ਨਾਵਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਾਵਲ : ਨਾਵਲ ਆਧੁਨਿਕ ਸਾਹਿਤ ਦਾ ਇੱਕ ਲੋਕ-ਪ੍ਰਿਆ ਰੂਪਾਕਾਰ ਹੈ । ਪੰਜਾਬੀ ਵਿੱਚ ਨਾਵਲ ਅੰਗਰੇਜ਼ੀ ਸ਼ਬਦ ‘ Novel’ ਦਾ ਹੀ ਬਦਲਵਾਂ ਰੂਪ ਹੈ , ਜਿਸ ਦੀ ਉਤਪਤੀ ਇਤਾਲਵੀ ਭਾਸ਼ਾ ਦੇ ਸ਼ਬਦ ਨੋਵਿਲਾ ( novella ) ਤੋਂ ਹੋਈ ਹੈ , ਜਿਸ ਦਾ ਅਰਥ ਹੈ ‘ ਨਵਾਂ’ । ਪੁਰਾਤਨ ਇਤਾਲਵੀ ਵਿੱਚ ਇਸ ਸ਼ਬਦ ਦੀ ਵਰਤੋਂ ਕਿਸੇ ਖ਼ਬਰ , ਗੱਪ-ਸ਼ੱਪ ਜਾਂ ਬਾਤ ਦੇ ਅਰਥਾਂ ਵਿੱਚ ਵੀ ਹੋਈ ਹੈ । ਮੁੱਢ ਵਿੱਚ ਅੰਗਰੇਜ਼ੀ ਵਿੱਚ ਇਸ ਦੀ ਵਰਤੋਂ ਇੱਕ ਅਜਿਹੀ ਵਾਰਤਕ ਕਥਾ ਵਾਸਤੇ ਹੋਣੀ ਸ਼ੁਰੂ ਹੋਈ , ਜਿਸ ਵਿੱਚ ਯਥਾਰਥਿਕ ਪਰ ਜ਼ਿਆਦਾਤਰ ਅਸ਼ਲੀਲ ਕਿਸਮ ਦੀ ਕਹਾਣੀ ਹੋਵੇ । ਅਜਿਹੀਆਂ ਕਹਾਣੀਆਂ ਪੁਨਰਜਾਗਰਨ ਦੌਰ ਵਿੱਚ ਪ੍ਰਸਿੱਧ ਹੋਈਆਂ , ਜਿਵੇਂ ਬੋਕਾਸ਼ੀਓ ਦੀ ਡੀਕੈਮੇਰੂਨ ( Bocca- ccio' s Decameron-1348-53 ) । ਇਸ ਤਰ੍ਹਾਂ ਇਹ ਮੂਲ ਰੂਪ ਵਿੱਚ ਆਧੁਨਿਕ ਯੂਰਪੀ ਸਾਹਿਤ ਪਰੰਪਰਾ ਦਾ ਰੂਪਾਕਾਰ ਹੈ , ਜੋ ਸਭ ਤੋਂ ਪਹਿਲਾਂ ਅੰਗਰੇਜ਼ੀ ਵਿੱਚ ਪ੍ਰਵਾਨ ਚੜ੍ਹਿਆ । ਯੂਰਪ ਵਿੱਚ ਨਾਵਲ ਦਾ ਜਨਮ ਸਪੇਨਿਸ਼ ਨਾਵਲਕਾਰ ਸਰਵਾਂਤੇਜ਼ ( 1547-1616 ) ਦੁਆਰਾ ਰਚਿਤ ਡੌਨ ਕੁਹੇਤੇ ( Don Quixote ) ( 1615 ) ਨਾਲ ਮੰਨਿਆ ਜਾਂਦਾ ਹੈ । ਇੰਗਲੈਂਡ ਵਿੱਚ ਇਸ ਦੀ ਸਥਾਪਤੀ 18ਵੀਂ ਸਦੀ ਵਿੱਚ ਡੈਨੀਅਲ ਡੋਫ਼ੋ ( Daniel Defoe ) , ਸੈਮੁਅਲ ਰਿਚਰਡਸਨ ( Samuel Richardson ) ਅਤੇ ਹੈਨਰੀ ਫ਼ੀਲਡਿੰਗ ( Henry Fielding ) ਆਦਿ ਦੀਆਂ ਰਚਨਾਵਾਂ ਨਾਲ ਹੋਈ । ਓਦੋਂ ਤੋਂ ਲੈ ਕੇ ਨਾਵਲ ਨੇ ਬਹੁਤ ਵਿਕਾਸ ਕੀਤਾ ਹੈ ਤੇ ਵਿਸ਼ਵ ਦੀਆਂ ਲਗਪਗ ਸਾਰੀਆਂ ਮਹੱਤਵ- ਪੂਰਨ ਭਾਸ਼ਾਵਾਂ ਵਿੱਚ ਇਸ ਦੀ ਰਚਨਾ ਹੁੰਦੀ ਹੈ । ਅੰਗਰੇਜ਼ੀ ਤੋਂ ਬਾਅਦ ਰੂਸੀ , ਜਰਮਨ , ਫ਼੍ਰਾਂਸੀਸੀ ਆਦਿ ਭਾਸ਼ਾਵਾਂ ਵਿੱਚ ਸੰਸਾਰ ਪ੍ਰਸਿੱਧ ਨਾਵਲਾਂ ਦੀ ਰਚਨਾ ਹੋਈ , ਪਰ ਅੱਜ-ਕੱਲ੍ਹ ਅਫਰੀਕੀ ਅਤੇ ਏਸ਼ਿਆਈ ਭਾਸ਼ਾਵਾਂ ਵਿੱਚ ਅਜਿਹੇ ਨਾਵਲ ਛਪ ਰਹੇ ਹਨ , ਜਿਨ੍ਹਾਂ ਨਾਲ ਵਿਸ਼ਵ ਨਾਵਲ ਪਰੰਪਰਾ ਅਗਲੀਆਂ ਸਿਖਰਾਂ ਛੂਹ ਰਹੀ ਹੈ । ਪੰਜਾਬੀ ਦਾ ਪਹਿਲਾ ਮੌਲਿਕ ਨਾਵਲ 1898 ਵਿੱਚ ਪ੍ਰਕਾਸ਼ਿਤ ਹੋਇਆ । ਸੁੰਦਰੀ ਨਾਂ ਦੇ ਇਸ ਨਾਵਲ ਦੀ ਰਚਨਾ ਭਾਈ ਵੀਰ ਸਿੰਘ ਨੇ ਕੀਤੀ ਸੀ

        ਪਰੰਪਰਿਕ ਦ੍ਰਿਸ਼ਟੀਕੋਣ ਤੋਂ ਨਾਵਲ ਵਿੱਚ ਜਿਨ੍ਹਾਂ ਤੱਤਾਂ ਦਾ ਹੋਣਾ ਜ਼ਰੂਰੀ ਮੰਨਿਆ ਗਿਆ ਹੈ , ਉਹ ਹਨ : ਪਲਾਟ , ਪਾਤਰ , ਆਲਾ-ਦੁਆਲਾ ਜਾਂ ਪਰਿਵੇਸ਼ , ਬਿਰਤਾਂਤ ਵਿਧੀ , ਦ੍ਰਿਸ਼ਟੀਬਿੰਦੂ , ਵਿਸ਼ਾ-ਵਸਤੂ , ਮਿੱਥ ਤੇ ਪ੍ਰਤੀਕਾਤਮਿਕਤਾ । ਪਰ ਇਹ ਸਾਰੇ ਤੱਤ ਤਾਂ ਕਹਾਣੀ ਤੇ ਨਿੱਕੀ ਕਹਾਣੀ ਵਿੱਚ ਵੀ ਹੁੰਦੇ ਹਨ । ਫਿਰ ਸਵਾਲ ਪੈਦਾ ਹੁੰਦਾ ਹੈ ਕਿ ਨਾਵਲ ਵਿੱਚ ਇਹਨਾਂ ਸਾਰੇ ਤੱਤਾਂ ਦੀ ਕਿਸ ਤਰ੍ਹਾਂ ਵਰਤੋਂ ਹੁੰਦੀ ਹੈ ਕਿ ਨਾਵਲ ਕਹਾਣੀ ਨਾਲੋਂ ਇੱਕ ਵੱਖਰੀ-ਭਾਂਤ ਦੀ ਰਚਨਾ ਬਣ ਜਾਂਦਾ ਹੈ । ਨਾਵਲ ਵਿੱਚ ਇਹਨਾਂ ਸਾਰੇ ਤੱਤਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਇਸ ਵਿੱਚ ਠੋਸ ਕਾਲ ਤੇ ਸਥਾਨ ਉੱਤੇ ਜੀਵੀ ਜਾ ਰਹੀ ਜ਼ਿੰਦਗੀ ਦੇ ਬਹੁ-ਭਿੰਨ ਪਹਿਲੂਆਂ ਤੇ ਪਸਾਰਾਂ ਦਾ ਅਜਿਹਾ ਵਿਸਤ੍ਰਿਤ ਚਿੱਤਰ ਸਾਕਾਰ ਹੁੰਦਾ ਹੈ , ਜਿਸ ਵਿੱਚੋਂ ਜੀਵਨ ਦੀ ਸਮੁੱਚਤਾ ਨੂੰ ਸਮਝਿਆ ਜਾ ਸਕਦਾ ਹੈ । ਨਾਵਲ ਦੇ ਜਨਮ ਤੋਂ ਹੀ ਨਾਵਲਕਾਰਾਂ ਨੇ ਇਹਨਾਂ ਸਾਰੇ ਤੱਤਾਂ ਦੀ ਵਰਤੋਂ ਕਰਨ ਲੱਗਿਆਂ ਆਪੋ-ਆਪਣੀ ਸੂਝ , ਵਸਤੂ ਤੇ ਉਦੇਸ਼ ਮੁਤਾਬਕ ਕਿੰਨੇ ਹੀ ਤਜਰਬੇ ਕੀਤੇ ਹਨ । ਇਸ ਲਈ ਨਾਵਲ ਦੀ ਰਚਨਾ ਦਾ ਕੋਈ ਸਥਿਰ ਚੌਖਟਾ ਹੋਂਦ ਵਿੱਚ ਨਹੀਂ ਆਇਆ । ਨਾਵਲ ਵਿੱਚ ਮਨੁੱਖੀ ਜੀਵਨ ਸੱਚ ਦੀ ਪੇਸ਼ਕਾਰੀ ਦੇ ਮਨੋਰਥ ਨਾਲ ਇਸ ਵਿੱਚ ਏਨੀਆਂ ਰਚਨਾ ਜੁਗਤਾਂ , ਵਿਧੀਆਂ ਤੇ ਸ਼ੈਲੀਆਂ ਦੀ ਵਰਤੋਂ ਹੋ ਸਕਦੀ ਹੈ ਕਿ ਇਸ ਨੂੰ ਇੱਕ ‘ ਖੁੱਲ੍ਹਾ ਰੂਪ’ ਵੀ ਕਹਿ ਲਿਆ ਜਾਂਦਾ ਹੈ ।

        ਨਾਵਲ ਇੱਕ ਅਜਿਹੀ ਰਚਨਾ ਹੈ ਜੋ ਇੱਕ ਜਾਂ ਇੱਕ ਤੋਂ ਜ਼ਿਆਦਾ ਖੰਡਾਂ ਵਾਲੀ ਕਿਤਾਬ ਦੇ ਆਕਾਰ ਤੱਕ ਫੈਲੀ ਹੋਈ ਹੁੰਦੀ ਹੈ । ਜਿਸ ਵਿੱਚ ਆਮ ਕਰ ਕੇ ਕਈ ਅਧਿਆਇ ਹੁੰਦੇ ਹਨ । ਇਹ ਆਮ ਤੌਰ ’ ਤੇ ਆਪਸ ਵਿੱਚ ਜੁੜੀਆਂ ਹੋਈਆਂ ਛੋਟੀਆਂ-ਛੋਟੀਆਂ ਕਈ ਕਹਾਣੀਆਂ ਨੂੰ ਆਪਣੇ ਵਿੱਚ ਸਮੇਟਦੀ ਤੇ ਗੁੰਦਦੀ ਹੋਈ ਇੱਕ ਵਿਸਤ੍ਰਿਤ ਕਹਾਣੀ ਵਾਂਗ ਹੁੰਦਾ ਹੈ । ਇਸ ਲਿਹਾਜ਼ ਨਾਲ ਇਹ ਛੋਟੇ ਆਕਾਰ ਵਾਲੀਆਂ ਕਹਾਣੀਆਂ ਤੋਂ ਵੱਖਰੇ ਭਾਂਤ ਦੀ ਰਚਨਾ ਹੈ । ਨਾਵਲ ਦੇ ਆਕਾਰ ਦੇ ਵੱਡੇ ਹੋਣ ਦੇ ਕਈ ਕਾਰਨ ਹਨ । ਨਾਵਲੀ ਬਿਰਤਾਂਤ ਵਿੱਚ ਪਾਤਰਾਂ ਦੀ ਗਿਣਤੀ ਆਮ ਕਰ ਕੇ ਜ਼ਿਆਦਾ ਹੁੰਦੀ ਹੈ ਅਤੇ ਇਹਨਾਂ ਦੇ ਜੀਵਨ ਦੇ ਅਨੇਕ ਪੱਖ ਤੇ ਪਹਿਲੂ ਇਸ ਵਿੱਚ ਪੇਸ਼ ਹੁੰਦੇ ਹਨ । ਨਾਵਲ ਵਿੱਚ ਪਾਤਰਾਂ ਦੇ ਜੀਵਨ ਦੇ ਵਿਵਹਾਰਿਕ ਤੇ ਮਾਨਸਿਕ ਜਾਂ ਬਾਹਰਮੁਖੀ ਤੇ ਅੰਤਰਮੁਖੀ ਧਰਾਤਲ ਦੀ ਪੇਸ਼ਕਾਰੀ ਦੀ ਸੰਭਾਵਨਾ ਹੁੰਦੀ ਹੈ । ਸੌਖੇ ਸ਼ਬਦਾਂ ਵਿੱਚ ਨਾਵਲੀ ਸੰਸਾਰ ਵਿੱਚ ਪਾਤਰ ਕੀ ਕਰਦੇ ਹਨ ਅਤੇ ਕੀ ਸੋਚਦੇ ਹਨ ? ਜਾਂ ਉਹਨਾਂ ਦੇ ਕਾਰਜ ਅਤੇ ਮਨ ਅੰਦਰ ਚੱਲ ਰਲੀਆਂ ਸੋਚਾਂ ਆਦਿ ਦੇ ਵੇਰਵੇ ਸ਼ਾਬਦਿਕ ਰੂਪ ਵਿੱਚ ਸਾਕਾਰ ਕੀਤੇ ਜਾਂਦੇ ਹਨ । ਇਸ ਵਿਚਲੀਆਂ ਘਟਨਾਵਾਂ ਇੱਕ ਲੰਬੇ ਅਰਸੇ ਵਿੱਚ ਪਸਰੀਆਂ ਹੁੰਦੀਆਂ ਹਨ । ਨਾਵਲ ਵਿੱਚ ਪਾਤਰਾਂ ਨਾਲ ਵਾਪਰ ਰਹੀਆਂ ਘਟਨਾਵਾਂ ਤੋਂ ਇਲਾਵਾ ਸਮੇਂ ਦੇ ਸਮਾਜ , ਇਤਿਹਾਸ , ਸੋਚ , ਵਿਚਾਰਧਾਰਾ ਤੇ ਫ਼ਲਸਫ਼ੇ ਨੂੰ ਸਾਕਾਰ ਕਰਨ ਵਾਲੇ ਕਿੰਨੇ ਹੀ ਵੇਰਵੇ ਹੁੰਦੇ ਹਨ । ਇਹਨਾਂ ਕਾਰਨਾਂ ਕਰ ਕੇ ਨਾਵਲ ਦਾ ਆਕਾਰ ਵੀ ਵਿਸਤ੍ਰਿਤ ਹੁੰਦਾ ਜਾਂਦਾ ਹੈ ਤੇ ਇਸ ਵਿਚਲੇ ਵਿਸ਼ੇ-ਵਸਤੂ ਨੂੰ ਗਹਿਰਾਈ ਵੀ ਮਿਲਦੀ ਜਾਂਦੀ ਹੈ । ਇਸ ਤਰ੍ਹਾਂ ਨਾਵਲ ਕਿਸੇ ਸਮਾਜ ਵਿਚਲੀ ਜੀਵਨ ਸਥਿਤੀ ਦਾ ਸਿਰਫ਼ ਚਿੱਤਰ ਹੀ ਨਹੀਂ ਰਹਿੰਦਾ ਸਗੋਂ ਇਸ ਦੀ ਦਾਰਸ਼ਨਿਕ ਵਿਆਖਿਆ ਵੀ ਬਣ ਜਾਂਦਾ ਹੈ । ਇਸੇ ਲਈ ਇਸ ਨੂੰ ਬਿੰਬਾਂ ਵਿੱਚ ਪੇਸ਼ ਕੀਤੀ ਗਈ ਫ਼ਿਲਾਸਫ਼ੀ ਵੀ ਕਿਹਾ ਜਾਂਦਾ ਹੈ ।

        ਨਿੱਕੀ ਕਹਾਣੀ ਨਾਲੋਂ ਨਾਵਲ ਦਾ ਵਖਰੇਵਾਂ ਦੱਸਦਿਆਂ ਕਿਹਾ ਜਾਂਦਾ ਹੈ ਕਿ ਜਿੱਥੇ ਨਿੱਕੀ ਕਹਾਣੀ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਪੇਸ਼ ਕਰਦੀ ਹੈ , ਉੱਥੇ ਨਾਵਲ ਸਧਾਰਨ ਮਨੁੱਖ ਦੀ ਅਸਧਾਰਨਤਾ ਨੂੰ ਪੇਸ਼ ਕਰਦਾ ਹੈ । ਨਾਵਲ ਦੇ ਬਿਰਤਾਂਤ ਦੇ ਕੇਂਦਰ ਵਿੱਚ ਆਮ ਜੀਵਨ ਹਾਲਤਾਂ ਵਿੱਚ ਜਿਊਂ ਰਹੇ ਅਜਿਹੇ ਬੰਦੇ ਦੇ ਜੀਵਨ ਦਾ ਅਕਸ ਸਿਰਜਿਆ ਜਾਂਦਾ ਹੈ ਜੋ ਆਪਣੀਆਂ ਇੱਛਾਵਾਂ , ਸੁਪਨਿਆਂ ਦੇ ਹਵਾਲੇ ਨਾਲ ਸਧਾਰਨ ਹੀ ਹੁੰਦਾ ਹੈ । ਪਰ ਜਦੋਂ ਇਹ ਸਧਾਰਨ ਬੰਦਾ ਕਠੋਰ ਹਕੀਕਤਾਂ ਦੇ ਸਨਮੁਖ ਆਪਣੇ ਸੁਪਨਿਆਂ ਨੂੰ ਚੂਰ-ਚੂਰ ਹੁੰਦਾ ਦੇਖਦਾ ਹੈ ਤੇ ਆਪਣੀਆਂ ਇੱਛਾਵਾਂ ਦੇ ਅਪੂਰਨ ਰਹਿ ਜਾਣ ਦੀ ਪੀੜ ਝੱਲਦਾ ਹੈ ਤਾਂ ਹਕੀਕਤਾਂ ਦੇ ਸਾਮ੍ਹਣੇ ਆਤਮ ਸਮਰਪਣ ਨਹੀਂ ਕਰਦਾ । ਇਸ ਦੀ ਬਜਾਏ ਉਸ ਅਥਾਹ ਮਾਨਸਿਕ ਸਮਰੱਥਾ ਦਾ ਸਬੂਤ ਦਿੰਦਾ ਹੋਇਆ ਵਿਰੋਧੀ ਹਾਲਤਾਂ ਨਾਲ ਇਸ ਕਦਰ ਜੱਦੋ-ਜਹਿਦ ਕਰਦਾ ਹੈ ਕਿ ਉਹਨਾਂ ਦੇ ਹਾਵੀ ਹੋ ਜਾਣ ਤੇ ਵੀ ਹਾਰ ਨਹੀਂ ਮੰਨਦਾ । ਇਸ ਤਰ੍ਹਾਂ ਉਹ ਸਧਾਰਨ ਹੁੰਦਾ ਹੋਇਆ ਵੀ ਆਪਣੀ ਮਾਨਸਿਕ ਕਰੜਾਈ ਕਰ ਕੇ ਅਸਧਾਰਨ ਜਾਂ ਵਿਸ਼ੇਸ਼ ਬਣ ਜਾਂਦਾ ਹੈ । ਨਾਵਲ ਵਿਚਲੇ ਇਸ ਕੇਂਦਰੀ ਪਾਤਰ ਦੀ ਅਸਧਾਰਨਤਾ ਦੇ ਸਿਰਜਣ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਨਾਵਲੀ ਬਿਰਤਾਂਤ ਦੇ ਵਿਸਤਾਰ ਵਿੱਚ ਉਸ ਦੇ ਜੀਵਨ ਉੱਪਰ ਲਗਾਤਾਰ ਫੋਕਸ ਰਹਿੰਦਾ ਹੈ ਜਿਸ ਨਾਲ ਬਾਕੀ ਪਾਤਰਾਂ ਦੇ ਮੁਕਾਬਲੇ ਉਹ ਉਂਞ ਹੀ ਵਿਰਾਟ ਹੋ ਜਾਂਦਾ ਹੈ । ਇਸ ਪਾਤਰ ਦੇ ਜੀਵਨ ਦੇ ਨਿੱਕੇ-ਨਿੱਕੇ ਵੇਰਵੇ ਸਮਾਜਿਕ ਜੀਵਨ ਦੇ ਅਨੇਕਾਂ ਪਹਿਲੂਆਂ ਤੇ ਪ੍ਰਸੰਗਾਂ ਸਮੇਤ ਚਿੱਤਰੇ ਜਾਂਦੇ ਹਨ ਕਿ ਨਾਵਲ ਪੜ੍ਹਦਿਆਂ ਉਸ ਦੀਆਂ ਸਭ ਹਰਕਤਾਂ ਤੇ ਬੋਲਾਂ , ਸਭ ਸੋਚਾਂ ਤੇ ਸੁਪਨਿਆਂ ਨੂੰ ਇੱਕ ਨਿਆਂਸ਼ੀਲਤਾ ਹਾਸਲ ਹੋ ਜਾਂਦੀ ਹੈ । ਇਸ ਤਰ੍ਹਾਂ ਨਾਵਲ ਦਾ ਆਕਾਰ ਤੇ ਕੇਂਦਰੀ ਪਾਤਰ ਦੀ ਚਰਿੱਤਰਿਕ ਅਸਧਾਰਨਤਾ ਦਾ ਅਕਸ ਵੱਡਾ ਹੁੰਦਾ ਚਲਾ ਜਾਂਦਾ ਹੈ ।

        ਨਾਵਲ ਵਿੱਚ ਅਜਿਹੇ ਪਾਤਰਾਂ ਦਾ ਸਮੂਹ ਹੁੰਦਾ ਹੈ , ਜੋ ਵਿਸ਼ੇਸ਼ ਸੱਭਿਆਚਾਰਿਕ ਤੇ ਸਮਾਜਿਕ ਆਲੇ-ਦੁਆਲੇ ਵਿੱਚ ਵਿਚਰਦੇ ਸੱਚ-ਮੁੱਚ ਦੇ ਇਨਸਾਨਾਂ ਦਾ ਅਕਸ ਜਾਪਦੇ ਹਨ । ਇਹਨਾਂ ਪਾਤਰਾਂ ਦੇ ਕਾਰਜਾਂ , ਬੋਲਾਂ ਤੇ ਸੋਚਾਂ ਰਾਹੀਂ ਅਤੇ ਇਹਨਾਂ ਦੇ ਆਪਸੀ ਰਿਸ਼ਤਿਆਂ ਤੇ ਟਕਰਾਵਾਂ ਰਾਹੀਂ ਜੋ ਕਾਲਪਨਿਕ ਸੰਸਾਰ ਉਸਰ ਕੇ ਸਾਮ੍ਹਣੇ ਆਉਂਦਾ ਹੈ , ਉਸ ਤੋਂ ਇੱਕ ਆਮ ਬੰਦੇ ਦੀਆਂ ਸੁਪਨਿਆਂ ਤੇ ਚਾਹਤਾਂ , ਸਮੱਸਿਆਵਾਂ ਤੇ ਸੰਕਟਾਂ ਦਾ ਪਤਾ ਲੱਗ ਜਾਂਦਾ ਹੈ । ਨਾਲ ਹੀ ਇੱਕ ਵਿਸ਼ੇਸ਼ ਕਾਲ ਵਿੱਚ , ਵਿਸ਼ੇਸ਼ ਖਿੱਤੇ ਦੇ ਲੋਕਾਂ ਦੀ ਜੀਵਨ-ਸਥਿਤੀ ਦਾ ਵੀ ਪਤਾ ਲੱਗਦਾ ਹੈ । ਨਾਵਲ ਆਮ ਬੰਦੇ ਦੀ ਆਪਣੇ ਸੁਪਨਿਆਂ ਦੀ ਪੂਰਤੀ ਲਈ ਜੱਦੋ-ਜਹਿਦ ਨੂੰ ਪੇਸ਼ ਕਰਦਾ ਹੈ ਜਿਸ ਨਾਲ ਉਸ ਸਮਾਜਿਕ ਵਿਵਸਥਾ ਬਾਰੇ ਵੀ ਪਤਾ ਲੱਗਦਾ ਹੈ , ਜਿਸ ਵਿੱਚ ਇਨਸਾਨ ਦੇ ਬੁਨਿਆਦੀ ਅਧਿਕਾਰਾਂ , ਅਜ਼ਾਦੀਆਂ ਤੇ ਸੁਪਨਿਆਂ-ਚਾਹਤਾਂ ਦੀ ਪੂਰਤੀ ਨਹੀਂ ਹੁੰਦੀ ।

        ਨਾਵਲ ਇੱਕ ਅਜਿਹੀ ਕਾਲਪਨਿਕ ਰਚਨਾ ਹੈ , ਜਿਸ ਦੀਆਂ ਜੜਾਂ ਹਕੀਕਤ ਵਿੱਚ ਹੁੰਦੀਆਂ ਹਨ । ਕਲਪਨਾ ਤੇ ਹਕੀਕਤ ਦੇ ਇਸ ਜੋੜ-ਮੇਲ ਦਾ ਸੰਬੰਧ ਨਾਵਲ ਦੇ ਉਦਭਵ ਦੇ ਵਿਸ਼ੇਸ਼ ਹਾਲਾਤ ਨਾਲ ਵੀ ਹੈ । ਨਾਵਲ ਦੀਆਂ ਜੜਾਂ ਸਾਹਿਤ ਸਿਰਜਣਾ ਦੀਆਂ ਦੋ ਰੀਤੀਆਂ ਵਿੱਚ ਹਨ । ਇੱਕ ਪਾਸੇ ਇਹ ਪੁਨਰਜਾਗਰਨ ਕਾਲ ਦੇ ਯੂਰਪ ਦੇ ਉਸ ਕਥਾ-ਸਾਹਿਤ ਨਾਲ ਸੰਬੰਧਿਤ ਹੈ , ਜਿਸ ਵਿੱਚ ਯਥਾਰਥ ਦੀ ਪੁੱਠ ਵਾਲੇ ਅਸ਼ਲੀਲ ਕਿਸਮ ਦੇ ਬਿਰਤਾਂਤ ਹਨ ਅਤੇ ਦੂਜੇ ਪਾਸੇ ਉਹ ਰੁਮਾਂਚਿਕ ਕਹਾਣੀਆਂ ਹਨ , ਜਿਨ੍ਹਾਂ ਵਿੱਚ ਨਾਇਕ ਦੇ ਪ੍ਰਾਕਰਮਾਂ ਦਾ ਬਿਓਰਾ ਹੁੰਦਾ ਹੈ , ਜਿਸ ਵਿੱਚ ਪ੍ਰਕਿਰਤਿਕ ਤੇ ਪਰਾਪ੍ਰਕਿਰਤਿਕ ਪਾਤਰ ਬਿਰਤਾਂਤ ਨੂੰ ਰਹੱਸਮਈ ਬਣਾ ਦਿੰਦੇ ਹਨ । ਨਾਇਕ ਇੱਛਿਤ ਵਸਤੂ ਪ੍ਰਾਪਤ ਕਰਦੇ ਤੇ ਵਿਰੋਧੀ ਸ਼ਕਤੀਆਂ ਨੂੰ ਪਛਾੜਦੇ ਹਨ ।

        ਇਸ ਤਰ੍ਹਾਂ ਨਾਵਲ ਦਾ ਇਤਿਹਾਸਿਕ ਵਿਕਾਸ ਇਸ ਦੇ ਪਿਛੋਕੜ ਵਿੱਚ ਮੌਜੂਦ ਇਹਨਾਂ ਦੋ ਪਰੰਪਰਾਵਾਂ ਦੀ ਨਿਰੰਤਰਤਾ ਨੂੰ ਪ੍ਰਤਿਬਿੰਬਤ ਕਰਦਾ ਹੈ । ਇਸੇ ਲਈ ਰੁਮਾਂਚਿਕ ਸੁਪਨਿਆਂ ਤੇ ਸਖ਼ਤ ਹਕੀਕਤਾਂ ਦਾ ਦ੍ਵੰਦ ਕਈ ਮਹਾਨ ਨਾਵਲਾਂ ਦਾ ਵਿਸ਼ਾ ਰਿਹਾ ਹੈ । ਕਈ ਵਿਦਵਾਨਾਂ ਨੇ ਤਾਂ ਸੁਪਨੇ ਤੇ ਹਕੀਕਤ ਦੇ ਇਸ ਸੰਘਰਸ਼ ਨੂੰ ਹੀ ਨਾਵਲ ਦਾ ਕੇਂਦਰੀ ਤੱਤ ਮੰਨਿਆ ਹੈ । ਉਹਨਾਂ ਅਨੁਸਾਰ ਕਰੜੀ ਹਕੀਕਤ ਦੀ ਛੁਹ ਨਾਲ ਸੁਪਨਿਆਂ ਦੇ ਚੀਥੜੇ ਉੱਡਦੇ ਹਨ ਤਾਂ ਪਾਠਕ ਨੂੰ ਜੀਵਨ ਦੇ ਸੱਚ ਦੇ ਦੀਦਾਰ ਹੁੰਦੇ ਹਨ । ਨਾਵਲ ਇੱਕ ਅਜਿਹਾ ਰੂਪਾਕਾਰ ਹੈ , ਜਿਸ ਵਿੱਚ ਮਨੁੱਖੀ ਜੀਵਨ ਦੀਆਂ ਹਕੀਕਤਾਂ ਦਾ ਚਿੱਤਰ ਪੇਸ਼ ਕੀਤਾ ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਨਾਵਲ ਦਾ ਮੁੱਖ ਉਦੇਸ਼ ਸਾਡੀ ਚੇਤਨਾ ਨੂੰ ਮਨੁੱਖੀ ਜੀਵਨ ਬਾਰੇ ਬਣੀਆਂ ਹੋਈਆਂ ਗ਼ਲਤ ਧਾਰਨਾਵਾਂ ਤੇ ਭ੍ਰਾਂਤੀਆਂ ਤੋਂ ਮੁਕਤ ਕਰਨਾ ਤੇ ਹਕੀਕਤਾਂ ਦਾ ਬੋਧ ਪੈਦਾ ਕਰਨਾ ਹੈ । ਨਾਵਲ ਵਿੱਚ ਮਨਮੋਹਣੀਆਂ ਮਿੱਥਾਂ ਤੇ ਰੁਮਾਂਚਿਕ ਸਥਿਤੀਆਂ ਦੀ ਸਿਰਜਣਾ ਵੀ ਕੀਤੀ ਜਾਂਦੀ ਹੈ , ਪਰ ਨਾਵਲ ਦਾ ਮਨੋਰਥ ਅਖੀਰ ਨੂੰ ਇਹਨਾਂ ਮਿੱਥਾਂ ਨੂੰ ਤਿੜਕਦੇ ਤੇ ਰੁਮਾਂਚ ਨੂੰ ਵਿਸ਼ਾਦ ਵਿੱਚ ਬਦਲਦੇ ਦਿਖਾਉਣਾ ਹੈ । ਪਰ ਇਸ ਤਰ੍ਹਾਂ ਕਰਨ ਨਾਲ ਨਾਵਲ ਨੇ ਕਿਸੇ ਨਿਰਾਸ਼ਾ ਦਾ ਸੰਚਾਰ ਨਹੀਂ ਕਰਨਾ ਹੁੰਦਾ , ਸਗੋਂ ਕਠੋਰ ਹਕੀਕਤਾਂ ਦੇ ਅੰਦਰਲੇ ਵਿਵੇਕ ਦਾ ਬੋਧ ਪ੍ਰਦਾਨ ਕਰਨਾ ਅਤੇ ਮਾਨਵੀ ਸੁਪਨੇ ਦੀ ਮਹਾਨਤਾ ਤੇ ਸੰਘਰਸ਼ ਦੇ ਗੌਰਵ ਨੂੰ ਉਭਾਰਨਾ ਹੁੰਦਾ ਹੈ । ਅਜਿਹਾ ਕਰਦਿਆਂ ਨਾਵਲ ਜੀਵਨ ਦੇ ਉਹਨਾਂ ਚਿੱਤਰਾਂ ਨੂੰ ਵੀ ਸਿਰਜਦਾ ਹੈ , ਜਿਨ੍ਹਾਂ ਵਿੱਚ ਸਧਾਰਨ ਮਨੁੱਖ ਅੰਦਰ ਜੀਵਨ ਨੂੰ ਇਸ ਦੀ ਭਰਪੂਰਤਾ ਵਿੱਚ ਜਿਊਂ ਸਕਣ ਦੀ ਚਾਹਤ ਦੇ ਦੀਦਾਰ ਹੋ ਜਾਂਦੇ ਹਨ ।


ਲੇਖਕ : ਸੁਰਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਾਵਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਵਲ [ ਨਾਂਪੁ ] ਸਾਹਿਤ ਦਾ ਇੱਕ ਗੱਦ ਰੂਪ ਜਿਸ ਵਿੱਚ ਕਹਾਣੀ ਪੇਸ਼ ਕਰਨ ਦੇ ਨਾਲ਼-ਨਾਲ਼ ਜੀਵਨ ਦੀ ਬਹੁਪੱਖੀ ਝਲਕ ਹੁੰਦੀ ਹੈ , ਉਪਨਿਆਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਵਲ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਾਵਲ : ਵੇਖੋ ‘ ਉਪਨਿਆਸ’

ਉਪਨਿਆਸ :   ਉਪਨਿਆਸ ਜਾਂ ਨਾਵਲ ਆਧੁਨਿਕ ਯੁੱਗ ਵਿਚ ਉਹ ਸਾਹਿਤਿਕ ਵੰਨਗੀ ਬਣ ਗਈ ਹੈ ਜਿਸ ਦੀ ਸਪਸ਼ਟ ਤੇ ਸੌਖੀ ਪਰਿਭਾਸ਼ਾਂ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ । ਭਾਵੇਂ ਇਸ ਸ਼ਬਦ ‘ ਉਪ’ ਅਤੇ ‘ ਨਿਆਸ’ ਦੇ ਜੋੜ ਨਾਲ ਬਣਿਆ ਹੈ ਜਿਸ ਦਾ ਅਰਥ ਹੈ ( ਮਨੁੱਖ ਦੇ ) ਨਿਕਟ ਰਖੀ ਹੋਈ ਵਸਤੂ; ਅਰਥਾਤ ਅਜਿਹੀ ਕਥਾ ਜਾ ਅਜਿਹਾ ਵਰਣਨ ਜਿਹੜਾ ਮਨੁੱਖ ਦੇ ਬਾਰੇ ਹੀ ਹੋਵੇ । ਲੇਕਿਨ ਇਹ ਸ਼ਬਦ ਅੱਜਕਲ੍ਹ ਲਿਖੇ ਜਾ ਹਰੇ ਉਪਨਿਆਸ ਦੇ ਸਰੂਪ ਦਾ ਸਪਸ਼ਟੀਕਰਣ ਨਹੀਂ ਕਰਦਾ । ਪੁਰਾਤਨ ਸੰਸਕ੍ਰਿਤ ਸਾਹਿੱਤ ਵਿਚ ਇਸ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ । ਭਰਤ ਮੁਨੀ ਨੇ ਆਪਣੇ ‘ ਨਾਟੑਯ ਸ਼ਾਸਤਰ’ ਵਿਚ ਇਸ ਦਾ ਉੱਲੇਖ ਕੀਤਾ ਤੇ ਇਸ ਨੂੰ ‘ ਪ੍ਰਸਾਦਨਮ’ ੑ ਜਾਂ ਖ਼ੁਸ਼ੀ ਦੇਣ ਵਾਲਾ ਢੰਗ ਆਖਿਆ ਹੈ । ਸੰਸਕ੍ਰਿਤ ਵਿਚ ‘ ਬ੍ਰਿਹਤ ਕਥਾ’ , ‘ ਪੰਚ ਤੰਤ੍ਰ’ ਅਤੇ ‘ ਬੁੱਧ ਜਾਤਕ ਕਥਾਵਾਂ’ , ਅਜਿਹੇ ਉਪਨਿਆਸ ਦੇ ਹੀ ਨਮੂਨੇ ਹਨ । ਉਪਨਿਆਸ ਲਈ ਵਰਤਿਆ ਜਾਣ ਵਾਲਾ ਅੰਗ੍ਰੇਜ਼ੀ ਸ਼ਬਦ ਨਾਵਲ ( Novel ) ਲਾਤੀਨੀ ਭਾਸ਼ਾ ਦੇ ਨੋਵੇਲਾ ( Novella ) ਤੋਂ ਨਿਕਲਿਆ ਹੈ ਜਿਹੜਾ ਖ਼ਬਰ ਜਾਂ ਸੱਚੀ ਤੇ ਤਾਜ਼ਾ ਬੀਤੀ ਹੋਈ ਘਟਨਾ ਦੇ ਬਿਆਨ ਦਾ ਪਰਿਆਇਵਾਚੀ ਹੈ । ਪਿਛਲੀਆਂ ਤਿੰਨ ਚਾਰ ਸਦੀਆਂ ਵਿਚ ਉਪਨਿਆਸ ਦਾ ਇੰਨਾ ਵਿਕਾਸ ਹੋਇਆ ਹੈ ਕਿ ਇਸ ਨੇ ਵਾਰਤਕ ਦੇ ਉਹ ਗੁਣ ਵੀ ਪਚਾ ਲਏ ਹਨ ਜਿਹੜੇ ਲੇਖ , ਪੱਤਰ– ਸਾਹਿੱਤ , ਇਤਿਹਾਸ , ਧਾਰਮਿਕ ਸਾਹਿੱਤ , ਅਤੇ ਪੱਤਰਕਾਰੀ ਵਿਚ ਹੁੰਦੇ ਹਨ । ਅੱਜ ਤਕ ਵਿਕਸਿਤ ਹੋਏ ਉਪਨਿਆਸ ਦੀ ਪਰਿਭਾਸ਼ਾ ਅਸੀਂ ਮੋਟੇ ਤੌਰ ਤੇ ਇਹੀ ਕਰ ਸਰਦੇ ਹਾਂ ਕਿ ਇਹ ਸਾਹਿੱਤ ਦਾ ਉਹ ਗੱਦ ਰੂਪ ਹੈ ਜਿਸ ਵਿਚ ਘਟਨਾ ਜਾਂ ਘਟਨਾਵਾਂ ਦਾ ਕ੍ਰਮ– ਬੱਧ ਬਿਆਨ ਹੁੰਦਾ ਹੈ , ਜਿਹੜੀਆਂ ਇਕ ਜਾਂ ਕਈ ਪਾਤਰਾਂ ਨਾਲ ਵਾਪਰੀਆਂ ਹੋਈਆਂ ਹਨ । ਅੰਗ੍ਰੇਜ਼ੀ ਦੇ ਮਹਾਨ ਉਪਨਿਆਸਕਾਰ ਵਾਲਟਰ ਸਕਾਟ ( Walter Scott ) ਨੇ ਉਪਨਿਆਸ ਨੂੰ ਅਜਿਹੇ ਰੋਜ਼ਨਾਮਚਾ ਆਖਿਆ ਹੈ ਜਿਸ ਵਿਚ ਸਾਡੀਆਂ ਗੱਲਾ ਦਾ ਜ਼ਿਕਰ ਹੋਵੇ ਅਤੇ ਪਾਤਰ ਅਜਿਹੇ ਹੋਣ ਜਿਨ੍ਹਾਂ ਨੂੰ ਅਸੀਂ ਆਪ ਜੀਵਨ ਵਿਚ ਹਰੇਕ ਗਲੀ ਦੇ ਮੋੜ ਤੇ ਦੇਖ ਸਕੀਏ । ਪਰ ਅਜਿਹੀ ਵਾਸਤਵਿਕਤਾ ਸਮਾਜਕ ਵਿਕਾਸ ਵਿਚ ਇਕ ਲਗਾਤਾਰ ਬਦਲਦੀ ਵਿਧੀ ਹੈ ਜਿਸ ਨੂੰ ਯੋਗ ਥਾਂ ਦੇਣ ਲਈ ਹਰ ਯੁੱਗ ਦਾ ਉਪਨਿਆਸਕਾਰ ਆਪਣੀ ਤਕਨੀਕ ਬਦਲਦਾ ਰਿਹਾ ਹੈ । ਤਕਨੀਕ ਦੀ ਤਬਦੀਲੀ ਲੇਖਕ ਆਪਣੀ ਵਿਦਵੱਤਾ ਅਤੇ ਰੁਚੀ ਅਨੁਸਾਰ ਕਰਦਾ ਰਿਹਾ ਹੈ ਕਿਉਂਕਿ ਉਸ ਦਾ ਤੇ ਪਾਠਕ ਦਾ ਉਪਨਿਆਸਕਾਰ ਦੇ ਸਮੁੱਚੇ ਸੰਬੰਧ ਤੋਂ ਉਲਟ ਵਿਅਕਤੀਗਤ ਸੰਬੰਧ ਹੁੰਦਾ ਹੈ ।

ਸੰਪੂਰਣ ਉਪਨਿਆਸ ਦੀ ਕਹਾਣੀ ਜਿਨ੍ਹਾਂ ਤੱਤਾ ਨਾਲ ਬਣਦੀ ਹੈ ਉਹ ਕਥਾ– ਵਸਤੂ ਅਖਵਾਉਂਦੇ ਹਨ । ਇਹ ਤੱਤ ਕਥਾ ਸੂਤਰ ਜਾਂ ਥੀਮ , ਮੁੱਖ ਕਥਾਨਕ ਜਾਂ ਪਲਾਟ , ਉਪ– ਕਥਾਨਕ ਜਾਂ ਅੰਡਰ ਪਲਾਟ , ਅੰਤਰ ਕਥਾਵਾਂ ਜਾਂ ਐਪੀਸੋਡ , ਪੱਤਰ , ਡਾਇਰੀ ਦੇ ਪੰਨੇ ਆਦਿ ਹੁੰਦੇ ਹਨ । ਇਨ੍ਹਾਂ ਸਾਰਿਆਂ ਤੱਤਾਂ ਦੀ ਕ੍ਰਿਆ ਤੇ ਪ੍ਰਤਿਕ੍ਰਿਆ ਪਾਤਰਾਂ ਤੇ ਹੁੰਦੀ ਹੈ ਜਿਹੜੇ ਸਮਾਜ ਦੇ ਜਾਂ ਸਮਾਜ ਦੇ ਕਿਸੇ ਅੰਗ ਦੇ ਪ੍ਰਤੀਨਿਧੀ ਹੁੰਦੇ ਹਨ । ਜਿਵੇਂ ਇਕ ਮਾਲੀ ਵੱਖ ਵੱਖ ਕਿਆਰੀਆਂ ਵਿਚੋਂ ਰੰਗ ਬਿਰੰਗੇ ਫੁੱਲ ਚੁਣ ਕੇ ਇਕ ਗੁਲਦਸਤਾ ਤਿਆਰ ਕਰਦਾ ਹੈ , ਉਸੇ ਤਰ੍ਹਾਂ ਇਕ ਉਪਨਿਆਸਕਾਰ ਜੀਵਨ ਵਿਚੋਂ ਵੱਖ– ਵੱਖ ਘਟਨਾਵਾਂ ਕ੍ਰਮ– ਬੱਧ ਕਰਕੇ ਇਕ ਪਲਾਟ ਬਣਾਉਂਦਾ ਹੈ । ਅਗ੍ਰੇਜ਼ੀ ਉਪਨਿਆਸਕਾਰ ਫ਼ੌਰਸਟਰ ( E.M. Forster ) ਨੇ ਆਮ ਕਹਾਣੀ ਤੇ ਨਾਵਲ ਦੇ ਪਲਾਟ ਦਾ ਬੜਾ ਸੋਹਣਾ ਉਦਾਹਰਣ ਇਕ ਸਰਲ ਤਰੀਕੇ ਨਾਲ ਇਸ ਤਰ੍ਹਾਂ ਦਿੱਤਾ ਹੈ : “ ਇਕ ਸੀ ਰਾਜਾ , ਇਕ ਸੀ ਰਾਣੀ । ਰਾਜਾ ਮਰ ਗਿਆ ਅਤੇ ਕੁਝ ਚਿਰ ਪਿੱਛੋ ਰਾਣੀ ਮਰ ਗਈ” । ਇਹ ਇਕ ਸਿੱਧੀ ਸਾਧੀ ਕਹਾਣੀ ਹੈ । ਪਰ “ ਇਕ ਸੀ ਰਾਜਾ , ਇਕ ਸੀ ਰਾਣੀ । ਰਾਜਾ ਮਰ ਗਿਆ ਅਤੇ ਉਸ ਪਿੱਛੋਂ ਰਾਣੀ ਗ਼ਮ ਨਾਲ ਮਰ ਗਈ । ” ਰਾਣੀ ਦੇ ਗ਼ਮ ਨਾਲ ਮਰਨ ਨਾਲ ਉਪਨਿਆਸ ਦਾ ਪਲਾਟ ਬਣ ਗਿਆ । ਗ਼ਮ ਕਿਉਂ ਹੌਇਆ ? ਜਾਂ ਤਾਂ ਰਾਜੇ ਨਾਲ ਉਸ ਦਾ ਅਟੁਟ ਪ੍ਰੇਮ ਸੀ ਜਾਂ ਉਸ ਨੂੰ ਕਿਸੇ ਪਲਾਟ ਵੱਲੋਂ ਦੁੱਖੀ ਕੀਤਾ ਗਿਆ । ਸੋ , ਇਸ ਕਿਉਂ ਦਾ ਉੱਤਰ ਦੇਣ ਵਾਲੀਆਂ ਕ੍ਰਮ– ਬੱਧ ਘਟਨਾਵਾਂ ਉਪਨਿਆਸ ਦਾ ਪਲਾਟ ਬਣਾਉਂਦੀਆਂ ਹਨ । ਪਲਾਟ ਅਤੇ ਪਾਤਰ ਦੋ ਅਨਿਖੜਵੇਂ ਅੰਗ ਹਨ ਅਤੇ ਆਧੁਨਿਕ ਕਾਲ ਦੀ ਉਪਨਿਆਸਕਾਰੀ ਤੋਂ ਪਹਿਲਾਂ ਇਕ ਦਾ ਪ੍ਰਯੋਗ ਦੂਜੇ ਬਿਨਾਂ ਕੀਤਾ ਹੀ ਨਹੀਂ ਜਾ ਸਕਦਾ ਸੀ । ਰਵਾਇਤੀ ਉਪਨਿਆਸਾਂ ਵਿਚ ਉਪਨਿਆਸਕਾਰ ਪਾਠਕ ਦੀ ਰੁਚੀ ਤੇ ਉਤਸੁਕਤਾ ਨੂੰ ਵਧਾਉਣ ਲਈ ਰੋਚਕ ਕੁਦਰਤੀ ਬਿਆਨ ਅਤੇ ਪਾਤਰਾਂ ਦੀ ਗੱਲਬਾਤ ਨੂੰ ਵੀ ਵਿਸ਼ੇਸ਼ ਥਾਂ ਦਿੰਦਾ ਰਿਹਾ ਹੈ , ਜਿਸ ਦੇ ਅੰਸ਼ ਆਧੁਨਿਕ ਉਪਨਿਆਸ ਵਿਚ ਸਾਨੂੰ ਬਹੁਤ ਘੱਟ ਮਿਲਦੇ ਹਨ ।

                  ਪੱਛਮੀ ਤੇ ਪੂਰਬੀ ਸਾਹਿੱਤ ਵਿਚ ਲਿਖੇ ਹੋਏ ਉਪਨਿਆਸਾਂ ਦੇ ਕਈ ਰੂਪ ਦੇਖੇ ਜਾਂਦੇ ਹਨ । ਇਤਿਹਾਸਕ ਉਪਨਿਆਸ ਵਿਚ ਇਤਿਹਾਸ ਦੀ ਸੰਭਾਲ ਕਰਨ ਦੇ ਨਾਲ ਨਾਲ ਉਸ ਦੇ ਰੂਪ ਨੂੰ ਉਪਨਿਆਸਕਾਰਾਂ ਨੇ ਆਪਣੀ ਕਲਪਨਾ ਰਾਹੀਂ ਸਪਸ਼ਟ ਕਰਨ ਦਾ ਯਤਨ ਕੀਤਾ ਹੈ । ਪਰ ਇਹ ਪ੍ਰਤੱਖ ਹੈ ਕਿ ਉਪਨਿਆਸ ਇਤਿਹਾਸ ਨਹੀਂ , ਪਹਿਲਾਂ ਇਹ ਸਾਹਿੱਤ ਹੈ ਤੇ ਪਿੱਛੋਂ ਇਤਿਹਾਸ । ਅੰਗ੍ਰੇਜ਼ੀ ਦੇ ਉਪਨਿਆਸਕਾਰ ਵਾਲਟਰ ਸਕਾਟ ਅਤੇ ਫਰਾਂਸ ਦੇ ਉਪਨਿਆਸਕਾਰ ਅਲੈਗਜ਼ਾਂਡਰ ਡਿਯੂਮਾ ( Alexandre Dumas ) ਇਤਿਹਾਸਕ ਉਪਨਿਆਸ ਦੇ ਸਫ਼ਲ ਲੇਖਕ ਹੋਏ ਹਨ । ਇਸ ਦੇ ਨਾਲ ਨਾਲ ਇਤਿਹਾਸਕ ਰੋਮਾਂਸ ( historical romance ) ਉਪਨਿਆਸ ਦਾ ਇਕ ਰੂਪ ਹੈ ਜਿਹੜਾ ਉੱਤਮ ਭਾਸ਼ਾ ਵਿਚ ਕਿਸੇ ਆਦਰਸ਼ ਇਤਿਹਾਸਕ ਘਟਨਾ ਨੂੰ ਮੁੱਖ ਰੱਖ ਕੇ ਲਿਖਿਆ ਜਾਂਦਾ ਹੈ । ਇਤਿਹਾਸਕ ਉਪਨਿਆਸ ਤਿੰਨ ਪ੍ਰਕਾਰ ਦੇ ਮੰਨੇ ਜਾਂਦੇ ਹਨ– – ( 1 ) ਕਾਲ ਸੰਬੰਧੀ ਜਾਂ ਸਾਮਿਅਕ ਉਪਨਿਆਸ ਵਿਚ ਕਿਸੇ ਵਿਸ਼ੇਸ਼ ਸਮੇਂ ਜਾਂ ਕਾਲ ਦੇ ਇਤਿਹਾਸ ਦੀ ਖੋਜ ਨੂੰ ਕਲਪਨਾ ਨਾਲ ਪੇਸ਼ ਕੀਤਾ ਜਾਂਦਾ ਹੈ । ਇਸ ਵਿਚ ਪਾਤਰਾਂ ਦਾ ਮਹੱਤਵ ਨਹੀਂ ਹੁੰਦਾ ਸਗੋਂ ਕਾਲ ਦੀ ਵਿਸ਼ੇਸ਼ਤਾ ਦੱਸੀ ਜਾਂਦੀ ਹੈ । ਅਜਿਹੇ ਉਪਨਿਆਸ ਅਠਾਰ੍ਹਵੀ ਸਦੀ ਈ. ਵਿਚ ਬਾਰਥੈਲਮੀ ( Barthelemy ) ਅਤੇ ਸਟਰੱਟ ( Strutt ) ਨੇ ਲਿਖੇ; ( 2 ) ਇਤਿਹਾਸਕ ਰੋਮਾਂਸ ਵਿਚ ਪੁਰਾਤਨ ਸਮੇਂ ਦੇ ਰਾਜਿਆਂ ਮਹਾਰਾਜਿਆਂ ਦੇ ਕਾਰਨਾਮੇ ਦੱਸੇ ਜਾਂਦੇ ਹਨ ਜਿਵੇਂ ਸਕਾਟ , ਡਿਯੂਮਾ ਤੇ ਲਿਟਨ ( Lytton ) ਨੇ ਦੱਸੇ ਹਨ; ( 3 ) ਤੀਜਾ ਨਿਰੋਲ ਇਤਿਹਾਸ ਉਪਨਿਆਸ ਹੈ ਜਿਸ ਵਿਚ ਇਤਿਹਾਸ ਨੂੰ ਉਹਲੇ ਨਹੀਂ ਰੱਖਿਆ ਜਾਂਦਾ ਸਗੋਂ ਇਤਿਹਾਸਕ ਘਟਨਾਵਾਂ ਨੂੰ ਤੀਬਰਤਾ ਨਾਲ ਉਜਾਗਰ ਕਰਕੇ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਪਾਠਕ ਉਨ੍ਹਾਂ ਨੂੰ ਇਤਿਹਾਸਕ ਸਚਾਈ ਤੋਂ ਨਿਖੇੜ ਨਹੀਂ ਸਕਦਾ । ਅਜਿਹੇ ਉਪਨਿਆਸ ਵਰਤਮਾਨ ਸਮੇਂ ਨੂੰ ਅਗਵਾਈ ਦਿੰਦੇ ਹਨ , ਜਿਵੇਂ ਤਾਲਸਤਾਇ ( Tolstoy ) ਦਾ ‘ ਯੁੱਧ ਤੇ  ਅਮਨ’ ( War and Peace ) ਅਤੇ ਨਰਿੰਦਰਪਾਲ ਸਿੰਘ ਦੇ ‘ ਸੈਨਾਪਤੀ’ ਅਤੇ ‘ ਏਤਿ ਮਾਰਗ ਜਾਣਾ’ । ਪੰਜਾਬੀ ਵਿਚ ਭਾਈ ਵੀਰ ਨੇ ਅਜਿਹੇ ਇਤਿਹਾਸਕ ਰੋਮਾਂਸ ਲਿਖੇ ਹਨ । ਕਈ ਉਪਨਿਆਸ ਘਟਨਾ– ਪ੍ਰਧਾਨ ਹੁੰਦੇ ਹਨ , ਜਿਨ੍ਹਾਂ ਵਿਚ ਘਟਨਾਵਾਂ ਵਿਅਕਤੀ ਦੇ ਜੀਵਨ ਤੇ ਪ੍ਰਕਾਸ਼ ਪਾਉਂਦੀਆਂ ਹਨ । ਇੱਥੇ ਆਦਰਸ਼ ਨਾਇਕ ਦੀ ਸਖ਼ਸੀਅਤ ਉਘਾੜਨ ਲਈ ਕਈ ਪ੍ਰਕਾਰ ਦੀਆਂ ਘਟਨਾਵਾਂ ਤੇ ਔਕੜਾਂ ਪੇਸ਼ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਨਾਇਕ ਪਰਾਜਿਤ ਕਰਦਾ ਹੈ । ਵਰਤਮਾਨ ਯੁੱਗ ਦੀ ਵਾਸਤਵਿਕਤਾ ਨੂੰ ਧਿਆਨ ਵਿਚ ਰੱਖ ਕੇ ਲਿਖੇ ਗਏ ਉਪਨਿਆਸਾਂ ਨੂੰ ਸਮਾਜਕ , ਪ੍ਰਗਤੀਸ਼ੀਲ , ਮਨੋਵਿਗਿਆਨਿਕ , ਸਥਾਨਕ ( local ) ਤੇ ਯਥਾਰਥ ਵੰਨਗੀਆਂ ਵਿਚ ਵੰਡ ਸਕਦੇ ਹਾਂ । ਸਮਾਜਕ ਉਪਨਿਆਸ ਮਨੁੱਖੀ ਸਮਾਜ ਅਤੇ ਆਰਥਿਕ ਤੇ ਸਮਾਜਕ ਅਵਸਥਾਵਾਂ ਦਾ ਸੰਬੰਧ ਪੇਸ਼ ਕਰਦਾ ਹੈ । ਪੱਛਮ ਵਿਚ ਪਦਾਰਥਕ ਮਹੱਤਵ ਦੱਸਣ ਵਾਲਾ ਸਭ ਤੋਂ ਪਹਿਲਾ ਫਰਾਸੀਸੀ ਉਪਨਿਆਸਕਦਾਰ ਬਾਲਜ਼ਾਕ ( Balzac ) ਹੋਇਆ ਹੈ । ਇਸੇ ਵੰਨਗੀ ਦਾ ਇਕ ਉਪ– ਰੂਪ ਸਮੱਸਿਆ ਉਪਨਿਆਸ ( problem novel ) ਹੈ । ਇਸ ਉਪਨਿਆਸ ਦਾ ਵਿਸ਼ਾ ਕੋਈ ਵਿਸ਼ੇਸ਼ ਸਮਾਜਕ ਸਮੱਸਿਆ ਹੁੰਦੀ ਹੈ , ਜਿਵੇਂ ਤਲਾਕ , ਵਿਆਹ ਦਾ ਅਨਜੋੜ ਜਾਂ ਜਾਤੀ ਭੇਦ ਆਦਿ । ਜੇ ਉਪਨਿਆਸਕਾਰ ਆਪਣੀ ਰਚਨਾ ਵਿਚ ਇਕ ਸ਼੍ਰੇਣੀ ਨੂੰ ਸਲਾਹੁਣ ਅਤੇ ਦੂਜੀ ਸ਼੍ਰੇਣੀ ਨੂੰ ਭੰਡਣ ਦਾ ਯਤਨ ਕਰੇ , ਤਾਂ ਉਸ ਦੀ ਅਜਿਹੀ ਕ੍ਰਿਤ ਨੂੰ ਸਿਧਾਂਤ ਜਾਂ ਪ੍ਰਚਾਰ ਉਪਨਿਆਸ ( Propaganda novel ) ਆਖਿਆ ਜਾਂਦਾ ਹੈ । ਪ੍ਰਗਤੀਸ਼ੀਲ ਜਾਂ ਸ਼੍ਰਮਜੀਵੀ ਜਾਂ ਪ੍ਰੋਲਤਾਰੀ ਉਪਨਿਆਸ ( Proletarian novel ) ਮਜ਼ਦੂਰਾਂ ਤੇ ਕਾਮਿਆਂ ਦੀਆਂ ਸਮੱਸਿਆਵਾਂ ਵਲ ਧਿਆਨ ਦੁਆਂਦੇ ਹਨ । ਧਰਤੀ ਦਾ ਉਪਨਿਆਸ ( novel of the soil ) ਵਿਚ ਸਮੱਸਿਆਵਾਂ ਮਨੁੱਖੀ ਆਰਥਿਕ ਬਣਤਰ ਨਾਲ ਨਹੀਂ ਪੈਦਾ ਹੁੰਦੀਆਂ ਸਗੋਂ ਕੁਦਰਤੀ ਸੰਕਟਾਂ , ਜਿਵੇਂ ਤੂਫ਼ਾਨ , ਭੂਚਾਲ , ਹੜ੍ਹ , ਕਲਰੀ ਧਰਤੀ ਜਾਂ ਲੰਬੀ ਔੜ ਨਾਲ ਪੈਦਾ ਹੁੰਦੀਆਂ ਹਨ । ਯਥਾਰਾਥ ਜਾਂ ਵਾਸਤਵਿਕਤਾ ਉਪਨਿਆਸ ਦਾ ਮੁੱਢੋਂ ਹੀ ਆਧਾਰ ਰਿਹਾ ਹੈ । ਪਰੰਤੂ ਯਥਾਰਥ ਦੀ ਧਾਰਣਾ ਵੱਖ ਵੱਖ ਸਮੇਂ ਵਿਚ ਵੱਖ ਵੱਖ ਰਹੀ ਹੈ । ਸਤਾਰ੍ਹਵੀਂ ਅਤੇ ਅਠਾਰ੍ਹਵੀ ਸਦੀ ਈ. ਦੀ ਸਮਾਜਕ ਆਲੋਚਨਾ ਦੀ ਥਾਂ ਉਨ੍ਹੀਵੀਂ ਸਦੀ ਈ. ਵਿਚ ਇਹ ਯਥਾਰਥ ਵਿਅਕਤੀਗਤ ਆਲੋਚਨਾ ਬਣ ਗਈ । ਫੋਟੋਗ੍ਰਾਫ਼ਿਕ ਜਾਂ ਚਿਤ੍ਰਾਤਮਕ ਵਰਣਨ ਦੀ ਥਾਂ ਕਲਾਤਮਕ ਚੋਣ ਹੋਣ ਲਗੀ ਜਿਸ ਨੂੰ ਫਰਾਂਸੀਸੀ ਲੇਖਕ ਮੋਪਾਸਾਂ ਨੇ ਜੀਵਨ ਦੀ ਇਕ ਟੁਕੜੀ ( a slice of life ) ਆਖਿਆ ਹੈ । ਇਸ ਦੇ ਪਿੱਛੋਂ ਪ੍ਰਾਕ੍ਰਿਤਿਕਵਾਦ ਲਹਿਰ ਅਧੀਨ ਫਲੌਬੋਅਰ ( Flaubert , 1821– 80 ਈ ) ਤੇ ਜ਼ੋਲਾ ( Zola , 1840– 1902ਈ ) ਨੇ ਜੀਵਨ ਦੇ ਉਸ ਹਿੱਸੇ ਦੀ ਵਿਆਖਿਆ ਕੀਤੀ ਜਿਸ ਨੂੰ ਗੰਦ ਕਹਿ ਕੇ ਕਲਾ ਦੇ ਖੇਤਰ ਵਿਚੋਂ ਕੱਢ ਦਿੱਤਾ ਜਾਂਦਾ ਸੀ । ਵਿਕਟਰ ਹਿਊਗੋ ( Victor Hugo ) ਨੇ ਪੀੜਿਤ ਕੈਦੀਆਂ ਅਤੇ ਵੇਸਵਾਵਾਂ ਨੂੰ ਆਪਣੇ ਉਪਨਿਆਸਾਂ ਦੇ ਮੁੱਖ ਪਾਤਰ ਬਣਾਇਆ । ਵੀਹਵੀਂ ਸਦੀ ਵਿਚ ਉਪਨਿਆਸ ਦਾ ਖੇਤਰ ਹੋਰ ਵੀ ਵਿਸ਼ਾਲ ਹੋ ਗਿਆ , ਜਦੋਂ ਦਰਸ਼ਨ ਅਤੇ ਮਨੋਵਿਗਿਆਨ ਇਸ ਦੇ ਵਿਸ਼ੇ ਬਣ ਗਏ । ਉਪਨਿਆਸਕਾਰ ਨੇ ਪਲਾਟ ਦੀ ਥਾਂ ਪਾਤਰਾਂ ਨੂੰ ਮਹੱਤਵ ਦਿੱਤਾ । ਹੈਨਰੀ ਜੇਮਜ਼ ( Henry James ) , ਮਾਰਸਲ ਪਰੂਸਤ ( Marcel Proust ) ਨੇ ਵਿਅਕਤੀ ਨੂੰ ਇੰਨੀ ਸ੍ਰੇਸ਼ਠਤਾ ਦਿੱਤੀ ਹੈ ਕਿ ਉਪਨਿਆਸ ਦੇ ਪਰੰਪਰਾ ਤੋਂ ਚਲੇ ਆ ਰਹੇ ਅੰਸ਼ ਬਿਲਕੁਲ ਅਲੋਪ ਹੋ ਗਏ ਹਨ । ਅਜਿਹੇ ਮਨੋਵਿਗਿਆਨਕ ਉਪਨਿਆਸ ਜਿਨ੍ਹਾਂ ਵਿਚ ਮਨੁੱਖੀ ਮਨ ਦਾ ਯਥਾਰਥ ਪ੍ਰਗਟ ਕੀਤਾ ਹੁੰਦਾ ਹੈ , ਤਿੰਨ ਪ੍ਰਕਾਰ ਦੇ ਮਿਲਦੇ ਹਨ– – ਪਹਿਲਾ ਪੂਰਵਪ੍ਰਕਾਸ਼ ਹੈ ਜਿਸ ਵਿਚ ਘਟਨਾਵਾਂ ਦਾ ਕ੍ਰਮ ਸਿੱਧਾ ਨਹੀਂ ਹੁੰਦਾ ਸਗੋਂ ਪਾਤਰਾਂ ਦੀਆਂ ਯਾਦ– ਲਹਿਰਾਂ ਦੇ ਰੂਪ ਵਿਚ ਦਿੱਤਾ ਜਾਂਦਾ ਹੈ , ਦੂਸਰਾ ਚੇਤਨਾ– ਪ੍ਰਵਾਹ ਪੱਧਤੀ ਹੈ ਅਤੇ ਤੀਸਰਾ ਕਹਾਣੀ ਦਾ ਕ੍ਰਮ– ਬੱਧ ਨਾ ਹੋਣਾ । ਅਜਿਹੇ ਉਪਨਿਆਸ ਵਿਚ ਅਨਭੂਤੀ ਦੇ ਆਤਮ– ਨਿਸ਼ਨ ਪ੍ਰਗਟਾਵੇ ਤੇ ਜ਼ੋਰ ਦਿੱਤਾ ਜਾਂਦਾ ਹੈ । ਵੀਹਵੀਂ ਸਦੀ ਈ. ਵਿਚ ਇਹ ਰੁਚੀ ਇੰਨੀ ਵੱਧ ਗਈ ਕਿ ਲੇਖਕ ਦੀ ਪਾਤਰਾਂ ਦੇ ਵਿਚਾਰ ਵਰਣਨ ਤੋਂ ਹੀ ਸੰਤੁਸ਼ਟੀ ਨਹੀਂ ਹੋਈ ਸਗੋਂ ਉਸ ਨੇ ਅਜਿਹੀ ਕ੍ਰਿਆਤਮਕ ( verbal ) ਅਤੇ ਭਾਵਾਤਮਕ ਸ਼ੈਲੀ ਅਪਣਾਈ ਕਿ ਜਿਸ ਤੋਂ ਚੇਤਨਾ– ਪ੍ਰਵਾਹ ਦਾ ਉਪਨਿਆਸ ਬਣਿਆ ।   ਜੇਮਜ਼ ਜੋਆਇਸ ( James Joyce ) ਨੇ ਆਪਣੀ ਪੁਸਤਕ ‘ ਯੂਲੀਸਸ’ ( Ulysses , 1922 ਈ. ) ਵਿਚ ਡਬਲਿਨ ਦੇ ਇਕ ਸ਼ਹਿਰੀ ਡੈਡਲਾਸ ਦੇ ਇਕ ਦਿਨ ਦੇ ਜੀਵਨ ਦੀਆਂ ਘਟਨਾਵਾਂ ਦਾ ਬ੍ਰਿਤਾਂਤ ਦਿੱਤਾ । ਬਿਸ੍ਰਾਮ ਚਿੰਨ੍ਹ ਦੀ ਬਹੁਤ ਘੱਟ ਵਰਤੋਂ ਹੈ । ਕੇਵਲ ਵਿਚਾਰ ਹੀ ਵਿਚਾਰ ਹਨ । ਇਸੇ ਤਰ੍ਹਾਂ ਵਰਜੀਨੀਆ ਵੁਲਫ ( Virginia Woolf ) ਦੇ ਉਪਨਿਆਸ ਦੀ ਚੇਤਨਾ– ਪ੍ਰਵਾਹ ਧਾਰਾ ਦੇ ਅਧੀਨ ਆਉਂਦੇ ਹਨ । ਚੇਤਨਾ– ਪ੍ਰਵਾਹ ਮਨੋਵਿਗਿਆਨਕ ਸ਼ਬਦ ਹੈ , ਜਿਸ ਦਾ ਪ੍ਰਯੋਗ ਅਮਰੀਕਨ ਦਾਰਸ਼ਨਿਕ ਵਿਲੀਅਮ ਜੇਮਜ਼ ( William James ) ਨੇ ਕਰਦੇ ਹੋਇਆਂ ਕਿਹਾ ਸੀ “ ਚੇਤਨਾ ਛੋਟੇ ਛੋਟੇ ਟੁਕੜਿਆਂ ਵਿਚ ਵਿਭਕਤ ਹੋ ਕੇ ਉਪਸਥਿਤ ਨਹੀਂ ਹੁੰਦੀ , ਉਹ ਪ੍ਰਵਾਹਮਈ ਹੁੰਦੀ ਹੈ । ਸਿਨਕਲੇਅਰ ( Sinclair ) , ਨੇ ਡੌਰਥੀ ਰਿਚਰਡਸਨ ( Dorothy Richardson ) ਦੇ ਉਪਨਿਆਸ ਦੀ ਆਲੋਚਨਾ ਕਰਦੇ ਹੋਏ 1915 ਈ. ਵਿਚ ਇਸ ਸ਼ਬਦ ਦਾ ਪ੍ਰਯੋਗ ਕੀਤਾ ਸੀ । ਉਦੋਂ ਤੋਂ ਹੀ ਆਲੋਚਨਾ ਦੇ ਖੇਤਰ ਵਿਚ ਇਸ ਪੱਧਤੀ ਤਦਾ ਪ੍ਰਯੋਗ ਜ਼ੋਰ ਸ਼ੋਰ ਨਾਲ ਹੁੰਦਾ ਆ ਰਿਹਾ ਹੈ । ਸੋ , ਅੱਜ ਦਾ ਉਪਨਿਆਸ ਕੇਵਲ ਕ੍ਰਮ– ਬੱਧ ਕਹਾਣੀ ਨਹੀਂ ਰਹੀ , ਨਾ ਹੀ ਇਹ ਪਾਤਰਾਂ ਦੇ ਕਾਰਨਾਮਿਆਂ ਦਾ ਖ਼ਾਕਾ ਜਾਂ ਬਿਆਨ ਹੈ , ਸਗੋਂ ਉਪਨਿਆਸ ਗਿਆਨ , ਵਿਗਿਆਨ , ਮਨੋਵਿਗਿਆਨ ਦਾ ਭੰਡਾਰ ਹੈ ।

ਵੀਹਵੀਂ ਸਦੀ ਈ. ਵਿਚ ਪੱਛਮੀ ਅਤੇ ਪੂਰਵੀ ਸਾਹਿੱਤ ਵਿਚ ਉਪਨਿਆਸ ਨੂੰ ਰਾਜਨੀਤੀ– ਸਿਧਾਂਤਾਂ ਅਤੇ ਵਿਚਾਰਾਂ ਦੇ ਪ੍ਰਸਾਰ ਦਾ ਸਾਧਨ ਬਣਾਇਆ ਗਿਆ ਹੈ । ਉਪਨਿਆਸ ਦੀ ਇਸ ਵੰਨਗੀ ਨੂੰ ਰਾਜਨੀਤੀ– ਉਪਨਿਆਸ ਦਾ ਨਾਉਂ ਦਿੱਤਾ ਜਾਂਦਾ ਹੈ । ਰੂਸ ਵਿਚ ਸਾਮਵਾਦੀ ਰਾਜ ਦੀ ਸਥਾਪਤੀ ਮਗਰੋਂ ਰਾਜਨੀਤੀ– ਉਪਨਿਆਸ ਰੂਸੀ , ਅਮਰੀਕਨ ਅਤੇ ਅੰਗ੍ਰੇਜ਼ੀ ਸਾਹਿੱਤ ਵਿਚ ਲਿਖੇ ਗਏ । ਮਾਈਖ਼ਲ ਸ਼ੋਲੋਖਫ ਦੇ ਰੂਸੀ ਉਪਨਿਆਸ , ਅਪਟਨ ਸਿਨਕਲੇਅਰ ਦੇ ਅਮਰੀਕਨ ਮਾਰਕਸਵਾਦੀ ਉਪਨਿਆਸ , ਜਾਰਜ ਆਰਵਲ ( George Orwell ) ਰੈਕਸਵਾਰਨਰ ( Rex Warner ) ਦੇ ਮਾਰਕਸਵਾਦ ਵਿਰੋਧੀ ਅੰਗ੍ਰੇਜ਼ੀ ਉਪਨਿਆਸ ਅਤੇ ਲੀਅਨ ਯੂਰੀਸ ( Leon Uris ) ਦੇ ਇਜ਼ਰਾਇਲੀ ਉਪਨਿਆਸ ਰਾਜੀਨੀਤੀ ਉਪਨਿਆਸ ਦੇ ਪ੍ਰਮੁੱਖ ਉਦਾਹਰਣ ਹਨ । ਪੰਜਾਬੀ ਵਿਚ ਮਾਸਟਰ ਤਾਰਾ ਸਿੰਘ ਦਾ ‘ ਪ੍ਰੇਮ ਲਗਨ’ , ਬੀਬੀ ਸ਼ਾਮ ਕੌਰ ਦਾ ਉਪਨਿਆਸ ‘ ਵੈਰੀ ਪ੍ਰੀਤਮ’ ਰਾਜਨੀਤੀ ਉਪਨਿਆਸਾਂ ਦੇ ਉਦਾਹਰਣ ਹਨ ਜਿਹੜੇ ਅਕਾਲੀ ਲਹਿਰ ਦੇ ਪ੍ਰਚਾਰ ਲਈ ਲਿਖੇ ਗਏ ਸਨ ।

ਪੰਜਾਬੀ ਵਿਚ ਉਪਨਿਆਸ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ । ਪੰਜਾਬ ਵਿਚ ਵਾਲਟਰ ਸਕਾਟ ਦੇ ਇਤਿਹਾਸਕ ਉਪਨਿਆਸ , ਦੇਵਕੀ ਨੰਦਨ ਖਤਰੀ ਦੇ ਰੋਮਾਂਸ ‘ ਚੰਦਰ ਕਾਂਤਾ’ , ਰਤਨ ਨਾਥ ਸਰਸ਼ਾਰ ਅਤੇ ਅਬਦੁਲ ਹਲੀਮ ਸ਼ਰਰ ਦੇ ਰੋਮਾਸ਼ ਬੜੀ ਰੁੱਚੀ ਨਾਲ ਪੜ੍ਹੇ ਜਾਂਦੇ ਸਨ । ਡਾ. ਚਰਨ ਸਿੰਘ ( 1853– 1908 ਈ. ) ਨੇ ‘ ਸ਼ਰਾਬ ਕੌਰ’ ਤੇ ‘ ਜੰਗ ਮੜੋਲੀ’ ਲਿਖੇ । ਇਸ ਉਪਰੰਤ ਭਾਈ ਵੀਰ ਸਿੰਘ ( 1872– 1957 ਈ. ) ਨੇ ਇਤਿਹਾਸਕ ਰੋਮਾਂਸ ਲਿਖੇ ਜਿਨ੍ਹਾਂ ਵਿਚ ਸਿੱਖ ਪਾਤਰਾਂ ਦਾ ਆਦਰਸ਼ ਪੇਸ਼ ਕੀਤਾ । ਇਨ੍ਹਾਂ ਦਾ ਉਦੇਸ਼ ਸੁਧਾਰ ਕਰਨ ਦਾ ਸੀ । ਭਾਈ ਮੋਹਨ ਸਿੰਘ ਵੈਦ ( 1881– 1936 ਈ. ) ਨੇ ਸਮਾਜ ਸੁਧਾਰਕ ਟ੍ਰੈਕਟ ਅਤੇ ਛੋਟੇ ਆਕਾਰ ਦੇ ਨਾਵਲ ਲਿਖੇ । ਚਰਨ ਸਿੰਘ ਸ਼ਹੀਦ ( 1891– 1935 ਈ. ) ਨੇ ਵੀ ਸਮਾਜਕ ਨਾਵਲ ਲਿਖੇ । ਨਾਨਕ ਸਿੰਘ ( 1897– 1971 ਈ. ) ਪੰਜਾਬੀ ਦਾ ਪ੍ਰਸਿੱਧ ਉਪਨਿਆਸਕਾਰ ਹੈ ਜਿਸ ਨੇ ਪੰਜਾਬੀ ਨੂੰ ‘ ਉਪਨਿਆਸ ਚੇਤਨਾ’ ਪ੍ਰਦਾਨ ਕੀਤੀ ਹੈ । ਉਸ ਨੇ ਚਾਰ ਦਰਜਨ ਦੇ ਲਗਭਗ ਉਪਨਿਆਸਾਂ ਵਿਚ ਸਮਾਜਕ ਸਮੱਸਿਆਵਾਂ ਨੂੰ ਆਪਣਾ ਵਿਸ਼ਾ ਬਣਾਇਆ ਹੈ , ਇਤਿਹਾਸਕ ਨਹੀਂ । ਸੁਰਿੰਦਰ ਸਿੰਘ ਨਰੂਲਾ ( ਜਨਮ 1919 ਈ. ) ਨੇ ਪ੍ਰਾਕ੍ਰਿਤਕਵਾਦ ਅਤੇ ਯਥਾਰਥਵਾਦ ਦੀਆਂ ਧਰਾਵਾਂ ਅਧੀਨ ਰਚਨਾ ਕੀਤੀ ਹੈ । ਸੰਤ ਸਿਘ ਸੇਖੋਂ ( ਜਨਮ 1908 ਈ. ) , ਅੰਮ੍ਰਿਤਾ ਪ੍ਰੀਤਮ ( ਜਨਮ 1919 ਈ. ) , ਮਹਿੰਦਰ ਸਿੰਘ ਸਰਨਾ ਨੇ ਯਥਾਰਢਵਾਦੀ ਪੱਧਤੀ ਅਪਣਾਈ ਹੈ । ਜਸਵੰਤ ਸਿੰਘ ਕੇਵਲ ( ਜਨਮ 1920 ਈ. ) ਨੇ ਪ੍ਰਗਤੀਸ਼ੀਲ ਨਾਵਲ ਲਿਖੇ ਹਨ । ਕਰਤਾਰ ਸਿੰਘ ਦੁੱਗਲ ਨੇ ਫ਼ਰਾਇਡਵਾਦੀ ਵਿਚਾਰਾਂ ਨੂੰ ਆਪਣਾ ਵਿਸ਼ਾ ਬਣਾਇਆ ਹੈ । ਨਰਿੰਦਰਪਾਲ ਸਿੰਘ ਨੇ ਇਤਿਹਾਸਕ ਨਾਵਲ ਲਿਖੇ ਹਨ ਅਤੇ ਇਕ ਨਾਵਲ ‘ ਪੁੰਨਿਆ ਤੇ ਮੱਸਿਆ’ ਚੇਤਨਾ ਪ੍ਰਵਾਹ ਧਾਰਾ ਦੇ ਆਧਾਰ ਤੇ ਵੀ ਲਿਖਿਆ ਹੈ । ਸੁਰਜੀਤ ਸਿੰਘ ਸੇਠੀ ਦੇ ( ‘ ਕਲ ਵੀ ਸੂਰਜ ਨਹੀਂ ਚੜ੍ਹੇਗਾ’ , ‘ ਖ਼ਾਲੀ ਪਿਆਲਾ’ )   ਚੇਤਨਾ– ਪ੍ਰਵਾਹ ਦੇ ਤਜ਼ਰਬੇ ਵੀ ਕਾਫ਼ੀ ਸਫ਼ਲ ਹਨ । ਇਸ ਤਰ੍ਹਾਂ ਪੰਜਾਬੀ ਉਪਨਿਆਸ ਵਿਚ ਵੀ ਉਪਨਿਆਸ ਦੇ ਪ੍ਰਭਾਵ ਅਧੀਨ ਨਵੀਨ ਪ੍ਰਯੋਗ ਕੀਤੇ ਜਾ ਰਹੇ ਹਨ ।

[ ਸਹਾ. ਗ੍ਰੰਥ– – Lubbock , P : The Craft of Fiction; James The Art of Fiction; Forster. E.M. Aspects of the Novel; Beach , J.W. The Twentieth Century Novel; Muir , E. The Structure of the Novel ]


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.