ਪਿੱਠੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਿੱਠੂ: ਪਿੱਠੂ ਦਰਮਿਆਨੀ ਉਮਰ ਦੇ ਬਾਲਾਂ ਦੀ ਖੇਡ ਹੈ। ਇਸ ਦਾ ਦੂਜਾ ਨਾਂ ‘ਪਿੱਠੂ ਗਰਮ’ ਹੈ। ਇਸ ਖੇਡ ਨੂੰ ਖੇਡਣ ਵਾਸਤੇ ਕੇਵਲ ਇੱਕ ਗੇਂਦ ਅਤੇ ਠੀਕਰੀਆਂ ਦੀ ਲੋੜ ਹੁੰਦੀ ਹੈ। ਇਹ ਖੇਡ ਪੰਜਾਬ ਦੇ ਪਿੰਡਾਂ ਵਿੱਚ ਕਾਫ਼ੀ ਹਰਮਨ ਪਿਆਰੀ ਰਹੀ ਹੈ। ਇਹ ਦੋ ਟੋਲੀਆਂ ਵਿੱਚ ਖੇਡੀ ਜਾਣ ਵਾਲੀ ਖੇਡ ਹੈ। ਇਸ ਖੇਡ ਦੇ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ, ਪਰ ਆਮ ਤੌਰ ਤੇ ਬਾਰਾਂ ਸਾਲ ਦੀ ਉਮਰ ਤੱਕ ਦੇ ਚਾਰ ਤੋਂ ਦਸ ਬੱਚੇ ਮਿਲ ਕੇ ਇਸ ਖੇਡ ਦਾ ਅਨੰਦ ਮਾਣ ਸਕਦੇ ਹਨ।

     ਪਿੱਠੂ ਨੂੰ ਖੇਡਣ ਵਾਸਤੇ ਖੁੱਲ੍ਹੀ ਜਗ੍ਹਾ ਹੋਣੀ ਜ਼ਰੂਰੀ ਹੈ। ਖੇਡਣ ਤੋਂ ਪਹਿਲਾਂ ਇੱਕ ਗੋਲ ਚੱਕਰ ਵਾਹ ਲਿਆ ਜਾਂਦਾ ਹੈ। ਫਿਰ ਉਸ ਵਿੱਚ ਦੋਵਾਂ ਧਿਰਾਂ ਵੱਲੋਂ ਇਕੱਤਰ ਕੀਤੀਆਂ ਠੀਕਰੀਆਂ, ਜਿਨ੍ਹਾਂ ਨੂੰ ਡੀਟੀਆਂ ਜਾਂ ਗੀਟੀਆਂ ਕਿਹਾ ਜਾਂਦਾ ਹੈ, ਇੱਕ ਦੂਜੀ ਉਪਰ ਇਉਂ ਟਿਕਾ ਕੇ ਰੱਖਿਆ ਜਾਂਦਾ ਹੈ ਕਿ ਉਹਨਾਂ ਦਾ ਸੰਤੁਲਨ ਬਣਿਆ ਰਹੇ। ਗੋਲ ਦਾਇਰੇ ਤੋਂ ਲਗਪਗ ਡੇਢ ਦੋ ਮੀਟਰ ਦੀ ਦੂਰੀ ਤੇ ਪੈਰ ਨਾਲ ਲੀਕ ਵਾਹ ਕੇ ਜਾਂ ਥੋੜ੍ਹੀ ਜਗ੍ਹਾ ਪੁੱਟ ਕੇ ਇੱਕ ਖ਼ਾਸ ਹੱਦ ਨਿਸ਼ਚਿਤ ਕਰ ਲਈ ਜਾਂਦੀ ਹੈ। ਮੀਟੀ ਦੇਣ ਵਾਲਾ ਖਿਡਾਰੀ ਇਸ ਨਿਸ਼ਚਿਤ ਥਾਂ ਤੋਂ ਪਿੱਛੇ ਰਹਿਣ ਲਈ ਪਾਬੰਦ ਹੁੰਦਾ ਹੈ। ਇਸ ਹੱਦ ਤੋਂ ਖੜ੍ਹੋ ਕੇ ਇੱਕ ਧਿਰ ਦਾ ਖਿਡਾਰੀ ਚਿਣੀਆਂ ਹੋਈਆਂ ਠੀਕਰੀਆਂ ਵੱਲ ਗੇਂਦ ਨਾਲ ਨਿਸ਼ਾਨਾ ਲਾਉਂਦਾ ਹੈ। ਇਹ ਗੇਂਦ ਫਟੀਆਂ ਪੁਰਾਣੀਆਂ ਲੀਰਾਂ ਨੂੰ ਇੱਕ-ਦੂਜੀ ਉਪਰ ਲਪੇਟ ਕੇ ਮਜ਼ਬੂਤ ਧਾਗੇ ਨਾਲ ਡੱਬੀਦਾਰ ਸ਼ਕਲ ਵਿੱਚ ਮੜ੍ਹੀ ਹੁੰਦੀ ਹੈ। ਕਈ ਵਾਰ ਇਹ ਗੇਂਦ ਰਬੜ ਦੀ ਵੀ ਹੋ ਸਕਦੀ ਹੈ। ਜਦੋਂ ਮੀਟੀ ਦੇਣ ਵਾਲਾ ਖਿਡਾਰੀ ਚਿਣੀਆਂ ਹੋਈਆਂ ਠੀਕਰੀਆਂ ’ਤੇ ਗੇਂਦ ਮਾਰਦਾ ਹੈ ਤਾਂ ਠੀਕਰੀਆਂ ਦੀ ਪਾਲ ਹੇਠਾਂ ਡਿੱਗ ਜਾਂਦੀ ਹੈ। ਠੀਕਰੀਆਂ ਦੇ ਡਿਗਦਿਆਂ ਸਾਰ ਹੀ ਉਹ ਖਿਡਾਰੀ ਤੇਜ਼ੀ ਨਾਲ ਦੌੜ ਜਾਂਦਾ ਹੈ। ਵਿਰੋਧੀ ਧਿਰ ਦਾ ਇੱਕ ਖਿਡਾਰੀ, ਜੋ ਠੀਕਰੀਆਂ ਦੀ ਪਾਲ ਦੇ ਬਿਲਕੁਲ ਨੇੜੇ ਖੜ੍ਹਾ ਹੁੰਦਾ ਹੈ, ਇਕਦਮ ਗੇਂਦ ਚੁੱਕ ਕੇ ਦੌੜੇ ਜਾ ਰਹੇ ਖਿਡਾਰੀ ਨੂੰ ਮਾਰਦਾ ਹੈ। ਇੱਥੇ ਦੋਵਾਂ ਧਿਰਾਂ ਦੇ ਖਿਡਾਰੀਆਂ ਦੀ ਸਰੀਰਕ ਚੁਸਤੀ ਵੇਖਣ ਵਾਲੀ ਹੁੰਦੀ ਹੈ। ਗੇਂਦ ਵੱਜਣ ਤੋਂ ਬਚਾਅ ਕਰਦਾ ਹੋਇਆ ਉਹ ਖਿਡਾਰੀ ਫਟਾਫਟ ਆ ਕੇ ਡਿੱਗੀਆਂ ਹੋਈਆਂ ਠੀਕਰੀਆਂ ਦੀ ਪਾਲ ਨੂੰ ਮੁੜ ਖੜ੍ਹੀ ਕਰਨ ਦਾ ਯਤਨ ਕਰਦਾ ਹੈ। ਜੇਕਰ ਉਹ ਅਜਿਹਾ ਕਰਨ ਵਿੱਚ ਸਫਲ ਹੋ ਜਾਂਦਾ ਹੈ ਤਾਂ ਖ਼ੁਸ਼ੀ ਨਾਲ ਉੱਚੀ ਅਵਾਜ਼ ਵਿੱਚ ਬੋਲਦਾ ਹੋਇਆ ‘ਪਿੱਠੂ ਗਰਮ’ ਆਖਦਾ ਹੈ। ਆਪਣੇ ਉਦੇਸ਼ ਵਿੱਚ ਕਾਮਯਾਬ ਹੁੰਦਿਆਂ ਸਾਰ ਹੀ ਉਸ ਦੇ ਲਈ ਨਿਸ਼ਾਨਾ ਲਾਉਣ ਦਾ ਇੱਕ ਹੋਰ ਮੌਕਾ ਵਧ ਜਾਂਦਾ ਹੈ। ਜੇ ਮੁੜ ਠੀਕਰੀਆਂ ਨੂੰ ਚਿਣ ਰਹੇ ਪਹਿਲੇ ਖਿਡਾਰੀ ਨੂੰ ਵਿਰੋਧੀ ਧਿਰ ਦਾ ਖਿਡਾਰੀ ਗੇਂਦ ਮਾਰ ਦੇਵੇ ਤਾਂ ਉਸ ਦੀ ਵਾਰੀ ਮੁੱਕ ਜਾਂਦੀ ਹੈ ਅਤੇ ਦੂਜੀ ਧਿਰ ਦੀ ਆ ਜਾਂਦੀ ਹੈ। ਇਹ ਜ਼ਰੂਰੀ ਨਹੀਂ ਕਿ ਗੇਂਦ ਨਾਲ ਠੀਕਰੀਆਂ ਸੁੱਟਣ ਵਾਲੇ ਖਿਡਾਰੀ ਦੇ ਗੇਂਦ ਵੱਜਣ ਨਾਲ ਹੀ ਉਸ ਦੀ ਵਾਰੀ ਖੁੱਸ ਜਾਵੇ ਬਲ ਕਿ ਉਸ ਦੀ ਵਾਰੀ ਓਦੋਂ ਵੀ ਕੱਟੀ ਜਾਂਦੀ ਹੈ, ਜਦੋਂ ਉਸ ਵੱਲੋਂ ਗੇਂਦ ਠੀਕਰੀਆਂ ਦੀ ਪਾਲ ਨੂੰ ਨਾ ਵੱਜੇ ਅਤੇ ਟੱਪਾ ਖਾਂਦੀ ਗੇਂਦ ਨੂੰ ਪਿੱਛੇ ਖੜ੍ਹਾ ਦੂਜੀ ਟੋਲੀ ਦਾ ਖਿਡਾਰੀ ਬੁੱਚ ਲਵੇ। ਇਸ ਪ੍ਰਾਪਤੀ ਤੇ ਵਿਰੋਧੀ ਧਿਰ ਦਾ ਖਿਡਾਰੀ ਖ਼ੁਸ਼ੀ ਨਾਲ ਸ਼ੋਰ ਮਚਾਉਂਦਾ ਹੈ। ਵਰਣਨਯੋਗ ਹੈ ਕਿ ਜੇ ਠੀਕਰੀਆਂ ਦਾ ਨਿਸ਼ਾਨਾ ਲੱਗਣ ਉਪਰੰਤ ਵਿਰੋਧੀ ਧਿਰ ਦਾ ਖਿਡਾਰੀ ਗੇਂਦ ਨੂੰ ਨਾ ਬੁੱਚ ਸਕੇ ਤਾਂ ਉਹ ਜਾਂ ਉਸ ਦਾ ਕੋਈ ਹੋਰ ਸਾਥੀ ਰੁੜ੍ਹੀ ਜਾਂਦੀ ਗੇਂਦ ਨੂੰ ਤੇਜ਼ੀ ਨਾਲ ਜਾ ਪਕੜਦਾ ਹੈ ਅਤੇ ਵਿਰੋਧੀ ਧਿਰ ਦੇ ਖਿਡਾਰੀਆਂ ਨੂੰ ਮਾਰਦਾ ਹੈ। ਛੇਤੀ ਸਫਲਤਾ ਹਾਸਲ ਕਰਨ ਵਾਲੀ ਦੂਜੀ ਧਿਰ ਦੇ ਖਿਡਾਰੀ ਆਪਣੇ ਸਾਥੀਆਂ ਵੱਲ ਵੀ ਤੇਜ਼ੀ ਨਾਲ ਗੇਂਦ ਵਗਾਹ ਕੇ ਮਾਰਦੇ ਹਨ ਤਾਂ ਜੋ ਉਹਨਾਂ ਦਾ ਸਾਥੀ ਆਪਣੇ ਨੇੜੇ ਦੇ ਵਿਰੋਧੀ ਟੀਮ ਦੇ ਖਿਡਾਰੀ ਨੂੰ ਗੇਂਦ ਮਾਰ ਸਕੇ। ਜਿਸ-ਜਿਸ ਖਿਡਾਰੀ ਦੇ ਗੇਂਦ ਵੱਜਦੀ ਜਾਂਦੀ ਹੈ, ਉਸ ਦੀ ਵਾਰੀ ਕੱਟੀ ਜਾਂਦੀ ਹੈ। ਜੇ ਗੇਂਦ ਠੀਕਰੀਆਂ ਨੂੰ ਨਾ ਵੱਜੇ ਅਤੇ ਦੂਜੇ ਖਿਡਾਰੀ ਕੋਲੋਂ ਬੁੱਚੀ ਵੀ ਨਾ ਜਾਵੇ ਤਾਂ ਪਹਿਲਾ ਖਿਡਾਰੀ ਫਿਰ ਪਹਿਲਾਂ ਵਾਂਗ ਠੀਕਰੀਆਂ ਦੀ ਪਾਲ ਨੂੰ ਗੇਂਦ ਮਾਰਦਾ ਹੈ। ਇਸ ਤਰ੍ਹਾਂ ਵਾਰੀਆਂ ਬਦਲਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਸ਼ਾਇਦ ਇਸ ਖੇਡ ਦਾ ਨਾਂ ‘ਪਿੱਠੂ ਗਰਮ’ ਇਸ ਕਰ ਕੇ ਪਿਆ ਹੋਵੇ ਕਿ ਇੱਕ ਧਿਰ ਦੇ ਖਿਡਾਰੀ ਗੇਂਦ ਨਾਲ ਦੂਜੀ ਧਿਰ ਦੇ ਖਿਡਾਰੀਆਂ ਦੀਆਂ ਪਿੱਠਾਂ ‘ਗਰਮ’ ਕਰਦੇ ਰਹਿੰਦੇ ਹਨ।

     ਇਸ ਖੇਡ ਦੇ ਚਲਨ ਤੋਂ ਸੌਖੇ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਆਦਿ-ਮਾਨਵ ਦੇ ਬੱਚਿਆਂ ਨੇ ਆਪਣੇ ਵੱਡੇ-ਵਡੇਰਿਆਂ ਨੂੰ ਅਸਤਰਾਂ-ਸ਼ਸਤਰਾਂ ਨਾਲ ਤਾਕਤਵਰ ਜੰਗਲੀ ਜਨੌਰਾਂ ਵੱਲ ਨਿਸ਼ਾਨਾ ਲਗਾਉਂਦਿਆਂ ਵੇਖਿਆ ਹੋਵੇਗਾ, ਜਿਸ ਕਾਰਨ ਨਿਸ਼ਾਨੇ ਲਗਾਉਣ ਅਤੇ ਨਿਸ਼ਾਨਿਆਂ ਤੋਂ ਬਚਾਅ ਕਰਨ ਦੇ ਅਭਿਆਸ ਨੇ ਹੀ ਇਸ ਖੇਡ ਨੂੰ ਜਨਮ ਦਿੱਤਾ ਹੋ ਸਕਦਾ ਹੈ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪਿੱਠੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੱਠੂ (ਨਾਂ,ਪੁ) ਹੇਠਾਂ ਉੱਤੇ ਜੋੜੀਆਂ ਠੀਕ੍ਹਰੀਆਂ ਉੱਤੇ ਗੇਂਦ ਦਾ ਨਿਸ਼ਾਨਾ ਮਾਰ ਕੇ ਖੇਡੀ ਜਾਣ ਵਾਲੀ ਖੇਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਿੱਠੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੱਠੂ (ਨਾਂ,ਪੁ) 1 ਪਹਾੜਾਂ ਵਿੱਚ ਪਿੱਠ ਉੱਤੇ ਭਾਰ ਚੁੱਕ ਕੇ ਲੈ ਜਾਣ ਲਈ ਬੰਨ੍ਹਿਆ ਬੁਚਕਾ 2 ਭਾਰ ਚੁਕਾ ਕੇ ਤੋਰਨ ਵਜੋਂ ਫ਼ੌਜੀਆਂ ਨੂੰ ਦਿੱਤੀ ਜਾਣ ਵਾਲੀ ਇੱਕ ਸਜ਼ਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਿੱਠੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੱਠੂ [ਨਾਂਪੁ] ਪਿੱਠ ਉੱਤੇ ਭਾਰ ਚੁੱਕਣ ਲਈ ਬੰਨ੍ਹਿਆ ਥੈਲਾ; ਫ਼ੌਜੀਆਂ ਨੂੰ ਦਿੱਤੀ ਜਾਣ ਵਾਲ਼ੀ ਸਜ਼ਾ ਵਜੋਂ ਬੰਨ੍ਹਿਆ ਭਾਰ; ਇੱਕ ਕਿਸਮ ਦੀ ਖੇਡ; ਖ਼ੁਸ਼ਾਮਦ ਕਰਨ ਵਾਲ਼ਾ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਿੱਠੂ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪਿੱਠੂ : ਇਹ ਛੋਟੇ ਬੱਚਿਆਂ ਜਿਨ੍ਹਾਂ ਦੀ ਉਮਰ ਲਗਭਗ 10-12 ਸਾਲ ਤਕ ਹੁੰਦੀ ਹੈ, ਵਿਚ ਖਿੱਦੋ (ਗੇਂਦ) ਅਤੇ ਛੋਟੀਆਂ ਇੱਟਾਂ ਜਾਂ ਠੀਕਰੀਆਂ ਨਾਲ ਖੇਡੀ ਜਾਣ ਵਾਲੀ ਇਕ ਸੁਆਦਲੀ ਪੇਂਡੂ ਖੇਡ ਹੈ। ਇਸ ਵਿਚ ਖਿੱਦੋ ਨਾਲ ਨਿਸ਼ਾਨਾ ਲਾਉਣ, ਨਿਸ਼ਾਨੇ ਤੋਂ ਬਚਣ ਉਪਰੰਤ ਖਿੱਦੋ ਨੂੰ ਬੋਚਣ ਦੇ ਢੰਗਾਂ ਦਾ ਅਭਿਆਸ ਹੁੰਦਾ ਹੈ। ਇਹ ਖੇਡ ਇਕੱਲੇ ਇਕੱਲੇ ਜਾਂ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ।

ਖੇਡ ਦੇ ਮੈਦਾਨ ਵਿਚ ਚਾਰ ਜਾਂ ਪੰਜ ਛੋਟੀਆਂ ਛੋਟੀਆਂ ਇੱਟਾਂ ਜਾਂ ਠੀਕਰੀਆਂ ਦੀ ਇਕ ਪਾਲ ਖੜੀ ਕਰ ਲਈ ਜਾਂਦੀ ਹੈ। ਇਸ ਪਾਲ ਤੋਂ ਲਗਭਗ 2 ਮੀ. (ਚਾਰ ਜਾਂ ਪੰਜ ਫੁੱਟ) ਦੀ ਦੂਰੀ ਉੱਤੇ ਇਕ ਲੀਕ ਖਿੱਚ ਕੇ ਪਾਲ ਨੂੰ ਖਿੱਦੋ ਨਾਲ ਡੇਗਣ ਲਈ ਹੱਦ ਨੀਯਤ ਕੀਤੀ ਜਾਂਦੀ ਹੈ। ਵਾਰੀ ਲੈਣ ਵਾਲਾ ਖਿਡਾਰੀ ਇਸ ਲੀਕ ਦੇ ਪਿੱਛੇ ਖੜ੍ਹਾ ਹੋ ਕੇ ਇੱਟਾਂ ਦੀ ਪਾਲ ਨੂੰ ਖਿੱਦੋ ਨਾਲ ਡੇਗਣ ਦਾ ਯਤਨ ਕਰਦਾ ਹੈ ਅਤੇ ਵਿਰੋਧੀ ਖਿਡਾਰੀ ਖਿੱਦੋ ਨੂੰ ਦੂਰ ਜਾਣ ਤੋਂ ਰੋਕਣ ਜਾਂ ਟੱਪੇ ਉਪਰੰਤ ਬੋਚਣ ਲਈ ਕੁਝ ਦੂਰੀ ਉੱਤੇ ਵਾਰੀ ਲੈ ਰਹੇ ਖਿਡਾਰੀ ਦੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ। ਜੇ ਇੱਟਾਂ ਦੀ ਪਾਲ ਨੂੰ ਖਿੱਦੋ ਨਾ ਲੱਗੇ ਤੇ ਵਿਰੋਧੀ ਖਿਡਾਰੀ, ਖਿੱਦੋ ਨੂੰ ਟੱਪਾ ਪੈਣ ਉਪਰੰਤ ਬੋਚ ਨਾ ਸਕੇ ਤਾਂ ਵਾਰੀ ਲੈਣ ਵਾਲਾ ਖਿਡਾਰੀ ਮੁੜ ਖਿੱਦੋ ਨਾਲ ਨਿਸ਼ਾਨਾ ਲਾਉਂਦਾ ਹੈ। ਪਾਲ ਦੇ ਡਿੱਗ ਜਾਣ ਤੇ ਖਿੱਦੋ ਮਾਰਨ ਵਾਲੇ ਖਿਡਾਰੀ ਨੂੰ ਵਿਰੋਧੀ ਖਿਡਾਰੀ, ਪਾਲ ਬਣਨ ਤੋਂ ਪਹਿਲਾਂ ਪਹਿਲਾਂ ਖਿੱਦੋ ਨਾਲ ਉਸ ਦਾ ਨਿਸ਼ਾਨਾ ਬਣਾਉਂਦਾ ਹੈ। ਜੇ ਪਾਲ ਬਣਾਉਣ ਵਾਲਾ ਖਿਡਾਰੀ ਖਿੱਦੋ ਲੱਗਣ ਤੋਂ ਪਹਿਲਾਂ ਪਾਲ ਖੜੀ ਕਰ ਲਵੇ ਤਾਂ ਉਸ ਦੀ ਇਕ ਹੋਰ ਵਾਰੀ ਵੱਧ ਜਾਂਦੀ ਹੈ ਪਰੰਤੂ ਜੇਕਰ ਪਿੱਠੂ ਨਾ ਬਣਿਆ ਹੋਵੇ ਤੇ ਨਿਸ਼ਾਨਾ ਲੱਗ ਜਾਵੇ ਜਾਂ ਖਿੱਦੋ ਪਿੱਠੂ ਦਾ ਨਿਸ਼ਾਨਾ ਬਣਾਏ ਬਗ਼ੈਰ ਜਾਂ ਨਿਸ਼ਾਨਾ ਲੱਗਣ ਉਪਰੰਤ ਟੱਪਾ ਖਾਣ ਮਗਰੋਂ ਬੋਚ ਲਈ ਜਾਂਦੀ ਹੈ ਤਾਂ ਖਿਡਾਰੀ ਦੀ ਵਾਰੀ ਖ਼ਤਮ ਹੋ ਜਾਂਦੀ ਹੈ ਅਤੇ ਦੂਜਾ ਖਿਡਾਰੀ ਆਪਣੀ ਵਾਰੀ ਲੈਂਦਾ ਹੈ। ਇਸ ਤਰ੍ਹਾਂ ਖਿਡਾਰੀਆਂ ਦੀਆਂ ਵਾਰੀਆਂ ਬਦਲਦੀਆਂ ਰਹਿੰਦੀਆਂ ਹਨ।

ਇਹ ਖੇਡ ਦੋ ਟੋਲੀਆਂ ਵਿਚ ਵੀ ਖੇਡੀ ਜਾਂਦੀ ਹੈ। ਇਕ ਟੋਲੀ ਵਿਚ ਦੋ ਤੋਂ ਚਾਰ ਤਕ ਖਿਡਾਰੀਆਂ ਦੀ ਗਿਣਤੀ ਹੁੰਦੀ ਹੈ ਅਤੇ ਇਕੱਲਿਆਂ ਖੇਡਣਾ ਹੋਵੇ ਤਾਂ ਦੋ ਤਿੰਨ ਖਿਡਾਰੀ ਖੇਡ ਸਕਦੇ ਹਨ। ਇਕ ਖਿੱਦੋ, ਚਾਰ ਪੰਜ ਛੋਟੀਆਂ ਇੱਟਾਂ ਜਾਂ ਠੀਕਰੀਆਂ ਤੋਂ ਬਿਨਾਂ ਇਸ ਖੇਡ ਵਿਚ ਹੋਰ ਸਾਮਾਨ ਦੀ ਲੋੜ ਨਹੀਂ। ਇਸ ਲਈ ਕੋਈ ਖਾਸ ਮੈਦਾਨ ਜਾਂ ਥਾਂ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਕਿਸੇ ਥਾਂ ਵੀ ਖੇਡੀ ਜਾ ਸਕਦੀ ਹੈ।

ਬਦਲਦੇ ਹਾਲਾਤਾਂ ਤੇ ਆਧੁਨਿਕ ਖੇਡਾਂ ਦੇ ਵਿਕਾਸ ਕਾਰਨ ਇਹ ਲੋਪ ਹੋ ਰਹੀਆਂ ਪੇਂਡੂ ਖੇਡਾਂ ਵਿਚੋਂ ਇਕ ਹੈ। ਕਦੇ ਕਦਾਈਂ ਹੀ ਬੱਚਿਆਂ ਨੂੰ ਇਹ ਖੇਡ ਖੇਡਦਿਆਂ ਵੇਖਣਾ ਨਸੀਬ ਹੁੰਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-19-01-17-08, ਹਵਾਲੇ/ਟਿੱਪਣੀਆਂ: ਹ. ਪੁ. –ਪੰ. -ਰੰਧਾਵਾ. 151 : ਪੰ. ਲੋ. ਖੋ. -ਸੁਖਦੇਵ ਮਾਦਪੁਰੀ : 46

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.