ਨਿਬੰਧ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਬੰਧ : ਆਧੁਨਿਕ ਵਾਰਤਕ ਦਾ ਪ੍ਰਮਾਣਿਕ ਅਤੇ ਨਵੇਕਲਾ ਸਾਹਿਤ ਰੂਪ ਨਿਬੰਧ ਹੈ । ਇਸ ਨੂੰ ਵਾਰਤਕ ਦੀ ਕਸਵੱਟੀ ਮੰਨਿਆ ਗਿਆ ਹੈ । ਇਸ ਸਾਹਿਤ ਵਿਧਾ ਵਿੱਚ ਨਿਬੰਧਕਾਰ ਆਪਣੀ ਬੌਧਿਕ ਸਮਰੱਥਾ ਅਨੁਸਾਰ ਨਿੱਜੀ ਅਨੁਭਵਾਂ ਨੂੰ ਆਧਾਰ ਬਣਾ ਕੇ ਕਿਸੇ ਵਿਸ਼ੇ ਬਾਰੇ ਕੁਝ ਕਹਿਣ ਦਾ ਯਤਨ ਕਰਦਾ ਹੈ । ਲੇਖਕ ਨਿਬੰਧ ਵਿੱਚ ਜੀਵਨ ਅਤੇ ਸਮਾਜ ਨਾਲ ਸੰਬੰਧਿਤ ਕਿਸੇ ਸਮੱਸਿਆ ਪ੍ਰਤਿ ਆਪਣਾ ਪ੍ਰਤਿਕਰਮ ਇਸ ਤਰ੍ਹਾਂ ਪ੍ਰਗਟ ਕਰਦਾ ਹੈ ਕਿ ਉਹ ਵੱਧ ਤੋਂ ਵੱਧ ਰੋਚਕ , ਭਾਵ ਪੂਰਤ ਅਤੇ ਚਮਤਕਾਰੀ ਬਣ ਜਾਵੇ । ਇਸ ਦ੍ਰਿਸ਼ਟੀ ਤੋਂ ਨਿਬੰਧ ਸ੍ਵੈ-ਪ੍ਰਗਟਾਵੇ ਦਾ ਵਧੀਆ ਮਾਧਿਅਮ ਹੈ ।

        ਨਿਬੰਧ ਸ਼ਬਦ ਦੇ ਕੋਸ਼ਗਤ ਅਰਥ ‘ ਚੰਗੀ ਤਰ੍ਹਾਂ ਬੰਨ੍ਹਣਾ’ , ‘ ਗੁੰਦਣਾ’ , ‘ ਇਕੱਠਾ ਕਰਨਾ’ , ‘ ਪਰੋ ਕੇ ਰੱਖਣਾ’ ਆਦਿ ਹਨ । ਪੁਰਾਤਨ ਕਾਲ ਵਿੱਚ ਕਾਗ਼ਜ਼ ਦੀ ਅਣਹੋਂਦ ਕਾਰਨ ਭੋਜ-ਪੱਤਰਾਂ ਤੇ ਲਿਖਿਆ ਜਾਂਦਾ ਸੀ । ਇਹਨਾਂ ਭੋਜ- ਪੱਤਰਾਂ ਨੂੰ ਇਕੱਠਾ ਕਰ ਕੇ ਬੰਨ੍ਹਣ ਦੀ ਪ੍ਰਕਿਰਿਆ ਹੀ ਨਿਬੰਧ ਅਖਵਾਉਂਦੀ ਸੀ । ਅੰਗਰੇਜ਼ੀ ਵਿੱਚ ਨਿਬੰਧ ਦਾ ਪਰਿਆਇ ਐੱਸਏ ( Essay ) ਹੈ । ਇਸ ਦਾ ਮੁਢਲਾ ਅਰਥ ਤਰਕ ਅਤੇ ਪੂਰਨਤਾ ਦਾ ਅਧਿਕ ਖ਼ਿਆਲ ਨਾ ਰੱਖਣ ਵਾਲਾ ਗੱਦ ਰੂਪ ਸੀ । ਹੁਣ ਇਸ ਦੇ ਅਰਥ ਭਾਵ , ਵਿਚਾਰ , ਦਲੀਲ ਅਤੇ ਸੁਯੋਗ ਵਿਆਖਿਆ ਦੇ ਸੁਮੇਲ ਦੇ ਬਣ ਗਏ ਹਨ । ਬੌਧਿਕ ਚਿੰਤਨ ਅਤੇ ਵਿਗਿਆਨਿਕ ਚੇਤਨਾ ਦੇ ਇਸ ਯੁੱਗ ਵਿੱਚ ਨਿਬੰਧ ਹਰ ਪ੍ਰਕਾਰ ਦੇ ਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਇੱਕ ਸਫਲ ਅਤੇ ਉਪਯੋਗੀ ਮਾਧਿਅਮ ਬਣ ਗਿਆ ਹੈ ।

        ਇੱਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਲੇਖ ਅਤੇ ਨਿਬੰਧ ਵਿੱਚ ਵਿਆਪਕ ਅੰਤਰ ਹੈ । ਲੇਖ ਭਾਵ ਪ੍ਰਧਾਨ , ਅੰਤਰ ਮੁਖੀ , ਵਿਅਕਤੀਗਤ ਅਤੇ ਗ਼ੈਰ-ਰਸਮੀ ਰਚਨਾ ਹੈ ਜਿਸ ਵਿੱਚ ਕਲਪਨਾ ਨੂੰ ਉਡਾਰੀ ਦੀ ਖੁੱਲ੍ਹ ਹੁੰਦੀ ਹੈ , ਜਦ ਕਿ ਨਿਬੰਧ ਵਿਚਾਰ ਪ੍ਰਧਾਨ , ਬਾਹਰਮੁਖੀ , ਵਿਸ਼ੇਬੱਧ ਅਤੇ ਰਸਮੀ ਕਿਸਮ ਦੀ ਰਚਨਾ ਹੈ , ਜਿਸ ਵਿੱਚ ਵਿਚਾਰਾਂ ਦਾ ਵਿਕਾਸ ਹੁੰਦਾ ਹੈ । ਇਹ ਤਰਕ ਪੂਰਨ ਅਤੇ ਆਲੋਚਨਾਤਮਿਕ ਹੁੰਦਾ ਹੈ । ਲੇਖ ਤੋਂ ਭਾਵੁਕ ਅਨੰਦ ਮਿਲਦਾ ਹੈ , ਜਦ ਕਿ ਨਿਬੰਧ ਬੌਧਿਕ ਸੰਤੁਸ਼ਟੀ ਪ੍ਰਦਾਨ ਕਰਦਾ ਹੈ । ਲੇਖ ਵਿੱਚੋਂ ਲੇਖਕ ਦੇ ਵਿਅਕਤਿਤਵ ਦੀ ਝਲਕ ਮਿਲਦੀ ਹੈ ਪਰ ਨਿਬੰਧ ਵਿੱਚ ਨਿਬੰਧਕਾਰ ਦੀ ਯੋਗਤਾ ਅਤੇ ਬੁੱਧੀ ਦਾ ਪ੍ਰਭਾਵ ਪੈਂਦਾ ਹੈ । ਲੇਖ ਦੀ ਬਣਤਰ ਵਿਰਲੀ ਹੁੰਦੀ ਹੈ ਪਰ ਨਿਬੰਧ ਦੀ ਸ਼ੈਲੀ ਸੰਖੇਪ ਤੇ ਨਿਯਮਿਤ ਹੁੰਦੀ ਹੈ ।

        ਨਿਬੰਧ ਵਿੱਚ ਭਾਵ , ਵਿਚਾਰ , ਤਰਤੀਬ , ਭਾਸ਼ਾ ਅਤੇ ਸ਼ੈਲੀ ਆਦਿ ਤੱਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ । ਸੰਖੇਪਤਾ , ਜਜ਼ਬਿਆਂ ਦੀ ਰਵਾਨੀ , ਵਿਚਾਰਾਂ ਦਾ ਅਜ਼ਾਦ ਵੇਗ , ਸਰਲਤਾ , ਸਪਸ਼ਟਤਾ , ਨਿਰਸੰਕੋਚ ਪ੍ਰਗਟਾਅ , ਵਿਸ਼ੇ ਦਾ ਸੀਮਤ ਘੇਰਾ , ਲੇਖਕ ਦੀ ਮਨੋਦਸ਼ਾ , ਗਿਆਨ ਦੀ ਵਿਆਪਕਤਾ ਆਦਿ ਨਿਬੰਧ ਦੇ ਮੁੱਖ ਗੁਣ ਹਨ । ਭਾਵਾਂ ਅਤੇ ਵਿਚਾਰਾਂ ਦਾ ਸੰਬੰਧ ਮਨੁੱਖ ਦੇ ਅਨੁਭਵ ਨਾਲ ਹੈ । ਜਿੰਨਾ ਵਿਸ਼ਾਲ ਕਿਸੇ ਵਿਅਕਤੀ ਦਾ ਅਨੁਭਵ ਹੋਵੇਗਾ , ਓਨੇ ਹੀ ਡੂੰਘੇ ਭਾਵਾਂ ਅਤੇ ਵਿਚਾਰਾਂ ਦਾ ਉਹ ਮਾਲਕ ਹੋਵੇਗਾ । ਉਸ ਦੇ ਅਨੁਭਵ ਅਨੁਕੂਲ ਹੀ ਉਸ ਦਾ ਦ੍ਰਿਸ਼ਟੀਕੋਣ ਬਣਦਾ ਹੈ । ਨਿਬੰਧ ਦੀ ਰਚਨਾ ਲਈ ਡੂੰਘੇ ਨਿੱਜੀ ਅਨੁਭਵ ਦੀ ਲੋੜ ਹੁੰਦੀ ਹੈ । ਨਾਲ ਹੀ ਸਹਿਜ ਸੁਭਾਅ ਵੱਡੀ ਗੱਲ ਕਰਨ ਦੀ ਜਾਚ ਵੀ ਲੋੜੀਂਦੀ ਹੈ ।

        ਨਿਬੰਧ ਦਾ ਆਕਾਰ ਛੋਟਾ ਹੁੰਦਾ ਹੈ । ਬਾਕੀ ਵਾਰਤਕ ਰੂਪਾਂ ਜਿਵੇਂ ਨਾਵਲ , ਸਫ਼ਰਨਾਮਾ , ਜੀਵਨੀ ਆਦਿ ਵਿਸਤਾਰ ਦਾ ਸਹਾਰਾ ਲੈਂਦੇ ਹਨ ਪਰ ਨਿਬੰਧ ਦਾ ਹਰ ਵਾਕ ਅਤੇ ਹਰ ਸ਼ਬਦ ਅਰਥ ਭਰਪੂਰ ਹੁੰਦਾ ਹੈ । ਥੋੜ੍ਹੇ ਸ਼ਬਦਾਂ ਵਿੱਚ ਨਿੱਜੀ ਅਨੁਭਵ ਦੇ ਆਧਾਰ ਤੇ ਪ੍ਰਭਾਵਾਂ ਅਤੇ ਸੁਝਾਵਾਂ ਨੂੰ ਸੰਖੇਪ ਅਤੇ ਸੰਗਠਿਤ ਰੂਪ ਵਿੱਚ ਪੇਸ਼ ਕਰਨਾ ਹੀ ਨਿਬੰਧ ਦੀ ਵਡਿਆਈ ਹੈ । ਨਿਬੰਧ ਦਾ ਸਭ ਤੋਂ ਵੱਡਾ ਲੱਛਣ ਇਹੋ ਹੈ ਕਿ ਵਿਸ਼ੇ-ਵਸਤੂ ਦੇ ਪਸਾਰ ਅਤੇ ਆਕਾਰ ਪੱਖੋਂ ਇਹ ਸੀਮਤ ਖੇਤਰ ਵਾਲਾ ਗੱਦ ਰੂਪ ਹੈ । ਇਸ ਦਾ ਕੰਮ ਗੱਲ ਨੂੰ ਸਾਬਤ ਕਰਨਾ ਨਹੀਂ ਹੁੰਦਾ , ਬਲਕਿ ਉਸ ਦਾ ਚਿਤਰਨ ਕਰਨਾ ਹੁੰਦਾ ਹੈ ਕਿਉਂਕਿ ਇਹ ਕੋਈ ਖੋਜ ਕਾਰਜ ਨਹੀਂ-ਸਾਹਿਤ ਰੂਪ ਹੈ । ਇਸ ਵਿੱਚ ਕੋਈ ਇੱਕ ਕੇਂਦਰੀ ਵਿਚਾਰ ਹੁੰਦਾ ਹੈ , ਜਿਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ ਕਿ ਸੁਹਜ- ਸੁਆਦ ਦੇਵੇ । ਨਿਬੰਧ ਵਿੱਚ ਵਿਸ਼ੇ ਦੇ ਬਿਆਨ ਸਮੇਂ ਲੇਖਕ ਆਪਣੇ ਵਿਚਾਰ ਪੂਰੀ ਅਜ਼ਾਦੀ ਨਾਲ ਪੇਸ਼ ਕਰਦਾ ਹੈ , ਪਰ ਉਹ ਕਦੇ ਵੀ ਉਹਨਾਂ ਵਿਚਾਰਾਂ ਨੂੰ ਪਾਠਕਾਂ ਉੱਤੇ ਠੋਸ ਨਹੀਂ ਸਕਦਾ । ਚੰਗੇ ਨਿਬੰਧ ਵਿੱਚ ਦਿਲ ਨੂੰ ਟੁੰਬਣ ਦੀ ਵਧੇਰੇ ਸ਼ਕਤੀ ਹੁੰਦੀ ਹੈ , ਭਾਵੇਂ ਉਹ ਨਾਲ ਦੀ ਨਾਲ ਬੁੱਧੀ ਨੂੰ ਵੀ ਪ੍ਰਭਾਵਿਤ ਕਰਦਾ ਹੈ ।

        ਮਹਾਨ ਵਿਸ਼ੇ ਨਾਲ ਜੁੜੇ ਡੂੰਘੇ ਅਤੇ ਬੌਧਿਕ ਵਿਚਾਰਾਂ ਨੂੰ ਬੇ-ਤਰਤੀਬੇ ਢੰਗ ਨਾਲ ਪੇਸ਼ ਕਰ ਕੇ ਵਧੀਆ ਨਿਬੰਧ ਨਹੀਂ ਰਚਿਆ ਜਾ ਸਕਦਾ । ਕਹਿਣ ਤੋਂ ਭਾਵ ਕਿ ਭਾਵਾਂ ਅਤੇ ਵਿਚਾਰਾਂ ਨੂੰ ਖ਼ਾਸ ਤਰਤੀਬ ਨਾਲ ਪੇਸ਼ ਕੀਤਾ ਜਾਵੇ ਤਾਂ ਰਚਨਾ ਦਾ ਪ੍ਰਭਾਵ ਵੱਧ ਜਾਂਦਾ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਨਿਬੰਧਕਾਰ ਭਾਸ਼ਾ ਅਤੇ ਸ਼ੈਲੀ ਦਾ ਵਿਸ਼ੇਸ਼ ਧਿਆਨ ਰੱਖੇ । ਭਾਸ਼ਾ ਦਾ ਨਿਬੰਧ ਦੇ ਅਨੁਕੂਲ ਹੋਣਾ ਵੀ ਜ਼ਰੂਰੀ ਹੈ । ਭਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਅ ਲਈ ਵਧੀਆ ਸ਼ਬਦਾਵਲੀ ਅਤੇ ਨਵੇਕਲੀ ਸ਼ੈਲੀ ਨਿਬੰਧਕਾਰ ਨੂੰ ਵਿਲੱਖਣ ਬਣਾ ਦਿੰਦੀ ਹੈ ।

        ਨਿਬੰਧ ਦੇ ਕਈ ਸਰੂਪਾਂ ਬਾਰੇ ਵਿਚਾਰ ਦਿੱਤੇ ਜਾਂਦੇ ਹਨ । ਕੁਝ ਵਿਦਵਾਨ ਵਿਸ਼ੇ-ਵਸਤੂ ਅਨੁਸਾਰ ਨਿਬੰਧ ਦੇ ਰੂਪ ਨਿਰਧਾਰਿਤ ਕਰਦੇ ਹਨ । ਕੁਝ ਸ਼ੈਲੀ ਅਨੁਸਾਰ ਨਿਬੰਧ ਸਾਹਿਤ ਦਾ ਵਰਗੀਕਰਨ ਕਰਦੇ ਹਨ । ਐਨ- ਸਾਈਕਲੋਪੀਡੀਆ ਅਮੈਰੇਕਨਾ ਅਨੁਸਾਰ ਨਿਬੰਧ ਸਾਹਿਤ ਨੂੰ ਦੋ ਭਾਗਾਂ ਅੰਤਰਮੁਖੀ ਨਿਬੰਧ ਅਤੇ ਬਾਹਰਮੁਖੀ ਨਿਬੰਧ ਵਿੱਚ ਵੰਡਿਆ ਗਿਆ ਹੈ । ਅੰਤਰਮੁਖੀ ਨਿਬੰਧਾਂ ਦੇ ਖੇਤਰ ਵਿੱਚ ਚਿੰਤਨ ਪ੍ਰਧਾਨ ਅਤੇ ਨਿੱਜੀ ਅਨੁਭਵ ਵਾਲੇ ਨਿਬੰਧ ਸ਼ਾਮਲ ਕੀਤੇ ਜਾਂਦੇ ਹਨ । ਇਸਦੇ ਉਲਟ ਬਾਹਰਮੁਖੀ ਨਿਬੰਧਾਂ ਵਿੱਚ ਧਰਤੀ ਤੋਂ ਅਕਾਸ਼ ਤੱਕ ਮਨੁੱਖੀ ਜੀਵਨ ਨਾਲ ਸੰਬੰਧਿਤ ਕਿਸੇ ਵੀ ਵਿਸ਼ੇ ਬਾਰੇ ਲੇਖਕ ਆਪਣੀ ਸੋਝੀ ਅਤੇ ਗਿਆਨ ਦਾ ਪ੍ਰਗਟਾਵਾ ਕਰਦਾ ਹੈ । ਇੱਕ ਹੋਰ ਵੰਡ ਅਨੁਸਾਰ ਸੰਪੂਰਨ ਅਤੇ ਦਲੀਲਮਈ ਨਿਬੰਧ ਅਤੇ ਲਘੂ ਨਿਬੰਧ ( ਜੋ ਅਧੂਰੇ ਤੇ ਅਪੂਰਨ ਹੁੰਦੇ ਹਨ ) ਦੋ ਵਰਗ ਕਰ ਲਏ ਜਾਂਦੇ ਹਨ । ਭਾਰਤੀ ਤੇ ਵਿਸ਼ੇਸ਼ ਤੌਰ ਤੇ ਪੰਜਾਬੀ ਸਾਹਿਤ ਵਿੱਚ ਵਿਸ਼ੇ ਅਨੁਕੂਲ ਵੰਡ ਕਰਦਿਆਂ ਨਿਬੰਧਾਂ ਨੂੰ ਵਿਚਾਰਾਤਮਿਕ , ਬਿਰਤਾਂਤਕ , ਭਾਵਨਾਤਮਿਕ , ਆਲੋਚਨਾਤਮਿਕ , ਵਰਣਨਾਤਮਿਕ ਆਦਿ ਮੁੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ । ਇਸ ਤਰ੍ਹਾਂ ਵਿਸ਼ੇ ਵਸਤੂ ਦੀ ਦ੍ਰਿਸ਼ਟੀ ਤੋਂ ਮਨੁੱਖੀ ਜੀਵਨ ਅਤੇ ਪ੍ਰਕਿਰਤੀ ਨਾਲ ਸੰਬੰਧਿਤ ਹਰ ਵਿਸ਼ਾ ਨਿਬੰਧ ਦੀ ਪਕੜ ਵਿੱਚ ਆਉਂਦਾ ਹੈ । ਸਾਹਿਤਿਕ ਨਿਬੰਧ ਦੀ ਆਪਣੀ ਸੁਤੰਤਰ ਸਤ੍ਹਾ ਹੈ ।

        ਇਸ ਪ੍ਰਕਾਰ ਆਧੁਨਿਕ ਯੁੱਗ ਵਿੱਚ ਨਿਬੰਧ ਵਾਰਤਕ ਦੀ ਪ੍ਰਮੁਖ ਵੰਨਗੀ ਹੈ । ਇਸ ਸਾਹਿਤ ਰੂਪ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ , ਕਿਉਂਕਿ ਇਹ ਵਿਚਾਰ ਪ੍ਰਧਾਨ ਵਾਰਤਕ ਰੂਪ ਹੈ ਤੇ ਅਜੋਕਾ ਯੁੱਗ ਵੀ ਬੌਧਿਕ ਚਿੰਤਨ ਦਾ ਯੁੱਗ ਹੈ । ਇਸ ਵੇਲੇ ਜੀਵਨ ਦਾ ਵੱਡੇ ਤੋਂ ਵੱਡਾ ਅਤੇ ਗੁੰਝਲਦਾਰ ਤੋਂ ਗੁੰਝਲਦਾਰ ਮਸਲਾ ਨਿਬੰਧ ਦਾ ਵਿਸ਼ਾ ਬਣ ਸਕਦਾ ਹੈ । ਵੱਖ-ਵੱਖ ਤਰ੍ਹਾਂ ਦੀਆਂ ਉਲਝਣਾਂ ਵਿੱਚ ਫਸੇ ਅੱਜ ਦੇ ਮਨੁੱਖ ਲਈ ਨਿਬੰਧ ਬੜਾ ਉਪਯੋਗੀ ਸਿੱਧ ਹੋਇਆ ਹੈ । ਭਵਿੱਖ ਵਿੱਚ ਇਸ ਦੇ ਹੋਰ ਵਧੇਰੇ ਸਾਰਥਕ ਹੋਣ ਦੀ ਸੰਭਾਵਨਾ ਹੈ ।


ਲੇਖਕ : ਡੀ. ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਿਬੰਧ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਬੰਧ [ ਨਾਂਪੁ ] ਕਿਸੇ ਵਿਸ਼ੇ ਉੱਤੇ ਲਿਖੀ ਸੰਖਿਪਤ ਵਾਰਤਕ , ਵਿਸਤਰਿਤ ਲੇਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਿਬੰਧ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਬੰਧ . ਸੰ. ਸੰਗ੍ਯਾ— ਬੰਧਨ । ੨ ਉਹ ਵ੍ਯਾਖ੍ਯਾ , ਜਿਸ ਵਿੱਚ ਅਨੇਕ ਮਤਾਂ ਦੇ ਨਿਯਮ ( ਨੇਮ ) ਦਿਖਾਏ ਜਾਣ । ੩ ਗ੍ਰੰਥ । ੪ ਛੰਦਗ੍ਰੰਥ । ੫ ਵਿ— ਬਿਨਾ ਬੰਧਨ. ਆਜ਼ਾਦ. “ ਬੰਦਨ ਕਰੈ ਨਿਬੰਧ ਹ੍ਵੈ.” ( ਗੁਪ੍ਰਸੂ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਿਬੰਧ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਬੰਧ : ਨਿਬੰਧ ਦਾ ਮੌਲਿਕ ਅਰਥ ਹੈ ‘ ਬੰਨ੍ਹਣਾ’ । ਸੰਸਕ੍ਰਿਤ ਵਿਚ ‘ ਨਿਬੰਧ’ ਸ਼ਬਦ ਦਾ ਪ੍ਰਯੋਗ ਲਿਖੇ ਹੋਏ ਭੋਜ ਪਤਾਂ ਨੂੰ ਸੰਵਾਰ ਕੇ , ਸੀ ਪਰੋ ਕੇ , ਸਾਂਭ ਕੇ ਰੱਖਣ ਦੀ ਕ੍ਰਿਆ ਲਈ ਕੀਤਾ ਜਾਂਦਾ ਸੀ । ਸੰਸਕ੍ਰਿਤ ਵਿਚ ਨਿਬੰਧ ਦਾ ਸਮਾਨਾਰਥੀ ਸ਼ਬਦ ਪ੍ਰਬੰਧ ਹੈ ਜਿਹੜਾ ਸੁਲਭਤ ਵਿਸ਼ੈ ਉੱਤੇ ਕਲਪਨਾ ਦੁਆਰਾ ਗੱਦ ਜਾਂ ਪੱਦ ਵਿਚ ਰਚਿਤ ਗ੍ਰੰਥ ਲਈ ਵਰਤਿਆ ਜਾਂਦਾ ਸੀ । ਬਾਲਮੀਕ ਦੀ ਰਾਮਾਇਣ ਪ੍ਰਬੰਧ– ਕਾਵਿ ਅਤੇ ਦੰਡੀ ਦੇ ‘ ਦਸ਼ਕੁਮਾਰ ਚਰਿਤ’ ਦੀ ਕਥਾ ਨੂੰ ਪ੍ਰਬੰਧ ਕਾਵੑਯਾਤਮਕ ਆਖਿਆ ਗਿਆ ਹੈ । ਪਰੰਤੂ ਅੱਜ ਇਹ ਸ਼ਬਦ ਸਮਾਨਾਰਥੀ ਨਹੀਂ ਰਹੇ । ਅੱਜ ਦਾ ਪ੍ਰਬੰਧ ਕਿਸੇ ਵਿਸ਼ੇਸ਼ ਵਿਸ਼ੈ ਉੱਤੇ ਦਲੀਲ– ਯੁਕਤ ਅਤੇ ਨਿਆਂਪੂਰਣ ਕ੍ਰਮਬੱਧ ਲਿਖੀ ਰਚਨਾ ਦਾ ਨਾਉਂ ਹੈ ਜਿਸ ਵਿਚ ਲੇਖਕ ਆਪਣੇ ਉਦੇਸ਼ ਨੂੰ ਸਪਸ਼ਟ ਤੇ ਸਿੱਧ ਕਰਨ ਲਈ ਛੋਹੇ , ਅਣਛੋਹੇ ਹਵਾਲਿਆਂ ਤੋਂ ਕੰਮ ਲੈਂਦਾ ਹੈ । ਇਸ ਦਾ ਅੰਗ੍ਰੇਜ਼ੀ ਪਰਿਆਇ ‘ ਟ੍ਰੀਟੀਜ਼’ ( treatise ) ਜਾਂ ਥੀਸਿਸ ( thesis ) ਹੈ । ਪ੍ਰਬੰਧ ਤੋਂ ਛੁੱਟ ਨਿਬੰਧ ਦੇ ਪਰਿਆਇ ਦੇ ਰੂਪ ਵਿਚ ਲੇਖ , ਰਚਨਾ ਜਾਂ ਪ੍ਰਸਤਾਵ ਜਾਂ ਮਜ਼ਮੂਨ ਆਦਿ ਸ਼ਬਦ ਦੀ ਪ੍ਰਯੁਕਤ ਕੀਤੇ ਜਾਂਦੇ ਹਨ । ਲੇਖ ਜਾਂ ਆਰਟੀਕਲ ਵਿਚ ਲੇਖਕ ਕਿਸੇ ਵਿਸ਼ੈ ਉੱਤੇ ਸ਼ਾਸਤ੍ਰੀ ਢੰਗ ਨਾਲ ਚਾਨਣਾ ਪਾਉਂਦਾ ਹੈ । ਰਚਨਾ ਜਾਂ ਕੰਪੋਜ਼ੀਸ਼ਨ ਕਿਸੇ ਵਿਸ਼ੈ ਜਾਂ ਵਸਤੂ ਦੇ ਗੁਣ , ਦੋਸ਼ ਆਦਿ ਦੀ ਦ੍ਰਿਸ਼ਟੀ ਤੋਂ ਲੇਖਕ ਦੀ ਗੱਦਾਤਮਕ ਅਭਿਵਿਅਕਤੀ ਹੁੰਦੀ ਹੈ ।

                  ਆਧੁਨਿਕ ਨਿਬੰਧ ਮੂਲ ਅਤੇ ਪਰੰਪਰਾਵਾਦੀ ਅਰਥਾਂ ਵਿਚ ਪ੍ਰਯੁਕਤ ਨਹੀਂ ਹੁੰਦਾ । ਵਾਸਤਵ ਵਿਚ ਅੱਜ ਦਾ ਨਿਬੰਧ ਫ਼੍ਰਾਂਸੀਸੀ ਸ਼ਬਦ ਏਸਈ ( essais ) ਅਤੇ ਅੰਗ੍ਰੇਜ਼ੀ ਸ਼ਬਦ ‘ ਏਸੇ’ ( essay ) ਦਾ ਪਰਿਆਇ ਬਣ ਗਿਆ ਹੈ , ਜਿਸ ਦਾ ਕੋਸ਼ਗਤ ਅਰਥ ਯਤਨ , ਪ੍ਰਯੋਗ ਜਾਂ ਪ੍ਰੀਖਿਆ ਹੁੰਦਾ ਹੈ । ਨਿਬੰਧ ਦੀ ਪਰਿਭਾਸ਼ਾ ਕਰਨਾ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ । ਪ੍ਰਯਤਨ ਤੇ ਅੰਤਰਗਤ , ਛੋਟੀਆਂ , ਵੱਡੀਆਂ , ਸਰਲ , ਗੰਭੀਰ ਅਤੇ ਗੱਦ ਪੱਦ ਵਿਚ ਲਿਖੀਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਰਚਨਾਵਾਂ ਆ ਜਾਂਦੀਆਂ ਹਨ । ਪਰੰਤੂ ਇਸ ਦਾ ਇਹ ਤਾਤਪਰਜ ਨਹੀਂ ਕਿ ਨਿਬੰਧ ਦਾ ਕੋਈ ਸੁਤੰਤਰ ਰੂਪ ਹੀ ਨਹੀਂ । ਅਜਿਹੇ ਨਿਬੰਧ ਨੂੰ ਜਾਂ ਏਸੇ ( essay ) ਨੂੰ ਡਾਕਟਰ ਜੌਨਸਨ ਨੇ ‘ ਮਨ ਦੇ ਮੁਕਤ ਜਜ਼ਬਿਆਂ ਦੇ ਵੇਗ’ ( a loose solly of mind ) ਦਾ ਨਾਉਂ ਦਿੱਤਾ ਹੈ । ਉਸ ਅਨੁਸਾਰ ਨਿਬੰਧ ਇਕ ਅਜਿਹੀ ਰਚਨਾ ਹੈ ਜਿਹੜੀ ਕੱਚੀ ਅਤੇ ਅਨਿਯਮਿਤ ਹੁੰਦੀ ਹੈ । ਪੱਛਮ ਦੇ ਪੁਰਾਤਨ ਲੇਖਕਾਂ ਤੇ ਦਾਰਸ਼ਨਿਕਾਂ ਨੇ ਅਜਿਹੀਆਂ ਰਚਨਾਵਾਂ ਕੀਤੀਆਂ ਸਨ ਪਰੰਤੂ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਨੂੰ ਨਿਬੰਧ ਨਹੀਂ ਆਖਿਆ । ਪਲੇਟੋ ਦੀਆਂ ਗੋਸ਼ਟੀਆਂ ( Dialogues ) , ਥਿਓਫ਼ਰੇਸਟਸ ( Theophratus ) ਦੀ ਪਾਤਰ– ਉਸਾਰੀ , ਪਲਿਨੀ ( Pliny ) , ਸੈਨੇਕਾ ( Seneca ) ਅਤੇ ਪਲੂਟਾਰਕ ( Plutarc ) ਦੇ ਧਰਮ– ਪਤ੍ਰ ( Epistles ) ਅਤੇ ਨੈਤਿਕ ਲੇਖ , ਮਾਰਕਸ ਆਰੀਲੀਅਸ ( Marcus Aurelius ) ਅਤੇ ਸਿਸਰੋ ( Cicero ) ਦੇ ਧਾਰਮਿਕ ਵਿਚਾਰ ਅਤੇ ਅਰਸਤੂ ( Aristotle ) ਦੀਆਂ ਨਿਆਂਪੂਰਣ ਰਚਨਾਵਾਂ ਜੌਨਸਨ ਦੁਆਰਾ ਪਰਿਭਾਸ਼ਤ ਨਿਬੰਧ ਦੀ ਸ਼੍ਰੇਣੀ ਵਿਚ ਗਿਣੀਆਂ ਜਾ ਸਕਦੀਆਂ ਹਨ ਪਰੰਤੂ ਸੁਤੰਤਰਤਾ ਦੀ ਇਸ ਵਿਧੀ ਨੂੰ ਮੁੱਖ ਰੱਖ ਕੇ ਫ਼੍ਰਾਂਸੀਸੀ ਲੇਖਕ ਮੀਸ਼ੈਲ ਦੇ ਮੋਨਤੇਨ ( Michel de Montaigne ) ਨੇ 1580 ਈ. ਵਿਚ ਆਪਣੇ ਨਿਬੰਧਾਂ ਦੀ ਪੁਸਤਕ ‘ ਐਸੇਜ਼ ( Essais ) ਸਿਰਲੇਖ ਹੇਠ ਛਾਪੀ । ਇਨ੍ਹਾਂ ਨਿਬੰਧਾਂ ਦੇ ਗੱਲਬਾਤੀ ਢੰਗ ਅਤੇ ਪਾਠਕਾਂ ਨਾਲ ਨੇੜਤਾ ਦੇ ਗੁਣਾਂ ਨਾਲ ਵਿਅਕਤੀਗਤ ਨਿਬੰਧ ਦਾ ਮੁੱਢ ਬੱਝਾ । ‘ ਦੁੱਖਾਂ ਨਾਲ ਸਾਡੀਆਂ ਇੱਛਾਵਾਂ ਦੀ ਵ੍ਰਿਧੀ ਹੁੰਦੀ ਹੈ’ , ‘ ਮਾਪਿਆਂ ਦਾ ਬੱਚਿਆਂ ਲਈ ਪਿਆਰ’ , ‘ ਸੁਸਤੀ ਬਾਰੇ’ , ‘ ਹੰਕਾਰ ਬਾਰੇ’ , ‘ ਈਮਾਰ ਬਾਰੇ’ , ਆਦਿ ਉਸ ਦੇ ਵਿਸ਼ੈ ਸਨ । ਅੰਗ੍ਰੇਜ਼ ਲੇਖਕ ਫ਼੍ਰਾਂਸਿਸ ਬੇਕਨ ( Francis Bacon ) ਨੇ 1597 ਈ. ਵਿਚ ਆਪਣੇ ਨਿਬੰਧ ( essay ) ਛਪਵਾਏ । ਇਹ ਲੇਖ ਸੰਖੇਪ , ਉਕਤੀਯੁਕਤ ਅਤੇ ਦਲੀਲਪੂਰਣ ਹਨ ਪਰ ਇਨ੍ਹਾਂ ਵਿਚ ਮੋਨਤੇਨ ਵਰਗਾ ਹਲਕਾਪਨ ਨਹੀਂ । ਇਨ੍ਹਾਂ ਦੋਹਾਂ ਲੇਖਕਾਂ ਨੇ ਉਕਤੀਆਂ , ਅਖਾਣਾਂ , ਅਤੇ ਉਦਾਹਰਣਾਂ ਦਾ ਅਧਿਕ ਪ੍ਰਯੋਗ ਕੀਤਾ ਹੈ । ਪਤ੍ਰਿਕਾ ਨਿਬੰਧ ( periodical essays ) ਡੀਫੋ ( Defoe ) ਨੇ 1704 ਈ. ਵਿਚ ਲਿਖੇ ਅਤੇ ਰਿਚਰਡ ਸਟੀਲ ( Richard Steele ) ਟਾਟਲਰ ਨੇ ਆਪਣੀ ਪਤ੍ਰਿਕਾ ਤਤਲਾਰ’ ( Tatlar ) ਵਿਚ ਇਸ ਦਾ ਵਿਕਾਸ ਕੀਤਾ , ਜਿਸ ਪਿੱਛੋਂ ਐਡਿਸਨ ( Addision ) ਨੇ ਆਪਣੀ ਪਤ੍ਰਿਕਾ ‘ ਸਪੈਕਟੇਟਰ’ ( Spectator ) ਵਿਚ ਜਾਰੀ ਰੱਖਿਆ । ਇਨ੍ਹਾਂ ਲੇਖਕਾਂ ਨੇ ਯੂਰਪ ਦੇ ਸਾਰੇ ਨਿਬੰਧਕਾਰਾਂ ਨੂੰ ਪ੍ਰਭਾਵਿਤ ਕੀਤਾ । ਐਡਿਸਨ ਨੇ ‘ ਸਪੈਕਟੇਟਰ’ ਦੇ ਨਿਬੰਧਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ– ਗੰਭੀਰ ਨਿਬੰਧ ਅਤੇ ਅਵਸਰੀ ਪਤ੍ਰ ( serious essays and occasional essays ) । ਅਵਸਰੀ ਪਤ੍ਰਾਂ ਵਿਚ ਉਸ ਨੇ ਮਨ ਦੀ ਮੌਜ , ਹਾਸ– ਰਸ , ਹਲਕਾ ਵਿਅੰਗ ਅਤੇ ਸਰਲ ਤਰੰਗ ਦਾ ਪ੍ਰਯੋਗ ਕੀਤਾ ਹੈ । ਇਹ ਗੁਣ ਅੱਜ ਤਕ ਵਿਅਕਤੀਗਤ ਅਤੇ ਚਪਲ , ਮੌਜੀ ਨਿਬੰਧ ਦੇ ਵਿਆਪਕ ਗੁਣ ਮੰਨੇ ਜਾਂਦੇ ਹਨ । ਪਾਠਕ ਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਲੇਖਕ ਦੀਆਂ ਗੱਲਾਂ ਉਹਲੇ ਬੈਠਾ ਸੁਣ ਰਿਹਾ ਹੋਵੇ । ਅਜਿਹੇ ਵਿਅਕਤੀਗਤ ਲੇਖਾਂ ( personal essays ) ਵਿਚ ਅਨੁਭਵ ਅਤੇ ਗਿਆਨ ਦੁਆਰਾ ਲੇਖਕ ਦੇ ਸੰਕਲਪ , ਰੁਚੀ ਅਤੇ ਮੌਲਿਕਤਾ ਦੀ ਸੋਝੀ ਹੁੰਦੀ ਹੈ । ਉਨ੍ਹੀਵੀਂ ਅਤੇ ਵੀਹਵੀਂ ਸਦੀ ਈ. ਵਿਚ ਲੈਂਬ ( Lamb ) , ਥੈਕਰੇ ( Theckeray ) , ਐਮਰਸਨ ( Emerson ) ਅਤੇ ਚੈਸਟਰਟਨ ( Chesterton ) ਨੇ ਅਜਿਹੇ ਨਿਬੰਧ ਲਿਖੇ ਹਨ । ਇਸ ਦੇ ਨਾਲ ਅੰਗ੍ਰੇਜ਼ੀ , ਫ਼੍ਰਾਂਸੀਸੀ ਅਤੇ ਜਰਮਨ ਲੇਖਕਾਂ ਨੇ ਇਤਿਹਾਸਕ , ਸਮੀਖਿਅਕ ਅਤੇ ਦਾਰਸ਼ਨਿਕ ਵਿਸ਼ਿਆਂ ਤੇ ਗੰਭੀਰ ਨਿਬੰਧ ਵੀ ਲਿਖੇ । ਕਾਰਲਾਈਨ ( Carlyle ) , ਮੈਕਾਲੇ ( Macaulay ) , ਰਸਕਿਨ ( Ruskin ) , ਵਾਲਟਰ ਪੇਟਰ ( Walter Pater ) , ਮੈਥਿਉ ਆਰਨਲਡ ( Matthe Arnold ) , ਟਾਮਸ ਹਕਸਲੇ ( Thomas Huxley ) ਅਤੇ ਆਲਡਸ ਹਕਸਲੇ ( Aldous Huxley ) , ਉਨਾਮੁਨੋ ( Unamuno ) , ਉਰਤੇਗ ਗੈਸੇ ( Ortegu Y Gasset ) ਆਦਿ ਗੰਭੀਰ ਨਿਬੰਧਕਾਰ ਹਨ । ਅਮਰੀਕਨ ਆਲੋਚਕ ਹੈਰਲਡ ਮੈਰੀਅਮ ( Harald Marium ) ਨੇ ਅਜੋਕੇ ਨਿਬੰਧ ਨੂੰ ਗੱਦਾ ਦੀਆਂ ਸਮਾਨ ਵੰਨਗੀਆਂ ਤੋਂ ਨਿਖੇੜਨ ਦਾ ਯਤਨ ਕੀਤਾ ਹੈ । ਉਸ ਅਨੁਸਾਰ ਜੇ ਅਜਿਹੇ ਸਮਾਨ ਪਦਾਰਥਾਂ ਨੂੰ ਇਕ ਲਾਈਨ ਵਿਚ ਰੱਖਿਆ ਜਾਵੇ ਅਤੇ ਇਸ ਲਾਈਨ ਨੂੰ ਦੋ ਬਰਾਬਰ ਭਾਗਾਂ ਵਿਚ ਵੰਡਿਆ ਜਾਵੇ ਤਾਂ ਲਾਈਨ ਦੇ ਖੱਬੇ ਪਾਸੇ ਨਿਯਮਾਨੁਕੂਲ ਮਰਯਾਦਾ , ਬਾਹਰਮੁਖਤਾ ਅਤੇ ਬੌਧਿਕਤਾ ਵਿਚ ਰੁਚੀ ਦੇ ਪਦਾਰਥ ਹੋਣਗੇ ਅਤੇ ਸੱਜੇ ਪਾਸੇ ਅਨਿਯਮਤਾ , ਅੰਤਰਮੁਖਤਾ ਅਤੇ ਕਲਪਨਾ ਵਿਚ ਰੁਚੀ ਦੇ ਪਦਾਰਥ ਹੋਣਗੇ । ਖੱਬੇ ਸਿਰੇ ਦੇ ਅੰਤ ਵਿਚ ਪ੍ਰਬੰਧ ਅਤੇ ਵਿਸ਼ੇਸ਼ ਵਿਸ਼ੈ ਸੰਬੰਧੀ ਨਿਆਂਪੂਰਣ ਲੇਖ ਹੋਣਗੇ ਅਤੇ ਸੱਜੇ ਸਿਰੇ ਦੇ ਅੰਤ ਵਿਚ ਨਿਬੰਧ ਅਤੇ ਖ਼ਾਕੇ ਵਿਦਮਾਨ ਹੋਣਗੇ । ਖੱਬੇ ਤੋਂ ਸੱਜੇ ਸਿਰੇ ਤਕ ਜੀਵਨ ਸੰਬੰਧੀ ਇਤਿਹਾਸਕ , ਸਮੀਖਿਅਕ ਅਤੇ ਵਿਆਖਿਆਤਮਕ ਲੇਖ ( expository essay ) ਅਤੇ ਮੱਧ ਵਿਚ ਸੰਪਾਦਕੀ , ਪੁਸਤਕ ਪੜਚੋਲ ( book review ) ਅਤੇ ਪਤ੍ਰਿਕਾ ਲੇਖਾਂ ਦੀ ਥਾਂ ਹੁੰਦੀ ਹੈ । ਮੱਧ ਤੋਂ ਜ਼ਰਾ ਕੁ ਸੱਜੇ ਪਾਸੇ ਪ੍ਰਭਾਵਵਾਦੀ ਲੇਖ , ਵਿਅਕਤੀਗਤ ਲੇਖ , ਮਨ– ਤਰੰਗ ਲੇਖ ਅਤੇ ਖ਼ਾਕੇ ਆ  ਟਿਕਦੇ ਹਨ ।

                                                        ਨਿਯਮਤਾ                                                                          ਅਨਿਯਮਤਾ

                                                        ਬਾਹਰਮੁਖਤਾ                                                                  ਅੰਤਰਮੁਖਤਾ

                                    ( ਬੌਧਿਕਤਾ ਵਿਚ ਰੁਚੀ )                                             ( ਕਲਪਨਾ ਵਿਚ ਰੁਚੀ )

                                                                                                                  ਨਿਬੰਧ

ਪ੍ਰਬੰਧ                                            ਸੰਪਾਦਕੀ ਲੇਖ                        ਆਰਟੀਕਲ            ਪਤ੍ਰ ਲੇਖ                                    ਪ੍ਰਭਾਵਵਾਦੀ ਲੇਖ

                                                        ਪੁਸਤਕ

                                                        ਪੜਚੋਲ

                  ਜੀਵਨੀ , ਵਿਗਿਆਨਕ ,                                                                                                                                             ਵਿਅਕਤੀਗਤ

                  ਇਤਿਹਾਸਕ , ਵਿਆਖਿਆਤਮਕ                                                                                                                ਮਨ– ਤਰੰਗ , ਖ਼ਾਕੇ

                  ਅਤੇ ਸਮੀਖਿਅਕ ਲੇਖ

                  ਸਾਹਿਤਿਕ ਨਿਬੰਧ ਦੀ ਆਪਣੀ ਸੁਤੰਤਰ ਸੱਤਾ ਹੈ ਪਰੰਤੂ ਸੰਖੇਪਤਾ , ਜਜ਼ਬਿਆਂ ਦੀ ਰਵਾਨੀ , ਵਿਚਾਰਾਂ ਵਿਚ ਆਜ਼ਾਦ ਵੇਗ ਤੇ ਪ੍ਰਗਟਾਅ ਦੀ ਸੁੰਦਰ ਸ਼ੈਲੀ ਇਨ੍ਹਾਂ ਸਾਰਿਆਂ ਦੇ ਸਾਂਝੇ ਗੁਣ ਹਨ । ਸਾਹਿਤਿਕ ਨਿਬੰਧ ਦੇ ਆਮ ਤੌਰ ਤੇ ਤਿੰਨ ਭੇਦ ਕੀਤੇ ਜਾਂਦੇ ਹਨ । ਕਥਾਤਮਕ ਨਿਬੰਧ ( narrative ) ਵਿਚ ਕਾਲਪਨਿਕ , ਪੌਰਾਣਿਕ , ਇਤਿਹਾਸਕ ਅਤੇ ਪ੍ਰਤੀਕਾਤਮਕ ਕਹਾਣੀਆਂ ਪ੍ਰਯੁਕਤ ਕੀਤੀਆਂ ਜਾਂਦੀਆਂ ਹਨ । ਬਿਆਨੀਆਂ ਨਿਬੰਧ ( descriptive ) ਵਿਚ ਪ੍ਰਾਕ੍ਰਿਤਿਕ ਦ੍ਰਿਸ਼ ਅਤੇ ਮਾਨਵ ਜੀਵਨ ਦੀ ਕਿਸੇ ਘਟਨਾ ਦਾ ਬਿਆਨ ਹੋ ਸਕਦਾ ਹੈ । ਚਿੰਤਨਾਤਮਕ ( reflective ) ਨਿਬੰਧ ਵਿਚ ਲੇਖਕ ਆਪਣੀ ਪ੍ਰਵ੍ਰਿਤੀ , ਸੁਭਾਅ ਤੇ ਸਥਿਤੀ ਅਨੁਸਾਰ ਭਾਵਨਾ ਨੂੰ ਮੁੱਖ ਆਧਾਰ ਬਣਾਂਉਂਦਾ ਹੈ । ਭਾਵਨਾ ਅਤੇ ਵਿਚਾਰ ਦਾ ਸੁਮੇਲ ਕਰਕੇ ਪਾਠਕਾਂ ਦੀ ਬੁੱਧੀ ਨੂੰ ਪ੍ਰੇਰਿਤ ਕਰਨਾ ਹੈ । ਸਰਲਤਾ , ਸਪਸ਼ਟਤਾ , ਨਿਸੰਕੋਚ ਪ੍ਰਗਟਾ , ਵਿਸ਼ੈ ਦਾ ਸੀਮਿਤ ਘੇਰਾ , ਲੇਖਕ ਦੀ ਵਿਸ਼ੇਸ਼ ਮਨੋਦਸ਼ਾ ਪਾਠਕਾਂ ਨਾਲ ਨਿਕਟ ਸੰਬੰਧ , ਪੰਡਤਾਈ ਦੀ ਅਣਹੋਂਦ ਪਰੰਤੂ ਗਿਆਨ ਦੀ ਵਿਆਪਕਤਾ ਹਰ ਇਕ ਲੇਖ ਦੇ ਪ੍ਰਮੁੱਖ ਗੁਣ ਹਨ । ਆਧੁਨਿਕ ਯੁੱਗ ਵਿਚ ਨਿਬੰਧ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ , ਸਮਰਸੇਟ ਮੌਹਮ , ਲਿੰਡ , ਗਾਲਜ਼ਵਰਦੀ , ਹਿਲੇਅਰ ਬੈਲਕ ਅਤੇ ਲਾਰੰਸ ਨੇ ਨਿਬੰਧ ਨੂੰ ਗੱਦ ਸਾਹਿੱਤ ਵਿਚ ਵਿਸ਼ੇਸ਼ ਸਥਾਨ ਪ੍ਰਦਾਨ ਕਰਵਾਇਆ ਹੈ ।

                  ਪੰਜਾਬੀ ਵਿਚ ਨਿਬੰਧ ਦਾ ਆਰੰਭ ‘ ਟੈਕਸਟ ਬੁਕ ਕਮੇਟੀ’ ਲਈ ਲਿਖੀਆਂ ਲਾ. ਬਿਹਾਰੀ ਲਾਲ ਪੁਰੀ ਦੀਆਂ ਪੁਸਤਕਾਂ ਹੋਈਆਂ । ‘ ਵਿਦਿਆ ਰਤਨਾਕਰ’ ਪੁਸਤਕ ਵਿਚ ‘ ਬੁੱਧੀ ਦੀ ਵਡਿਆਈ’ , ‘ ਧਨ ਦੀ ਵਡਿਆਈ’ , ‘ ਵਿਦਿਆ ਦੀ ਮਹਿਮਾ’ , ਵਿਦਿਆ ਦਾ ਆਦਰ’ , ਅਤੇ ‘ ਚੁੱਪ ਰਹਿਣ ਦੇ ਗੁਣ’ ਆਦਿ ਇਨ੍ਹਾਂ ਨਿਬੰਧਾਂ ਦੇ ਵਿਸ਼ੈ ਸਨ । ਉਨ੍ਹੀਵੀਂ ਸਦੀ ਈ. ਦੇ ਅੰਤ ਅਤੇ ਵੀਹਵੀਂ ਸਦੀ ਈ. ਦੇ ਮੁੱਢ ਵਿਚ ਪੰਜਾਬੀ ਪਤ੍ਰਕਾਰੀ ਦੇ ਨਾਲ ਪਤ੍ਰਿਕਾ ਨਿਬੰਧ ਦਾ ਉਦਗਮ ਅਤੇ ਵਿਕਾਸ ਹੋਇਆ । ਭਾਈ ਮੋਹਨ ਸਿਘ ਵੈਦ ਨੈ ਬੇਕਨ ਦੇ ਨਿਬੰਧ ਪੰਜਾਬੀ ਵਿਚ ਉਲਥਾਏ ਅਤੇ ਟ੍ਰੈਕਟਾਂ ਵਿਚ ਕਥਾਤਮਕ ਨਿਬੰਧ ਲਿਖੇ । ਪੂਰਨ ਸਿੰਘ ਪਹਿਲਾ ਪੰਜਾਬੀ ਲੇਖਕ ਹੈ ਜਿਸ ਨੇ ਆਪਣੀ ਪੁਸਤਕ ਦੇ ਨਾਂ ਨਾਲ ‘ ਲੇਖ’ ਸ਼ਬਦ ਦਾ ਪ੍ਰਯੋਗ ਕੀਤਾ । ਪਰੰਤੂ ਪੂਰਨ ਸਿੰਘ ਦੇ ਨਿਬੰਧਾਂ ਵਿਚ ਨਾ ਸੰਖੇਪਤਾ ਹੈ ਤੇ ਨਾ ਵਿਚਾਰ ਇਕ– ਸਾਰਤਾ । ਚਰਨ ਸਿੰਘ ਸ਼ਹੀਦ ਨੇ ਐਡਿਸਨ ਵਾਂਗ ਆਪਣੀਆਂ ਪਤ੍ਰਿਕਾਵਾਂ ‘ ਹੰਸ’ ਅਤੇ ‘ ਮੌਜੀ’ ਵਿਚ ਹਲਕੇ ਫੁਲਕੇ ਮਨ– ਤਰੰਗ ਪਤ੍ਰਿਕਾ ਨਿਬੰਧ ਲਿਖਣ ਦੀ ਪਹਿਲ ਕੀਤੀ । ਲਾਲ ਸਿੰਘ ਕਮਲਾ ਅਕਾਲੀ ਪੰਜਾਬੀ ਦਾ ਪਹਿਲਾ ਗੱਦ ਲੇਖਕ ਹੈ ਜਿਸ ਨੇ ਸਾਹਿਤਿਕ ਨਿਬੰਧ ਦੀ ਪ੍ਰਥਾ ਚਲਾਈਗੁਰਬਖ਼ਸ਼ ਸਿੰਘ ਨੇ ਪ੍ਰਚਾਰਾਤਮਕ ਅਤੇ ਸਦਾਚਰਕ ਨਿਬੰਧ ਲਿਖੇ ਹਨ । ਤੇਜਾ ਸਿੰਘ ਨੇ ਸਾਹਿਤਿਕ ਨਿਬੰਧ ਦੇ ਰੂਪ ਨੂੰ ਨਿਖਾਰਿਆ ਅਤੇ ਆਪਣੀ ਵਿਦਵੱਤਾ ਦੁਆਰਾ ਪੰਜਾਬੀ ਨਿਬੰਧ ਨੂੰ ਇਕ ਵਿਸ਼ੇਸ਼ ਗੌਰਵ ਪ੍ਰਦਾਨ ਕੀਤਾ ਹੈ । ਤੇਜਾ ਸਿੰਘ ਦੇ ਨਿਬੰਧਾਂ ਵਿਚ ਗਿਆਨ ਹੈ ਪਰ ਬੋਝਲਤਾ ਨਹੀਂ , ਹਾਸ– ਰਸ ਹੈ ਪਰ ਅਸਭਯਤਾ ਨਹੀਂ , ਵਿਚਾਰਾਂ ਦੀ ਬਹੁਲਤਾ ਹੈ । ਪਰ ਸੁੰਦਰ ਸੈਲੀ ਇਨ੍ਹਾਂ ਦੀ ਰਵਾਨੀ ਨੂੰ ਇਕਸਾਰਤਾ ਰੱਖਦੀ ਹੈ । ਹਰਿੰਦਰ ਸਿੰਘ ਰੂਪ ਨੇ ਵਿਅੰਗਾਤਮਕ ਨਿਬੰਧ ਲਿਖੇ ਹਨ ਪਰ ਉਸ ਦਾ ਬਿਆਨ ਖੰਡ ਲਪੇਟੀ ਕੁਨੀਨ ਵਾਂਗ ਪ੍ਰਤੀਤ ਹੁੰਦਾ ਹੈ । ਕਪੂਰ ਸਿੰਘ ( ਆਈ. ਸੀ. ਐਸ ) ਦੇ ਨਿਬੰਧ ਗੰਭੀਰ ਅਤੇ ਬੋਝਲ ਹਨ । ਬਲਬੀਰ ਸਿੰਘ ਦੇ ਨਿਬੰਧ ਖੋਜ– ਭਰਪੂਰ ਅਤੇ ਵਿਚਾਰ ਪ੍ਰਧਾਨ ਹਨ । ਗੱਦ ਦੇ ਵਿਕਾਸ ਦੇ ਨਾਲ ਪੰਜਾਬੀ ਵਿਚ ਨਿਬੰਧ ਰਚਨਾ ਦੀ ਬੜੀ ਹੀ ਸੰਭਾਵਨਾ ਹੈ ।      


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.