ਪੁਰਾਤਨ ਜਨਮ-ਸਾਖੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੁਰਾਤਨ ਜਨਮ - ਸਾਖੀ : ਪੁਰਾਤਨ ਜਨਮ-ਸਾਖੀ ਮੱਧ-ਕਾਲੀ ਪੰਜਾਬੀ ਵਾਰਤਕ ਦੀ ਅਤਿਅੰਤ ਮਹੱਤਵਪੂਰਨ ਵਾਰਤਕ ਰਚਨਾ ਹੈ । ਇਸਦੀ ਦੱਸ ਸਭ ਤੋਂ ਪਹਿਲਾਂ ਇੱਕ ਜਰਮਨ ਈਸਾਈ ਮਿਸ਼ਨਰੀ ਅਰਨੈਸਟ ਟ੍ਰੰਪ ਨੇ ਪਾਈ ਸੀ , ਜਿਸ ਨੂੰ ਇਹ ਇੰਡੀਆ ਆਫਿਸ ਲਾਇਬ੍ਰੇਰੀ ਲੰਦਨ ਵਿੱਚੋਂ ਮਿਲੀ । 1872 ਵਿੱਚ ਪ੍ਰਾਪਤ ਹੋਈ ਇਹ ਪੋਥੀ ਵਲਾਇਤ ਵਾਲੀ ਜਨਮ-ਸਾਖੀ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ । ਇਸ ਜਨਮ-ਸਾਖੀ ਵੱਲ ਸਿੱਖ ਵਿਦਵਾਨਾਂ ਵਿੱਚੋਂ ਸਭ ਤੋਂ ਪਹਿਲਾਂ ਕਰਮ ਸਿੰਘ ਹਿਸਟੋਰੀਅਨ ਦਾ ਧਿਆਨ ਗਿਆ , ਜਿਸ ਨੇ 1913 ਵਿੱਚ ਇਸ ਰਚਨਾ ’ ਤੇ ਆਧਾਰਿਤ ਕੱਤਕ ਕਿ ਵਿਸਾਖ ਨਾਮੀ ਪੁਸਤਕ ਲਿਖੀ । 1926 ਵਿੱਚ ਭਾਈ ਵੀਰ ਸਿੰਘ ਨੇ ਇਸ ਜਨਮ-ਸਾਖੀ ਦੀ ਸੰਪਾਦਨਾ ਕੀਤੀ ਅਤੇ ਇਸ ਨੂੰ ਪ੍ਰਕਾਸ਼ਿਤ ਵੀ ਕੀਤਾ ।

        ਇਸ ਜਨਮ-ਸਾਖੀ ਵਿੱਚ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਜੁੜੀਆਂ 57 ਸਾਖੀਆਂ ਸ਼ਾਮਲ ਹਨ । ਪਹਿਲਾਂ ਪਹਿਲ ਇਸ ਵਿੱਚ ਕੇਵਲ 15-20 ਸਾਖੀਆਂ ਹੀ ਸਨ । ਉਸ ਤੋਂ ਮਗਰੋਂ ਕੁਝ ਹੋਰ ਸਾਖੀਆਂ ਇਸ ਵਿੱਚ ਸ਼ਾਮਲ ਹੋ ਗਈਆਂ ਅਤੇ ਇਹ ਪੋਥੀ ਪਹਿਲਾਂ 25 ਅਤੇ ਫੇਰ 30 ਸਾਖੀਆਂ `ਤੇ ਆਧਾਰਿਤ ਹੋ ਗਈ ।

        ਇਹ ਨਿਸ਼ਚਿਤ ਹੈ ਕਿ ਲੋਕ-ਕਹਾਣੀਆਂ ਵਾਂਗ ਇਹ ਸਾਖੀਆਂ ਅਰੰਭ ਵਿੱਚ ਮੌਖਿਕ ਪਰੰਪਰਾ ਦਾ ਹਿੱਸਾ ਰਹੀਆਂ ਹੋਣਗੀਆਂ । ਮਗਰੋਂ ਕਿਸੇ ਨੇ ਇਹਨਾਂ ਨੂੰ ਲਿਖਤੀ ਰੂਪ ਦੇ ਦਿੱਤਾ । ਇਹਨਾਂ ਸਾਖੀਆਂ ਦਾ ਸੰਗ੍ਰਹਿ-ਕਰਤਾ ਜਾਂ ਇਹਨਾਂ ਨੂੰ ਲਿਪੀਬੱਧ ਕਰਨ ਵਾਲਾ ਵਿਅਕਤੀ ਕੌਣ ਹੈ , ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ।

        ਪੁਰਾਤਨ ਜਨਮ-ਸਾਖੀ ਦਾ ਵਿਸ਼ਾ ਗੁਰੂ ਨਾਨਕ ਦੇਵ ਦੀ ਅਦੁੱਤੀ ਸ਼ਖ਼ਸੀਅਤ ਨੂੰ ਪੇਸ਼ ਕਰਨਾ ਹੈ । ਪਰ ਪੋਥੀ ਵਿਚਲਾ ਗੁਰੂ ਨਾਨਕ ਪੂਰਨ ਰੂਪ ਵਿੱਚ ਇਤਿਹਾਸਿਕ ਵਿਅਕਤੀ ਨਹੀਂ ਰਹਿੰਦਾ । ਉਸ ਉੱਤੇ ਪੌਰਾਣਿਕ ਤੇ ਮਿਥਿਹਾਸਿਕ ਰੰਗਣ ਬੜੀ ਗੂੜ੍ਹੀ ਚੜ੍ਹ ਗਈ ਹੈ । ਉਹ ਜੇ ਇੱਕ ਪਾਸੇ ਦਲੀਲ ਨਾਲ ਦੂਜੇ ਬੰਦੇ ਨੂੰ ਕਾਇਲ ਕਰ ਸਕਦਾ ਹੈ ਤਾਂ ਦੂਜੇ ਪਾਸੇ ਕਰਾਮਾਤੀ ਸ਼ਕਤੀ ਦਰਸਾ ਕੇ ਵਿਰੋਧੀ ਨੂੰ ਆਪਣਾ ਮੁਰੀਦ ਬਣਾ ਸਕਦਾ ਹੈ । ਗੁਰੂ ਨਾਨਕ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਭਾਰਤ ਤੋਂ ਬਾਹਰ ਵੀ ਕਈ ਸਾਲ ਯਾਤਰਾ ਉੱਤੇ ਰਹੇ । ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਆਖਿਆ ਜਾਂਦਾ ਹੈ । ਪੁਰਾਤਨ ਜਨਮ-ਸਾਖੀ ਵਿੱਚ ਗੁਰੂ ਸਾਹਿਬ ਦੀਆਂ ਪੰਜ ਉਦਾਸੀਆਂ ਦਾ ਵਰਣਨ ਹੈ । ਪੁਸਤਕ ਵਿੱਚ 15 ਸਾਖੀਆਂ , ਉਦਾਸੀਆਂ ਤੋਂ ਪਹਿਲਾਂ ਦੀਆਂ ਹਨ , 26 ਸਾਖੀਆਂ ਪਹਿਲੀ ਉਦਾਸੀ ਨਾਲ , ਸੱਤ ਸਾਖੀਆਂ ਦੂਜੀ ਉਦਾਸੀ ਨਾਲ , ਦੋ ਸਾਖੀਆਂ ਤੀਜੀ ਉਦਾਸੀ ਨਾਲ , ਇੱਕ ਸਾਖੀ ਚੌਥੀ ਉਦਾਸੀ ਨਾਲ ਅਤੇ ਛੇ ਸਾਖੀਆਂ ਪੰਜਵੀਂ ਉਦਾਸੀ ਨਾਲ ਸੰਬੰਧ ਰੱਖਦੀਆਂ ਹਨ ।

        ਇਸ ਪੋਥੀ ਵਿਚਲੀਆਂ ਸਾਖੀਆਂ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਵੇਖਿਆ ਜਾ ਸਕਦਾ ਹੈ । ਇੱਕ ਤਾਂ ਨਿਰੋਲ ਸਾਖੀ ਦਾ ਰੂਪ ਹੈ , ਜਿਸ ਵਿੱਚ ਕੇਵਲ ਕਥਾ ਦਾ ਬਿਰਤਾਂਤ ਪੇਸ਼ ਹੋਇਆ ਹੈ । ਦੂਜੀ ਪ੍ਰਕਾਰ ਦੀਆਂ ਸਾਖੀਆਂ ਗੋਸ਼ਟਾਂ ( ਵਾਰਤਾਲਾਪ ) ਦੇ ਰੂਪ ਵਿੱਚ ਹਨ ਅਤੇ ਤੀਜੀ ਕਿਸਮ ਦੀਆਂ ਸਾਖੀਆਂ ਮਿਸ਼ਰਿਤ ਰੂਪ ਵਾਲੀਆਂ ਹਨ ਅਰਥਾਤ ਵਾਰਤਾਲਾਪੀ ਢੰਗ ਵੀ ਵਰਤਿਆ ਗਿਆ ਹੈ ਅਤੇ ਬਿਰਤਾਂਤ ਵਰਣਨ ਵੀ ।

        ਪੁਰਾਤਨ ਜਨਮ-ਸਾਖੀ ਵਿੱਚ ਗੁਰੂ ਨਾਨਕ ਦੇਵ ਦੇ ਸਮੇਂ ਦੇ ਸਮਾਜ ਦੀ ਝਲਕ ਵੀ ਮਿਲਦੀ ਹੈ । ਪਤਾ ਲੱਗਦਾ ਹੈ ਕਿ ਲੋਕ ਵਹਿਮਾਂ-ਭਰਮਾਂ ਦਾ ਸ਼ਿਕਾਰ ਸਨ । ਅੰਧ- ਵਿਸ਼ਵਾਸ ਦਾ ਬੋਲ-ਬਾਲਾ ਸੀ । ਜਾਦੂ-ਟੂਣਿਆਂ ਦੀ ਜਕੜ ਬੜੀ ਪੱਕੀ ਸੀ । ਵਰਨ ਵਿਵਸਥਾ ਨੇ ਸਮਾਜ ਨੂੰ ਜਾਤ- ਪਾਤ ਵਿੱਚ ਵੰਡਿਆ ਹੋਇਆ ਸੀ । ਰਾਜ ਅਤੇ ਧਰਮ ਦਾ ਪਤਨ ਹੋ ਚੁੱਕਾ ਸੀ । ਹਰ ਪਾਸੇ ਅਗਿਆਨ ਦਾ ਪਹਿਰਾ ਸੀ । ਇਹਨਾਂ ਹਾਲਾਤਾਂ ਦਾ ਚਿੱਤਰ ਪੁਰਾਤਨ ਜਨਮ-ਸਾਖੀ ਵਿੱਚੋਂ ਬੜੇ ਉਘੜਵੇਂ ਰੂਪ ਵਿੱਚ ਸਾਮ੍ਹਣੇ ਆਉਂਦਾ ਹੈ । ਇਸ ਤਰ੍ਹਾਂ ਪੁਰਾਤਨ ਜਨਮ-ਸਾਖੀ ਵਿੱਚੋਂ ਸਮਾਜਿਕ , ਰਾਜਨੀਤਿਕ , ਧਾਰਮਿਕ , ਇਤਿਹਾਸਿਕ ਅਤੇ ਭਾਈਚਾਰਿਕ ਜੀਵਨ ਦੀ ਭਰਪੂਰ ਝਲਕ ਮਿਲਦੀ ਹੈ ।

        ਪੁਰਾਤਨ ਜਨਮ ਸਾਖੀ ਦੀ ਭਾਸ਼ਾ ਦਾ ਸਰੂਪ ਗੁਰਬਾਣੀ ਦੀ ਭਾਸ਼ਾ ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਹੈ । ਇਸ ਨੂੰ ‘ ਹਿੰਦਵੀ’ , ‘ ਸਾਧ ਭਾਸ਼ਾ’ ਜਾਂ ‘ ਸਧੁੱਕੜੀ’ ਭਾਸ਼ਾ ਆਖਿਆ ਜਾਂਦਾ ਹੈ । ਇਹ ਭਾਸ਼ਾ ਉਸ ਸਮੇਂ ਸਾਰੇ ਭਾਰਤ ਵਿੱਚ ਸਮਝੀ ਜਾਂਦੀ ਸੀ ਕਿਉਂਕਿ ਇਹ ਬਹੁਤ ਸਾਰੀਆਂ ਭਾਸ਼ਾਵਾਂ ਦਾ ਮਿਲਗੋਭਾ ਸੀ । ਉਸ ਸਮੇਂ ਦੀ ਰਾਜ ਦਰਬਾਰ ਦੀ ਭਾਸ਼ਾ ਫ਼ਾਰਸੀ ਸੀ । ਇਸ ਵਿੱਚ ਫ਼ਾਰਸੀ ਦੇ ਸ਼ਬਦ ਆਪਣੇ ਅਸਲੀ ਰੂਪ ਵਿੱਚ ਜਾਂ ਬਦਲਵੇਂ ਰੂਪ ਵਿੱਚ ਮਿਲਦੇ ਹਨ । ਭਾਰਤ ਦੀਆਂ ਮੂਲ ਧਾਰਮਿਕ ਪਰੰਪਰਾਵਾਂ ਭਾਰਤੀ ਸੋਮਿਆਂ ਵਿੱਚੋਂ ਆਈਆਂ ਭਾਸ਼ਾਵਾਂ ਨਾਲ ਜੁੜੀਆਂ ਹੋਈਆਂ ਸਨ । ਇਸ ਲਈ ਸਾਧ ਭਾਸ਼ਾ ਵਿੱਚ ਜਿੱਥੇ ਸੰਸਕ੍ਰਿਤ ਦੀ ਸ਼ੁੱਧ ਅਤੇ ਅਸ਼ੁੱਧ ਸ਼ਬਦਾਵਲੀ ਵਰਤੀ ਜਾਂਦੀ ਸੀ ਉੱਥੇ ਨਾਲ ਹੀ ਆਧੁਨਿਕ ਭਾਰਤੀ ਭਾਸ਼ਾਵਾਂ ਦੀ ਸੰਘਣੀ ਰੰਗਣ ਵੀ ਇਸ ਭਾਸ਼ਾ ਉੱਤੇ ਚੜ੍ਹੀ ਹੋਈ ਸੀ । ਇਸ ਲਈ ਆਪਣੇ ਪ੍ਰਸੰਗ ਵਿੱਚ ਇਸ ਭਾਸ਼ਾ ਨੂੰ ਅਸੀਂ ਪੁਰਾਤਨ ਪੰਜਾਬੀ ਵੀ ਆਖ ਸਕਦੇ ਹਾਂ ।

        ਵਾਕ ਬਣਤਰ ਦੀ ਦ੍ਰਿਸ਼ਟੀ ਤੋਂ ਇਹ ਭਾਸ਼ਾ ਇੱਕ ਪਾਸੇ ਸੰਜੋਗਾਤਮਿਕ ਹੈ , ਦੂਜੇ ਪਾਸੇ ਇਹ ਸ਼ੈਲੀ ਦੇ ਪੱਖੋਂ ਲੋਕ-ਭਾਸ਼ਾ ਦੇ ਰੂਪ ਵਿੱਚ ਢਲਣ ਦੀ ਪ੍ਰਵਿਰਤੀ ਰੱਖਦੀ ਹੈ । ਇਸ ਤਰ੍ਹਾਂ ਸੰਜਮ ਇਸ ਪੁਸਤਕ ਦੀ ਭਾਸ਼ਾ-ਸ਼ੈਲੀ ਦਾ ਬੜਾ ਵੱਡਾ ਲੱਛਣ ਹੈ । ਸਮੁੱਚੇ ਤੌਰ `ਤੇ ਪੁਰਾਤਨ ਜਨਮ-ਸਾਖੀ ਦੀ ਵਾਰਤਕ ਗੁਰਬਾਣੀ ਦੀ ਸ਼ਬਦਾਵਲੀ , ਸ਼ਬਦ-ਜੋੜ ਅਤੇ ਵਾਕ-ਬਣਤਰ ਦੀ ਰੰਗਤ ਵਿੱਚ ਭਿੱਜੀ ਹੋਈ ਹੈ । ਇਸ ਕਾਰਨ ਇਹ ਵਾਰਤਕ ਕੇਵਲ ਕਲਾਮਈ ਤੇ ਰਸਦਾਇਕ ਹੀ ਨਹੀਂ ਸਗੋਂ ਸੰਗੀਤਕ ਵੀ ਹੋ ਨਿਬੜੀ ਹੈ ।


ਲੇਖਕ : ਕਰਨਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.