ਪਟਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਟਨਾ . ਸੰ. ਪਾਟਲਿਪੁਤ੍ਰ.1  ਗੰਗਾ ਦੇ ਸੱਜੇ ਕਿਨਾਰੇ ਬਿਹਾਰ ( ਮਗਧ ) ਦੀ ਰਾਜਧਾਨੀ , ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਅਸਥਾਨ ਹੋਣ ਦਾ ਮਾਨ ਪ੍ਰਾਪਤ ਹੈ. ਪਟਨਾ ਈਸਵੀ ਸਨ ਤੋਂ ਪਹਿਲਾਂ ੩੨੧-੧੮੪ ਦੇ ਵਿਚਾਕਰ ਮੌਰਯਵੰਸ਼ ਦੀ ਰਾਜਧਾਨੀ ਰਿਹਾ ਹੈ. ਚੰਦ੍ਰਗੁਪਤ2  ਦੇ ਵੇਲੇ ਪਟਨੇ ਦੀ ਆਬਾਦੀ ੯ ਮੀਲ ਲੰਮੀ ਅਤੇ ਡੇਢ ਮੀਲ ਚੌੜੀ ਸੀ. ਸ਼ਹਿਰ ਦੇ ਚਾਰੇ ਪਾਸੇ ਪੱਕੀ ਕੰਧ ਬਣੀ ਹੋਈ ਸੀ , ਜਿਸ ਦੇ ੫੭੦ ਬੁਰਜ ਅਤੇ ੬੪ ਦਰਵਾਜ਼ੇ ਸਨ. ਇਸ ਦੀ ਖਾਈ ( ਖੰਦਕ ) ਸੱਠ ਫੁੱਟ ਚੌੜੀ ਅਤੇ ਪੈਂਤਾਲੀ ਫੁਟ ਡੂੰਘੀ ਸੀ.

        ਪਟਨੇ ਤੋਂ ਕਲਕੱਤਾ ੩੩੨ ਅਤੇ ਲਹੌਰ ੮੪੩ ਮੀਲ ਹੈ । ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ੧੫੩੭੩੯ ਆਬਾਦੀ ਹੈ. ਔਰੰਗਜ਼ੇਬ ਨੇ ਆਪਣੇ ਪੋਤੇ ਅ਼੓੢ਮ ਨੂੰ ਪਟਨੇ ਦਾ ਗਰਵਨਰ ਥਾਪਕੇ ਨਾਮ ਅ਼੓੢ਮਾਬਾਦ ਰੱਖਿਆ ਸੀ.

        ਪਟਨਾ ਸਭ ਤੋਂ ਪਹਿਲਾਂ ਰਾਜਾ ਅਜਾਤਸ਼ਤ੍ਰੂ ਨੇ ਆਬਾਦ ਕੀਤਾ ਸੀ. ਜੈਸੇ ਪੁਰਾਣੀ ਦਿੱਲੀ ਦੇ ਖੰਡਹਰ ਨਵੀਂ ਦਿੱਲੀ ਤੋਂ ਵਿੱਥ ਤੇ ਹਨ , ਤੈਸੇ ਹੀ ਪਾਟਲੀਪੁਤ੍ਰ ਦੇ ਖੰਡਹਰ ਭੀ ਪਟਨੇ ਪਾਸ ਪਾਏ ਜਾਂਦੇ ਹਨ ਅਰ ਮਹਾਰਾਜਾ ਅਸ਼ੋਕ ਦੇ ਰਾਜਭਵਨ ਦੇ ਚਿੰਨ੍ਹ ਭੀ ਮਿਲਦੇ ਹਨ. ਸੰਸਕ੍ਰਿਤ ਗ੍ਰੰਥਾਂ ਵਿੱਚ ਪਟਨੇ ਦੇ ਨਾਮ ਕੁਸੁਮਪੁਰ-ਪਦਮਾਵਤੀ ਪੁ੄ੑਪਪੁਰ ਭੀ ਹਨ.

ਪਟਨੇ ਵਿੱਚ ਇਤਨੇ ਗੁਰਦ੍ਵਾਰੇ ਹਨ : —

( ੧ ) ਹਰਿਮੰਦਿਰ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਜਨਮਅਸਥਾਨ. ਇਹ ਖਾਲਸੇ ਦਾ ਦੂਜਾ ਤਖ਼ਤ ਹੈ. ਇਸ ਦੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਣਵਾਈ ਹੈ. ਫੇਰ ਅਨੇਕ ਪ੍ਰੇਮੀ ਸਿੱਖਾਂ ਨੇ ਸੰਗਮਰਮਰ ਲਗਵਾਇਆ ਹੈ ਅਰ ਹੁਣ ਲਗਵਾ ਰਹੇ ਹਨ. ਇੱਥੇ ਸਤਿਗੁਰੂ ਜੀ ਦੀਆਂ ਇਹ ਵਸਤਾਂ ਹਨ.

ਪੰਘੂੜਾ ਸਾਹਿਬ , ਜਿਸ ਉੱਤੇ ਬਾਲਗੁਰੂ ਵਿਰਾਜਦੇ ਰਹੇ ਹਨ.                                                                  

ਦਸ਼ਮੇਸ਼ ਦੇ ਚਾਰ ਤੀਰ.

                  ਇੱਕ ਛੋਟੀ ਤਲਵਾਰ.

                  ਇੱਕ ਛੋਟਾ ਖੰਡਾ.

                  ਇੱਕ ਛੋਟਾ ਕਟਾਰ.

                  ਕਲਗੀਧਰ ਦਾ ਕੰਘਾ ਚੰਦਨ ਦਾ.

                  ਦਸ਼ਮੇਸ਼ ਦੀਆਂ ਖੜਾਵਾਂ ਹਾਥੀਦੰਦ ਦੀਆਂ.

        ਗੁਰੂ ਤੇਗਬਹਾਦੁਰ ਸਾਹਿਬ ਦੀਆਂ ਖੜਾਵਾਂ ਚੰਦਨ ਦੀਆਂ. ਕਲਗੀਧਰ ਬਾਲ ਅਵਸਥਾ ਵਿੱਚ ਜੋ ਗੁਰਮੁਖੀ ਅੱਖਰ ਪੈਂਤੀ ਦੇ ਲਿਖਦੇ ਰਹੇ ਹਨ , ਉਹ ਭੀ ਕਾਗਜਾਂ ਉੱਤੇ ਚਿੰਨ੍ਹਿਤ ਹਨ.

        ਹਰਿਮੰਦਿਰ ਦੀ ਆਮਦਨ : — ਬਿਹਾਰ ਦੇ ਅਮੀਰ ਗੋਪਾਲ ਸਿੰਘ ਦੀ ਗੁਰਦ੍ਵਾਰੇ ਦੇ ਨਾਮ ਲਾਈ ੪੫੦ ਵਿੱਘੇ ਜਮੀਨ , ਜਿਸ ਦੀ ਆਮਦਨ ੧੦੦੦ ) ਰੁਪਯਾ ਸਾਲ ਹੈ.

        ਗਵਰਨਮੈਂਟ ਤੋਂ ੩੧ । — ) ॥ ਮਾਹਵਾਰ.

        ਰਿਆਸਤ ਨਾਭੇ ਤੋਂ ੫੦੦ ) ਸਾਲਾਨਾ.

        ਰਿਆਸਤ ਜੀਂਦ ਤੋਂ ੪੭੦ ) ਸਾਲਾਨਾ.

        ਰਿਆਸਤ ਪਟਿਆਲੇ ਤੋਂ ਦੋ ਰੁਪਯੇ ਰੋਜ ਦੇ ਹਿਸਾਬ ੭੨੦ ) ਰੁਪਏ ਸਾਲਾਨਾ.

        ਰਿਆਸਤ ਫਰੀਦਕੋਟ ਤੋਂ ੪੫੬ । ) ਸਾਲਾਨਾ.

        ਪਟਨੇ ਦੇ ਮਹੱਲਾ ਰਾਨੀਪੁਰ ਦੀ ੨੨ ਵਿੱਘੇ ਜਮੀਨ ਤੋਂ ੧੬੦ ) ਸਾਲਾਨਾ.

        ਮਹੱਲਾ ਰਕਾਬਗੰਜ ਦੀ ਜਮੀਨ ਤੋਂ ੪੪ । ) ਸਾਲਾਨਾ.

        ਮਹੱਲਾ ਜੱਲਾ ਦੀ ਜਮੀਨ ਤੋਂ ੪੦ ) ਸਾਲਾਨਾ.

        ਨਾਭੇ ਦੇ ਸੁਰਗਵਾਸੀ ਅਹਿਲਕਾਰ ਦੀਵਾਨ ਬਿਸਨ ਸਿੰਘ ਜੀ ਵੱਲੋਂ ੪੭ ) ਸਾਲਾਨਾ.

        ਗੁਰੂ ਕੇ ਬਾਗ ਦੀ ਆਮਦਨ ੫੦ ) ਸਾਲਾਨਾ.

        ( ੨ ) ਗੁਰੂ ਕਾ ਬਾਗ. ਇਹ ਪਟਨੇ ਦੀ ਕਬਰਿਸਤਾਨ ਪਾਸ ਕਾਜੀਆਂ ਦਾ ਬਾਗ ਸੀ , ਜਦ ਗੁਰੂ ਤੇਗਬਹਾਦੁਰ ਸਾਹਿਬ ਪਟਨੇ ਆਏ ਤਾਂ ਕਾਜੀ ਨੇ ਇਹ ਭੇਟਾ ਕੀਤਾ , ਇੱਥੇ ਮੰਜੀ ਸਾਹਿਬ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਵੈਸਾਖ ਸੁਦੀ ੫ ਨੂੰ ਮੇਲਾ ਲਗਦਾ ਹੈ.

        ( ੩ ) ਗੋਬਿੰਦਘਾਟ. ਗੰਗਾ ਦੇ ਕਿਨਾਰੇ ਉਹ ਘਾਟ , ਜਿੱਥੇ ਦਸ਼ਮੇਸ਼ ਜੀ ਜਲਕ੍ਰੀੜਾ ਕਰਦੇ ਅਤੇ ਕਿਸ਼ਤੀਆਂ ਤੇ ਸਵਾਰ ਹੋਕੇ ਗੰਗਾ ਦੇ ਸੈਰ ਨੂੰ ਜਾਂਦੇ ਸਨ. ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਲਈ ਛੋਟਾ ਮਕਾਨ ਬਣਿਆ ਹੋਇਆ ਹੈ.

        ( ੪ ) ਬੜੀ ( ਵਡੀ ) ਸੰਗਤ. ਗਊਘਾਟ ਮਹੱਲੇ ਵਿੱਚ ਇਹ ਜੈਤ ( ਅਥਵਾ ਜੈਤਾਮੱਲ ) ਸੇਠ ਦੀ ਹਵੇਲੀ ਦੀ ਥਾਂ ਹੈ. ਗੁਰੂ ਤੇਗਬਹਾਦੁਰ ਸਾਹਿਬ ਪਟਨੇ ਵਿੱਚ ਆਕੇ ਸਭ ਤੋਂ ਪਹਿਲਾਂ ਇੱਥੇ ਹੀ ਵਿਰਾਜੇ ਹਨ. ਜੈਤ ਸੇਠ ਨੇ ਪ੍ਰੇਮਭਾਵ ਨਾਲ ਸੇਵਾ ਕੀਤੀ , ਹੁਣ ਇਹ ਸੁੰਦਰ ਗੁਰਦ੍ਵਾਰਾ ਹੈ.

        ( ੫ ) ਮੈਨੀ ਸੰਗਤ. ਇਸ ਦਾ ਨਾਮ ਛੋਟੀ ਸੰਗਤ ਭੀ ਹੈ. ਦੇਖੋ ਮੈਨੀ ਸੰਗਤਿ.

        ( ੬ ) ਮੋਹਨਮਾਈ ਕੀ ਸੰਗਤਿ. ਇਹ ਵੱਡੀ ਧਰਮਾਤਮਾ ਮਾਈ ਸੀ. ਕਲਗੀਧਰ ਇਸ ਦਾ ਪ੍ਰੇਮ ਭਾਵ ਜਾਣਕੇ ਕਈ ਵਾਰ ਇਸ ਦੇ ਘਰ ਚਰਣ ਪਾਂਉਂਦੇ ਅਤੇ ਚਣਿਆਂ ( ਛੋਲਿਆਂ ) ਦੀਆਂ ਤਲੀਆਂ ਹੋਈਆਂ ਘੁੰਘਣੀਆਂ ਛਕਦੇ. ਇਹ ਥਾਂ ਗੈਰ ਆਬਾਦ ਹੈ. ਸਿੱਖਾਂ ਦੀ ਅਨਗਹਿਲੀ ਕਰਕੇ ਗੁਰਦਸ਼ਾਰਾ ਨਹੀਂ ਬਣਿਆ.

        ਪਟਨੇ ਸਾਹਿਬ ਦੇ ਗੁਰਦ੍ਵਾਰੇ ਨੰ. ੨ , ੩ , ੪ ਅਤੇ ੬ ਹਰਿਮੰਦਿਰ ਦੇ ਮਹੰਤ ਦੇ ਅਧੀਨ ਹਨ. ਨੰ ੫ ਦੇ ਸ੍ਵਤੰਤ੍ਰ ਪ੍ਰਬੰਧਕਰਤਾ ਨਿਰਮਲੇ ਸਿੰਘ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਟਨਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਟਨਾ ( ਨਗਰ ) : ਬਿਹਾਰ ਪ੍ਰਦੇਸ਼ ਦਾ ਇਕ ਪ੍ਰਮੁਖ ਨਗਰ ਅਤੇ ਰਾਜਧਾਨੀ ਜੋ ਗੰਗਾ ਨਦੀ ਦੇ ਕੰਢੇ ਵਸਿਆ ਹੈ । ਮਹਾਤਮਾ ਬੁੱਧ ਦੇ ਵੇਲੇ ਇਹ ਪਾਟਲਿਗ੍ਰਾਮ ਕਰਕੇ ਜਾਣਿਆ ਜਾਂਦਾ ਸੀ , ਪਰ ਬਾਦ ਵਿਚ ਇਸ ਦਾ ਨਾਂ ਪਾਟਲਿਪੁਤ੍ਰ ਪ੍ਰਚਲਿਤ ਹੋਇਆ । ਬੁੱਧ ਦੇ ਸਮਕਾਲੀ ਮਹਾਰਾਜ ਅਜਾਤਸ਼ਤੂ੍ਰ ਨੇ ਇਸ ਨਗਰ ਦਾ ਭਰਪੂਰ ਵਿਕਾਸ ਕੀਤਾ ਅਤੇ ਉਸ ਦੇ ਉਤਰਾਧਿਕਾਰੀ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ । ਮੌਰਯ ਵੰਸ਼ ਦੇ ਰਾਜ-ਕਾਲ ਵੇਲੇ ਇਸ ਦੀ ਬਹੁਤ ਪ੍ਰਸਿੱਧੀ ਹੋਈ । ਇਹ ਉਦੋਂ 14 ਕਿ.ਮੀ. ਦੀ ਲੰਬਾਈ ਵਿਚ ਗੰਗਾ ਦੇ ਕੰਢੇ ਕੰਢੇ ਵਸਿਆ ਹੋਇਆ ਸੀ ਅਤੇ ਇਸ ਦੀ ਚੌੜਾਈ ਢਾਈ ਕਿ.ਮੀ. ਤੋਂ ਵਧ ਨਹੀਂ ਸੀ । ਅਜ ਵੀ ਇਸ ਦਾ ਆਕਾਰ ਪ੍ਰਕਾਰ ਕੁਝ ਉਸੇ ਤਰ੍ਹਾਂ ਦਾ ਹੈ । ਸਮਰਾਟ ਅਸ਼ੋਕ ਦੀ ਵੀ ਇਹੀ ਨਗਰ ਰਾਜਧਾਨੀ ਸੀ ਅਤੇ ਇਥੋਂ ਹੀ ਉਸ ਦੇ ਫ਼ਰਮਾਨ ਜਾਰੀ ਕੀਤੇ ਜਾਂਦੇ ਸਨ ।

ਮੌਰਯ ਵੰਸ਼ ਦੇ ਰਾਜ ਦੇ ਖ਼ਤਮ ਹੋਣ ਤੋਂ ਬਾਦ ਪਟਨਾ ਨਗਰ ਦਾ ਮਹੱਤਵ ਘਟਦੇ ਘਟਦੇ ਇਕ ਸਾਧਾਰਣ ਨਗਰ ਤਕ ਪਹੁੰਚ ਗਿਆ । ਸੰਨ 1541 ਈ. ਵਿਚ ਸ਼ੇਰ ਸ਼ਾਹ ਸੂਰੀ ਨੇ ਇਸ ਦੇ ਵਿਕਾਸ ਵਲ ਧਿਆਨ ਦਿੱਤਾ । ਔਰੰਗਜ਼ੇਬ ਦੇ ਪੋਤੇ ਅਜ਼ੀਮ ਨੇ ਇਸ ਨੂੰ ਵਿਕਸਿਤ ਕਰਨ ਦਾ ਬਹੁਤ ਯਤਨ ਕੀਤਾ । ਅੰਗ੍ਰੇਜ਼ਾਂ ਨੇ ਵੀ ਇਥੇ ਆਪਣੇ ਅਨੇਕ ਪ੍ਰਕਾਰ ਦੇ ਕੇਂਦਰ ਸਥਾਪਿਤ ਕੀਤੇ ।

ਪੰਜਾਬ ਅਤੇ ਸਿੱਖ-ਇਤਿਹਾਸ ਨਾਲ ਪਟਨਾ ਨਗਰ ਦਾ ਵਿਸ਼ੇਸ਼ ਸੰਬੰਧ ਹੈ ਕਿਉਂਕਿ ਇਸ ਨਗਰ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ( ਵੇਖੋ ) ਦਾ ਜਨਮ 22 ਦਸੰਬਰ 1866 ਈ. ਨੂੰ ਹੋਇਆ ਅਤੇ ਬਚਪਨ ਦੇ ਕੁਝ ਸਾਲ ਉਨ੍ਹਾਂ ਨੇ ਇਥੇ ਹੀ ਬਤੀਤ ਕੀਤੇ । ਗੁਰੂ ਸਾਹਿਬ ਦੇ ਜਨਮ ਲੈਣ ਵਾਲੇ ਸਥਾਨ ਉਤੇ ਹੁਣ ਬਹੁਤ ਆਲੀਸ਼ਾਨ ਗੁਰਦੁਆਰਾ ਸ੍ਰੀ ਹਰਿਮੰਦਿਰ ਸਾਹਿਬ ਬਣਿਆ ਹੋਇਆ ਹੈ । ਇਸ ਗੁਰੂ-ਧਾਮ ਨੂੰ ਸਿੱਖਾਂ ਦੇ ਤਖ਼ਤਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ । ਇਹ ਸਥਾਨ ਸਾਲਸ ਰਾਇ ਜੌਹਰੀ ਦਾ ਘਰ ਸੀ , ਜਿਥੇ ਗੁਰੂ ਨਾਨਕ ਸਾਹਿਬ ਨੇ ਚਰਣ ਪਾਏ ਸਨ । ਬਾਦ ਵਿਚ ਸਾਲਸ ਰਾਇ ਨੇ ਇਸ ਨੂੰ ‘ ਸੰਗਤ ’ ਵਿਚ ਬਦਲ ਦਿੱਤਾ ਅਤੇ ਕਾਲਾਂਤਰ ਵਿਚ ਇਹ ‘ ਛੋਟੀ ਸੰਗਤ’ ਵਜੋਂ ਪ੍ਰਸਿੱਧ ਹੋਇਆ । ਸੰਨ 1930 ਈ. ਤਕ ਇਸ ਦੀ ਵਿਵਸਥਾ ਮਹੰਤਾਂ ਪਾਸ ਸੀ । ਉਸ ਤੋਂ ਬਾਦ ਪੰਜ ਵਿਅਕਤੀਆਂ ਦੀ ਕਮੇਟੀ ਬਣਾ ਕੇ ਇਸ ਦਾ ਪ੍ਰਬੰਧ ਉਸ ਦੇ ਹਵਾਲੇ ਕਰ ਦਿੱਤਾ ਗਿਆ । ਇਸ ਦਾ ਸਰਪ੍ਰਸਤ ਜ਼ਿਲ੍ਹਾ ਸੈਸ਼ਨ ਜੱਜ ਬਣਾਇਆ ਗਿਆ । ਸੰਨ 1956 ਈ. ਤੋਂ 15 ਮੈਂਬਰੀ ਕਮੇਟੀ ਬਣਾ ਕੇ ਗੁਰੂ-ਧਾਮ ਦਾ ਪ੍ਰਬੰਧ ਉਸ ਨੂੰ ਸੌਂਪ ਦਿੱਤਾ ਗਿਆ । ਉਸ ਕਮੇਟੀ ਵਿਚ ਲਗਭਗ ਸਾਰੀਆਂ ਸਿੱਖ ਸੰਪ੍ਰਦਾਵਾਂ/ਕਮੇਟੀਆਂ ਨੂੰ ਪ੍ਰਤਿਨਿਧਤਾ ਦਿੱਤੀ ਗਈ । ਇਥੇ ਗੁਰੂ ਸਾਹਿਬ ਦੀ ਯਾਦ ਨਾਲ ਸੰਬੰਧਿਤ ਕੁਝ ਵਸਤੂਆਂ ਸੁਰਖਿਅਤ ਹਨ , ਜਿਵੇਂ ਪੰਘੂੜਾ ਸਾਹਿਬ , ਗੁਰੂ ਸਾਹਿਬ ਦੇ ਚਾਰ ਤੀਰ , ਇਕ ਨਿੱਕੀ ਤਲਵਾਰ , ਇਕ ਨਿੱਕਾ ਖੰਡਾ ਅਤੇ ਨਿੱਕੀ ਕਟਾਰ , ਚੰਦਨ ਦੀ ਲਕੜੀ ਦਾ ਬਣਿਆ ਕੰਘਾ , ਖੜਾਵਾਂ , ਹੁਕਮਨਾਮੇ ਆਦਿ ।

ਗੁਰਦੁਆਰਾ ਪਹਿਲਾ ਬੜਾ ਗਾਏ ਘਾਟ ਨੂੰ ‘ ਗੁਰਦੁਆਰਾ ਗਾਏ ਘਾਟ ’ ਵੀ ਕਿਹਾ ਜਾਂਦਾ ਹੈ । ਪੰਜਾਬੀ ਯਾਤ੍ਰੀ ਇਸ ਨੂੰ ‘ ਗਊਘਾਟ’ ਵੀ ਕਹਿ ਦਿੰਦੇ ਹਨ । ਨਗਰ ਦੇ ਆਲਮਗੰਜ ਖੇਤਰ ਵਿਚ ਸਥਿਤ ਇਸ ਗੁਰੂ-ਧਾਮ ਵਾਲੇ ਸਥਾਨ ਉਤੇ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਜੈਤਾ ਨਾਂ ਦੇ ਇਕ ਧਰਮਾਤਮਾ ਵਿਅਕਤੀ ਪਾਸ ਠਹਿਰੇ ਸਨ । ਜੈਤਾ ਨੇ ਗੁਰੂ ਜੀ ਤੋਂ ਸਿੱਖੀ ਗ੍ਰਹਿਣ ਕਰਕੇ ਆਪਣੇ ਘਰ ਵਾਲੀ ਥਾਂ ਉਤੇ ‘ ਬੜੀ ਸੰਗਤ’ ਜਾਂ ‘ ਗਾਏ ਘਾਟ ਸੰਗਤ’ ਬਣਾ ਦਿੱਤੀ । ਸਥਾਨਕ ਰਵਾਇਤ ਅਨੁਸਾਰ ਇਸ ਥਾਂ ਤੋਂ ਗੁਰੂ ਜੀ ਨੇ ਮਰਦਾਨੇ ਨੂੰ ਸ਼ਹਿਰ ਵਿਚ ਹੀਰੇ ਦਾ ਮੁੱਲ ਪਵਾਉਣ ਲਈ ਭੇਜਿਆ ਸੀ , ਜਿਸ ਦੇ ਫਲਸਰੂਪ ਸਾਲਸ ਰਾਇ ਜੌਹਰੀ ਗੁਰੂ ਜੀ ਦਾ ਸਿੱਖ ਬਣਿਆ ਸੀ । ਸਾਲਸ ਰਾਇ ਨੇ ਗੁਰੂ ਜੀ ਨੂੰ ਆਪਣੇ ਘਰ ਨਿਮੰਤਰਿਤ ਕਰਕੇ ਉਥੇ ਛੋਟੀ ਸੰਗਤ ਸਥਾਪਿਤ ਕੀਤੀ । ਜਦੋਂ ਸੰਨ 1666 ਈ. ਵਿਚ ਗੁਰੂ ਤੇਗ ਬਹਾਦਰ ਪਟਨਾ ਨਗਰ ਆਏ ਤਾਂ ਪਹਿਲਾਂ ਬੜੀ ਸੰਗਤ ਵਿਚ ਠਹਿਰੇ ਅਤੇ ਬਾਦ ਵਿਚ ਛੋਟੀ ਸੰਗਤ ਵਾਲੀ ਥਾਂ ਚਲੇ ਗਏ । ਇਸ ਗੁਰੂ-ਧਾਮ ਵਿਚ ਮਾਤਾ ਗੁਜਰੀ ਦੀ ਦੀ ਚੱਕੀ ਅਤੇ ਭਾਈ ਮਰਦਾਨੇ ਦੀ ਰਬਾਬ ਸੰਭਾਲੀ ਹੋਈ ਹੈ ।

ਗੁਰਦੁਆਰਾ ਬਾਲ ਲੀਲਾ ਮੈਨੀ ਸੰਗਤ ਰਾਜਾ ਫਤਹਿਚੰਦ ਮੈਨੀ ਦੇ ਘਰ ਵਾਲੀ ਥਾਂ ਉਤੇ ਬਣਿਆ ਹੋਇਆ ਹੈ । ਇਹ ਤਖ਼ਤ ਸਾਹਿਬ ਦੇ ਨੇੜੇ ਹੀ ਇਕ ਗਲੀ ਵਿਚ ਸਥਿਤ ਹੈ । ਬਾਲਕ ਗੋਬਿੰਦ ਰਾਇ ਬਾਲ ਲੀਲਾਵਾਂ ਕਰਦੇ ਹੋਏ ਆਪਣੇ ਬਾਲ ਸਾਥੀਆਂ ਸਹਿਤ ਰਾਜਾ ਫਤਹਿਚੰਦ ਦੇ ਘਰ ਪਹੁੰਚ ਜਾਂਦੇ ਸਨ । ਰਾਜਾ ਸਾਹਿਬ ਦੀ ਪਤਨੀ ਦੀ ਬਾਲਕ ਗੁਰੂ ਜੀ ਨੂੰ ਵੇਖ ਕੇ ਪੁੱਤਰ ਦੀ ਸਧਰ ਪੂਰੀ ਹੁੰਦੀ ਸੀ । ਉਹ ਗੁਰੂ ਜੀ ਲਈ ਤਲੇ ਹੋਏ ਚਣੇ , ਪੂਰੀਆਂ ਅਤੇ ਦੁੱਧ ਦੀ ਵਿਵਸਥਾ ਕਰਦੀ ਹੁੰਦੀ ਸੀ । ਗੁਰੂ-ਪਰਿਵਾਰ ਦੇ ਪੰਜਾਬ ਨੂੰ ਪਰਤਣ ਉਪਰੰਤ ਰਾਜਾ ਫਤਹਿਚੰਦ ਨੇ ਆਪਣੇ ਘਰ ਨੂੰ ਸੰਗਤ ਵਿਚ ਬਦਲ ਦਿੱਤਾ । ਹੁਣ ਇਸ ਦੀ ਪੁਰਾਣੀ ਇਮਾਰਤ ਦਾ ਕੁਝ ਅੰਸ਼ ਛਡ ਕੇ ਨਵਾਂ ਗੁਰੂ-ਧਾਮ ਬਣਾ ਦਿੱਤਾ ਗਿਆ ਹੈ । ਇਸ ਦੀ ਵਿਵਸਥਾ ਨਿਰਮਲੇ ਸੰਤ ਕਰਦੇ ਹਨ । ਤਲੇ ਹੋਏ ਚਣਿਆਂ ਅਤੇ ਪੂਰੀਆਂ ਦਾ ਪ੍ਰਸਾਦ ਵਰਤਾਇਆ ਜਾਂਦਾ ਹੈ । ਇਥੇ ਗੁਰੂ ਜੀ ਦੇ ਬਚਪਨ ਦੀਆਂ ਜੁਤੀਆਂ ਦਾ ਇਕ ਜੋੜਾ ਸੰਭਾਲਿਆ ਹੋਇਆ ਹੈ ।

ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਘਾਟ ਤਖ਼ਤ ਹਰਿਮੰਦਿਰ ਸਾਹਿਬ ਦੇ ਨੇੜੇ ਹੀ ਹੈ । ਪਹਿਲਾਂ ਗੰਗਾ ਨਦੀ ਇਸ ਨਾਲੋਂ ਵਗਦੀ ਸੀ । ਗੁਰੂ ਜੀ ਆਪਣੇ ਬਾਲ ਸਾਥੀਆਂ ਨਾਲ ਗੰਗਾ ਨਦੀ ਦੇ ਕੰਢੇ ਖੇਡਣ ਜਾਂਦੇ ਸਨ । ਕਹਿੰਦੇ ਹਨ , ਗੁਰੂ ਜੀ ਪਾਣੀ ਭਰਨ ਵਾਲੀਆਂ ਝੀਉਰੀਆਂ ਦੇ ਘੜਿਆਂ ਉਪਰ ਆਪਣੇ ਤੀਰਾਂ ਦੇ ਨਿਸ਼ਾਣਿਆਂ ਨੂੰ ਪਰਖਦੇ ਸਨ । ਇਥੇ ਹੀ ਪੰਡਿਤ ਸ਼ਿਵਦੱਤ ਨੇ ਬਾਲਕ ਰੂਪ ਵਿਚ ਆਪਣੇ ਇਸ਼ਟ ਨੂੰ ਵੇਖਿਆ ਸੀ । ਇਸ ਛੋਟੇ ਜਿਹੇ ਗੁਰਦੁਆਰੇ ਦੀ ਵਿਵਸਥਾ ਤਖ਼ਤ ਸਾਹਿਬ ਵਾਲੀ ਕਮੇਟੀ ਹੀ ਕਰਦੀ ਹੈ ।

ਗੁਰਦੁਆਰਾ ਗੁਰੂ ਕਾ ਬਾਗ਼ ਪਟਨਾ ਨਗਰ ਦੀ ਪੂਰਬੀ ਦਿਸ਼ਾ ਵਲ ਲਗਭਗ ਤਿਨ ਕਿ.ਮੀ. ਦੀ ਵਿਥ ਉਤੇ ਬਣਿਆ ਹੋਇਆ ਹੈ । ਜਦੋਂ ਗੁਰੂ ਤੇਗ ਬਹਾਦਰ ਜੀ ਆਸਾਮ ਦੀ ਫੇਰੀ ਤੋਂ ਵਾਪਸ ਆਏ ਤਾਂ ਇਥੇ ਇਕ ਬਾਗ਼ ਵਿਚ ਉਤਾਰਾ ਕੀਤਾ । ਇਹ ਬਾਗ਼ ਨਵਾਬ ਰਹੀਮ ਬਖਸ਼ ਅਤੇ ਨਵਾਬ ਕਰੀਮ ਬਖ਼ਸ਼ ਦਾ ਲਗਵਾਇਆ ਹੋਇਆ ਸੀ , ਪਰ ਇਸ ਦੇ ਬਹੁਤ ਬ੍ਰਿਛ ਸੁਕ ਗਏ ਸਨ । ਕਹਿੰਦੇ ਹਨ ਕਿ ਗੁਰੂ ਜੀ ਦੀ ਆਮਦ ਨਾਲ ਸੁਕੇ ਬ੍ਰਿਛ ਹਰੇ ਭਰੇ ਹੋ ਗਏ । ਰਖਵਾਲਿਆਂ ਨੇ ਨਵਾਬਾਂ ਨੂੰ ਖ਼ਬਰ ਕੀਤੀ । ਉਹ ਆ ਕੇ ਹੈਰਾਨ ਹੋ ਗਏ । ਉਨ੍ਹਾਂ ਨੇ ਉਹ ਬਾਗ਼ ਗੁਰੂ ਜੀ ਨੂੰ ਹੀ ਅਰਪਿਤ ਕਰ ਦਿੱਤਾ । ਗੁਰੂ ਜੀ ਦੀ ਆਮਦ ਸੁਣ ਕੇ ਪਟਨੇ ਦੀ ਸੰਗਤ ਬਾਗ਼ ਵਿਚ ਪਹੁੰਚ ਗਈ । ਗੁਰੂ ਪਰਿਵਾਰ ਵੀ ਉਥੇ ਪਹੁੰਚ ਗਿਆ । ਗੁਰੂ ਜੀ ਨੇ ਪਹਿਲੀ ਵਾਰ ਆਪਣੇ ਸੁਪੁੱਤਰ ਗੋਬਿੰਦ ਰਾਇ ਜੀ ਨੂੰ 17 ਅਪ੍ਰੈਲ 1670 ( ਵਿਸਾਖ ਸੁਦੀ 7 , 1727 ਬਿ. ) ਨੂੰ ਉਥੇ ਵੇਖਿਆ । ਇਸੇ ਦਿਨ ਨੂੰ ਹਰ ਸਾਲ ਇਸ ਗੁਰਦੁਆਰੇ ਵਿਚ ਧਾਰਮਿਕ ਮੇਲਾ ਲਗਦਾ ਹੈ । ਪੁਰਾਤਨ ਇਮਾਰਤ ਨੂੰ ਤਖ਼ਤ ਸਾਹਿਬ ਦੀ ਕਮੇਟੀ ਨੇ ਡਿਗਵਾ ਕੇ ਸੰਨ 1972 ਈ. ਵਿਚ ਨਵੀਂ ਉਸਰਵਾ ਦਿੱਤੀ ਹੈ । ਸਾਢੇ ਛੇ ਏਕੜ ਪਰਿਸਰ ਵਾਲੇ ਇਸ ਗੁਰਦੁਆਰੇ ਵਿਚ ਹੁਣ ਵੀ ਫਲਦਾਰ ਬ੍ਰਿਛ ਲਗਾਏ ਜਾਂਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.