ਪਉੜੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਉੜੀ: ‘ਪਉ’ ਧਾਤੂ ਤੋਂ ਬਣਿਆ ਸ਼ਬਦ। ‘ਪਉ’ ਧਾਤੂ ਦੇ ਅਰਥ ਹਨ ਪੈਰ ਅਤੇ ਇਸ ਤੋਂ ਬਣੇ ਸ਼ਬਦ ਪਉੜੀ ਦੇ ਅੱਖਰੀ ਅਰਥ ਹਨ-ਪੈਰ ਰੱਖਣ ਦੀ ਥਾਂ। ਜੇ ਕਹੀਏ ਕਿ ਸਾਡੇ ਘਰ ਦੀ ਛੱਤ ਉੱਤੇ ਪਹੁੰਚਣ ਲਈ ਦਸ ਪਉੜੀਆਂ ਚੜ੍ਹਨਾ ਪੈਂਦਾ ਹੈ ਤਾਂ ਇਸ ਦਾ ਸਿੱਧਾ ਅਰਥ ਇਹ ਹੈ ਕਿ ਛੱਤ ਉੱਤੇ ਪੈਰ ਧਰਨ ਲਈ ਦਸ ਵਾਰ ਕਦਮ ਉਪਰ ਉਠਾਣਾ ਪੈਂਦਾ ਹੈ। ਪਉੜੀ ਦਾ ਹਰ ਡੰਡਾ ਹੀ ਇੱਕ ਪੜਾਅ ਹੈ, ਮੰਜ਼ਲ ਹੈ। ਸਾਹਿਤ ਵਿੱਚ ਪਉੜੀ ਦੀ ਵਰਤੋਂ ਕਿਸੇ ਕਾਵਿ-ਪ੍ਰਬੰਧ ਨੂੰ ਮੰਜ਼ਲ-ਦਰ- ਮੰਜ਼ਲ, ਕਦਮ-ਦਰ-ਕਦਮ ਸਿਰਜਣ ਵਾਸਤੇ ਕੀਤੀ ਜਾਂਦੀ ਹੈ। ਜਪੁ ਵਿੱਚ ਸਚਿਆਰ ਦੀ ਘਾੜਤ ਦਾ ਬਿਰਤਾਂਤ ਗੁਰੂ ਨਾਨਕ ਦੇਵ ਨੇ ਅਠੱਤੀ ਪਉੜੀਆਂ ਵਿੱਚ ਪੇਸ਼ ਕੀਤਾ ਹੈ ਤੇ ਇਸ ਦਾ ਸੂਤ੍ਰਬੱਧ ਸਾਰਾਂਸ਼ ਇਸ ਦੇ ਅੰਤਿਮ ਸਲੋਕ ਵਿੱਚ ਦਰਜ ਕਰ ਕੇ ਇਸ ਕਾਵਿ-ਰੂਪ ਦੇ ਮਹੱਤਵ ਨੂੰ ਬੜੀ ਖ਼ੂਬਸੂਰਤੀ ਨਾਲ ਸਕਾਰ ਕੀਤਾ ਹੈ। ਪਉੜੀ ਵਾਰਾਂ ਦਾ ਪਿੰਡਾ ਹੈ। ਵਾਰਾਂ ਦੀ ਸਿਰਜਣਾ ਲਈ ਪਉੜੀਆਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਹੈ। ਚੰਡੀ ਦੀ ਵਾਰ ਇਸ ਤੱਥ ਵੱਲ ਇਉਂ ਸੰਕੇਤ ਕਰਦੀ ਹੈ :

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।

ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।

     ਪਉੜੀ ਦਾਰਸ਼ਨਿਕ ਵਿਚਾਰਾਂ ਨੂੰ ਲੜੀਬਧ ਪਉੜੀ ਦੇ ਡੰਡਿਆਂ ਵਾਂਗ ਉਸਾਰਨ ਲਈ ਵੀ ਵਰਤੀ ਜਾਂਦੀ ਹੈ ਅਤੇ ਲੰਬੇ ਬਿਰਤਾਂਤ ਨੂੰ ਕ੍ਰਮਬੱਧ ਰੂਪ ਵਿੱਚ ਹੌਲੀ-ਹੌਲੀ ਉਸਾਰਨ ਵਾਸਤੇ ਵੀ। ਹਰ ਪਉੜੀ ਕਿਸੇ ਵਿਸ਼ੇਸ਼ ਸੰਕਲਪ ਦੀ ਸੰਪੂਰਨ ਜਾਂ ਸੀਮਿਤ ਉਸਾਰੀ ਕਰਦੀ ਹੈ ਜਾਂ ਬਿਰਤਾਂਤ ਦੇ ਕਿਸੇ ਇੱਕ ਟੋਟੇ ਨੂੰ ਸੰਪੂਰਨ ਜਾਂ ਸੀਮਿਤ ਰੂਪ ਵਿੱਚ ਪੇਸ਼ ਕਰਦੀ ਹੈ। ਲਿਖਤ ਸਾਹਿਤ ਤੋਂ ਪਹਿਲਾਂ ਪਉੜੀ ਨੂੰ ਵਾਰਾਂ ਦੀ ਉਸਾਰੀ ਲਈ ਵਰਤਿਆ ਗਿਆ। ਲਿਖਤ ਸਾਹਿਤ ਵਿੱਚ ਇਸ ਦੀ ਪ੍ਰਥਮ ਵਰਤੋਂ ਗੁਰੂ ਨਾਨਕ ਦੇਵ ਨੇ ਹੀ ਕੀਤੀ। ਉਹਨਾਂ ਨੇ ਜਪੁ ਤੇ ਵਾਰਾਂ ਵਿੱਚ ਇਸ ਦੀ ਵਰਤੋਂ ਕੀਤੀ। ਉਹਨਾਂ ਦੀ ਲੀਹ ਉੱਤੇ ਤੁਰਦੇ ਹੋਏ ਗੁਰੂ ਅਮਰਦਾਸ ਨੇ ਅਨੰਦ ਦੀ ਰਚਨਾ ਚਾਲੀ ਪਉੜੀਆਂ ਵਿੱਚ ਕੀਤੀ। ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਸਤਾ ਤੇ ਬਲਵੰਡ ਨੇ ਪਉੜੀ ਦੇ ਕਾਵਿ-ਰੂਪ ਨਾਲ ਵਾਰਾਂ ਦੀ ਉਸਾਰੀ ਕੀਤੀ। ਭਾਈ ਗੁਰਦਾਸ ਨੇ ਵੀ ਵਾਰਾਂ ਦੀ ਉਸਾਰੀ ਲਈ ਪਉੜੀਆਂ ਦੀ ਵਰਤੋਂ ਕੀਤੀ। ਚੰਡੀ ਦੀ ਵਾਰ ਅਤੇ ਉਸ ਪਿੱਛੋਂ ਦੇ ਸਮੁੱਚੇ ਵਾਰ ਸਾਹਿਤ ਵਿੱਚ ਪਉੜੀਆਂ ਦੀ ਵਰਤੋਂ ਹੋਈ ਹੈ। ਵਾਰਾਂ ਤੋਂ ਬਿਨਾਂ ਬਾਰਾਂਮਾਹ, ਮਹਾਂਕਾਵਿ ਤੇ ਪ੍ਰਬੰਧ-ਕਾਵਿ ਵਿੱਚ ਪਉੜੀ ਦੀ ਵਰਤੋਂ ਦੇ ਦਰਸ਼ਨ ਹੁੰਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸੁਖਮਨੀ, ਬਾਵਨ ਅੱਖਰੀ, ਪੱਟੀ, ਸਿੱਧ ਗੋਸਿਟ, ਅਨੰਦ, ਜਿਹੀਆਂ ਲੰਬੀਆਂ ਰਚਨਾਵਾਂ ਪਉੜੀਆਂ ਨਾਲ ਹੀ ਉਸਾਰੀਆਂ ਗਈਆਂ ਹਨ। ਇਹਨਾਂ ਵਿੱਚ ਵਿਸ਼ੇ ਅਨੁਸਾਰ ਪਉੜੀ ਦੀਆਂ ਤੁਕਾਂ ਦੀ ਗਿਣਤੀ ਵਧਦੀ- ਘਟਦੀ ਹੈ।

     ਵਾਰਾਂ ਵਿੱਚ ਯੁੱਧ ਦਾ ਬਿਰਤਾਂਤ ਅਤੇ ਜੋਧੇ ਦਾ ਜਸ ਗਾਇਨ ਕਰਨ ਲਈ ਪਉੜੀਆਂ ਵਰਤੀਆਂ ਜਾਂਦੀਆਂ ਹਨ। ਪਉੜੀ ਲਈ ਨਾ ਤੁਕਾਂ ਦੀ ਗਿਣਤੀ ਨਿਸ਼ਚਿਤ ਹੈ ਤੇ ਨਾ ਛੰਦਾਂ ਦੀ। ਬੀਰ-ਰਸੀ ਵਾਰਾਂ ਵਿੱਚ ਨਿਸ਼ਾਨੀ ਅਤੇ ਸਿਰਖੰਡੀ ਛੰਦ ਆਮ ਹੀ ਵਰਤਿਆ ਗਿਆ ਹੈ। ਪਉੜੀਆਂ, ਦੋਹਰੇ, ਚੌਪਈ ਤੇ ਦਵੱਈਏ ਵਿੱਚ ਵੀ ਪ੍ਰਾਪਤ ਹਨ। ਤੁਕਾਂ ਪੱਖੋਂ ਸੁਖਮਨੀ ਦੀ ਹਰ ਪਉੜੀ ਵਿੱਚ ਦਸ ਤੁਕਾਂ ਹਨ ਪਰੰਤੂ ਜਪੁ ਵਿੱਚ ਪੰਜ ਤੁਕਾਂ ਤੋਂ ਲੈ ਕੇ ਬਾਈ ਤੁਕਾਂ ਵਾਲੀ (ਸੋਦਰ ਦੀ) ਲੰਬੀ ਪਉੜੀ ਵੇਖੀ ਜਾ ਸਕਦੀ ਹੈ।

     ਭਾਈ ਕਾਹਨ ਸਿੰਘ ਨੇ ਗੁਰ ਛੰਦ ਦਿਵਾਕਰ ਵਿੱਚ ਨਿਸ਼ਾਨੀ ਛੰਦ, ਰਾਧਕਾ ਛੰਦ, ਹੰਸਗਤੀ ਛੰਦ ਤੇ ਮੁਕਤਾਮਣੀ ਛੰਦ ਆਦਿ ਤੀਹ ਪਉੜੀ ਭੇਦਾਂ ਦੀ ਚਰਚਾ ਕੀਤੀ ਹੈ।

     ਜਪੁ ਵਿੱਚੋਂ ਗੁਰੂ ਨਾਨਕ ਰਚਿਤ ਇੱਕ ਪਉੜੀ ਵੇਖੋ :

ਸੁਣਿਐ ਸਿਧ ਪੀਰ ਸੁਰਿ ਨਾਥ॥

ਸੁਣਿਐ ਧਰਤਿ ਧਵਲ ਆਕਾਸ॥

ਸੁਣਿਐ ਦੀਪ ਲੋਅ ਪਾਤਾਲ॥

ਸੁਣਿਐ ਪੋਹ ਨ ਸਕੈ ਕਾਲੁ॥

ਨਾਨਕ ਭਗਤਾ ਸਦਾ ਵਿਗਾਸੁ॥

ਸੁਣਿਐ ਦੂਖ ਪਾਪ ਕਾ ਨਾਸੁ॥

     ਆਸਾ ਦੀ ਵਾਰ ਵਿੱਚੋਂ ਵੀ ਇੱਕ ਪਉੜੀ ਵੇਖੋ :

ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨਾ ਜਾਇ॥

ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਬਾਹਿ॥

ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿਨੈ ਪਾਇ॥

ਨਾਨਕ ਏਕੀ ਬਾਹਰੀ ਹੋਰ ਦੂਜੀ ਨਾ ਹੀ ਜਾਇ॥

ਸੋ ਕਰੈ ਜੇ ਤਿਸੈ ਰਜਾਇ॥

     ਅਜੋਕੇ ਯੁਗ ਦੇ ਕਵੀਆਂ ਨੇ ਵੀ ਵਾਰਾਂ ਲਈ ਪਉੜੀ ਦੀ ਵਰਤੋਂ ਕੀਤੀ ਹੈ। ਮੋਹਨ ਸਿੰਘ ਦੀ ਰਾਣੀ ਸਾਹਿਬ ਕੌਰ ਦੀ ਵਾਰ ਵਿੱਚੋਂ ਇੱਕ ਪਉੜੀ ਵੇਖੋ :

ਲਿਖਿਆ ਸਾਹਿਬ ਕੌਰ ਨੇ ਅੰਟਾ ਰਾਉ ਤਾਣੀ।

ਮੈਂ ਨਾਗਣ ਡੰਗਾਂ ਜਿਸ ਨੂੰ ਨਹੀਂ ਮੰਗਦਾ ਪਾਣੀ।

ਮੈਂ ਚੁਣ ਚੁਣ ਵੱਢਾਂ ਡਕਰੇ ਸਭ ਤੋਰੀ ਢਾਣੀ।

ਮੈਂ ਚੰਡੀ ਗੁਰੂ ਗੋਬਿੰਦ ਦੀ ਵੈਰੀ ਦਲ ਖਾਣੀ।

ਮੈਂ ਸ਼ੀਹਣੀ ਪੰਜ ਦਰਿਆ ਦੀ ਮੈਨੂੰ ਕਲੀ ਨਾ ਜਾਣੀ।

     ਇਸ ਪਉੜੀ ਵਿੱਚ ਰਾਣੀ ਸਾਹਿਬ ਕੌਰ ਆਪਣੀ ਨਿਡਰਤਾ ਦਾ ਪਰਿਚਯ ਦਿੰਦੀ ਹੋਈ ਹਮਲਾਵਰ ਅੰਟਾ ਰਾਉ ਨੂੰ ਵੰਗਾਰ ਕੇ ਸੀਮਿਤ ਬਿਰਤਾਂਤ ਦੀ ਉਸਾਰੀ ਕਰਦੀ ਹੈ। ਪਉੜੀ ਨੂੰ ਕਵੀ ਪ੍ਰਤਿਭਾ ਆਸਰੇ ਲੋੜ ਅਨੁਸਾਰ ਵਰਣਨਾਤਮਿਕ, ਬਿਰਤਾਂਤਕ ਜਾਂ ਪ੍ਰਗੀਤਕ ਉਦੇਸ਼ਾਂ ਦੀ ਪੂਰਤੀ ਹਿਤ ਵਰਤ ਸਕਦੇ ਹਨ। ਇਸ ਨਾਲ ਦਾਰਸ਼ਨਿਕ ਸਿਖਰਾਂ ਵੀ ਛੋਹੀਆਂ ਜਾ ਸਕਦੀਆਂ ਹਨ ਤੇ ਲੰਬੇ ਬਿਰਤਾਂਤ ਵੀ ਕਲਾਮਈ ਢੰਗ ਨਾਲ ਸਿਰਜੇ ਜਾ ਸਕਦੇ ਹਨ।


ਲੇਖਕ : ਕੁਲਦੀਪ ਸਿੰਘ ਧੀਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪਉੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਉੜੀ [ਨਾਂਇ] ਵਾਰ ਆਦਿ ਦਾ ਇੱਕ ਅੰਗ , ਇੱਕ ਛੰਦ; ਮਕਾਨ ਆਦਿ ਉੱਚੀ ਥਾਂ ਚੜ੍ਹਨ ਲਈ ਬਣਾਇਆ ਢਾਂਚਾ, ਪੌੜੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਉੜੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਉੜੀ: ਪੰਜਾਬੀ ਵਿਚ ਰਚੀਆਂ ਵਾਰਾਂ ਲਈ ‘ਪਉੜੀ’ ਛੰਦ ਦਾ ਵਿਸ਼ੇਸ਼ ਰੂਪ ਵਿਚ ਵਿਧਾਨ ਹੋਇਆ ਹੈ। ਅਸਲ ਵਿਚ, ਵਾਰ ਅਤੇ ਪਉੜੀ ਦਾ ਪਰੰਪਰਾਗਤ ਸੰਬੰਧ ਚਲਿਆ ਆ ਰਿਹਾ ਹੈ। ਯੁੱਧ ਨਾਲ ਸੰਬੰਧਿਤ ਕਾਵਿ ਤਦ ਤਕ ‘ਵਾਰ’ ਨਹੀਂ ਅਖਵਾ ਸਕਦਾ ਜਦ ਤਕ ਉਸ ਦੀ ਰਚਨਾ ਪਉੜੀ ਛੰਦ ਵਿਚ ਨ ਹੋਈ ਹੋਵੇ। ‘ਨਾਦਰ ਸ਼ਾਹ ਦੀ ਵਾਰ’ ਨੂੰ ਹੁਣ ਤਕ ‘ਨਾਦਰਸ਼ਾਹ ਦੀ ਪਉੜੀ’ ਕਰਕੇ ਲਿਖਿਆ ਜਾਂਦਾ ਹੈ। ‘ਲਉ ਕੁਸ਼ ਦੀ ਵਾਰ’ ਦੇ ਕਰਤਾ ਨੇ ਇਸ ਵਾਰ ਵਿਚ ਕਈ ਥਾਂਵਾਂ ਉਤੇ ਲਿਖਿਆ—ਕੀਰਤਿ ਦਾਸ ਸੁਣਾਈ ਪੜਿ ਪੜਿ ਪਉੜੀਆਂ; ਦਾਸ ਥੀਆ ਕੁਰਬਾਣੇ ਪਉੜੀ ਆਖਿ ਆਖਿਚੰਡੀ ਦੀ ਵਾਰ ’ ਦੇ ਅੰਤ’ਤੇ ਵੀ ਅੰਕਿਤ ਹੈ—ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ਸਪੱਸ਼ਟ ਹੈ ਕਿ ਪਉੜੀ ਛੰਦ ਵਾਰ ਦਾ ਅਨਿਖੜ ਅੰਗ ਹੈ ਅਤੇ ਦੋਵੇਂ ਇਕ ਦੂਜੇ ਉਤੇ ਪਰਸਪਰ ਆਧਾਰਿਤ ਹਨ।

ਡਾ. ਚਰਨ ਸਿੰਘ ਨੇ ‘ਬਾਣੀ ਬਿਓਰਾ’ ਵਿਚ ਪਉੜੀ ਨੂੰ ‘ਵਾਰ’ ਦਾ ਛੰਦ ਮੰਨਿਆ ਹੈ। ਭਾਈ ਕਾਨ੍ਹ ਸਿੰਘ ਨੇ ‘ਮਹਾਨਕੋਸ਼’ ਵਿਚ ‘ਵਾਰ’ ਦਾ ਇਕ ਅਰਥ ਪਉੜੀ ਕਢਿਆ ਹੈ। ਉਨ੍ਹਾਂ ਨੇ ਲਿਖਿਆ ਹੈ—ਵਾਰ ਸ਼ਬਦ ਦਾ ਅਰਥ ਪਉੜੀ (ਨਿ :ਸ਼੍ਰੇਣੀ) ਛੰਦ ਭੀ ਹੋ ਸਕਦਾ ਹੈ, ਕਿਉਂਕਿ ਯੋਧਿਆ ਦੀ ਸੂਰਬੀਰਤਾ ਦਾ ਯਸ਼ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸ ਛੰਦ ਵਿਚ ਲਿਖਿਆ ਹੈ। ਇਸ ਲਈ ਪਉੜੀ ਵਾਰ ਰਚਣ ਲਈ ਇਕ ਪ੍ਰਮਾਣਿਕ ਛੰਦ ਹੈ।

ਪਉੜੀ ਅਗੋਂ ਦੋ ਭੇਦਾਂ ਵਿਚ ਲਿਖੀ ਜਾਂਦੀ ਹੈ—‘ਸਿਰਖੰਡੀ’ ਅਤੇ ‘ਨਿਸ਼ਾਨੀ’। ਇਨ੍ਹਾਂ ਦੇ ਵੀ ਮਾਤ੍ਰਾਵਾਂ ਦੀ ਗਿਣਤੀ ਵਜੋਂ ਅਗੇ ਕਈ ਉਪਪੇਦ ਹਨ, ਪਰ ਵਿਸ਼ੇਸ਼ ਕਰਕੇ ਤਿੰਨ ਹੀ ਪ੍ਰਧਾਨ ਰਹੇ ਹਨ—21,22 ਅਤੇ 23 ਮਾਤ੍ਰਾਵਾਂ ਵਾਲੇ , ਜਿਨ੍ਹਾਂ ਵਿਚ ਕ੍ਰਮਵਾਰ 12,9; 12,10;14,9 ਉਤੇ ਬਿਸ੍ਰਾਮ ਆਉਂਦਾ ਹੈ, ਪਰ ਕਈ ਵਾਰ ਪ੍ਰਭਾਵ ਨੂੰ ਜ਼ਿਆਦਾ ਉਘਾੜਨ ਲਈ ਪਉੜੀ ਦਾ ਅੰਤਲਾ ਚਰਣ ਛੋਟਾ ਕਰ ਦਿੱਤਾ ਜਾਂਦਾ ਹੈ, ਜਿਵੇਂ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਜਾਂ ‘ਚੰਡੀ ਦੀ ਵਾਰ’ ਵਿਚ। ਇਸ ਕਰਕੇ ਪਉੜੀ ਦੀਆਂ ਮਾਤ੍ਰਾਵਾਂ ਅਤੇ ਚਰਣਾਂ ਦੀ ਗਿਣਤੀ ਵਧ-ਘਟ ਹੁੰਦੀ ਰਹਿੰਦੀ ਹੈ। ਇਸ ਵਾਧੇ ਘਾਟੇ ਦਾ ਮਕਸਦ ਬਹਿਰ ਵਿਚ ਚੁਸਤੀ ਲਿਆਉਣਾ ਹੈ।

‘ਸਿਰਖੰਡੀ’ ਭੇਦ ਦੀ ਵਰਤੋਂ ਯੁੱਧ ਦੀ ਤੇਜ਼ੀ ਨੂੰ ਪ੍ਰਗਟਾਉਣ ਲਈ ਕੀਤੀ ਜਾਂਦੀ ਹੈ, ਕਿਉਂਕਿ ਇਸ ਵਿਚ ਮੱਧ-ਅਨੁਪ੍ਰਾਸ ਦੀ ਵਰਤੋਂ ਨਾਲ ਅੰਤਲਾ ਤੁਕਾਂਤ ਬੇਮੇਲ ਹੋ ਜਾਂਦਾ ਹੈ ਅਤੇ ਭਾਵਨਾ ਵਿਚ ਉਲਾਰ ਆਉਂਦਾ ਹੈ। ਇਸ ਨਾਲ ਵਾਰ ਵਿਚ ਸਫ਼ੂਰਤੀ ਦਾ ਸੰਚਾਰ ਹੁੰਦਾ ਹੈ ਅਤੇ ਯੁੱਧ ਦਾ ਮਾਹੌਲ ਗੂੜ੍ਹਾ ਹੁੰਦਾ ਹੈ।

ਗੁਰੂ ਨਾਨਕ-ਆਗਮਨ ਤੋਂ ਪਹਿਲਾਂ ਵੀਰ-ਰਸ ਦੀ ਅਭਿਵਿਅਕਤੀ ਲਈ ‘ਵਾਰ’ ਕਾਵਿ ਰੂਪ ਜਨ-ਜੀਵਨ ਵਿਚ ਪ੍ਰਵਾਨ ਚੜ੍ਹ ਚੁਕਿਆ ਸੀ ਅਤੇ ਇਨ੍ਹਾਂ ਦੇ ਰਚੈਤਾ ਭੱਟ ਜਾਂ ਚਰਣ ਹੁੰਦੇ ਸਨ। ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਨੌਂ ਵਾਰਾਂ ਵਿਚੋਂ ਚਾਰ (ਟੁੰਡੇ ਅਸਰਾਜੇ ਕੀ ਵਾਰ, ਸਿਕੰਦਰ ਬਰਹਾਮ ਕੀ ਵਾਰ, ਮੂਸੇ ਕੀ ਵਾਰ ਅਤੇ ਲਲਾ ਬਹਲੀਮਾ ਕੀ ਵਾਰ) ਦੀਆਂ ਧੁਨੀਆਂ ਪੂਰਵ ਗੁਰੂ-ਨਾਨਕ ਕਾਲ ਵਿਚ ਰਚੀਆਂ ਗਈਆਂ ਵਾਰਾਂ ਦੇ ਆਧਾਰ’ਤੇ ਨਿਸਚਿਤ ਕੀਤੀਆਂ ਗਈਆਂ ਹਨ। ਗੁਰੂ ਨਾਨਕ ਦੇਵ ਜੀ ਨੇ ‘ਵਾਰ’ ਨੂੰ ਵੀਰ-ਰਸ ਦੇ ਖੇਤਰ ਵਿਚੋਂ ਕਢ ਕੇ ਅਧਿਆਤਮਿਕਤਾ ਦੇ ਸ਼ਾਂਤ ਵਾਤਾਵਰਣ ਵਿਚ ਲਿਆਉਂਦਾ ਹੈ। ਇਸ ਪਰਿਵਰਤਨ ਨਾਲ ਇਕ ਪਾਸੇ ਜਿਥੇ ਵਾਰ ਦੇ ਵਿਸ਼ੇ-ਖੇਤਰ ਦਾ ਵਿਸਤਾਰ ਹੋਇਆ ਹੈ, ਉਥੇ ਦੂਜੇ ਪਾਸੇ ਲੋਕ-ਮਾਨਸ ਦੇ ਅਧਿਕ ਅਨੁਕੂਲ ਕਾਵਿ -ਰੂਪ ਨੂੰ ਅਪਣਾ ਕੇ ਜਿਗਿਆਸੂ ਨੂੰ ਪਰਮ-ਪਦ ਦੀ ਪ੍ਰਾਪਤੀ ਦੇ ਮਾਰਗ ਉਤੇ ਅਗੇ ਵਧਣ ਲਈ ਉਤਸਾਹਿਤ ਕੀਤਾ ਗਿਆ ਹੈ। ਇਸ ਨਾਲ ਸੰਘਰਸ਼ ਦਾ ਰੂਪ ਸੂਖਮ ਹੋ ਗਿਆ ਹੈ ਅਤੇ ਸ਼ਰੀਰਿਕ ਘੋਲ ਮਾਨਸਿਕ ਘੋਲ ਵਿਚ ਬਦਲ ਗਿਆ ਹੈ। ਇਥੇ ਸਦ-ਵ੍ਰਿੱਤੀਆਂ ਦਾ ਦੁਰਵ੍ਰਿੱਤੀਆਂ ਨਾਲ ਟਕਰਾਓ ਹੁੰਦਾ ਹੈ ਅਤੇ ਪ੍ਰਭੂ ਨੂੰ ਸ੍ਰੇਸ਼ਠ ਨਾਇਕ ਮੰਨ ਕੇ ਉਸ ਦੀ ਉਸਤਤ ਕੀਤੀ ਜਾਂਦੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ 22 ਵਾਰਾਂ ਲਈ ਪਉੜੀ ਛੰਦ ਦੀ ਹੀ ਵਰਤੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਵੀ ਕਈ ਬਾਣੀਆਂ ਦੇ ਪਦਿਆਂ ਨੂੰ ਪਉੜੀ ਕਹਿ ਦਿੱਤਾ ਜਾਂਦਾ ਹੈ, ਜਿਵੇਂ ‘ਜਪੁਜੀ ’ ਅਤੇ ‘ਬਾਵਨ-ਅਖਰੀ’ ਦੇ ਪਦਿਆਂ ਨੂੰ। ਮੁੱਖ ਰੂਪ ਵਿਚ ਪਉੜੀ ਵਾਰ ਦਾ ਹੀ ਛੰਦ ਹੈ ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਦੇ ਤਾਲਾਂ ਅਤੇ ਸਾਜ਼ਾਂ ਦਾ ਨਿਰਧਾਰਣ ਵੀ ਕੀਤਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਪਉੜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਉੜੀ (ਸੰ.। ਪੰਜਾਬੀ ਪੌੜ*=ਪੈਰ। ਪੌੜੀ- ਜਿਸ ਪਰ ਪੈਰ ਰੱਖ ਕੇ ਚੜ੍ਹੀਏ।

੧. ਉਚੇ ਥਾਉਂ ਚੜ੍ਹਨ ਲਈ ਜੋ ਕ੍ਰਮਵਾਰ ਥੜ੍ਹੀਆਂ ਜਾਂ ਡੰਡੇ ਲਾਏ ਜਾਣ। ਯਥਾ-‘ਸੰਤ ਕਾ ਮਾਰਗੁ ਧਰਮ ਕੀ ਪਉੜੀ’।

੨. ਭਾਵ ਵਿਚ ਭਗਤੀ , ਉਪਦੇਸ਼ ਤੇ ਮਨੁੱਖਾ ਜਨਮ ਰੂਪੀ ਪੌੜੀ ਲੈਂਦੇ ਹਨ। ਯਥਾ-‘ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ’।

੩. ਇਕ ਛੰਦ* ਜੋ ਅਕਸਰ ਵਾਰਾਂ ਆਦਿ ਬਾਣੀਆਂ ਵਿਚ ਵਰਤਿਆ ਗਿਆ ਹੈ, ਵਾਰਾਂ ਵਿਚ ਪਉੜੀਆਂ ਦੇ ਵਿਚਾਲੇ ਸਲੋਕ ਗਾਯਨ ਦੀ ਮਧੁਰਤਾ ਤੇ ਅਰਥ ਦੀ ਲਾਵੰਨਤਾ ਲਈ ਰੱਖੇ ਗਏ ਜਾਪਦੇ ਹਨ। ਪਉੜੀਆਂ ਸਿਰਲੇਖ ਵਾਲੇ ਮਹਲੇ ਦੀਆਂ ਹੁੰਦੀਆਂ ਹਨ, ਸਲੋਕ ਹੋਰਨਾਂ ਦੇ ਬੀ ਹੁੰਦੇ ਹਨ। ਪਉੜੀ ਦੀ ਅੰਤਲੀ ਤੁਕ ਕਈ ਵੇਰ ਛੋਟੀ ਹੁੰਦੀ ਹੈ।

੪. (ਸੰਸਕ੍ਰਿਤ ਪਾਦ। ਪੰਜਾਬੀ ਪਉੜੀ) ਸ਼ਬਦਾਂ ਦੇ ਹਿੱਸਿਆਂ ਨੂੰ ਬੀ ਬੋਲਚਾਲ ਵਿਚ -ਪਉੜੀ- ਆਖਦੇ ਹਨ। ਜੈਸੇ ਜਪੁਜੀ , ਅਨੰਦ ਦੀਆਂ ਪਉੜੀਆਂ।             ਦੇਖੋ , ‘ਪਵੜੀਆ’

----------

* ਹੁਣ ਤਕ ਘੋੜੇ ਦੇ ਪੈਰਾਂ ਵਾਸਤੇ ਪੌੜ ਪਦ ਬੋਲਦੇ ਹਨ।

----------

* ਕਵਿ ਰਾਮਦਾਸ ਨੇ ਇਕ ਸੀੜ੍ਹੀ ਛੰਦ ਲਿਖਿਆ ਹੈ- (੧੩+੧੦-) ੨੩ ਮਾਤ੍ਰਾਂ ਦਾ ਜੋ ਅਕਸਰ ੬+੨+੫, ੨+੪+੪ ਦੀ ਵੰਡ ਨਾਲ ਰਚੀਦਾ ਹੈ। ਇਹੋ ਪਉੜੀ ਹੈ : ਇੰਨੀਆਂ ਮਾਤ੍ਰਾਂ ਦਾ ਹੀ ਮੋਹਨ ਯਾ ਨਿਸ਼ਾਨੀ ਛੰਦ ਹੁੰਦਾ ਹੈ (੧੩+੧੦)। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਉੜੀ ਵਜ਼ਨ ਦੇ ਲਿਹਾਜ ਤੇ ਕਈ ਕਿਸਮ ਦੀ ਹੈ, ਨਿਰੀ ੨੩ ਮਾਤ੍ਰਾਂ ਦੀ ਨਹੀਂ , ਦਸਮ ਗ੍ਰੰਥ ਦਾ ਸਿਰਖੰਡੀ ਛੰਦ ਬੀ ਪਉੜੀਆਂ ਕਿਹਾ ਜਾਂਦਾ ਹੈ- ‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ’। ਭਾਈ ਗੁਰਦਾਸ ਦੀਆਂ ਵਾਰਾਂ ਬੀ ਪਉੜੀਆਂ ਵਿਚ ਹਨ। ਪੁਰਾਤਨ ਢਾਢੀ ਵਾਰਾਂ (=ਜੰਗ ਦੇ ਗੀਤ) ਪਉੜੀਆਂ ਵਿਚ ਹੀ ਲਿਖ੍ਯਾ ਕਰਦੇ ਸਨ , ਜੋ ਵਜ਼ਨ ਵਿਚ ਕਈ ਪ੍ਰਕਾਰ ਦੀਆਂ ਹੁੰਦੀਆਂ ਸਨ, ਪਰ ਅਕਸਰ ੨੩ ਮਾਤ੍ਰਾਂ ਦੀਆਂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਪਉੜੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਉੜੀ: ‘ਪਉੜੀ’ ਜਾਂ ‘ਪੌੜੀ’ ਦੇ ਕੋਸ਼ਗਤ ਅਰਥ ਹਨ ‘ਪੈਰ ਰੱਖਣ ਦੀ ਥਾਂ’, ਪਰ ਆਮ ਬੋਲ ਚਾਲ ਵਿਚ ਸੀੜ੍ਹੀ ਦੇ ਹਰ ਡੰਡੇ ਨੂੰ ਪੌੜੀ ਕਹਿੰਦੇ ਹਨ ਤੇ ਇਨ੍ਹਾਂ ਡੰਡਿਆਂ ਨਾਲ ਤਿਆਰ ਹੋਈ ਸੀੜ੍ਹੀ ਨੂੰ ਵੀ ਪੌੜੀ ਆਖਦੇ ਹਨ।

          ਸਾਹਿੱਤ ਖੇਤਰ ਵਿਚ ਇਹ ਇਕ ਕਾਵਿ–ਰੂਪ ਹੈ, ਜਿਸ ਅੰਦਰ ਵਿਚਾਰਾਂ ਦੀ ਉਸਾਰ ਪੌੜੀ ਦੇ ਡੰਡਿਆਂ ਅਨੁਸਾਰ ਹੁੰਦੀ ਹੈ। ਇਕ ਖ਼ਿਆਲ ਤੋਂ ਬਾਅਦ ਦੂਜਾ ਖ਼ਿਆਲ ਲੜੀ ਵਾਰ ਉਪਰੋਤਰ ਜੁੜਦਾ ਜਾਂਦਾ ਹੈ ਤੇ ਫਿਰ ਕੁਝ ਪੌੜੀਆਂ ਇਕੱਠੀਆਂ ਹੋ ਕੇ ਇਕ ਸਮੁੱਚ ਖ਼ਿਆਲ ਬਣਾਉਂਦੀਆਂ ਹਨ। ਲੰਮੇਰੇ ਮਜ਼ਮੂਨ ਨਿਭਾਉਣ ਲਈ ਇਸ ਦੀ ਪੰਜਾਬੀ ਕਾਵਿ ਵਿਚ ਠੀਕ ਇਸ ਤਰ੍ਹਾਂ ਵਰਤੋਂ ਹੁੰਦੀ ਹੈ ਜਿਵੇਂ ਮੁਸੱਦਸ ਦੀ ਉਰਦੂ ਫ਼ਾਰਸੀ ਕਾਵਿ ਵਿਚ। ਜਪੁਜੀ, ਅਨੰਦੁ, ਬਾਵਨ ਅੱਖਰੀ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੀਆਂ ਵਾਰਾਂ ਵਿਚ ਪਾਉੜੀਆਂ ਦੀ ਸੁਚੱਜੀ ਵਰਤੋਂ ਕੀਤੀ ਗਈ ਹੈ। ‘ਜਪੁਜੀ’ ਵਿਚ ‘ਸੁਣਿਐ, ਮੰਨੈ, ਆਦੇਸ’ ਆਦਿ ਸੰਬੰਧੀ ਚਾਰ ਚਾਰ ਪਉੜੀਆਂ ਵਿਚ ਵਿਚਾਰ ਉਸਾਰੀ ਕੀਤੀ ਗਈ ਹੈ, ਜਿਵੇਂ :

                   ਸੁਣਿਐ ਸਿਧੁ ਪੀਰੁ ਸੁਰ ਨਾਥੁ।

                   ਸੁਣਿਐ ਧਰਤੁ ਧਵਲੁ ਆਕਾਸੁ।

                   ਸੁਣਿਐ ਦੀਪ ਲੋਅ ਪਾਤਾਲ।

                   ਸੁਣਿਐ ਪੋਹ ਨ ਸਕੈ ਕਾਲ।

                   ਨਾਨਕ ਭਗਤਾ ਸਦਾ ਵਿਗਾਸ।

                   ਸੁਣਿਐ ਦੂਖ ਪਾਪ ਕਾ ਨਾਸ।

          ਤੇ, ਇਸ ਤਰ੍ਹਾਂ ਅਗਲੀਆਂ ਤਿੰਨ ਪਉੜੀਆਂ ਵਿਚ ਇਸੇ ਖ਼ਿਆਲ ਦੀ ਉਸਾਰੀ ਕੀਤੀ ਗਈ ਹੈ ਅਤੇ ਚਾਰ ਪਉੜੀਆਂ ਇਕੱਠੀਆਂ ਪੜ੍ਹ ਜਾਣ ਨਾਲ ‘ਸੁਣਿਐ’ ਦਾ ਪੂਰਾ ਮਹੱਤਵ ਸਪਸ਼ਟ ਹੋ ਜਾਂਦਾ ਹੈ। ਕਈ ਵਾਰ ਇਕ ਪਉੜੀ ਵਿਚ ਇਕ ਪੂਰਣ ਵਿਚਾਰ ਦੀ ਵਿਆਖਿਆ ਕੀਤੀ ਜਾਂਦੀ ਹੈ। ਪਉੜੀ ਦੀ ਇਸ ਪ੍ਰਕਾਰ ਦੀ ਵਰਤੋਂ ਆਸਾ ਦੀ ਵਾਰ’ ਵਿਚ ਵੀ ਕੀਤੀ ਗਈ ਹੈ, ਜਿਵੇਂ :

                   ਸਭ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ।

                   ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ।

                   ਜਾ ਰਹਿਣਾ ਨਾਹੀ ਐਤੁ ਜਗਿ ਤਾ ਕਾਇਤ ਗਾਰਬਿ ਹੰਢੀਐ।

                   ਮੰਦਾ ਕਿਸੇ ਨਾ ਆਖੀਐ ਪੜਿ ਅਖਰੁ ਏਹੋ ਬੁਝੀਐ।

                   ਮੂਰਖੇ ਨਲਿ ਨ ਲੁਝੀਐ।19।

          ਭਾਈ ਗੁਰਦਾਸ ਦੀਆਂ ਵਾਰਾਂ ਦੇ ਵੱਖ ਵੱਖ ਬੰਦਾਂ ਨੂੰ ਪਉੜੀਆਂ ਦਾ ਨਾਂ ਦਿੱਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵਾਰਾਂ ਦੇ ਗਾਇਨ ਲਈ ਧੁਨੀਆਂ ਨਿਯਤ ਕੀਤੀਆਂ ਗਈਆਂ ਹਨ ਜਿਵੇਂ ਇਕ ਤਾਲ, ਢਾਈ ਤਾਲ, ਤਿੰਨ ਤਾਲ, ਪੰਜ ਤਾਲ ਆਦਿ। ਪਉੜੀ ਗਾ ਕੇ ਇਸ ਦਾ ਪਾਠ ਫਿਰ ਜ਼ੁਬਾਨੀ ਵੀ ਸੁਣਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਸਰੋਤੇ ਪਾਠ ਦਾ ਅਰਥ ਸਮਝ ਜਾਂਦੇ ਹਨ।

          ਸੁਖਮਨੀ ਸਾਹਿਬ ਵਿਚ ਚੌਵੀ ਅਸ਼ਟਪਦੀਆਂ ਹਨ, ਹਰ ਅਸ਼ਟਪਦੀ ਵਿਚ ਅੱਠ ਅੱਠ ਪਉੜੀਆਂ ਦਰਜ ਹਨ। ‘ਚੰਡੀ ਦੀ ਵਾਰ’ ਵੀ ਪਉੜੀਆਂ ਵਿਚ ਹੈ, ਜਿਵੇਂ ‘ਦਰਗਾ ਪਾਠ ਬਣਾਇਆ ਸਭੇ ਪਉੜੀਆਂ।’

          ਵਾਰ ਰਚਨਾ ਵਿਚ ਪਉੜੀ ਰੂਪ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਵਾਰ ਦਾ ਪ੍ਰਚੱਲਿਤ ਛੰਦ ਨਿਸ਼ਾਨੀ ਹੈ ਅਤੇ ਨਿਸ਼ਾਨੀ ਛੰਦ ਦੇ ਕਈ ਰੂਪ ਪ੍ਰਚੱਲਿਤ ਹਨ, ਜਿਵੇਂ :

ਚਰ ਚਰਣਾਂ ਦੀ ਪਉੜੀ :

                   ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ।

                   ਨਦੀਆ ਅਤੇ ਵਾਹ ਪਵਹਿ ਸਮੁੰਦਿ ਨਾ ਜਾਣੀਅਹਿ।

                   ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ।

                   ਕੀਤੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ।                              ––(‘ਜਪੁਜੀ’)

ਪੰਜ ਚਰਣਾਂ ਦੀ ਪਉੜੀ ਵੀ ਆਮ ਮਿਲ ਜਾਂਦੀ ਹੈ :

                   ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾੳ।

                   ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।

                   ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ।

                   ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦ ਕਵਾਉ।

                   ਕਰਿ ਆਸਣੁ ਡਿਠੋ ਚਾਉ।1।                                              ––(‘ਆਸਾ ਦੀ ਵਾਰ’)

          ਕਈਆਂ ਵਾਰਾਂ ਦੀਆਂ ਪਉੜੀਆਂ ਵਿਚ ਅੰਤਿਮ ਤੁਕ ਆਮ ਤੌਰ ਤੇ ਪੁਰ ਅੱਧੀ ਹੁੰਦੀ ਹੈ। ‘ਆਸਾ ਦੀ ਵਾਰ’, ‘ਸੱਤੇ ਬਲਵੰਡ ਦੀ ਵਾਰ’ ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਇਹ ਗੱਲ ਆਮ ਵੇਖੀ ਗਈ ਹੈ।

          ਪਉੜੀ ਦੇ ਚਰਣਾਂ ਦੀ ਗਿਣਤੀ ਤੇ ਕੋਈ ਬੰਦਸ਼ ਨਹੀਂ। ਸੁਖਮਨੀ ਸਾਹਿਬ ਦੀ ਹਰ ਪਉੜੀ ਵਿਚ ਦਸ–ਦਸ ਤੁਕਾਂ ਹਨ। ਜਪੁਜੀ ਸਾਹਿਬ ਵਿਚ ਕਈ ਪਉੜੀਆਂ ਅੰਦਰ ਤੁਕਾਂ ਦੀ ਗਿਣਤੀ ਇਸ ਤੋਂ ਵੀ ਵੱਧ ਹੈ, ਜਿਵੇਂ ‘ਸੋਦਰ’ ਵਾਲੀ ਪਉੜੀ।

          ਪਉੜੀ ਦੋਹਿਰਾ ਛੰਦ ਵਿਚ ਵੀ ਲਿਖੀ ਜਾਂਦੀ ਹੈ ਤੇ ਚੌਪਈ ਵਿਚ ਵੀ ਅਤੇ ਦਵੱਈਆਂ ਛੰਦ ਵਿਚ ਵੀ। ਇਸੇ ਤਰ੍ਹਾਂ ਪੰਜਕੂਨੇ ਤੇ ਮੁਸੱਦਸ ਵਿਚ ਵੀ ਪਉੜੀਆਂ ਲਿਖੀਆਂ ਗਈਆਂ ਹਨ, ਜਿਵੇਂ :

ਮੁਸੱਦਸ :

                   ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।

                   ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ।

                   ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ।

                   ਓਹੁ ਵੇਖੇ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।

                   ਆਦੇਸ ਤਿਸੈ ਆਦੇਸ,

                   ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ।                                      ––(ਜਪੁਜੀ)

          ਇਸ ਤਰ੍ਹਾਂ ਪਉੜੀ ਦੀ ਰਚਨਾ ਵੱਖ ਵੱਖ ਕਾਵਿ–ਰੂਪਾਂ ਤੇ ਕਾਵਿ–ਛੰਦਾਂ ਵਿਚ ਉਪਲਬਧ ਹੈ।

          [ਸਹਾ. ਗ੍ਰੰਥ––ਤੇਜਾ ਸਿੰਘ ਕਰਮ ਸਿੰਘ : ‘ਨਵਾਂ ਪੰਜਾਬੀ ਪਿੰਗਲ’; ਸ. ਸ. ਅਮੋਲ : ‘ਪੁਰਾਤਨ ਪੰਜਾਬੀ ਕਾਵਿ’; ਮ. ਕੋ.] 


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਪਉੜੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪਉੜੀ :  ਇਸ ਦਾ ਸ਼ਾਬਦਿਕ ਅਰਥ ਪੈਰ ਰੱਖਣ ਦੀ ਥਾਂ ਹੈ ਅਤੇ ਇਸ ਨੂੰ ਸੀੜੀ, ਜ਼ੀਨਾ ਅਥਵਾ ਸੌਪਾਨ ਵੀ  ਕਿਹਾ ਜਾਂਦਾ ਹੈ । ਹੇਠਲੀ ਸ਼੍ਰੇਣੀ ਤੋਂ ਉਪਰਲੀ ਸ਼੍ਰੇਣੀ ਵੱਲ ਜਾਣ ਲਈ ਵਰਤੇ ਸਾਧਨ ਲਈ ਵੀ ਇਸ ਸ਼ਬਦ ਦੀ ਵਰਤੋਂ ਹੁੰਦੀ ਹੈ : –

          ਬਿਨੁ ਪਉੜੀ ਗੜਿ ਕਿਉ ਚੜਉ …

                                                                                          (ਪੰਨਾ 17 )

ਅਰਥਾਤ ਪਰਮਪਦ ਰੂਪੀ ਗੜ੍ਹ ਵਿਚ ਪਹੁੰਚਣ ਲਈ ਸਤਿਸੰਗ ਦੀ ਪੌੜੀ ਚੜ੍ਹਨਾ ਪੈਂਦਾ ਹੈ ।

ਇਹ ਸ਼ਬਦ ਪਦਵੀ ਜਾਂ ਮੰਜ਼ਿਲ ਲਈ ਵੀ ਵਰਤਿਆ ਜਾਂਦਾ ਹੈ :–

ਇਸ ਪਉੜੀ ਤੇ ਜੋ ਨਰੁ ਚੂਕੇ ਸੋ ਆਇ ਜਾਇ ਦੁਖੁ ਪਾਇਦਾ ॥

                                                                                        (ਪੰਨਾ 1075)

ਅਰਥਾਤ ਮਨੁੱਖਾ ਦੇਹੀ ਰੂਪੀ ਪੌੜੀ ਤੇ ਬੈਠਾ ਜੋ ਪ੍ਰਾਣੀ ਪ੍ਰਭੂ ਸਿਮਰਨ ਨਹੀਂ ਕਰਦਾ  ਉਹ ਆਵਾਗਵਨ ਦੇ ਚੱਕਰ ਵਿਚੋਂ ਨਿਕਲ ਨਹੀਂ ਸਕਦਾ ।

ਪਉੜੀ ਇਕ ਛੰਦ ਹੈ ਜਿਸ ਵਿਚ ਖਾਸ ਕਰ ਕੇ ਯੁੱਧ ਦੀਆਂ ਵਾਰਾਂ ਦਾ ਗਾਇਨ ਕੀਤਾ ਜਾਂਦਾ ਹੈ । ਢਾਡੀ ਸਾਰੇ ਯੁੱਧ ਦਾ ਪ੍ਰਸੰਗ ਵਾਰਤਕ ਰੂਪ ਵਿਚ ਸੁਣਾ ਕੇ ਉਸ ਦਾ ਸਾਰ ਪਉੜੀ ਰੂਪ ਵਿਚ ਗਾ ਕੇ ਪ੍ਰਾਕਰਣ ਸਮਾਪਤ ਕਰਦੇ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਾਰਾਂ ਦੇ ਕਈ ਛੰਦ ਪਉੜੀ ਸਿਰਲੇਖ ਹੇਠ ਦਰਜ ਹਨ । ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਦਸਮ  ਗ੍ਰੰਥ ਵਿਚ ਦਰਜ ਚੰਡੀ ਦੀ ਵਾਰ ਵਿਚ ਵੀ ਪਉੜੀ ਛੰਦ ਵਿਦਿਤ ਹੈ : –

          ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ।

ਗੁਰੂ ਅਰਜਨ ਦੇਵ ਜੀ ਨੇ ਨੌ ਵਾਰਾਂ ਅਤੇ ਪਉੜੀ ਦੀਆਂ ਨੌਂ ਧੁਨੀਆਂ ਰਾਗੀਆਂ ਦੇ ਗਾਉਣ ਲਈ ਠਹਿਰਾਈਆਂ ਹਨ। ਪਉੜੀ ਇਕ ਤਾਲ, ਤਿੰਨ ਤਾਲ , ਪੰਜ ਤਾਲ ਅਤੇ ਢਾਈ ਤਾਲ ਵਿਚ ਗਾਈ ਜਾਂਦੀ ਹੈ । ਪਉੜੀ ਵੇਲੇ ਤਬਲੇ ਦੀ ਗਤ ਨਹੀਂ ਵਜਾਈ ਜਾਂਦੀ ।

          ਗੁਰਮਤਿ ਕਾਵਿ ਵਿਚ ਪਉੜੀ ਦੇ  ਤੀਹ ਭੇਦ ਮਿਲਦੇ ਹਨ : –

  1. ਦੋਹਾ ਰੂਪ ਪਉੜੀ ਜਿਸ ਦੇ ਅੱਠ ਚਰਣ ਹੁੰਦੇ ਹਨ : –

ਰੇ ਮਨ ਬਿਨੁ ਹਰਿ ਜਹ ਰਚਹੁ  

  ਤਹ ਤਹ ਬੰਧਨ ਪਾਹਿ ॥ 

   ਜਿਹ ਬਿਧਿ ਕਤਹੂ ਨ ਛੂਟੀਐ

   ਸਾਕਤ ਤੇਊ ਕਮਾਹਿ ॥

        (ਪੰਨਾ 252)

  1. ਚੌਪਈ ਰੂਪ ਪਉੜੀ ਦੇ ਵੀ ਅੱਠ ਚਰਣ ਹੁੰਦੇ ਹਨ :

ਭਭਾ ਭਰਮੁ ਮਿਟਾਵਹੁ ਅਪਨਾ ॥

ਇਆ ਸੰਸਾਰੁ ਸਗਲ ਹੈ ਸੁਪਨਾ ॥

ਭਰਮੇ ਸੁਰਿ ਨਰ ਦੇਵੀ ਦੇਵਾ ॥

ਭਰਮੇ ਸਿਧ ਸਾਧਿਕ ਬ੍ਰਹਮੇਵਾ ॥

         (ਪੰਨਾ 258)

  1. ਹੰਸਗਤਿ ਪਉੜੀ ਜਿਸ ਦੇ ਚਾਰ ਚਰਣ ਹੁੰਦੇ ਹਨ । ਹਰ ਚਰਣ ਵਿਚ 20 ਮਾਤਰਾ ਹੁੰਦੀਆਂ ਹਨ। ਪਹਿਲਾ ਵਿਸ਼ਰਾਮ 11 ਉੱਤੇ ਦੂਜਾ 9 ਉੱਤੇ ਅਤੇ ਅੰਤ ਲਘੂ ਗੁਰੂ ਹੁੰਦਾ ਹੈ : –

ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥

ਵੇਦ ਕਹਹਿ ਵਖਿਆਣ ਅੰਤੁ ਨਾ ਪਾਵਣਾ ॥

(ਪੰਨਾ 148)

ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥

ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥

(ਪੰਨਾ 488)

  1. ਹੰਸਗਤਿ ਦਾ ਹੀ ਇਕ ਹੋਰ ਰੂਪ ਜਿਸ ਵਿਚ ਪਉੜੀ 9 ਚਰਣ ਦੀ ਹੁੰਦੀ ਹੈ : –

ਗੁਰੁ ਚੇਲੇ ਰਹਿਰਾਸ ਅਲਖ ਅਭੇਉ ਹੈ ।

ਗੁਰ ਚੇਲੇ ਸਾਬਾਸ ਨਾਨਕ ਦੇਉ ਹੈ ।

(ਭਾਈ ਗੁਰਦਾਸ ਜੀ )

5. ਛੇ ਚਰਣਾਂ ਵਾਲੀ ਇਕ ਪਉੜੀ ਜਿਸ ਦੇ ਹਰ ਚਰਣ ਵਿਚ 21 ਮਾਤਰਾ ਹੁੰਦੀਆਂ ਹਨ । ਪਹਿਲਾ ਵਿਸ਼ਰਾਮ 11 ਅਤੇ ਦੂਜਾ 10 ਉੱਤੇ ਹੁੰਦਾ ਹੈ : –

ਸਤਿਗੁਰੁ ਸਚਾ ਨਾਉਂ ਗੁਰਮੁਖਿ ਜਾਣੀਐ ।

ਸਾਧ ਸੰਗਤ ਸਚ ਥਾਉਂ ਸਬਦ ਵਖਾਣੀਐ ।

(ਭਾਈ ਗੁਰਦਾਸ ਜੀ)

 6.ਚੰਦ੍ਰਾਇਣ ਰੂਪ ਪਉੜੀ ਜਿਸ ਦੇ ਅੱਠ ਚਰਣ ਹੁੰਦੇ ਹਨ ਹਰ ਚਰਣ ਵਿਚ 22 ਮਾਤਰਾ ਹੁੰਦੀਆਂ ਹਨ। ਪਹਿਲਾ ਵਿਸ਼ਰਾਮ 11 ਅਤੇ ਦੂਜਾ 10 ਉੱਤੇ ਹੁੰਦਾ ਹੈ :–

ਸਚਹੁ ਪੌਣ ਉਪਾਇ ਘਟੇ ਘਟਿ ਛਾਇਆ ।

(ਭਾਈ ਗੁਰਦਾਸ ਜੀ )

7. ਅੱਠ ਚਰਣਾਂ ਦੀ ਪਉੜੀ ਜਿਸ ਦੇ ਪਹਿਲੇ ਛੇ ਚਰਣਾਂ ਵਿਚ 21 ਮਾਤਰਾ ਅਤੇ ਅੰਤਿਮ ਦੋ ਤੁਕਾਂ ਵਿਚ 27 ਮਾਤਰਾ ਹੁੰਦੀਆਂ ਹਨ : –

ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥

 – – – – – – – – – – – –

ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥

– – – – – – –  – –

ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥

ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥

(ਪੰਨਾ 518)

8. ਸ੍ਰੀਖੰਡ ਰੂਪ ਪਉੜੀ ਜਿਸ ਦੇ ਅੱਠ ਚਰਣ ਅਤੇ ਹਰ ਚਰਣ ਵਿਚ 21 ਮਾਤਰਾ ਹੁੰਦੀਆਂ ਹਨ। ਪਹਿਲਾ ਵਿਸ਼ਰਾਮ 12 ਅਤੇ ਦੂਜਾ 9 ਉੱਤੇ ਹੁੰਦਾ ਹੈ :–

ਅਗਣਿਤ ਘੁਰੇ ਨਗਾਰੇ ਦਲਾ ਭਿੰੜਦਿਆ ।

ਪਾਏ ਮਹਖ਼ਲ ਭਲੇ ਦੇਵਾਂ ਦਾਨਵਾ ।

(ਚੰਡੀ ਦੀ ਵਾਰ )

9. ਰਾਧਿਕਾ ਰੂਪ ਪਉੜੀ ਜਿਸ ਦੇ ਅੱਠ ਚਰਣ ਅਤੇ ਹਰ ਚਰਣ ਵਿਚ 22 ਮਾਤਰਾ ਹੁੰਦੀਆਂ ਹਨ । ਪਹਿਲਾ ਵਿਸ਼ਰਾਮ 13 ਅਤੇ ਦੂਜਾ 9 ਉੱਤੇ ਹੁੰਦਾ ਹੈ :–

ਇਕਿ ਭਸਮ ਚੜਾੑਵਹਿ ਅੰਗਿ ਮੈਲੁ ਨ ਧੋਵਹੀ ॥

ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥

(ਪੰਨਾ 1284)

10. ਛੇ ਚਰਣਾਂ ਦੀ ਪਉੜੀ ਜਿਸ ਦੇ ਹਰ ਚਰਣ ਵਿਚ 22 ਮਾਤਰਾ ਹੁੰਦੀਆਂ ਹਨ । ਪਹਿਲਾ ਵਿਸ਼ਰਾਮ 13 ਅਤੇ ਦੂਜਾ 9 ਉੱਤੇ ਹੁੰਦਾ ਹੈ :–

ਜੇ ਖੁਥੀ ਬਿੰਡਾ ਬਹੈ ਕਿਉਂ ਹੋਇ ਬਜਾਜ ।

ਕੁਤੇ ਦੇ ਗਲ ਵਾਸਣੀ ਨ ਸਰਾਫੀ ਸਾਜ ।

(ਭਾਈ ਗੁਰਦਾਸ ਜੀ )

11. ਦਟਪਟਾ ਜਾਂ ਨਿਸ਼ਾਨੀ ਛੰਦ ਰੂਪ ਪਉੜੀ ਜਿਸ ਦੇ ਪੰਜ ਚਰਣ ਅਤੇ ਹਰ ਚਰਣ ਵਿਚ 23 ਮਾਤਰਾ ਹੁੰਦੀਆਂ ਹਨ। ਪਹਿਲਾ ਵਿਸ਼ਰਾਮ 13 ਅਤੇ ਦੂਜਾ 9 ਉੱਤੇ ਹੁੰਦਾ ਹੈ :–

ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥

ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥

(ਪੰਨਾ 315)

ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥

ਸਭੁ  ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥

(ਪੰਨਾ 947)

ਦੇਖਨ ਦੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ।

ਧਾਏ ਰਾਕਸ ਰੋਹਲੇ ਚਉਗਿਰਦੋਂ ਭਾਰੇ ।

(ਭਾਈ ਗੁਰਦਾਸ ਜੀ )

12. ਪੰਜ ਚਰਣਾਂ ਦੀ ਪਉੜੀ ਜਿਸ ਦੇ ਹਰ ਚਰਣ ਵਿਚ 24 ਮਾਤਰਾ ਹੁੰਦੀਆਂ ਹਨ । ਪਹਿਲਾ ਵਿਸ਼ਰਾਮ 13 ਅਤੇ ਦੂਜਾ 11 ਉੱਤੇ  ਹੁੰਦਾ ਹੈ :–

ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥

ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥

(ਪੰਨਾ 1237)

13. ਪੰਜ ਚਰਣਾਂ ਦੀ ਪਉੜੀ ਜਿਸ ਦੇ ਹਰ ਚਰਣ ਵਿਚ 24 ਮਾਤਰਾ ਹੁੰਦੀਆਂ ਹਨ । ਪਹਿਲਾ ਵਿਸ਼ਰਾਮ 13 ਅਤੇ ਦੂਜਾ 11 ਉੱਤੇ ਹੁੰਦਾ ਹੈ। ਅੰਤ ਵਿਚ ਦੋ ਗੁਰੂ ਹੁੰਦੇ ਹਨ : –

ਹਰਿ ਕਾ ਨਾਮੁ ਧਿਆਇ  ਕੈ ਹੋਹੁ ਹਰਿਆ ਭਾਈ ॥

ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥

ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥

ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥

ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥

(ਪੰਨਾ 1193)

14. ਅੱਠ ਚਰਣਾਂ ਦੀ ਪਉੜੀ ਜਿਸ ਦੇ ਹਰ ਚਰਣ ਵਿਚ 24 ਮਾਤਰਾ ਹੁੰਦੀਆਂ ਹਨ । ਪਹਿਲਾ ਵਿਸ਼ਰਾਮ 13, ਦੂਜਾ 11 ਉੱਤੇ ਹੁੰਦਾ ਹੈ ਅਤੇ ਗੁਰੂ ਲਘੂ ਹੁੰਦਾ ਹੈ :–

ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘ ਨਾਸ ॥

ਹੇ ਪੂਰਨ ਹੇ ਸਰਬ ਮੈ ਦੁਖਭੰਜਨ ਗੁਣਤਾਸ ॥

(ਪੰਨਾ 261)

15. ‘ਮੁਕਤਾਮਈ ਰੂਪ ਪਉੜੀ ਜਿਸ ਦੇ 6 ਚਰਣ ਅਤੇ ਹਰ ਚਰਣ ਵਿਚ 25 ਮਾਤਰਾ ਹੁੰਦੀਆਂ ਹਨ । ਪਹਿਲਾ ਵਿਸ਼ਰਾਮ 13 ਅਤੇ ਦੂਜਾ 12 ਉੱਤੇ ਹੁੰਦਾ ਹੈ : –

ਘੰਟ ਘੜਾਯਾ ਚੂਹਿਆਂ ਗਲ ਬਿਲੀ ਪਾਈਐ ॥

ਮਤਾ ਪਕਾਯਾ ਮੱਖੀਆਂ ਘਿਉ ਅੰਦਰ ਨ੍ਹਾਈਐ ।

(ਭਾਈ ਗੁਰਦਾਸ ਜੀ )

16. ਚਾਰ ਚਰਣਾਂ ਦੀ ਪਉੜੀ ਜਿਨ੍ਹਾਂ ਵਿਚੋਂ ਪਹਿਲੇ ਤਿੰਨ ਚਰਣਾਂ ਦੀਆਂ 27 ਮਾਤਰਾ ਹੁੰਦੀਆਂ ਹਨ । ਪਹਿਲਾ ਵਿਸ਼ਰਾਮ 13 ਅਤੇ ਦੂਜਾ 14 ਉੱਤੇ ਹੁੰਦਾ ਹੈ । ਚੌਥੇ ਚਰਣ ਦੀਆਂ 15 ਮਾਤਰਾ ਅਤੇ ਅੰਤ ਦੋ ਗੁਰੂ ਹੁੰਦੇ ਹਨ : –

ਸੁੰਭ ਨਿਸੁੰਭ ਅਲਾਇਆ ਵਡ ਜੋਧੀਂ ਸੰਘਰ ਵਾਏ ।

ਰੋਹ ਦਿਖਾਲੀ ਦਿਤੀਆਂ ਵਰਿਆਮੀ ਤੁਰੇ ਨਚਾਏ ।

ਦੇਉ ਦਾਨੋ ਲੁਝਣ ਆਏ ।

(ਚੰਡੀ ਦੀ ਵਾਰ )

17. ਅੱਠ ਚਰਣਾਂ ਦੀ ਪਉੜੀ ਜਿਨ੍ਹਾਂ ਵਿਚੋਂ ਪਹਿਲੇ 7 ਚਰਣ 28 ਮਾਤਰਾ ਦੇ ਹੁੰਦੇ ਹਨ । ਪਹਿਲਾ ਵਿਸ਼ਰਾਮ 13 ਅਤੇ ਦੂਜਾ 15 ਉੱਤੇ ਹੁੰਦਾ ਹੈ । ਅਠਵੇਂ ਚਰਣ ਦੀਆਂ 17 ਮਾਤਰਾ ਅਤੇ ਅੰਤ ਗੁਰੂ ਹੁੰਦਾ ਹੈ : –

ਸਾਧੂ ਸਤਜੁਗ ਬੀਤਿਆ ਅਧਸੀਲੀ ਤ੍ਰੇਤਾ ਆਇਆ ।

ਨਚੀ ਕਲ ਸਰੋਸਰੀ ਕਲ ਨਾਰਦ ਡੋਰੂ ਵਾਇਆ ।

ਪਾਸ ਦੁਰਗਾ ਦੇ ਇੰਦਰ ਆਇਆ ।

(ਚੰਡੀ ਦੀ ਵਾਰ )

18. ਬਾਰਾਂ ਚਰਣਾਂ ਦੀ ਪਾਉੜੀ ਜਿਨ੍ਹਾਂ ਵਿਚੋਂ ਪਹਿਲੇ 11 ਚਰਣ 28 ਮਾਤਰਾ ਦੇ ਹੁੰਦੇ ਹਨ । ਪਹਿਲਾ ਵਿਸ਼ਰਾਮ 13 ਅਤੇ ਦੂਜਾ 15 ਉੱਤੇ ਹੁੰਦਾ ਹੈ । ਬਾਰ੍ਹਵਾਂ ਚਰਣ 15 ਮਾਤਰਾ ਦਾ ਹੁੰਦਾ ਹੈ : –

ਬਡੇ ਬਡੇ ਚੁਣ ਸੂਰਮੇ ਗਹਿ ਕੋਈ ਦਏ ਚਲਾਇਕੈ ।

ਰਣ ਕਾਲੀ ਗੁੱਸਾ ਖਾਇਕੈ ।

(ਚੰਡੀ ਦੀ ਵਾਰ )

19. ਅੱਠ ਚਰਣਾਂ ਦੀ ਪਉੜੀ ਜਿਸ ਦੇ ਪਹਿਲੇ ਸੱਤ ਚਰਣ 29 ਮਾਤਰਾ ਦੇ ਹੁੰਦੇ ਹਨ । ਪਹਿਲਾ ਵਿਸ਼ਰਾਮ 13 ਅਤੇ ਦੂਜਾ 16 ਉੱਤੇ ਹੁੰਦਾ ਹੈ । ਅੱਠਵਾਂ ਚਰਣ 16 ਮਾਤਰਾ ਦਾ ਹੁੰਦਾ ਹੈ :–

ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਯਾ ॥

– – – – – – – –  – – – – – – – – – –– – – – – –

ਕਲਿ ਤਾਰਣ ਗੁਰੂ ਨਾਨਕ ਆਯਾ ।

                                                                              (ਭਾਈ ਗੁਰਦਾਸ ਜੀ )

20. ਪੰਜ ਚਰਣਾਂ ਦੀ ਪਉੜੀ ਜਿਸ ਦੇ ਹਰ ਚਰਣ ਵਿਚ 23 ਮਾਤਰਾ ਹੁੰਦੀਆਂ ਹਨ । ਪਹਿਲਾਵਿਸ਼ਰਾਮ 14 ਅਤੇ ਦੂਜਾ 9 ਉੱਤੇ ਹੁੰਦਾ ਹੈ :–
ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥

ਮਨ ਚਿੰਦੇ ਫਲ ਪਾਈਅਹਿ ਹਰਿ ਕੇ ਗੁਣ ਗਾਉ ॥

– – – – – – – – –  – – – – – – – – ––

     ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਬਲਿ ਜਾਉ ॥

(ਪੰਨਾ 707)

   21. ਸਿਰਖੰਡੀ ਛੰਦ ਰੂਪ ਪਉੜੀ ਜਿਸ ਦੇ 11 ਚਰਣ ਹੁੰਦੇ ਹਨ । ਹਰ ਚਰਣ ਵਿਚ 23 ਮਾਤਰਾ ਹੁੰਦੀਆਂ ਹਨ। ਪਹਿਲਾ ਵਿਸ਼ਰਾਮ 14 ਅਤੇ ਦੂਜਾ 9 ਉੱਤੇ ਹੁੰਦਾ ਹੈ। ਇਸ ਵਿਚ ਤੁਕਾਂਤ ਦਾ ਮੇਲ ਨਹੀਂ ਹੁੰਦਾ : –

          ਧਗਾਂ ਸੂਲ ਬਜਾਈਆਂ ਦਲਾਂ ਮੁਕਾਬਲਾ ।

          ਧੂਹ ਮਿਆਨੋ ਲਾਈਆਂ ਜ੍ਵਾਨੀ ਸੂਰਮੀ ॥

(ਚੰਡੀ ਦੀ ਵਾਰ )

  22. ਛੇ ਚਰਣਾਂ ਦੀ ਪਉੜੀ ਜਿਸ ਵਿਚੋਂ ਪਹਿਲੇ 5 ਚਰਣ 30 ਮਾਤਰਾ ਦੇ ਹੁੰਦੇ ਹਨ । ਪਹਿਲਾ ਵਿਸ਼ਰਾਮ 14 ਅਤੇ ਦੂਜਾ 16 ਉੱਤੇ ਹੁੰਦਾ ਹੈ। ਛੇਵਾਂ ਚਰਣ 16 ਮਾਤਰਾ ਦਾ ਹੁੰਦਾ ਹੈ :–

          ਦਾਨ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥

          ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥

          ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥

          ਜੇ ਹੋਵੇ ਪੂਰਬਿ ਲਿਖਿਆ ਤਾ ਧੂੜਿ ਤਿਨਾੑ ਦੀ ਪਾਈਐ ॥

          ਮਤਿ ਥੋੜੀ ਸੇਵ ਗਵਾਈਐ ॥

(ਪੰਨਾ 468)

    23. ਸੱਤ ਚਰਣਾਂ ਦੀ ਪਉੜੀ ਜਿਸ ਵਿਚੋਂ ਪਹਿਲੇ ਛੇ ਚਰਣ 30 ਮਾਤਰਾ ਦੇ ਹੁੰਦੇ ਹਨ । ਪਹਿਲਾ ਵਿਸ਼ਰਾਮ 14 ਅਤੇ ਦੂਜਾ 16 ਉੱਤੇ ਹੁੰਦਾ ਹੈ । ਸੱਤਵਾਂ ਚਰਣ 16 ਮਾਤਰਾ ਦਾ ਹੁੰਦਾ ਹੈ :–

          ਸਤਿਗੁਰ ਸਚਾ ਪਾਤਸਾਹ ਪਾਤਸਾਹਾਂ ਪਾਤਸਾਹ ਜੁਹਾਰੀ ।

          ਸਾਧਸੰਗਤਿ ਸਚਖੰਡ ਹੈ ਆਇ ਝਰੋਖੈ ਖੋਲੈ ਬਾਰੀ ।

– – – – – – – – – – – – – – – – 

ਭਗਤ ਵਛਲ ਹੁਇ ਭਗਤਿ ਭੰਡਾਰੀ ।

(ਭਾਈ ਗੁਰਦਾਸ ਜੀ )

24. ਪੰਜ ਚਰਣਾਂ ਦੀ ਸੁਗੀਤਾ ਛੰਦ ਰੂਪ ਪਉੜੀ  ਜਿਸ ਦੇ ਹਰ ਚਰਣ ਵਿਚ 25 ਮਾਤਰਾ ਹੁੰਦੀਆਂ ਹਨ।  ਪਹਿਲਾ ਵਿਸ਼ਰਾਮ 15 ਅਤੇ ਦੂਜਾ 10 ਉੱਤੇ ਹੁੰਦਾ ਹੈ : –

ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥

ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥

(ਪੰਨਾ 301)

25. ਛੇ ਚਰਣਾਂ ਦੀ ਪਉੜੀ  ਜਿਸ ਦੇ ਪਹਿਲੇ ਪੰਜ ਚਰਣਾਂ ਦੀਆਂ 25 ਮਾਤਰਾ ਹੁੰਦੀਆਂ ਹਨ। ਪਹਿਲਾ ਵਿਸ਼ਰਾਮ 15 ਅਤੇ ਦੂਜਾ 10 ਉੱਤੇ ਹੁੰਦਾ ਹੈ । ਛੇਵਾਂ ਚਰਣ 24 ਮਾਤਰਾ ਦਾ ਹੁੰਦਾ ਹੈ ਜਿਸ ਦਾ ਪਹਿਲਾ ਵਿਸ਼ਰਾਮ 14 ਅਤੇ ਦੂਜਾ 10 ਉੱਤੇ ਹੁੰਦਾ ਹੈ :–

ਹਰਿ ਸਚੇ ਤਖਤ ਰਚਾਇਆ ਸਤਸੰਗਤਿ ਮੇਲਾ ।

ਪੀਓ ਪਾਹੁਲ ਖੰਡੇਧਾਰ ਹੁਇ ਜਨਮ ਸੁਹੇਲਾ ।

– – – – – – – – – – – – – – – –

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ।

(ਭਾਈ ਗੁਰਦਾਸ ਜੀ ਦੂਜਾ )

26. ਪੰਜ ਚਰਣਾਂ ਦੀ ਪਉੜੀ ਜਿਸ ਦੇ ਹਰ ਚਰਣ ਵਿਚ 26 ਮਾਤਰਾ ਹੁੰਦੀਆਂ ਹਨ ।  ਪਹਿਲਾ ਵਿਸ਼ਰਾਮ 15 ਅਤੇ ਦੂਜਾ 11 ਉੱਤੇ ਹੁੰਦਾ ਹੈ :–

ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥

ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥

(ਪੰਨਾ 849)

27. ਪੰਜ ਚਰਣਾਂ ਦੀ ਪਉੜੀ ਜਿਸ ਦੇ ਪਹਿਲੇ ਤਿੰਨ ਚਰਣਾਂ ਦੀਆਂ 31 ਮਾਤਰਾ ਹੁੰਦੀਆਂ ਹਨ। ਪਹਿਲਾ ਵਿਸ਼ਰਾਮ 15 ਅਤੇ ਦੂਜਾ 16 ਉੱਤੇ ਹੁੰਦਾ ਹੈ । ਆਖਰੀ ਦੋ ਚਰਣਾਂ ਦੀਆਂ ਚਾਲੀ ਮਾਤਰਾ ਹੁੰਦੀਆਂ ਹਨ। ਪਹਿਲਾ ਵਿਸ਼ਰਾਮ 12 ਅਤੇ ਦੂਜਾ 28 ਉੱਤੇ ਹੁੰਦਾ ਹੈ :–

ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥

– – – – – – – – – – – – – – – – –

ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ

ਹਰਿ ਬੋਲਤ ਸਭਿ ਪਾਪ ਲਹੋਗੀਆ ॥

(ਪੰਨਾ 1313)

28. ਪੰਜ ਚਰਣਾਂ ਦੀ ਬੀਰ ਛੰਦ ਨਾਲ ਮੇਲ ਖਾਂਦੀ ਪਉੜੀ ਜਿਸ ਦੇ ਹਰ ਚਰਣ ਵਿਚ 31 ਮਾਤਰਾ ਹੁੰਦੀਆਂ ਹਨ । ਪਹਿਲਾ ਵਿਸ਼ਰਾਮ 16 ਅਤੇ ਦੂਜਾ 15 ਉੱਤੇ ਹੁੰਦਾ ਹੈ :–

ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥

                                                                                          (ਪੰਨਾ 1315)

  1. ਸੱਤ ਚਰਣਾਂ ਦੀ ਪਉੜੀ ਜਿਸ ਦੇ ਪਹਿਲੇ ਛੇ ਚਰਣਾਂ ਵਿਚ 32 ਮਾਤਰਾ ਹੁੰਦੀਆਂ ਹਨ ਅਤੇ ਵਿਸ਼ਰਾਮ 16 /16 ਉੱਤੇ ਹੁੰਦਾ ਹੈ। ਸੱਤਵਾਂ ਚਰਣ 16 ਮਾਤਰਾ ਦਾ ਹੁੰਦਾ ਹੈ :–

ਬਲਿਹਾਰੀ ਤਿਨਾ ਗੁਰਸਿਖਾ ਜਿਨਾ ਗੁਰਦਰਸਨ ਡਿਠਾ ।

ਬਲਿਹਾਰੀ ਤਿਨਾ ਗੁਰਸਿਖਾ ਪੈਰੀ ਪੈ ਗੁਰਸਭਾ ਬਹਿੱਠਾ ।

– – – – – – – – – – – – – – – – – –

ਗੁਰਮੁਖਿ ਮਿਲਿਆ ਪਾਪ ਪਣਿੱਠਾ ।

(ਭਾਈ ਗੁਰਦਾਸ ਜੀ )

  1. ਪੰਜ ਚਰਣਾਂ ਦੀ ਵਿਖਮ ਦੰਡਕ ਪਉੜੀ ਜਿਸ ਦੇ ਪਹਿਲੇ ਚਰਣ ਦੀਆਂ 46 ਮਾਤਰਾ, ਦੂਜੇ ਦੀਆਂ 30, ਤੀਜੇ ਦੀਆਂ 78, ਚੌਥੇ ਦੀਆਂ 59 ਅਤੇ ਪੰਜਵੇਂ ਦੀਆਂ 46 ਮਾਤਰਾ ਹੁੰਦੀਆਂ ਹਨ :–

ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ

ਹਹਿ ਤਿਤਨੇ ਸਭਿ ਹਰਿ ਕੇ ਕੀਏ ॥

ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ

ਅਰਥੀਏ ॥

ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ

ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ॥

(ਪੰਨਾ 851)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-05-10-41-25, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਲੋ. ਵਿ. ਕੋ. ; ਪੰ. ਸਾ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.