ਪੀਲੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੀਲੂ : ਪੀਲੂ ਮਾਝੇ ਦਾ ਰਹਿਣ ਵਾਲਾ ਸੀ । ਉਸ ਦਾ ਧਰਮ ਇਸਲਾਮ ਸੀ ਤੇ ਜਾਤ ਜੱਟ । ਬਚਪਨ ਤੋਂ ਹੀ ਸੁਭਾਅ ਫ਼ਕੀਰਾਂ ਵਾਲਾ ਸੀ । ਜ਼ਰਾ ਸੁਰਤ ਸੰਭਾਲੀ ਤਾਂ ਸ਼ੌਕ ਵਜੋਂ ਘਰੋਂ ਨਿਕਲ ਗਿਆ । ਪਹਿਲਾਂ ਗੁਰੂ ਅਰਜਨ ਦੇਵ ਦੇ ਦਰਸ਼ਨ ਕੀਤੇ ਅਤੇ ਫੇਰ ਦਰਵੇਸ਼ਾਂ ਕੋਲੋਂ ਸੂਫ਼ੀਆਨਾ ਕਲਾਮ ਸੁਣਿਆ । ਉਸ ਵਿੱਚ ਬਾਰ ਦਾ ਇਲਾਕਾ ਦੇਖਣ ਦੀ ਤੀਬਰ ਇੱਛਾ ਜਾਗੀ । ਰਾਵੀ ਦਰਿਆ ਪਾਰ ਕਰ ਕੇ ਦਾਨਾਬਾਦ ਖਰਲਾਂ ਵਿੱਚ ਗਿਆ । ਇਹ ਜਗ੍ਹਾ ਮਿੰਟਮੁਗਰੀ ਤੋਂ ਚਾਲੀ ਕੋਹ ਦੂਰ ਸੀ । ਇੱਥੇ ਉਸ ਨੇ ਮਿਰਜ਼ਾ ਸਾਹਿਬਾਂ ਦੇ ਇਸ਼ਕ ਦਾ ਚਰਚਾ ਸੁਣਿਆ । ਪੀਲੂ ਨੇ ਇਸ ਕਹਾਣੀ ਨੂੰ ਕਿੱਸੇ ਵਿੱਚ ਬੀੜ ਦਿੱਤਾ । ਉਸ ਦੀ ਬੋਲੀ ਬੜੀ ਠੇਠ ਸੀ ਤੇ ਬਿਆਨ ਵਿੱਚ ਕਹਿਰਾਂ ਦੀ ਰੋਚਕਤਾ । ਲੋਕੀਂ ਇਹ ਕਿੱਸਾ ਸੁਣ ਕੇ ਅਸ਼-ਅਸ਼ ਕਰ ਉੱਠੇ । ਚੁਫੇਰੇ ਉਸ ਦੀ ਸ਼ੁਹਰਤ ਫੈਲ ਗਈ । ਇਸ ਪਿੱਛੋਂ ਉਹ ਹੋਰ ਅਗੇਰੇ ਇਲਾਕੇ ਸਾਂਦਲ ਬਾਰ ਵੱਲ ਚੱਲਾ ਗਿਆ । ਉੱਥੇ ਹੀ ਉਸ ਦਾ ਦਿਹਾਂਤ ਹੋ ਗਿਆ ।

 

        ਪੀਲੂ ਦੇ ਕਿੱਸੇ ਅਨੁਸਾਰ ਸਾਹਿਬਾਂ ਮੰਗਲਵਾਰ ਨੂੰ ਖੀਵੇ ਖ਼ਾਨ ਦੇ ਘਰ ਜੰਮੀ । ਅੱਠ ਸਾਲ ਦੀ ਉਮਰ ਵਿੱਚ ਮਾਪਿਆਂ ਨੇ ਉਸ ਨੂੰ ਮਸੀਤੇ ਪੜ੍ਹਨ ਪਾ ਦਿੱਤਾ । ਉਧਰ ਮਿਰਜ਼ਾ ਦਾਨਾਬਾਦ ਵਿੱਚ ਵੰਝਲ ਦੇ ਘਰ ਜੰਮਿਆ । ਬਚਪਨ ਵਿੱਚ ਮਾਪਿਆਂ ਨੇ ਉਸ ਨੂੰ ਨਾਨਕੇ ਭੇਜ ਦਿੱਤਾ । ਸਾਹਿਬਾਂ ਮਿਰਜ਼ੇ ਦੇ ਮਾਪੇ ਦੀ ਧੀ ਸੀ । ਮਸੀਤੇ ਇਕੱਠੇ ਪੜ੍ਹਦਿਆਂ ਦੋਹਾਂ ਦਾ ਇਸ਼ਕ ਹੋ ਗਿਆ । ਜਦੋਂ ਸਾਹਿਬਾਂ ਦੇ ਮਾਪਿਆਂ ਨੂੰ ਇਸ ਗੱਲ ਦੀ ਕੰਨਸੋਅ ਪਈ ਤਾਂ ਉਹਨਾਂ ਨੇ ਮਿਰਜ਼ੇ ਨੂੰ ਫੌਰਨ ਦਾਨਾਬਾਦ ਭੇਜ ਦਿੱਤਾ ਤੇ ਧੀ ਦੀ ਮੰਗਣੀ ਚੰਧੜਾਂ ਦੇ ਪੁੱਤ , ਤਾਹਿਰ ਖ਼ਾਨ ਨਾਲ ਕਰ ਦਿੱਤੀ । ਸਾਹੇ-ਬੱਝੀ ਸਾਹਿਬਾਂ ਨੂੰ ਘਰੋਂ ਬਾਹਰ ਪੈਰ ਰੱਖਣ ਦੀ ਮਨਾਹੀ ਸੀ । ਚੌਵੀ ਘੰਟੇ ਸਿਰ ’ ਤੇ ਪਹਿਰਾ । ਵਿਆਹ ਲਈ ਜੰਞ ਢੁੱਕਣ ਵਾਲੀ ਸੀ ਕਿ ਸਾਹਿਬਾਂ ਨੇ ਕਰਮੂੰ ਬਾਹਮਣ ਹੱਥ ਸੁਨੇਹਾ ਭੇਜਿਆ ਕਿ ਛੇਤੀ ਆ ਕੇ ਉਸ ਨੂੰ ਕੱਢ ਕੇ ਲੈ ਜਾਵੇ । ਸੁਨੇਹਾ ਮਿਲਦੇ ਸਾਰ ਮਿਰਜ਼ੇ ਨੇ ਸਾਹਿਬਾਂ ਦੇ ਪਿੰਡ ਜਾਣ ਦੀ ਤਿਆਰੀ ਕਰ ਲਈ । ਮਾਂ ਨੇ ਰੋਕਿਆ , ਬਾਪ ਨੇ ਸਮਝਾਇਆ ਤੇ ਭੈਣ ਨੇ ਹਾੜੇ ਕੱਢੇ । ਪਰ ਮਿਰਜ਼ਾ ਬਜ਼ਿਦ ਸੀ । ਉਹ ਆਪਣੀ ਬੱਕੀ ’ ਤੇ ਸਵਾਰ ਹੋ ਕੇ ਖੀਵੇ ਚੱਲਾ ਗਿਆ । ਜੰਞ ਦਾ ਢੁਕਾਅ ਹੋ ਚੁੱਕਾ ਸੀ । ਨਿਕਾਹ ਦੀਆਂ ਤਿਆਰੀਆਂ ਹੋ ਰਹੀਆਂ ਸਨ । ਮਿਰਜ਼ੇ ਨੇ ‘ ਬੀਬੋ’ ਰਾਹੀਂ ਸਾਹਿਬਾਂ ਨੂੰ ਸੁਨੇਹਾ ਭੇਜਿਆ । ਸਾਹਿਬਾਂ ਨੇ ਫੋਰਾ ਨਾ ਲਾਇਆ । ਦੋਵੇਂ ਜਾਣੇ ਬੱਕੀ ’ ਤੇ ਸਵਾਰ ਹੋ ਕੇ ਭੱਜ ਨਿਕਲੇ । ਸਿਆਲਾਂ ਤੇ ਚੰਧੜਾਂ ਦੀ ਵਾਹਰ ਨੇ ਉਹਨਾਂ ਦਾ ਪਿੱਛਾ ਕੀਤਾ ।

        ਮਿਰਜ਼ੇ ਨੂੰ ਆਪਣੀ ਜਵਾਨੀ , ਬਹਾਦਰੀ ਤੇ ਤੀਰ- ਅੰਦਾਜ਼ੀ ਉੱਤੇ ਬੜਾ ਨਾਜ਼ ਸੀ । ਥੋੜ੍ਹਾ ਜਿਹਾ ਵਿਸਮਣ ਲਈ ਉਹ ਜੰਡ ਹੇਠ ਲੇਟ ਗਿਆ । ਵਾਹਰ ਨੇੜੇ ਆ ਗਈ । ਸਾਹਿਬਾਂ ਮਿਰਜ਼ੇ ਦੇ ਤਰਲੇ ਪਾਉਂਦੀ ਰਹੀ ਕਿ ਉੱਠ ਭੱਜ ਚਲੀਏ । ਮਾਣ-ਮੱਤੇ ਮਿਰਜ਼ੇ ਨੇ ਪ੍ਰਵਾਹ ਨਾ ਕੀਤੀ । ਏਨੇ ਨੂੰ ਸਿਆਲ ਅਤੇ ਚੰਧੜ ਮਿਰਜ਼ੇ ਉੱਤੇ ਟੁੱਟ ਪਏ । ਸਾਹਿਬਾਂ ਨੇ ਉਸ ਦਾ ਭੱਥਾ ਜੰਡ ਉੱਤੇ ਟੰਗ ਦਿੱਤਾ । ਉਸ ਨੂੰ ਡਰ ਸੀ ਕਿ ਮਿਰਜ਼ਾ ਇਹਨਾਂ ਤੀਰਾਂ ਨਾਲ ਉਸ ਦੇ ਭਰਾਵਾਂ ਨੂੰ ਵਿੰਨ੍ਹ ਸੁੱਟੇਗਾ । ਨਿਹੱਥਾ ਮਿਰਜ਼ਾ ਜੰਡ ਹੇਠਾਂ ਵੱਢਿਆ ਗਿਆ । ਸਾਹਿਬਾਂ ਨੇ ਵੈਣ ਪਾਏ । ਮਰਦੇ ਹੋਏ ਮਿਰਜ਼ੇ ਨੇ ਸਾਹਿਬਾਂ ਅੱਗੇ ਗਿਲਾ ਕੀਤਾ ਕਿ ਤੂੰ ਭੱਥਾ ਜੰਡ ਉੱਤੇ ਟੰਗ ਕੇ ਬਹੁਤ ਜ਼ੁਲਮ ਕਮਾਇਆ ਹੈ :

ਮੰਦਾ ਕੀਤਾ ਸੁਣ ਸਾਹਿਬਾਂ , ਮੇਰਾ ਤਰਕਸ਼ ਟੰਗਿਆ ਜੰਡ ।

ਤਿੰਨ ਸੈ ਕਾਨੀ ਮਿਰਜ਼ੇ ਜਵਾਨ ਦੀ ,

                                  ਦੇਂਦਾ ਸਿਆਲਾਂ ਨੂੰ ਵੰਡ

      ਪਰ ਬਿਨ ਭਰਾਵਾਂ ਮਿਰਜ਼ਾ ਮਾਰਿਆ ਗਿਆ ।

        ਮਿਰਜ਼ਾ ਸਾਹਿਬਾਂ ਦੀ ਘਟਨਾ ਜਹਾਂਗੀਰ ਦੇ ਸਮੇਂ ਵਾਪਰੀ । ਸਭ ਤੋਂ ਪਹਿਲਾਂ ਪੀਲੂ ਨੇ ਹੀ ਇਸ ਨੂੰ ਆਪਣੇ ਕਿੱਸੇ ਵਿੱਚ ਬਿਆਨ ਕੀਤਾ । ਇਸ ਪਿੱਛੋਂ ਹਾਫ਼ਿਜ਼ ਬਰਖ਼ੁਰਦਾਰ ਨੇ ਵੀ ਇਸੇ ਕਹਾਣੀ ਨੂੰ ਕਿੱਸੇ ਦੇ ਰੂਪ ਵਿੱਚ ਲਿਖਿਆ , ਪਰ ਉਸ ਦੇ ਬਿਆਨ ਵਿੱਚ ਪੀਲੂ ਨਾਲੋਂ ਭਿੰਨਤਾ ਸੀ । ਹਾਫ਼ਿਜ਼ ਨੇ ਬਿਆਨ ਕੀਤਾ ਹੈ ਕਿ ਜਦ ਮਿਰਜ਼ਾ ਵੱਢਿਆ ਜਾਂਦਾ ਹੈ ਤਾਂ ਸਾਹਿਬਾਂ ਇੱਕ ਕਾਂ ਨੂੰ ਅਰਜ਼ ਕਰਦੀ ਹੈ ਕਿ ਉੱਡ ਕੇ ਪੀਲੂ ਕੋਲ ਜਾਵੇ ਤੇ ਉਸ ਨੂੰ ਇਹ ਕਿੱਸਾ ਲਿਖਣ ਲਈ ਆਖੇ । ਜਦ ਕਾਂ ਉੱਥੇ ਗਿਆ ਤਾਂ ਪੀਲੂ ਮਰ ਚੁੱਕਾ ਸੀ । ਉਹ ਪੀਲੂ ਦੀ ਕਬਰ ਉੱਤੇ ਵੈਣ ਪਾਉਂਦਾ ਹੈ :

ਜਾ ਰੁੱਨਾ ਪੀਲੂ ਦੀ ਗੋਰ ’ ਤੇ ਬਾਣਾ ਬਤਰ ਸਿਆਹ ।

                      ਅੱਗੋਂ ਪੀਲੂ ਮੂੰਹ ਚੜ੍ਹ ਬੋਲਿਆ ਕਾਗਾ ਮੁਸਲਮਾਨੀ ਜਾਹ ।

        ਫਿਰ ਸਾਹਿਬਾਂ ਦਾ ਇਹੋ ਕਾਸਦ ਪੰਛੀ ਹਾਫ਼ਿਜ਼ ਬਰਖ਼ੁਰਦਾਰ ਵੱਲ ਆਉਂਦਾ ਹੈ ਤੇ ਉਸ ਦੇ ਦੱਸਣ ਮੂਜਬ ਹਾਫ਼ਿਜ਼ ਉਸ ਕਿੱਸੇ ਨੂੰ ਲਿਖਦਾ ਹੈ । ਉਹ ਪੀਲੂ ਦੀ ਸ਼ਾਇਰੀ ਵੱਲ ਇਸ਼ਾਰਾ ਕਰਦਾ ਹੈ :

ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਣ

                                ਜਿਸ ਨੂੰ ਪੰਜਾਂ ਪੀਰਾਂ ਦੀ ਥਾਪਣਾ ਕੰਧੀ ਦਸਤ ਧਰੇਣ ।

        ਪੀਲੂ ਦੀ ਕਾਵਿ-ਕਲਾ ਦੇ ਸੰਬੰਧ ਵਿੱਚ ਵਰਣਨਯੋਗ ਗੱਲ ਇਹ ਹੈ ਕਿ ਉਸ ਨੇ ਕਿੱਸੇ ਨੂੰ ਦੁਖਾਂਤ ਵਿੱਚ ਬੰਨ੍ਹਿਆ ਹੈ । ਇਹ ਗੱਲ ਭਾਰਤੀ ਪਰੰਪਰਾ ਦੇ ਉਲਟ ਹੈ । ਪੀਲੂ ਨੇ ਇਸ ਪਰੰਪਰਾ ਨਾਲੋਂ ਟੁੱਟ ਕੇ ਜ਼ਿੰਦਗੀ ਦੇ ਯਥਾਰਥ ਨੂੰ ਪਕੜਿਆ ਤੇ ਕਿੱਸੇ ਦਾ ਅੰਤ ਦੁਖਾਂਤ ਵਿੱਚ ਕੀਤਾ । ਇਹ ਗੱਲ ਵਾਸਤਵਿਕਤਾ ਦੇ ਬਹੁਤ ਨੇੜੇ ਪ੍ਰਤੀਤ ਹੁੰਦੀ ਹੈ ।

        ਕਵੀ ਨੇ ਇਸ ਦੁਖਾਂਤ ਦੀ ਨੀਂਹ ਨਾਇਕ ਤੇ ਨਾਇਕਾ ਵਿੱਚ ਪਾਈਆਂ ਜਾਂਦੀਆਂ ਕਮਜ਼ੋਰੀਆਂ ਉੱਤੇ ਰੱਖੀ ਹੈ । ਨਾਇਕ ਵਿੱਚ ਹੰਕਾਰ ਹੈ ਅਤੇ ਨਾਇਕਾ ਵਿੱਚ ਭਰਾਵਾਂ ਲਈ ਪਿਆਰ ਦੀ ਕਮਜ਼ੋਰੀ । ਸਾਹਿਬਾਂ ਨੂੰ ਸ਼ਾਇਦ ਇਸ ਗੱਲ ਦਾ ਭਰੋਸਾ ਸੀ ਕਿ ਉਹ ਭਰਾਵਾਂ ਅੱਗੇ ਵਾਸਤਾ ਪਾ ਕੇ ਆਪਣੇ ਪ੍ਰੇਮੀ ਦੀ ਜਾਨ ਬਖ਼ਸ਼ਵਾ ਲਵੇਗੀ ।

        ਪੀਲੂ ਦੀ ਰਚਨਾ ਵਿੱਚ ਰੁਮਾਂਸ ਅਤੇ ਬੀਰ-ਰਸ ਦਾ ਬਹੁਤ ਵਧੀਆ ਸੁਮੇਲ ਹੈ । ਮਿਰਜ਼ੇ ਦੇ ਬੋਲਾਂ ਵਿੱਚ ਬਹਾਦਰੀ ਹੈ ਤੇ ਬਾਹੂ ਬਲ ਉੱਤੇ ਕਹਿਰਾਂ ਦਾ ਭਰੋਸਾ :

ਕੋਈ ਨਾ ਦੀਹਦਾ ਸੂਰਮਾ , ਜਿਹੜਾ ਮੈਨੂੰ ਹੱਥ ਕਰੇ ।

                                  ਕਟਕ ਭਿੜਾ ਦਿਆਂ ਟੱਕਰੀਂ , ਮੈਥੋਂ ਭੀ ਰਾਠ ਡਰੇ ।

        ਕਵੀ ਅਸਿੱਧੇ ਤੌਰ ’ ਤੇ ਸ਼ਿੰਗਾਰ-ਰਸ ਦਾ ਪ੍ਰਭਾਵ ਉਜਾਗਰ ਕਰਦਾ ਹੈ :

ਸਾਹਿਬਾਂ ਗਈ ਤੇਲ ਨੂੰ , ਗਈ ਪਸਾਰੀ ਦੀ ਹੱਟ ।

ਫੜ ਨਾ ਜਾਣੇ ਤਕੜੀ , ਹਾੜ ਨਾ ਜਾਣੇ ਵੱਟ

ਤੇਲ ਭੁਲਾਵੇ ਭੁੱਲਾ ਬਾਣੀਆਂ , ਦਿੱਤਾ ਸ਼ਹਿਦ ਉੱਲਟ ।

                  ਵਣਜ ਗੁਆ ਲਏ ਬਾਣੀਆਂ , ਬਲਦ ਗੁਆ ਲਏ ਜੱਟ ।

                  ਰੂਪਮਤੀ ਸਾਹਿਬਾਂ ਦਾ ਮਿਰਜ਼ੇ ਉੱਤੇ ਜਾਦੂਮਈ ਅਸਰ :

ਕਢ ਕਲੇਜ਼ਾ ਲੈ ਗਈ , ਖਾਨ ਖੀਵੇ ਦੀ ਧੀ ।

ਗਜ਼ ਗਜ਼ ਲੰਮੀਆਂ ਮੀਢੀਆਂ , ਰੰਗ ਜੋ ਗੋਰਾ ਸੀ ।

                        ਜੇ ਦੇਵੇ ਪਿਆਲਾ ਜ਼ਹਿਰ ਦਾ , ਮੈਂ ਮਿਰਜ਼ਾ ਲੈਂਦਾ ਪੀ ।

        ਪੀਲੂ ਦੇ ਕਿੱਸੇ ਵਿੱਚ ਵਰਤਿਆ ਗਿਆ ਛੰਦ ਪਹਿਲਾਂ ਹੀ ਲੋਕ-ਪ੍ਰਿਆ ਛੰਦਾਂ ਵਿੱਚੋਂ ਸੀ । ਮਿਰਜ਼ਾ ਸਾਹਿਬਾਂ ਦੇ ਰੁਮਾਂਸ ਦੀ ਪੇਸ਼ਕਾਰੀ ਲਈ ਇਹ ਛੰਦ ਬਹੁਤ ਢੁੱਕਵਾਂ ਸਾਬਤ ਹੋਇਆ ਹੈ । ਇਸ ਛੰਦ ਵਿਚਲੀ ਲੈਅ ਅਤੇ ਦਿਲ-ਟੁੰਬਵੀਂ ਸੰਗੀਤਾਤਮਿਕਤਾ ਨੇ ਇਸ ਨੂੰ ਪੰਜਾਬੀਆਂ ਦਾ ਮਕਬੂਲ ਛੰਦ ਬਣਾ ਦਿੱਤਾ ਹੈ ।

        ਇਸ ਕਿੱਸੇ ਦੀਆਂ ਅਨੇਕਾਂ ਪੰਕਤੀਆਂ ਅਖਾਣਾਂ ਵਿੱਚ ਵਟ ਗਈਆਂ ਹਨ :

ਲਿਖੀਆਂ ਡਾਢੇ ਰੱਬ ਦੀਆਂ , ਮੇਟਣ ਵਾਲਾ ਕੌਣ ।

ਇਸ਼ਕ ਲਿਤਾੜੇ ਆਦਮੀ , ਬਰਫ਼ ਲਿਤਾੜੇ ਰੁੱਖ

ਨੀਂਦ ਨਾ ਆਉਂਦੀ ਚੋਰ ਨੂੰ , ਆਸ਼ਿਕ ਨਾ ਲੱਗੇ ਭੁੱਖ

ਮੂਸਾ ਭੱਜਿਆ ਮੌਤ ਤੋਂ , ਅੱਗੇ ਮੌਤ ਖਲੀ ।

                              ਭੱਠ ਰੰਨਾਂ ਦੀ ਦੋਸਤੀ , ਖੁਰੀ ਜਿਨ੍ਹਾਂ ਦੀ ਮੱਤ

        ਪੀਲੂ ਦਾ ਮਿਰਜ਼ਾ ਵਾਰਿਸ ਦੀ ਹੀਰ ਵਾਂਗ ਪੰਜਾਬ ਵਿੱਚ ਬੇਹੱਦ ਮਕਬੂਲ ਹੈ ।


ਲੇਖਕ : ਬਖ਼ਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੀਲੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੀਲੂ . ਦੇਖੋ , ਪੀਲੁ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.