕਲੀਫ਼ ਹੋਵੇਗੀ। ਉਹ ਮਨੁੱਖੀ ਦਰਦ ਦਾ ਕਵੀ ਸੀ ਅਤੇ ਉਸ ਨੇ ਆਪਣੀਆਂ ਧਾਰਨਾਵਾਂ ਨੂੰ ਸਰਲ ਭਾਸ਼ਾ ਤੇ ਸ਼ੈਲੀ ਵਿੱਚ ਪ੍ਰਸਤੁਤ ਕਰਨ ਦੀ ਚੇਸ਼ਟਾ ਕੀਤੀ ਹੈ। ਉਸ ਨੇ ਹਮੇਸ਼ਾਂ ਇੱਕ ਆਮ ਆਦਮੀ ਦਾ ਜੀਵਨ ਬਤੀਤ ਕੀਤਾ ਤੇ ਉਸੇ ਦਾ ਚਿਤਰਨ ਆਪਣੀਆਂ ਰਚਨਾਵਾਂ ਵਿੱਚ ਕੀਤਾ। ਮਨੁੱਖਤਾ ਤੋਂ ਪਰੇ ਉਹ ਕੁਝ ਨਹੀਂ ਮੰਨਦਾ। ਆਮ ਸਥਿਤੀ ਵਿੱਚ ਵੀ ਉਹ ਵਿਅੰਗ ਕਰਨ ਤੋਂ ਗੁਰੇਜ਼ ਨਹੀਂ ਕਰਦਾ।

ਹਮਨੇ ਤੋਂ ਰਗੜਾ ਹੈ।

ਇਨਕੋ ਭੀ, ਉਨਕੋ ਭੀ, ਉਨਕੋ ਭੀ।

ਦੋਸਤ ਹੈਂ, ਦੁਸ਼ਮਨ ਹੈਂ, ਖਾਸ ਹੈਂ, ਕਾਮਨ ਹੈਂ

          ਛੀਟੋ ਭੀ ਮੀਜੋ ਭੀ, ਧੁਨਕੋ ਭੀ।

     ਨਾਗਾਰਜੁਨ ਦੀ ਕਵਿਤਾ ਵਿੱਚ ਰਾਜਨੀਤੀ ਦੇ ਪ੍ਰਸੰਗ ਅਨੇਕ ਰੂਪਾਂ ਵਿੱਚ ਪ੍ਰਸਤੁਤ ਹੋਏ ਹਨ। ਇਸ ਕਵੀ ਨੇ ਰਾਜਨੀਤੀ ਦੇ ਪੈਰੋਕਾਰਾਂ ਦੀ ਚੰਗੀ ਖ਼ਬਰ ਲਈ ਹੈ। ਉਸ ਦੀ ਲੋਕ ਵਿਰੋਧੀ ਦ੍ਰਿਸ਼ਟੀ ਤੇ ਮਾਨਸਿਕਤਾ ਨੂੰ ਸਪਸ਼ਟ ਤੇ ਵਿਅੰਗ ਰੂਪ ਵਿੱਚ ਚਿਤਰਿਤ ਕਰਨ ਦਾ ਯਤਨ ਕੀਤਾ ਹੈ। ਨਾਗਾਰਜੁਨ ਨੂੰ ਭਾਵੇਂ ਕੁਝ ਵਿਦਵਾਨਾਂ ਨੇ ਆਮ ਭਾਸ਼ਾ ਦਾ ਕਵਿਤਾਹੀਨ ਸ਼ੈਲੀ ਦਾ ਸਪਾਟ ਕਵੀ ਕਿਹਾ ਹੈ ਅਤੇ ਕੁਝ ਨੇ ਇਸ ਨੂੰ ਮਾਰਕਸਵਾਦੀ ਘੇਰੇ ਵਿੱਚ ਬੰਨ੍ਹਿਆ ਹੈ ਪਰ ਉਹ ਕਿਸੇ ਇੱਕ ਵਿਚਾਰਧਾਰਾ, ਘੇਰੇ ਜਾਂ ਦਲਬੰਦੀ ਵਿੱਚ ਨਹੀਂ ਰੱਖਿਆ ਜਾ ਸਕਦਾ। ਉਸ ਨੇ ਮੁਕਤ ਮਨ ਨਾਲ ਆਦਮੀ ਦੇ ਦਰਦ ਤੇ ਉਸ ਦੀ ਬੇਵੱਸੀ ਨੂੰ ਕਾਵਿ-ਰੂਪ ਪ੍ਰਦਾਨ ਕੀਤਾ ਹੈ। ਉਸ ਦੀ ਕਾਮਨਾ ਹੈ ਕਿ ਸਾਰੀ ਮਨੁੱਖਤਾ ਨਿਰਭੈ ਹੋਵੇ, ਕਿਸੇ ਉਪਰ ਕਿਸੇ ਕਿਸਮ ਦੀ ਵਧੀਕੀ ਨਾ ਹੋਵੇ।


ਲੇਖਕ : ਹੁਕਮਚੰਦ ਰਾਜਪਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.