ਨਿਧਾਨ ਸਿੰਘ ਚੁਘਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਿਧਾਨ ਸਿੰਘ ਚੁਘਾ (1855-1936 ਈ.): ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਚੁਘਾ ਪਿੰਡ ਵਿਚ ਸ. ਸੁੰਦਰ ਸਿੰਘ ਦੇ ਘਰ ਸੰਨ 1855 ਈ. ਵਿਚ ਪੈਦਾ ਹੋਇਆ ਨਿਧਾਨ ਸਿੰਘ ਇਕ ਪ੍ਰਮੁਖ ਗ਼ਦਰੀ ਨੇਤਾ ਸੀ। ਸੰਨ 1882 ਈ. ਵਿਚ ਚੰਗੇ ਰੋਜ਼ਗਾਰ ਦੀ ਤਲਾਸ਼ ਵਿਚ ਇਹ ਸ਼ਿੰਘਾਈ ਗਿਆ। ਉਥੇ ਇਸ ਨੇ ਚੌਕੀਦਾਰ ਵਜੋਂ ਕੰਮ ਸ਼ੁਰੂ ਕੀਤਾ ਅਤੇ ਸਥਾਨਕ ਗੁਰਦੁਆਰੇ ਦਾ ਖ਼ਜ਼ਾਨਚੀ ਵੀ ਰਿਹਾ। ਉਥੇ ਕਾਫ਼ੀ ਸਾਲ ਰਹਿਣ ਤੋਂ ਬਾਦ ਇਹ ਅਮਰੀਕਾ ਚਲਾ ਗਿਆ। ਉਥੇ ਉਦੋਂ ਹੀ ਗ਼ਦਰ ਪਾਰਟੀ ਦੀ ਸਥਾਪਨਾ ਹੋਈ ਸੀ। ਇਹ ਉਸ ਪਾਰਟੀ ਵਿਚ ਸ਼ਾਮਲ ਹੋ ਗਿਆ ਅਤੇ ਉਸ ਦੀ ਕਾਰਜ ਸਾਧਕ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ। ਅਪ੍ਰੈਲ 1914 ਈ. ਵਿਚ ਇਹ ਖ਼ਾਲਸਾ ਦੀਵਾਨ ਸੋਸਾਇਟੀ , ਸਟਾਕਟਨ (ਕੈਲੇਫੋਰਨੀਆ) ਦਾ ਪ੍ਰਧਾਨ ਚੁਣਿਆ ਗਿਆ।
ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋ ਜਾਣ ਤੋਂ ਬਾਦ ਇਹ ਵੀ ਅਮਰੀਕਾ ਤੋਂ ਹਿੰਦੁਸਤਾਨ ਵਲ ਚਲ ਪਿਆ ਤਾਂ ਜੋ ਅੰਗ੍ਰੇਜ਼ ਸਰਕਾਰ ਦੇ ਵਿਰੁੱਧ ਸਸ਼ਸਤ੍ਰ ਕਾਰਵਾਈ ਕੀਤੀ ਜਾ ਸਕੇ। ਸੰਨ 1914 ਈ ਦੇ ਅਗਸਤ ਦੇ ਅੰਤ ਵਿਚ ਇਹ ਸਾਂਫ੍ਰਾਂਸਿਸਕੋ ਤੋਂ ਚਲਿਆ ਅਤੇ ਜਾਪਾਨ ਪਹੁੰਚਿਆ। ਉਥੋਂ ਇਹ ਅਸਲੇ ਸਮੇਤ ਮਲਾਇਆ ਪਹੁੰਚਿਆ ਅਤੇ ਕਈ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਦਾ ਹੋਇਆ 7 ਨਵੰਬਰ 1914 ਈ. ਨੂੰ ਲੁਧਿਆਣੇ ਪਹੁੰਚਿਆ। ਇਸ ਨੂੰ ਲੁਧਿਆਣੇ ਜ਼ਿਲ੍ਹੇ ਵਿਚ ਸਸ਼ਸਤ੍ਰ ਕ੍ਰਾਂਤੀ ਮਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਨੇ ਦੋ ਪਿੰਡਾਂ ਵਿਚ ਬੰਬ ਬਣਾਉਣ ਲਈ ਵਿਵਸਥਾ ਕਰਨ ਵਿਚ ਮਹੱਤਵਪੂਰਣ ਯੋਗਦਾਨ ਦਿੱਤਾ। ਇਸ ਨੇ 30 ਨਵੰਬਰ 1914 ਈ. ਨੂੰ ਫ਼ਿਰੋਜ਼ਪੁਰ ਛਾਵਣੀ ਦਾ ਅਸਲਾ ਲੁਟਣ ਦੀ ਯੋਜਨਾ ਬਣਾਈ ਪਰ ਸਫਲ ਨ ਹੋ ਸਕਿਆ ਅਤੇ ਭੇਸ ਵਟਾ ਕੇ ਇਧਰ ਉਧਰ ਫਿਰਦਾ ਰਿਹਾ। 29 ਅਪ੍ਰੈਲ 1915 ਈ. ਨੂੰ ਇਹ ਰੂੜ ਸਿੰਘ ਸਮੇਤ ਕਮਾਲਪੁਰਾ ਨਾਂ ਦੇ ਪਿੰਡ ਵਿਚੋਂ ਪਕੜਿਆ ਗਿਆ ਅਤੇ ਪਹਿਲੇ ਲਾਹੌਰ ਸਾਜ਼ਿਸ਼ ਦੇ ਮੁਕੱਦਮੇ ਵਿਚ ਮੌਤ ਦੀ ਸਜ਼ਾ ਪਾਈ। ਬਾਦ ਵਿਚ ਮੌਤ ਦੀ ਸਜ਼ਾ ਉਮਰ-ਭਰ ਜਲਾਵਤਨੀ ਵਿਚ ਬਦਲ ਗਈ। ਸਜ਼ਾ ਭੁਗਤਣ ਤੋਂ ਬਾਦ ਇਹ ਪੰਜਾਬ ਪਰਤਿਆ ਅਤੇ ਧਰਮ-ਕਰਮ ਵਿਚ ਮਗਨ ਹੋ ਗਿਆ। ਇਸ ਦੀਆਂ ਧਾਰਮਿਕ ਰੁਚੀਆਂ ਕਾਰਣ ਲੋਕ ਇਸ ਦਾ ਬਹੁਤ ਆਦਰ ਕਰਦੇ ਸਨ। 14 ਅਕਤੂਬਰ 1932 ਈ. ਵਿਚ ਜਦੋਂ ਪੰਜਾ ਸਾਹਿਬ ਦੇ ਹਰਿਮੰਦਿਰ ਸਾਹਿਬ ਦੀ ਨੀਂਹ ਰਖੀ ਗਈ, ਤਾਂ ਨੀਂਹ ਰਖਣ ਵਾਲੇ ਪੰਜ ਪਿਆਰਿਆਂ ਵਿਚ ਇਸ ਨੂੰ ਸ਼ਾਮਲ ਕੀਤਾ ਗਿਆ। ਇਹ ਗੁਰਦੁਆਰਾ ਲੋਹਗੜ੍ਹ (ਦੀਨਾ-ਕਾਂਗੜ) ਅਤੇ ਗੁਰਦੁਆਰਾ ਸਿੰਘ ਸਭਾ , ਮੋਗਾ ਦਾ ਪ੍ਰਧਾਨ ਵੀ ਰਿਹਾ। 6 ਦਸੰਬਰ 1936 ਈ. ਨੂੰ ਇਸ ਦਾ ਦੇਹਾਂਤ ਮੋਗਾ ਨਗਰ ਵਿਚ ਹੋਇਆ। ਗ਼ਦਰ ਪਾਰਟੀ ਦੀ ਕਾਰਵਾਈ ਭਾਵੇਂ ਸਫਲ ਨ ਹੋ ਸਕੀ, ਪਰ ਇਸ ਨੇ ਪੂਰੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਕੈਦ ਕਟੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First