ਪਾਤਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਤਰ (ਵਿ,ਪੁ) ਹੱਕਦਾਰ; ਯੋਗ; ਅਧਿਕਾਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਾਤਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਤਰ [ਨਾਂਪੁ] ਕਿਰਦਾਰ; ਕੁਝ ਪ੍ਰਾਪਤ ਕਰਨ ਵਾਲ਼ਾ ਵਿਅਕਤੀ , ਭਾਂਡਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਾਤਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਤਰ. ਦੇਖੋ, ਪੱਤਲ । ੨ ਦੇਖੋ, ਪਾਤ੍ਰ । ੩ ਵਿ—ਪਤਲਾ. ਜੋ ਮੋਟਾ ਨਹੀਂ. “ਪਿਯ ਪਾਤਰ ਪਤਰੀ ਤ੍ਰਿਯਾ.” (ਚਰਿਤ੍ਰ ੧੬੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10785, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਾਤਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Eligible_ਪਾਤਰ: ਜਦੋਂ ਇਹ ਸ਼ਬਦ ਵਿਅਕਤੀਆਂ ਦੀ ਚੋਣ ਤੇ ਲਾਗੂ ਕੀਤਾ ਜਾਵੇ ਤਾਂ ਉਸ ਦੇ ਦੋ ਅਰਥ ਹੁੰਦੇ ਹਨ। ਜਦੋਂ ਇਹ ਸ਼ਬਦ ਸੀਮਤ ਅਰਥਾਂ ਵਿਚ ਵਰਤਿਆ ਜਾਵੇ ਤਾਂ ਉਸ ਦਾ ਮਤਲਬ ਚੁਣੇ ਜਾਣ ਦੇ ਯੋਗ ਲਿਆ ਜਾਂਦਾ ਹੈ। ਖੁਲ੍ਹੇ ਅਰਥਾਂ ਵਿਚ ਇਸ ਦਾ ਮਤਲਬ ਹੁੰਦਾ ਹੈ ਕਾਨੂੰਨੀ ਤੌਰ ਤੇ ਸੇਵਾ ਕਰਨ ਦੇ ਯੋਗ ਜਾਂ ਅਹੁਦਾ ਧਾਰਨ ਕਰਨ ਦੇ ਯੋਗ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਪਾਤਰ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪਾਤਰ : ਅਰਸਤੂ ਨੇ ਕਥਾਨਕ ਸਾਹਿੱਤ ਦਾ ਉੱਚਤਮ ਤੱਤ ਪਲਾਟ ਜਾਂ ਗੋਂਦ ਨੂੰ ਆਖਿਆ ਸੀ, ਪਰ ਆਧੁਨਿਕ ਸਾਹਿੱਤਕਾਰਾਂ ਅਤੇ ਆਲੋਚਕਾਂ ਨੇ ਪਾਤਰ–ਉਸਾਰੀ ਨੂੰ ਵੀ ਬਰਾਬਰ ਦੀ ਮਹੱਤਾ ਦਿੱਤੀ ਹੈ। ਆਰਨਲਡ ਬੈਨੇਟ ਨੇ ਅਰਸਤੂ ਦੇ ਸਿਧਾਂਤ ਦਾ ਖੰਡਨ ਕਰਦੇ ਹੋਏ ਲਿਖਿਆ ਹੈ ਕਿ ਚੰਗੀ ਕਹਾਣੀ, ਚੰਗੇ ਉਪਨਿਆਸ ਜਾਂ ਚੰਗੇ ਨਾਟਕ ਦੀ ਨੀਂਹ ਕੇਵਲ ਪਾਤਰ ਹੀ ਹੋ ਸਕਦੇ ਹਨ ਜਿਨ੍ਹਾਂ ਦੁਆਰਾ ਕਥਾ ਦੀਆਂ ਘਟਨਾਵਾਂ ਘਟਦੀਆਂ ਹਨ ਅਤੇ ਉਹ ਖ਼ੁਦ ਉਨ੍ਹਾਂ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੇ ਹਨ। ਪਾਤਰਾਂ ਦੁਆਰਾ ਹੀ ਕਥਾਨਕ ਅਤੇ ਕਥਾ–ਵਸਤੂ ਦਾ ਨਿਰਮਾਣ ਹੁੰਦਾ ਹੈ। ਕਿਸੇ ਰਚਨਾ ਵਿਚ ਘਟਨਾਵਾਂ ਦੀ ਕਮੀ–ਬੇਸ਼ੀ ਹੋ ਸਕਦੀ ਹੈ, ਘਟਨਾਵਾਂ ਦੀ ਮਹਾਨਤਾ ਘੱਟ ਵੱਧ ਹੋ ਸਕਦੀ ਹੈ ਪਰ ਪਾਤਰਾਂ ਦਾ ਅਭਾਵ ਨਹੀਂ ਹੋ ਸਕਦਾ।
ਪਾਤਰ–ਚਿਤ੍ਰਣ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ––ਇਹ ਸਾਹਿੱਤਕਾਰ ਦੀ ਰੁਚੀ, ਯੋਗਤਾ ਅਤੇ ਉਦੇਸ਼ ’ਤੇ ਨਿਰਭਰ ਹੈ। ਕਾਵਿ, ਨਾਟਕ, ਉਪਨਿਆਸ ਅਤੇ ਕਹਾਣੀ ਵਿਚ ਪਾਤਰ–ਚਿਤ੍ਰਣ ਦੇ ਵੱਖ ਵੱਖ ਢੰਗ ਹੁੰਦੇ ਹਨ। ਸਾਧਾਰਣ ਤੌਰ ’ਤੇ ਪਾਤਰ–ਚਿਤ੍ਰਣ ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ ਹੈ––(1) ਲੇਖਕ ਵੱਲੋਂ ਆਪਣੀ ਵਿਆਖਿਆ ਰਾਹੀਂ ਪਾਠਕਾਂ ਨੂੰ ਸਿੱਧੇ ਹੀ ਪਾਤਰਾਂ ਦੇ ਗੁਣਾਂ ਤੋਂ ਜਾਣੂ ਕਰਵਾਉਣ ਨਾਲ, (2) ਪਾਤਰਾਂ ਦੇ ਆਪਣੇ ਕਾਰਜਾਂ ਦੁਆਰਾ, ਅਤੇ (3) ਪਾਤਰਾਂ ਦੀ ਆਪਸੀ ਗੱਲ–ਬਾਤ ਰਾਹੀਂ। ਪਹਿਲਾ ਢੰਗ ਆਮ ਤੌਰ ’ਤੇ ਸਾਧਾਰਣ ਪਾਤਰਾਂ ਦੇ ਚਿਤ੍ਰਣ ਲਈ ਪ੍ਰਯੋਗ ਕੀਤਾ ਜਾਂਦਾ ਹੈ। ਮੁੱਖ ਜਾਂ ਮਹੱਤਵਪੂਰਣ ਪਾਤਰਾਂ ਲਈ ਦੂਜੀ ਅਤੇ ਤੀਜੀ ਕਿਸਮ ਦਾ ਤਰੀਕਾ ਅਪਣਾਇਆ ਜਾਂਦਾ ਹੈ ਪਰੰਤੂ ਤਿੰਨੇ ਤਰੀਕੇ ਵੀ ਵਰਤੇ ਜਾ ਸਕਦੇ ਹਨ। ਸਿੱਧੇ ਬਿਆਨ ਦਾ ਇਕ ਲਾਭ ਇਹ ਹੈ ਕਿ ਇਸ ਵਿਚ ਸਪਸ਼ਟਤਾ ਹੁੰਦੀ ਹੈ ਅਤੇ ਪਾਤਰ ਦਾ ਸੰਪੂਰਣ ਖ਼ਾਕਾ ਪਾਠਕ ਦੇ ਦਿਮਾਗ਼ ਵਿਚ ਬੈਠ ਜਾਂਦਾ ਹੈ। ਪਾਤਰ–ਉਸਾਰੀ ਦੇ ਤਿੰਨੇ ਤਰੀਕੇ ਬਹੁਤੀ ਵਾਰ ਇਕੱਠੇ ਹੀ ਵਰਤੇ ਜਾਂਦੇ ਹਨ। ਵਾਸਤਵ ਵਿਚ ਕਾਰਜ ਦੇ ਸਿਲਸਿਲੇ ਵਿਚ ਕੇਵਲ ਇਕੋ ਹੀ ਢੰਗ ਨੂੰ ਅਪਣਾਉਣਾ ਅਸੰਭਵ ਹੋ ਜਾਂਦਾ ਹੈ। ਪਾਤਰ–ਚਿਤ੍ਰਣ ਦੇ ਦੂਜੇ ਅਤੇ ਤੀਜੇ ਢੰਗ ਨੂੰ ਨਾਟਕੀ ਜਾਂ ਅਪ੍ਰਤੱਖ ਢੰਗ ਆਖਿਆ ਜਾਂਦਾ ਹੈ ਅਤੇ ਪਹਿਲੇ ਢੰਗ ਨੂੰ ਵਿਸ਼ਲੇਸ਼ਣਾਤਮਕ ਜਾਂ ਪ੍ਰਤੱਖ ਚਰਿੱਤਰ–ਚਿਤ੍ਰਣ ਆਖਦੇ ਹਨ। ਨਾਟਕ ਵਿਚ ਅਪ੍ਰਤੱਖ ਅਰਥਾਤ ਪਾਤਰਾਂ ਦੇ ਕਾਰਜਾਂ ਅਤੇ ਉਨ੍ਹਾਂ ਦੀ ਅਤੇ ਉਨ੍ਹਾਂ ਬਾਰੇ ਦੂਜਿਆਂ ਦੀ ਗੱਲ–ਬਾਤ ਦੇ ਸਮੁੱਚੇ ਪ੍ਰਭਾਵ ਦੁਆਰਾ ਹੀ ਅਸੀਂ ਉਨ੍ਹਾ ਦੇ ਚਰਿੱਤਰ ਬਾਰੇ ਆਪਣੀ ਧਾਰਣਾ ਬਣਾ ਸਕਦੇ ਹਾਂ। ਇਸ ਪ੍ਰਕਾਰ ਦੇ ਢੰਗ ਦੀ ਖ਼ੂਬੀ ਇਹ ਹੈ ਕਿ ਦਰਸ਼ਕ ਜਾਂ ਪਾਠਕ ਅਤੇ ਪਾਤਰਾਂ ਵਿਚ ਸਿੱਧਾ ਸੰਬੰਧ ਕਾਇਮ ਹੋ ਜਾਂਦਾ ਹੈ ਅਤੇ ਪਾਤਰਾਂ ਬਾਰੇ ਧਾਰਣਾ ਬਣਾਉਣ ਦੀ ਪਾਠਕਾਂ ਨੂੰ ਪੂਰੀ ਖੁੱਲ੍ਹ ਹੋ ਜਾਂਦੀ ਹੈ। ਨਾਟਕੀ ਢੰਗ ਜਿਤਨਾ ਸੰਖੇਪ ਅਤੇ ਪ੍ਰਗਟਾ–ਭਰਪੂਰ ਹੁੰਦਾ ਹੈ ਉਤਨਾ ਹੀ ਪ੍ਰਭਾਵਸ਼ਾਲੀ ਹੁੰਦਾ ਹੈ, ਪਰੰਤੂ ਪਾਤਰ ਦੀ ਅੰਦਰਲੀ ਸੂਖਮਤਾ ਅਤੇ ਮਨੋਵਿਗਿਆਨਕ ਰਹੱਸ ਨਾਟਕ ਸ਼ੈਲੀ ਵਿਚ ਇੰਨੀ ਸਰਲਤਾ ਨਾਲ ਸਪਸ਼ਟ ਨਹੀਂ ਕੀਤੇ ਜਾ ਸਕਦੇ। ਵਿਸ਼ਲੇਸ਼ਣਾਤਮਕ ਸ਼ੈਲੀ ਵਿਚ ਪਾਤਰ ਦੀ ਅੰਦਰਲੀ ਡੂੰਘਾਈ ਅਤੇ ਮਾਨਸਿਕ ਤੀਬਰਤਾ ਨੂੰ ਬੜੇ ਸੁਚੱਜੇ ਢੰਗ ਨਾਲ ਵਿਅਕਤ ਕੀਤਾ ਜਾ ਸਕਦਾ ਹੈ। ਜਿੱਥੇ ਨਾਟਕਕਾਰ ਨਾਟਕੀ ਢੰਗ ਵਿਚ ਬੱਝਾ ਰਹਿੰਦਾ ਹੈ ਅਤੇ ਖ਼ੁਦ ਵਿਆਖਿਆ ਨਹੀਂ ਕਰ ਸਕਦਾ, ਉੱਥੇ ਉਪਨਿਆਸਕਾਰ ਨੂੰ ਟੀਕਾ–ਟਿੱਪਣੀ ਕਰਨ ਦੀ ਪੂਰੀ ਖੁੱਲ੍ਹ ਹੁੰਦੀ ਹੈ ਅਤੇ ਪੂਰੀ ਤਰ੍ਹਾਂ ਪਾਤਰ ਦੇ ਅੰਦਰਲੇ ਦਾ ਵਿਸ਼ਲੇਸ਼ਣ ਕਰ ਸਕਦਾ ਹੈ। ਇਹੀ ਕਾਰਣ ਹੈ ਕਿ ਜਿੱਥੇ ਨਾਟਕ ਵਿਚ ਕਾਰਜ ਦੀ ਮਹਾਨਤਾ ਮੰਨੀ ਜਾਂਦੀ ਹੈ ਉੱਥੇ ਉਪਨਿਆਸ ਵਿਚ ਹੋਰ ਗੱਲਾਂ ਦੇ ਨਾਲ ਪਾਤਰ ਅਧਿਐਨ ਦਾ ਵੀ ਮਹੱਤਵਪੂਰਣ ਵਿਸ਼ਾ ਹੁੰਦਾ ਹੈ। ਸੰਸਾਰ ਦੇ ਉਪਨਿਆਸ ਸਾਹਿੱਤ ਵਿਚ ਕਾਰਜ ਅਤੇ ਘਟਨਾ ਨੂੰ ਮਹੱਤਵ ਦੇਣ ਵਾਲੀਆਂ ਰਚਨਾਵਾਂ ਇੰਨੀਆਂ ਮਹਾਨ ਨਹੀਂ ਮੰਨੀਆਂ ਗਈਆਂ ਜਿੰਨੀਆਂ ਕਿ ਪਾਤਰ ਅਧਿਐਨ ਵਾਲੀਆਂ ਕਿਰਤਾਂ। ਨਾਟਕ ਵਿਚ ਦੇਸ਼ ਕਾਲ ਦੀ ਸੀਮਾ ਦੇ ਕਾਰਣ ਪਾਤਰ ਦਾ ਵਿਕਾਸ ਵੀ ਇੰਨੀ ਸੁਤੰਤਰਤਾ ਨਾਲ ਨਹੀਂ ਕੀਤਾ ਜਾ ਸਕਦਾ। ਉਪਨਿਆਸ ਵਿਚ ਪਾਤਰ ਨੂੰ ਹੌਲੀ ਹੌਲੀ ਵਿਕਸਿਤ ਹੁੰਦਾ ਦਿਖਾ ਕੇ ਭਿੰਨ ਭਿੰਨ ਹਾਲਤਾਂ ਵਿਚ ਉਸ ਦੇ ਉਤਰਾ ਚੜ੍ਹਾ ਦੀਆਂ ਤਬਦੀਲੀਆਂ ਨੂੰ ਪੇਸ਼ ਕੀਤਾ ਜਾਂਦਾ ਹੈ। ਗਤੀਸ਼ੀਲ ਪਾਤਰਾਂ ਦੀ ਦੁਨੀਆ ਹੀ ਕਥਾ–ਸਾਹਿੱਤ ਦੀ ਮਹੱਤਾ ਦੀ ਕਸੌਟੀ ਹੈ। ਕਥੋਪਕਥਨ ਘਟਨਾਵਾਂ ਨਾਲ ਵੀ ਪਾਤਰ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਅਤੇ ਕਥਾ ਦੇ ਉਪਦੇਸ਼ ਦੀ ਮਹੱਤਾ ਵੀ ਪਾਤਰਾਂ ਰਾਹੀਂ ਹੀ ਵਿਅਕਤ ਹੁੰਦੀ ਹੈ। ਮਨੋਵਿਗਿਆਨ ਨੂੰ ਸਾਹਿੱਤ ਵਿਚ ਜਿਹੜੀ ਮਹੱਤਾ ਪ੍ਰਾਪਤ ਹੋਈ ਹੈ ਉਸ ਦਾ ਆਧਾਰ ਵੀ ਚਰਿੱਤਰ–ਚਿਤ੍ਰਣ ਹੀ ਹੈ।
ਅੰਗ੍ਰੇਜ਼ ਉਪਨਿਆਸਕਾਰ ਐਡਮੰਡ ਮੌਰਗਨ ਫ਼ੌਰਸਟਰ (E. M. Forster) ਨੇ ਪਾਤਰਾਂ ਨੂੰ ਦੋ ਕਿਸਮਾਂ ਵਿਚ ਵੰਡਿਆ ਹੈ। ਪਹਿਲੇ ਇਕਸਾਰ ਪਾਤਰ (flat) ਅਤੇ ਦੂਜ ਗਤੀਸ਼ੀਲ ਜਾਂ ਵਿਕਾਸਤਾਮਕ ਪਾਤਰ (round)। ਇਕਸਾਰ ਪਾਤਰ ਦਾ ਸੁਭਾਅ ਪਲਾਟ ਦੇ ਅਨੁਕੂਲ ਨਹੀਂ ਚਲਦਾ ਸਗੋਂ ਕਹਾਣੀ ਦੇ ਉਤਰਾ ਚੜ੍ਹਾ, ਕਹਾਣੀ ਦੇ ਵੱਖ ਵੱਖ ਮੋੜ ਜਾਂ ਸਮੱਸਿਆਵਾਂ ਦੇ ਵੱਖ ਵੱਖ ਹੋਣ ’ਤੇ ਵੀ ਇਕਸਾਰ ਪਾਤਰ ਆਪਣੇ ਚਿੰਤਨ ਅਤੇ ਸੁਭਾਅ ਵਿਚ ਇਕਸਾਰ ਰਹਿੰਦਾ ਹੈ। ਅਜਿਹੇ ਪਾਤਰ ਜਾਂ ਤਾਂ ਲੇਖਕ ਦੇ ਆਦਰਸ਼ ਪਾਤਰ ਹੁੰਦੇ ਹਨ ਜਾਂ ਕਿਸੇ ਵਿਸ਼ੇਸ਼ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਦੇ ਹਨ। ਭਾਈ ਵੀਰ ਸਿੰਘ ਦਾ ‘ਬਾਬਾ ਨੌਧ ਸਿੰਘ’ ਅਤੇ ‘ਸਤਵੰਤ ਕੌਰ’ ਸਿੱਖੀ ਗੁਣਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਸੇਖੋਂ ਦੇ ਉਪਨਿਆਸ ‘ਲਹੂ ਮਿੱਟੀ’ ਦਾ ਪ੍ਰਧਾਨ ਪਾਤਰ ਵਿਜੈ ਸਿੰਘ ਇਕ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਦਾ ਹੈ। ਗਤੀਸ਼ੀਲ ਜਾਂ ਵਿਕਾਸਾਤਮਕ ਪਾਤਰ ਦਾ ਵਿਕਾਸ ਕਥਾਨਕ ਦੇ ਵਿਕਾਸ ਨਾਲ ਹੁੰਦਾ ਰਹਿੰਦਾ ਹੈ। ਜਿੱਥੇ ਇਕਸਾਰ ਪਾਤਰ ਨੂੰ ਪਾਠਕ ਝੱਟ ਪਛਾਣ ਲੈਂਦਾ ਹੈ, ਵਿਕਾਸਾਤਮਕ ਪਾਤਰ ਆਪਣੇ ਬਦਲਦੇ ਸੁਭਾਅ ਨਾਲ ਪਾਠਕ ਦੇ ਮਨ ਵਿਚ ਉਤਸੁਕਤਾ ਪੈਦਾ ਕਰਦਾ ਹੈ। ਇਕਸਾਰ ਪਾਤਰ ਜੇ ਆਰੰਭ ਵਿਚ ਸੰਤ ਸੁਭਾਅ ਵਾਲਾ ਹੈ ਤਾਂ ਕਹਾਣੀ ਦੇ ਅੰਤ ਤਕ ਉਹ ਸੰਤ ਹੀ ਰਹੇਗਾ, ਜੇ ਬਦਮਾਸ਼ ਹੈ ਤਾ ਬਦਮਾਸ਼ ਹੀ ਰਹੇਗਾ। ਪਰੰਤੂ ਵਿਕਾਸਾਤਮਕ ਪਾਤਰ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਬਦਲਦੇ ਰਹਿੰਦੇ ਰਹਿੰਦੇ ਹਨ। ਨਾਨਕ ਸਿੰਘ ਦੇ ਉਪਨਿਆਸ ‘ਚਿੱਟਾ ਲਹੂ’ ਵਿਚ ‘ਗਿਆਨੀ ਜੀ’ ਇਕਸਾਰ ਪਾਤਰ ਹੈ। ‘ਕਾਗਤਾਂ ਦੀ ਬੇੜੀ’ ਵਿਚ ਸੁੰਦਰ ਦਾਸ ਇਕਸਾਰ ਅਤੇ ਗੋਪਾਲ ਸਿੰਘ ਤੇ ਜਮਨਾ ਗਤੀਸ਼ੀਲ ਪਾਤਰ ਹਨ। ‘ਆਦਮ ਖੋਰ’ ਵਿਚ ਭਾਰਤੀ ਇਕਸਾਰ ਅਤੇ ਪ੍ਰਿਤਪਾਲ ਤੇ ਅਮਰ ਕੌਰ ਗਤੀਸ਼ੀਲ ਪਾਤਰ ਹਨ। ਇਸੇ ਤਰ੍ਹਾਂ ਜਸਵੰਤ ਸਿੰਘ ਕੰਵਲ ਦੇ ਨਾਵਲ ‘ਰੂਪਧਾਰਾ’ ਵਿਚ ਜਗਦੀਸ਼ ਇਕਸਾਰ ਪਾਤਰ ਹੈ। ਸਮਾਜਕ ਉਪਨਿਆਸਕਾਰ ਸਾਧਾਰਣ ਰੂਪ ਵਿਚ ਆਪਣੀ ਲੋੜ ਅਨੁਸਾਰ ਦੋਹਾਂ ਕਿਸਮਾਂ ਦੇ ਪਾਤਰਾਂ ਦੀ ਉਸਾਰੀ ਕਰਦਾ ਹੈ। ਪਰੰਤੂ ਅਜੋਕੇ ਮਨੋਵਿਗਿਆਨਕ ਨਾਵਲਾਂ ਵਿਚ ਕੇਵਲ ਵਿਕਾਸਾਤਮਕ ਪਾਤਰਾਂ ਦਾ ਹੀ ਚਿਤਰਣ ਕੀਤਾ ਜਾਂਦਾ ਹੈ। ਸੁਰਜੀਤ ਸਿੰਘ ਸੇਠੀ ਦੇ ਉਪਨਿਆਸ ‘ਕਾਲ ਵੀ ਸੂਰਜ ਨਹੀਂ ਚੜ੍ਹੇਗਾ’ ਵਿਚ ਜਨਰਲ ਡਾਇਰ ਨੂੰ ਵਿਕਾਸਾਤਮਕ ਪਾਤਰ ਦੇ ਤੌਰ ’ਤੇ ਬੜੀ ਸਫਲਤਾ ਨਾਲ ਪੇਸ਼ ਕੀਤਾ ਗਿਆ ਹੈ। ਪਰ ਇਸ ਵੰਡ ਦੇ ਬਾਵਜੂਦ ਕਥਾਤਮਕ ਸਾਹਿੱਤ ਵਿਚ ਸਿਰਜਣਾ ਦਾ ਇਹ ਵਿਵਹਾਰ ਕੋਈ ਪੱਥਰ ਤੇ ਲਕੀਰ ਵਾਲਾ ਨਿਯਮ ਨਹੀਂ ਹੈ, ਇਹ ਕੇਵਲ ਪਾਠਕ ਦੀ ਸਹੂਲਤ ਲਈ ਆਲੋਚਕਾਂ ਦਾ ਨਿਰਦੇਸ਼ਨ ਹੈ।
ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First