ਨੰਦ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨੰਦ ਸਿੰਘ (ਬਬਰ ਅਕਾਲੀ) (1895-1926 ਈ.): ਜਲੰਧਰ ਜ਼ਿਲ੍ਹੇ ਦੇ ਘੁੜਿਆਲ ਪਿੰਡ ਵਿਚ ਸ. ਗੰਗਾ ਸਿੰਘ ਦੇ ਘਰ ਸੰਨ 1895 ਈ. ਵਿਚ ਪੈਦਾ ਹੋਇਆ ਨੰਦ ਸਿੰਘ ਬਬਰ ਅਕਾਲੀ ਜੱਥੇ ਦਾ ਇਕ ਸਰਗਰਮ ਕਾਰਕੁੰਨ ਸੀ। ਬਾਲ ਕਾਲ ਵਿਚ ਹੀ ਪਿਤਾ ਦੇ ਗੁਜ਼ਰ ਜਾਣ ਕਾਰਣ ਇਸ ਦਾ ਪਾਲਣ-ਪੋਸਣ ਇਸ ਦੇ ਵੱਡੇ ਭਰਾ ਨੇ ਕੀਤਾ ਅਤੇ ਵੱਡਾ ਹੋ ਕੇ ਇਸ ਨੇ ਆਪਣੇ ਪਿੰਡ ਵਿਚ ਤਰਖਾਣਾ ਕੰਮ ਸ਼ੁਰੂ ਕਰ ਦਿੱਤਾ। ਪਰ ਚੰਗੀ ਕਮਾਈ ਦੀ ਆਸ ਵਿਚ ਇਹ ਬਸਰੇ ਚਲਾ ਗਿਆ। ਪੰਜਾਬ ਵਿਚ ਹੋਏ ਜਲਿਆਂ ਵਾਲੇ ਬਾਗ਼ ਦੇ ਸ਼ਹੀਦੀ ਸਾਕੇ ਅਤੇ ਨਨਕਾਣਾ ਸਾਹਿਬ ਵਿਚ ਹੋਈਆਂ ਅਮਾਨਵੀ ਘਟਨਾਵਾਂ ਨੇ ਇਸ ਨੂੰ ਬਹੁਤ ਵਿਚਲਿਤ ਕੀਤਾ। ਇਹ ਬਸਰੇ ਤੋਂ ਪਰਤ ਆਇਆ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਲ ਹੋ ਗਿਆ। ‘ਗੁਰੂ ਕਾ ਬਾਗ਼’ ਦੇ ਮੋਰਚੇ ਵਿਚ ਭਾਗ ਲੈਣ ਕਰਕੇ ਛੇ ਮਹੀਨਿਆਂ ਲਈ ਕੈਦ ਹੋਇਆ। ਪਰ ਸ਼ਾਂਤ ਰਹਿਣ ਵਾਲੇ ਅਕਾਲੀਆਂ ਉਤੇ ਹੁੰਦੇ ਜ਼ੁਲਮ ਨੂੰ ਵੇਖ ਕੇ ਇਸ ਨੇ ਸ਼ਾਂਤਮਈ ਢੰਗ ਨੂੰ ਛਡ ਦਿੱਤਾ ਅਤੇ ਬਬਰ ਅਕਾਲੀ ਜੱਥੇ ਵਿਚ ਸ਼ਾਮਲ ਹੋ ਗਿਆ। ਇਸ ਨੇ 17 ਅਪ੍ਰੈਲ 1923 ਈ. ਨੂੰ ਪਿੰਡ ਦੇ ਸੂਬੇਦਾਰ ਗੇਂਡਾ ਸਿੰਘ ਦਾ ਕਤਲ ਕਰ ਦਿੱਤਾ ਕਿਉਂਕਿ ਉਹ ਸਰਕਾਰ ਲਈ ਮੁਖ਼ਬਰੀ ਦਾ ਕੰਮ ਕਰਦਾ ਸੀ। ਕਤਲ ਕਰਨ ਦੇ ਪੰਜਵੇਂ ਦਿਨ ਇਹ ਪਕੜਿਆ ਗਿਆ ਅਤੇ ਮੁਕੱਦਮਾ ਚਲਣ ਤੋਂ ਬਾਦ ਫ਼ਾਂਸੀ ਦੀ ਸਜ਼ਾ ਪਾਈ। 27 ਫਰਵਰੀ 1926 ਈ. ਨੂੰ ਬਬਰ ਅਕਾਲੀ ਨੇਤਾ ਸ. ਅਰਜਨ ਸਿੰਘ ਗੜਗਜ ਦੇ ਨਾਲ ਇਸ ਨੂੰ ਫ਼ਾਂਸੀ ਦੇ ਤਖ਼ਤੇ ਉਤੇ ਲਟਕਾਇਆ ਗਿਆ। ਇਸ ਤਰ੍ਹਾਂ ਇਸ ਨੇ ਆਪਣੀ ਕੌਮ ਦੇ ਉੱਧਾਰ ਲਈ ਜਾਨ ਦੀ ਬਾਜ਼ੀ ਲਗਾ ਦਿੱਤੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨੰਦ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨੰਦ ਸਿੰਘ  : ਇਹ ਸਾਂਘਣੀਆਂ ਮਿਸਲ ਦਾ ਬਾਨੀ ਸੀ, ਜੋ ਪਿਛੋਂ ਰਾਮਗੜ੍ਹੀਆ ਮਿਸਲ ਦੇ ਨਾਂ ਨਾਲ ਪ੍ਰਸਿੱਧ ਹੋਈ। ਅੰਮ੍ਰਿਤਸਰ ਜ਼ਿਲ੍ਹੇ ਦੇ ਸਾਂਘਣਾ ਪਿੰਡ ਦਾ ਵਸਨੀਕ ਨੰਦ ਸਿੰਘ ਉਸ ਜੱਥੇ ਦਾ ਮੈਂਬਰ ਸੀ ਜਿਸ ਦਾ ਮੋਢੀ ਅੰਮ੍ਰਿਤਸਰ ਜ਼ਿਲ੍ਹੇ ਦੇ ਗਗੋਬੂਹਾ ਪਿੰਡ ਦਾ ਵਸਨੀਕ ਸਰਦਾਰ ਖੁਸ਼ਹਾਲ ਸਿੰਘ ਸੀ। ਖੁਸ਼ਹਾਲ ਸਿੰਘ ਨੇ ਬਾਬਾ ਬੰਦਾ ਬਹਾਦਰ ਤੋਂ ਅੰਮ੍ਰਿਤ ਛਕਿਆ ਅਤੇ ਉਸ ਦੀਆਂ ਲੜਾਈਆਂ ਵਿਚ ਆਪਣੇ ਜੱਥੇ ਸਮੇਤ ਸ਼ਾਮਲ ਹੁੰਦਾ ਰਿਹਾ। 

ਸਰਦਾਰ ਖੁਸ਼ਹਾਲ ਸਿੰਘ ਦੇ ਸ਼ਹੀਦ ਹੋ ਜਾਣ ਮਗਰੋਂ ਨੰਦ ਸਿੰਘ ਉਸ ਜੱਥੇ ਦਾ ਲੀਡਰ ਬਣਿਆ। 29 ਮਾਰਚ ਨੂੰ ਜਦੋਂ ਮਿਸਲਾਂ ਬਣੀਆਂ ਤਾਂ ਨੰਦ ਸਿੰਘ ਨੇ ਆਪਣੀ ਵਖਰੀ ਮਿਸਲ ਬਣਾ ਲਈ ਜਿਸ ਦਾ ਨਾਂ ਉਸ ਵਕਤ ‘ਸਾਂਘਣੀਆਂ ਮਿਸਲ’ ਰਖਿਆ ਗਿਆ। ਪਿਛੋਂ ਇਹੋ ਮਿਸਲ ‘ਰਾਮਗੜ੍ਹੀਆ ਮਿਸਲ’ ਦੇ ਨਾਂ ਨਾਲ ਮਸ਼ਹੂਰ ਹੋਈ। 

ਜੱਸਾ ਸਿੰਘ, ਤਾਰਾ ਸਿੰਘ ਅਤੇ ਮਾਲੀ ਸਿੰਘ ਤਿੰਨੇ ਭਰਾ ਨੰਦ ਸਿੰਘ ਦੀ ਮਿਸਲ ਵਿਚ ਸ਼ਾਮਲ ਹੋ ਗਏ। ਨੰਦ ਸਿੰਘ ਨੇ ਜੱਸਾ ਸਿੰਘ ਨੂੰ ਆਪਣੀ ਮਿਸਲ ਦਾ ਸੈਨਾਪਤੀ ਬਣਾਇਆ। ਜੱਸਾ ਸਿੰਘ ਦੇ ਦਾਦੇ ਸਰਦਾਰ ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਨੰਦ ਸਿੰਘ ਦੇ ਸਵਰਗਵਾਸ ਹੋਣ ਬਾਅਦ ਜੱਸ ਸਿੰਘ ਮਿਸਲ ਦਾ ਜਥੇਦਾਰ ਬਣਿਆ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-01-10-19-22, ਹਵਾਲੇ/ਟਿੱਪਣੀਆਂ: ਹ. ਪੁ.-ਸਿ. ਮਿ : 63

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.