ਪੁਰਾਤਨ ਸਿੱਖ ਨਾਮਾਵਲੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪੁਰਾਤਨ ਸਿੱਖ ਨਾਮਾਵਲੀ: ਇਸ ਨਾਮਾਵਲੀ ਦਾ ਸੰਬੰਧ ਭਾਈ ਗੁਰਦਾਸ ਦੀ ਲਿਖੀ 11ਵੀਂ ਵਾਰ ਨਾਲ ਹੈ। ਰਵਾਇਤ ਅਨੁਸਾਰ ਇਸ ਵਾਰ ਦੇ ਮਹੱਤਵ ਨੂੰ ਵੇਖਦੇ ਹੋਇਆਂ ਭਾਈ ਮਨੀ ਸਿੰਘ ਨੇ ਇਸ ਉਪਰ ਇਕ ਭਾਸ਼ੑਯ ਲਿਖਿਆ, ਜੋ ਕਾਲਾਂਤਰ ਵਿਚ ‘ਸਿੱਖਾਂ ਦੀ ਭਗਤਮਾਲਾ ’ ਦੇ ਨਾਂ ਨਾਲ ਜਾਣਿਆ ਜਾਣ ਲਗਾ। ਇਸ ਦਾ ਇਕ ਨਾਮਾਂਤਰ ‘ਭਗਤ ਰਤਨਾਵਲੀ ’ ਵੀ ਪ੍ਰਸਿੱਧ ਹੈ। ਭਾਈ ਗੁਰਦਾਸ ਨੇ ਪਹਿਲੀਆਂ 12 ਪਉੜੀਆਂ ਵਿਚ ਸਤਿਗੁਰੂ, ਗੁਰਮੁਖ , ਗੁਰਸਿੱਖੀ, ਗੁਰੂ- ਚਰਣ, ਗੁਰੂ-ਸਿੱਖ ਪ੍ਰੇਮ ਆਦਿ ਵਿਸ਼ਿਆਂ ਉਤੇ ਪ੍ਰਕਾਸ਼ ਪਾਇਆ ਹੈ। ਇਸ ਤੋਂ ਉਪਰੰਤ ਪਹਿਲੇ ਤੋਂ ਛੇਵੇਂ ਗੁਰੂ ਸਾਹਿਬਾਨ ਦੇ ਸਿੱਖਾਂ ਦੀ ਨਾਮਾਵਲੀ ਦਿੱਤੀ ਹੈ। ਇਹ ਪਰਿਚਯ ਨਾਂਵਾਂ ਅਤੇ ਕਿਤੇ ਕਿਤੇ ਜਾਤਾਂ ਤੇ ਥਾਂਵਾਂ ਤਕ ਹੀ ਸੀਮਿਤ ਹੈ। ਇਤਿਹਾਸਿਕ ਦ੍ਰਿਸ਼ਟੀ ਤੋਂ ਇਹ ਵਾਰ ਬਹੁਤ ਮਹੱਤਵ- ਪੂਰਣ ਹੈ ਕਿਉਂਕਿ ਪੁਰਾਤਨ ਸਿੱਖਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹੋਰ ਕੋਈ ਸਾਧਨ ਹੀ ਨਹੀਂ ਹੈ।
ਭਾਈ ਮਨੀ ਸਿੰਘ ਨੇ ਇਸ ਵਾਰ ਵਿਚਲੇ ਸਿੱਖਾਂ ਦੇ ਨਾਲ ਸੰਬੰਧਿਤ ਅਧਿਆਤਮਿਕ ਪ੍ਰਸੰਗਾਂ, ਸਾਖੀਆਂ ਅਥਵਾ ਘਟਨਾਵਾਂ ਦੀ ਕਲਪਨਾ ਕੀਤੀ ਹੈ ਅਤੇ ਗੁਰਮਤਿ ਦੇ ਸਿੱਧਾਂਤਾਂ ਨੂੰ ਸਿੱਖਾਂ ਵਲੋਂ ਕੀਤੇ ਪ੍ਰਸ਼ਨਾਂ ਦੇ ਗੁਰੂ ਸਾਹਿਬਾਨ ਵਲੋਂ ਦਿੱਤੇ ਉਤਰਾਂ ਰਾਹੀਂ ਸਪੱਸ਼ਟ ਕੀਤਾ ਹੈ। ਉਦਾਹਰਣ ਲਈ 15ਵੀਂ ਪਉੜੀ ਦੀ ਤੁਕ—ਲਾਲੁ ਸੁ ਲਾਲੂ ਬੁਧਿਮਾਨ ਦੁਰਗਾ ਜੀਵੰਧੁ ਪਰਉਪਕਾਰੀ—ਦਾ ਵਿਸ਼ਲੇਸ਼ਣ ਇਸ ਤਰ੍ਹਾਂ ਕੀਤਾ ਹੈ—
ਭਾਈ ਲਾਲੂ ਬੁਧਵਾਨ ਤੇ ਦੁਰਗਾ ਤੇ ਜੀਵੰਦਾ ਹਜੂਰ ਗੁਰੂ ਅੰਗਦ ਜੀ ਦੇ ਆਏ ਤੇ ਅਰਦਾਸ ਕੀਤੀ—ਜੋ ਅਸਾਡਾ ਉਧਾਰੁ ਕਿਉਕਰ ਹੋਵੇ। ਤਾਂ ਬਚਨ ਹੋਇਆ—ਪਰਉਪਕਾਰ ਦੇ ਸਮਾਨ ਹੋਰੁ ਕੁਝ ਨਹੀਂ। ਪਰਉਪਕਾਰ ਭੀ ਤਿੰਨ ਪ੍ਰਕਾਰ ਦਾ ਹੈ। ਇਕ ਜੋ ਆਪਣੇ ਪਾਸ ਪਦਾਰਥ ਹੋਵਨਾ, ਸੋ ਆਪ ਭੀ ਜੁਗਤੁ ਨਾਲ ਵਰਤਨੇ, ਤੇ ਨਾਲੇ ਗਰੀਬਾ ਨੂੰ, ਅਨਾਥਾਂ ਨੂੰ, ਭਜਨ ਕਰਨ ਵਾਲਿਆਂ ਨੂੰ ਵੰਡਿ ਖਲਾਵੀਐ। ਬਹੁੜੋ ਜੋ ਆਪਣੇ ਸ੍ਰੀਰ ਥੀ ਕਿਸੇ ਦੀ ਸੇਵਾ ਟਹਿਲ ਕਰੀਐ ਤੇ ਰਸਨਾ ਕਰਿ ਕੇ ਭੀ ਜੋ ਵਚਨੁ ਮਨੀਦਾ ਹੋਵੇ ਤਾ ਭੀ ਕਿਸੇ ਦਾ ਭਲਾ ਕਰੀਐ। ਬਹੁੜਿ ਗਿਆਨੁ ਧਿਆਨੁ ਭੀ ਰਸਨਾ ਕਰਿ ਉਪਦੇਸਿ ਕੀਚੈ ਤੇ ਮਨ ਕਰਿਕੇ ਭੀ ਸਭਸ ਦਾ ਭਲਾ ਮੰਗੀਐ। ਉਹਿ ਸਿਖ ਐਸੇ ਹੀ ਸਭਣਾ ਸਿਖਾ ਦੇ ਨਾਲਿ ਪਰਉਪਕਾਰੁ ਕਰਨਿ, ਤਾ ਓਨਾ ਦਾ ਕਿਸੇ ਸੇਵਾ ਟਹਿਲ ਕਰਿ ਕੈ ਉਧਾਰੁ ਹੋਆ।
ਇਥੇ ਉਨ੍ਹਾਂ ਸਿੱਖਾਂ ਦੇ ਪਰਉਪਕਾਰੀ ਹੋਣ ਦੇ ਗੁਣ ਨੂੰ ਗੁਰੂ-ਕਥਨ ਦੁਆਰਾ ਸੰਪੁਸ਼ਟ ਕਰਕੇ ਪਰਉਪਕਾਰ ਕਰਨ ਲਈ ਸਿੱਖਾਂ ਨੂੰ ਪ੍ਰੇਰਿਤ ਕੀਤਾ ਹੈ। ਇਸੇ ਤਰ੍ਹਾਂ ਦੀਆਂ ਸਾਖੀਆਂ ਸਾਰਿਆਂ ਸਿੱਖਾਂ ਨਾਲ ਜੋੜੀਆਂ ਗਈਆਂ ਹਨ। ਇਨ੍ਹਾਂ ਸਾਖੀਆਂ ਦੀ ਤੱਥਕ ਪੁਸ਼ਟੀ ਕਿਸੇ ਸਾਧਨ ਰਾਹੀਂ ਸੰਭਵ ਨਹੀਂ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First