ਨਿਉਂਦਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਉਂਦਾ : ਵਿਆਹ ਆਦਿ ਦੀ ਖ਼ੁਸ਼ੀ ਸਮੇਂ ਬੁਲਾਏ ਅੰਗਾਂ-ਸਾਕਾਂ ਵੱਲੋਂ ਵਟਾਂਦਰੇ ਦੇ ਰੂਪ ਵਿੱਚ ਸ਼ਗਨ ਵਜੋਂ ਦਿੱਤੀ ਜਾਣ ਵਾਲੀ ਮਾਇਕ ਸਹਾਇਤਾ ਨੂੰ ਨਿਉਂਦਾ ਕਹਿੰਦੇ ਹਨ । ਨਿਉਂਦਾ ਅਤੇ ਨਿਉਤਾ ਸ਼ਬਦ ਸਮਾਨਾਰਥਕ ਅਰਥਾਂ ਦੇ ਧਾਰਨੀ ਹਨ ਪਰ ਅਜੋਕੇ ਸਮੇਂ ਇਹਨਾਂ ਦੀ ਕਾਰਜ- ਸ਼ੀਲਤਾ ਵਿੱਚ ਬਦਲਾਓ ਦਿੱਸ ਆਉਂਦਾ ਹੈ । ਨਿਉਤਾ ਸੱਦੇ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ , ਜਦ ਕਿ ਨਿਉਂਦਾ ਦੇ ਅਰਥ ਤੋਲ ਵਿੱਚ ਨਿਉਂਦਾ ( ਪੱਲੜੇ ਵਿੱਚ ਵਾਧੂ ਵਸਤ ) ਅਤੇ ਵਿਆਹ ਸਮੇਂ ਸ਼ਗਨ ਦੇ ਰੂਪ ਵਿੱਚ ਲੈਣ-ਦੇਣ ਵਜੋਂ ਕੀਤੀ ਜਾਣ ਵਾਲੀ ਰੀਤ ਦੇ ਲਏ ਜਾਂਦੇ ਹਨ ।

        ਨਿਉਂਦਾ ਦੀ ਰੀਤ ਸਮੇਂ ਵਿਆਹ ਵਾਲੇ ਘਰ ਵਿਸ਼ੇਸ਼ ਸੱਦੇ `ਤੇ ਆਏ ਅੰਕ-ਸਾਕ ਜਾਂ ਬਰਾਦਰੀ ਦੇ ਲੋਕ ਆਪਣੇ ਵਿਤ ਅਤੇ ਸਾਕਾਦਾਰੀ ਦੇ ਰੁਤਬੇ ਅਨੁਸਾਰ ਅਜਿਹੀ ਰਾਸ਼ੀ ਸ਼ਗਨ ਦੇ ਰੂਪ ਵਿੱਚ ਵਿਆਹ ਵਾਲੇ ਪਰਿਵਾਰ ਨੂੰ ਦਿੰਦੇ ( ਮੋੜਦੇ ) ਹਨ , ਜੋ ਉਹਨਾਂ ਨੇ ਜਾਂ ਤਾਂ ਪਹਿਲਾਂ ਸ਼ਗਨ ਦੇ ਰੂਪ ਵਿੱਚ ਲੈ ਲਈ ਹੁੰਦੀ ਹੈ ਜਾਂ ਭਵਿੱਖ ਵਿੱਚ ਹੋਣ ਵਾਲੇ ਵਿਆਹ ਆਦਿ ਅਵਸਰਾਂ ਸਮੇਂ ਲੈ ਲੈਣੀ ਹੁੰਦੀ ਹੈ । ਕਈ ਹਾਲਤਾਂ ਵਿੱਚ ਇਹ ਸ਼ੁਰੂਆਤ ਪਹਿਲ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਹੈ । ਜੇਕਰ ਕੋਈ ਪਰਿਵਾਰ ਸ਼ਗਨ ਦੇ ਰੂਪ ਵਿੱਚ ਪਹਿਲਾਂ ਲਈ ਹੋਈ ਰਾਸ਼ੀ ਨਿਉਂਦੇ ਅਧੀਨ ਮੋੜਦਾ ਹੈ ਤਾਂ ਰਾਸ਼ੀ ਤੋਂ ਕੁਝ ਵੱਧ ( ਨਿਉਂਦਾ ) ਮੋੜਨ ਦੀ ਰੀਤ ਹੈ । ਸ਼ਗਨ ਦੀ ਪੂਰੀ ਰਾਸ਼ੀ ਮੋੜਨ ਤੋਂ ਭਾਵ , ਅੱਗੋਂ ਲਈ ਵਰਤੋਂ ਵਿਹਾਰ ਦਾ ਸਿਲਸਿਲਾ ਮੁੱਕ ਗਿਆ ਸਮਝ ਲਿਆ ਜਾਂਦਾ ਹੈ ।

        ਕੁਝ ਸਮਾਂ ਪਹਿਲਾਂ ਤੱਕ ਸ਼ਹਿਰੀ ਰਹਿਤਲ ਵਿੱਚ ਵੀ ਸ਼ਗਨ ਦੇ ਰੂਪ ਵਿੱਚ ਲਈ ਜਾਣ ਵਾਲੀ ਰਾਸ਼ੀ , ਲੈਣ ਵਾਲੀ ਧਿਰ ਘਰੇਲੂ ਵਹੀ `ਤੇ ਲਿਖ ਲਿਆ ਕਰਦੀ ਸੀ ਤਾਂ ਜੋ ਨਿਉਂਦਾ ਪਰਤਾਏ ਜਾਣ ਸਮੇਂ ਲਏ ਹੋਏ ਸ਼ਗਨ ਦੀ ਰਾਸ਼ੀ ਚੇਤੇ ਰਹਿ ਸਕੇ । ਜੱਦੀ ਰਿਹਾਇਸ਼ ਵਾਲੇ ਪਿੰਡਾਂ ਅਤੇ ਭਾਈਚਾਰਿਕ ਬਰਾਦਰੀਆਂ ਵਿੱਚ ਨਿਉਂਦਾ-ਰੀਤ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਸੀ । ਇੱਕ ਧਾਰਨਾ ਅਨੁਸਾਰ ਸਮੇਂ-ਸਮੇਂ ਵੱਖ-ਵੱਖ ਅੰਗਾਂ-ਸਾਕਾਂ ਨੂੰ ਥੋੜ੍ਹੇ- ਥੋੜ੍ਹੇ ਰੂਪ ਵਿੱਚ ਦਿੱਤੀ ਰਾਸ਼ੀ ਵਿਆਹ ਸ਼ਾਦੀ ਸਮੇਂ ਬਿਨਾਂ ਕਿਸੇ ਤਰੱਦਦ ਇਕੱਠੀ ਮਿਲ ਜਾਣ `ਤੇ ਆਰਥਿਕ ਪੱਖੋਂ ਕਾਫ਼ੀ ਸਹਾਈ ਸਮਝੀ ਜਾਂਦੀ ਸੀ ।

        ਇਉਂ ਨਿਉਂਦਾ ਰੀਤ ਦਾ ਚਲਨ ਖ਼ੁਸ਼ੀ ਦੇ ਅਵਸਰਾਂ ਨਾਲ ਜੁੜਿਆ ਹੋਇਆ ਹੈ , ਗ਼ਮੀ ਸਮੇਂ ਮੋੜਵੇਂ ਰੂਪ ਵਿੱਚ ਨਿਉਂਦਾ ਲੈਣ ਜਾਂ ਦੇਣ ਦਾ ਰਿਵਾਜ ਪ੍ਰਚਲਿਤ ਨਹੀਂ ਹੈ । ਗ਼ਮੀ ਸਮੇਂ ਮਦਦ ਵਜੋਂ ਤਾਂ ਰਾਸ਼ੀ ਦਿੱਤੀ ਜਾ ਸਕਦੀ ਹੈ ਪਰ ਦਿੱਤੀ ਰਾਸ਼ੀ ਮੋੜਨ ਦੇ ਆਸ਼ੇ ਨਾਲ ਲਿਖਣੀ ਨਿਸ਼ੇਧ ਹੈ ।

        ਕਿਸੇ ਅਜਿਹੀ ਹਾਲਤ ਵਿੱਚ ਜਦੋਂ ਕੋਈ ਪਰਿਵਾਰ ਕਿਸੇ ਪਰਿਵਾਰ ਦੀ ਖ਼ੁਸ਼ੀ ਵਿੱਚ ਪਹਿਲੀ ਵਾਰ ਸ਼ਾਮਲ ਹੋ ਰਿਹਾ ਹੋਵੇ , ਤਦ ਵੀ ਉਹ ਸ਼ਗਨ ਦੇਣ ਦੀ ਪਹਿਲ ਕਰ ਕੇ ਭਾਈਚਾਰਿਕ ਸੰਬੰਧਾਂ ਦੀ ਸ਼ੁਰੂਆਤ ਕਰ ਸਕਦਾ ਹੈ , ਜਿਸ ਨੂੰ ਸ਼ਗਨ ਲੈਣ ਵਾਲਾ ਪਰਿਵਾਰ ਲਿਖਤੀ ਰੂਪ ਵਿੱਚ ਅੰਕਿਤ ਕਰਦਾ ਹੈ । ਕਿਸੇ ਬੇ-ਔਲਾਦ ਤੋਂ ਨਿਉਂਦਾ ਲੈਣ ਸਮੇਂ ਇਸ ਲਈ ਸੰਕੋਚ ਕੀਤਾ ਜਾਂਦਾ ਹੈ ਤਾਂ ਜੋ ਸ਼ਗਨ ਪਰਤਾਉਣਾ ਮੁਸ਼ਕਲ ਨਾ ਹੋਵੇ ਪਰ ਮੂਲੋਂ ਇਨਕਾਰ ਕਰਨਾ ਇਸ ਲਈ ਵਾਜਬ ਨਹੀਂ ਹੁੰਦਾ ਤਾਂ ਕਿ ਵਿਅਕਤੀ ਨੂੰ ਬੇ-ਔਲਾਦ ਹੋਣ ਦਾ ਅਹਿਸਾਸ ਨਾ ਹੋਵੇ । ਕਿਸੇ ਅਜਿਹੀ ਹਾਲਤ ਵਿੱਚ ਜਦੋਂ ਕਿਸੇ ਪਰਿਵਾਰ ਵਿੱਚ ਆਪਣੇ ਬੱਚਿਆਂ ਦੀ ਗਿਣਤੀ ਥੋੜ੍ਹੀ ਹੋਣ ਕਾਰਨ ਘਰ ਵਿੱਚ ਵਿਆਹ ਆਦਿ ਦੇ ਅਵਸਰ ਘੱਟ ਹੋਣ ਦੀ ਉਮੀਦ ਹੋਵੇ ਤਦ ਕਿਸੇ ਵੱਡ-ਆਕਾਰੇ ਪਰਿਵਾਰ ਵਿੱਚ ਨਿਉਂਦਾ ਦੇਣ ਸਮੇਂ ਇਸ ਗੱਲ ਦੀ ਗੁੰਜਾਇਸ਼ ਰੱਖ ਲਈ ਜਾਂਦੀ ਹੈ ਕਿ ਦਿੱਤਾ ਹੋਇਆ ਨਿਉਂਦਾ ਥੋੜ੍ਹੇ ਬਹੁਤੇ ਫ਼ਰਕ ਨਾਲ ਪਰਤ ਸਕੇ । ਨਿਉਂਦਾ ਸੰਜੀਦਾ ਰੂਪ ਵਿੱਚ ਮੋੜੇ ਜਾਣ ਵਾਲੀ ਰਾਸ਼ੀ ਹੁੰਦੀ ਹੈ , ਇਸ ਲਈ ਕਈ ( ਗ਼ਰੀਬ ਜਾਂ ਖ਼ੁਸ਼ੀ ਦੇ ਘੱਟ ਅਵਸਰਾਂ ਵਾਲੇ ) ਪਰਿਵਾਰ ਵੱਡੀ ਰਕਮ ਲੈਣ ਤੋਂ ਸੰਕੋਚ ਕਰਦੇ ਹਨ , ਤਾਂ ਜੋ ਮੋੜਨ ਦੀ ਸੂਰਤ ਵਿੱਚ ਮੁਸ਼ਕਲ ਨਾ ਪੇਸ਼ ਆਵੇ ।

        ਕੁਝ ਸਮਾਂ ਪਹਿਲਾਂ ਤੱਕ ਨਿਉਂਦਾ ਲੈਣ ਦਾ ਇੱਕ ਵਿਸ਼ੇਸ਼ ਵਿਧੀ-ਵਿਧਾਨ ਪ੍ਰਚਲਿਤ ਰਿਹਾ ਹੈ । ਧੀ ਦੇ ਵਿਆਹ ਸਮੇਂ ਜੰਞ ਆਉਣ ਤੋਂ ਪਹਿਲਾਂ ਅਤੇ ਪੁੱਤਰ ਦੀ ਜੰਞ ਜਾਣ ਤੋਂ ਇੱਕ ਦਿਨ ਪਹਿਲਾਂ ਵਿਆਹ ਵਾਲਾ ਪਰਿਵਾਰ ਦੁਪਹਿਰ ਦੀ ਰੋਟੀ ਤੋਂ ਬਾਅਦ ਨਿਉਂਦਾ ਲੈਣ ਦੀ ਰਸਮ ਨਿਭਾਉਂਦਾ ਹੈ , ਜਿਸ ਵਿੱਚ ਨਿਉਂਦਾ ਦੇਣ ਅਤੇ ਲੈਣ ਵਾਲੀਆਂ ਧਿਰਾਂ ਧਰਤੀ ਉੱਤੇ ਦਰੀਆਂ ਆਦਿ ਵਿਛਾ ਕੇ ਬੈਠਦੀਆਂ ਹਨ ।

        ਨਿਉਂਦਾ ਲੈਣ ਵਾਲੀ ਧਿਰ , ਘਰੇਲੂ ਵਹੀ , ਇੱਕ ਥਾਲੀ ਵਿੱਚ ਮਿਸ਼ਰੀ , ਮੌਲੀ , ਚਾਵਲ , ਸੰਧੂਰ ਅਤੇ ਸਵਾ ਰੁਪਿਆ ਰੱਖ ਕੇ ਲਿਆਉਂਦੀ ਹੈ । ਨਿਉਂਦਾ ਲੈਣ ਸਮੇਂ ਪਰਿਵਾਰ ਦੇ ਆਗੂ ਵਿਅਕਤੀਆਂ ਦਾ ਹਾਜ਼ਰ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ , ਕਿਉਂਕਿ ਕਈ ਹਾਲਤਾਂ ਵਿੱਚ ਮੌਕੇ `ਤੇ ਹੀ ਫ਼ੈਸਲਾ ਕਰਨਾ ਹੁੰਦਾ ਹੈ ਕਿ ਕਿੰਨੀ ਰਾਸ਼ੀ ਲੈਣੀ ਵਾਜਬ ਹੋਵੇਗੀ ।

        ਵਹੀ ਪੁਰ ਨਿਉਂਦਾ ਲਿਖਣ ਸਮੇਂ ਸਭ ਤੋਂ ਪਹਿਲਾਂ ਸਵਾ ਰੁਪਿਆ ਘਰ ਦਾ ਲਿਖੇ ਜਾਣ ਦਾ ਚਲਨ ਹੈ । ਉਸ ਉਪਰੰਤ ਸਾਕਾਦਾਰੀ ਦੀ ਦਰਜਾਬੰਦੀ ਅਨੁਸਾਰ ਨਿਉਂਦਾ ਲਿਖੇ ਜਾਣ ਦੀ ਰੀਤ ਹੈ । ਇਸ ਦਰਜਾਬੰਦੀ ਵਿੱਚ ਕ੍ਰਮ ਅਨੁਸਾਰ , ਨਾਨਕੇ , ਦਾਦਕੇ , ਸ਼ਰੀਕਾ , ਬਰਾਦਰੀ , ਭਾਈਚਾਰਾ ਅਤੇ ਅੰਤ ਵਿੱਚ ਮਿੱਤਰ-ਸਨੇਹੀ ਆਉਂਦੇ ਹਨ । ਨਿਉਂਦਾ ਲਿਖਦੇ ਸਮੇਂ ਜੇਕਰ ਦਰਜਾਬੰਦੀ ਅਨੁਸਾਰ ਕੋਈ ਧਿਰ ਕਿਸੇ ਕਾਰਨ ਮੌਕੇ `ਤੇ ਹਾਜ਼ਰ ਨਾ ਹੋਵੇ ਤਾਂ ਉਹਨਾਂ ਦਾ ਨਿਉਂਦਾ ਲਿਖਣ ਲਈ ਥਾਂ ਖ਼ਾਲੀ ਛੱਡ ਲਈ ਜਾਂਦੀ ਹੈ । ਅੰਤ ਵਿੱਚ ਮੌਜੂਦਾ ਜੋੜ ਲਾ ਕੇ ਬੈਠੇ ਅੰਗਾਂ- ਸਾਕਾਂ ਨੂੰ ਇਕੱਤਰ ਹੋਈ ਰਕਮ ਸੁਣਾ ਦਿੱਤੀ ਜਾਂਦੀ ਹੈ । ਇੱਕ ਧਾਰਨਾ ਅਨੁਸਾਰ ਨਿਉਂਦੇ ਦੀ ਇਕੱਤਰ ਹੋਈ ਰਕਮ ਤੋਂ ਹੀ ਕਿਸੇ ਵਿਅਕਤੀ ਦੇ ਸਾਕਾਚਾਰੀ ਵਿਚਲੇ ਮਿਲਵਰਤਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਪਹਿਲੇ ਸਮਿਆਂ ਵਿੱਚ ਨਿਉਂਦਾ ਲਿਖਣ ਦਾ ਕਾਰਜ ਵਿਸ਼ੇਸ਼ ਪੜ੍ਹੇ ਲਿਖੇ ਵਿਅਕਤੀ ਨਿਭਾਉਂਦੇ ਸਨ , ਜਿਨ੍ਹਾਂ ਦੀ ਲਿਖਾਈ ਸਾਫ਼ ਹੁੰਦੀ ਸੀ ਅਤੇ ਸੰਬੰਧਿਤ ਪਰਿਵਾਰ ਅਨਪੜ੍ਹ ਹੋਣ ਦੀ ਸੂਰਤ ਵਿੱਚ ਕਿਸੇ ਦੇ ਵਿਆਹ ਸ਼ਾਦੀ `ਤੇ ਜਾਣ ਸਮੇਂ ਨਿਉਂਦਾ ਪੜ੍ਹਵਾ ਕੇ ਜਾਇਆ ਕਰਦਾ ਸੀ । ਵਹੀ ਵਿੱਚ ਕ੍ਰਮ ਅਨੁਸਾਰ ਤਾਂ ਰਾਸ਼ੀ ਹੀ ਲਿਖੀ ਜਾਂਦੀ ਸੀ , ਪਰ ਨਾਨਕਿਆਂ ਜਾਂ ਕਿਸੇ ਹੋਰ ਨੇੜਲੇ ਸਾਕ-ਸੰਬੰਧੀ ਵੱਲੋਂ ਗਹਿਣੇ , ਬਿਸਤਰੇ , ਪਲੰਘ-ਪੀੜ੍ਹਾ , ਮੇਜ , ਕੁਰਸੀਆਂ , ਭਾਂਡੇ , ਪੇਟੀ ਜਾਂ ਕੋਈ ਹੋਰ ਉਚੇਚੀ ਦਿੱਤੀ ਵਸਤੂ ਨੂੰ ਨਿਉਂਦੇ ਦੇ ਅੰਤ ਵਿੱਚ ਯਾਦਾਸ਼ਤ ਵਜੋਂ ਵੇਰਵੇ ਸਾਹਿਤ ਲਿਖ ਲਿਆ ਜਾਂਦਾ ਹੈ ।

        ਕਈ ਜੱਦੀ ਰਹਿਤਲ ਵਾਲੇ ਪਿੰਡਾਂ ਵਿੱਚ ਜਿੱਥੋਂ ਕਿਸੇ ਪਰਿਵਾਰ ਦੇ ਛੇਤੀ ਕਿਧਰੇ ਦੂਰ ਜਾ ਵੱਸਣਾ ਸੰਭਵ ਨਾ ਹੋਵੇ । ਉੱਥੇ ਨਿਉਂਦਾ ਲਿਖਣ ਸਮੇਂ ਵਿਸ਼ੇਸ਼ ਵੇਰਵਾ ਪਾਇਆ ਜਾਂਦਾ ਹੈ ਕਿ ਏਨਾ ਨਿਉਂਦਾ ਪਿਛਲਾ , ਏਨਾ ਨਿਵੰਦਾ ( ਭਾਵ : ਅਗਾਊਂ ) ਹਿੰਦੂ ਪਰਿਵਾਰਾਂ ਵਿੱਚ ਸਭ ਤੋਂ ਉੱਤੇ ਓਮ ਅਤੇ ਸਵਾਸਤਿਕ ਚਿੰਨ੍ਹ ਬਣਾਉਣ ਦੀ ਰੀਤ ਹੈ , ਜਦ ਕਿ ਸਿੱਖ ਪਰਿਵਾਰਾਂ ਵਿੱਚ ੴ ਜਾਂ ਗੁਰਬਾਣੀ ਦੀ ਕੋਈ ਤੁਕ ਲਿਖਣ ਦਾ ਰਿਵਾਜ ਪ੍ਰਚਲਿਤ ਹੈ । ਇਉਂ ਇਹ ਨਿਉਂਦਾ ਲੈਣ-ਦੇਣ ਦਾ ਪ੍ਰਚਲਨ ਪੀੜ੍ਹੀ ਦਰ ਪੀੜ੍ਹੀ ਚਲਦੇ ਰਹਿਣ ਦੀ ਰੀਤ ਹੈ ।

        ਅਜੋਕੇ ਸਮੇਂ ਕਿਉਂਕਿ ਵਿਆਹ ਸ਼ਾਦੀਆਂ ਵਿੱਚ ਅੰਗਾਂ- ਸਾਕਾਂ ਵੱਲੋਂ ਵਿਆਹ ਵਾਲੇ ਘਰ ਰਾਤ ਰਹਿਣ ਦਾ ਚਲਨ ਨਹੀਂ ਹੈ , ਇਸ ਲਈ ਹਰ ਆਇਆ ਵਿਅਕਤੀ ਵਿਤ ਜਾਂ ਸਾਕਾਦਾਰੀ ਦੀ ਦਰਜਾਬੰਦੀ ਅਨੁਸਾਰ ਸ਼ਗਨ ਨਿਉਂਦੇ ਦੀ ਰਕਮ ਲਿਫਾਫੇ ਵਿੱਚ ਪਾ ਕੇ ਉਪਰ ਆਪਣਾ ਨਾਂ ਲਿਖ ਕੇ ਸੰਬੰਧਿਤ ਵਿਅਕਤੀ ਨੂੰ ਦੇ ਦਿੰਦਾ ਹੈ ਤਾਂ ਜੋ ਇੱਕ ਤਾਂ ਦਿੱਤੀ ਰਾਸ਼ੀ ਉਸ ਸਮੇਂ ਉਚੇਚ ਨਾਲ ਲਿਖਣ ਦੀ ਲੋੜ ਨਾ ਪਵੇ ਅਤੇ ਪ੍ਰਾਪਤ ਨਿਉਂਦਾ ਘਰ ਜਾ ਕੇ ਸੌਖ ਨਾਲ ਲਿਖਿਆ ਜਾ ਸਕੇ । ਪਹਿਲੇ ਸਮਿਆਂ ਵਿੱਚ ਇਕੱਤਰ ਨਿਉਂਦਾ ਜੋੜ ਲਾ ਕੇ ਨਸ਼ਰ ਕੀਤਾ ਜਾਂਦਾ ਸੀ । ਅਜੋਕੇ ਸਮੇਂ ਇਸ ਰੀਤ ਨੂੰ ਨਾ-ਪਸੰਦ ਕੀਤਾ ਜਾਂਦਾ ਹੈ ਅਤੇ ਵਿਆਹ ਆਦਿ ਸਮੇਂ ਇਕੱਤਰ ਹੋਈ ਰਾਸ਼ੀ ਨੂੰ ਗੁਪਤ ਹੀ ਰੱਖਿਆ ਜਾਂਦਾ ਹੈ । ਅਜੋਕੇ ਸਮੇਂ ਨਿਉਂਦਾ ਜਾਂ ਸ਼ਗਨ ਕੇਵਲ ਵਿਆਹ ਸਮੇਂ ਲੈਣ ਦੀ ਹੀ ਰੀਤ ਨਹੀਂ ਹੈ , ਕੁੜਮਾਈ , ਮਕਾਨ ਦੀ ਚੱਠ , ਮੁੰਡਨ ਜਾਂ ਕਿਸੇ ਵੀ ਖ਼ੁਸ਼ੀ ਦੇ ਅਵਸਰ `ਤੇ ਲਿਆ ਅਤੇ ਦਿੱਤਾ ਜਾਂਦਾ ਹੈ ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਿਉਂਦਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਉਂਦਾ   ਸੰਗ੍ਯਾ— ਨਿਮੰਤ੍ਰਣ. “ ਪਠ੍ਯੋ ਮ੍ਰਿਗਵਾ ਕਹਿਂ ਕੇਹਰਿ ਨਿਉਤਾ.” ( ਕ੍ਰਿਸਨਾਵ ) ੨ ਸ਼ਾਦੀ ਆਦਿ ਸਮੇਂ ਵਿੱਚ ਬੁਲਾਏ ਹੋਏ ਸੰਬੰਧੀ ਅਤੇ ਮਿਤ੍ਰਾਂ ਵੱਲੋਂ ਦਿੱਤੀ ਹੋਈ ਰਕ਼ਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.