ਪੁੰਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁੰਨ (ਨਾਂ,ਪੁ) ਸ਼ੁਭ ਕਰਮ; ਦਾਨ; ਧਰਮ-ਅਰਥ ਕੀਤੀ ਸੇਵਾ; ਪਵਿੱਤਰ ਫਲ ਦੇਣ ਵਾਲਾ ਕਾਰਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21039, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੁੰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁੰਨ [ਨਾਂਪੁ] ਦਾਨ; ਨੇਕ ਕੰਮ , ਸ਼ੁਭ ਕਰਮ; ਸ਼ੁਭ ਕਰਮਾਂ ਦਾ ਫਲ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੁੰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁੰਨ. ਸੰ. पुणय. ਵਿ—ਪਵਿਤ੍ਰ. ਭਲਾ. ਨੇਕ. “ਹਰਿਰਸ ਚਾਖਿਆ ਸੇ ਪੁੰਨ ਪਰਾਣੀ.” (ਮ: ੩ ਵਾਰ ਗੂਜ ੧) ੨ ਸੰਗ੍ਯਾ—ਸ਼ੁਭ ਕਰਮ. ਪਵਿਤ੍ਰ ਫਲ ਦੇਣ ਵਾਲਾ ਕਰਮ. ਸੁਕ੍ਰਿਤ. “ਪੁੰਨ ਪਾਪ ਸਭੁ ਬੇਦ ਦ੍ਰਿੜਾਇਆ.” (ਮਾਰੂ ਸੋਲਹੇ ਮ: ੩) ਪਾਪ ਤੋਂ ਭਾਵ—ਹਿੰਸਾ ਹੈ.”


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੁੰਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ੁੰਨ: ਇਹ ਸਸੰਕ੍ਰਿਤ ਦੇ ‘ਪੁਣੑਯ’ ਸ਼ਬਦ ਦਾ ਤਦਭਵ ਰੂਪ ਹੈ। ਇਸ ਨੂੰ ‘ਸੁਕ੍ਰਿਤ’ ਵੀ ਕਿਹਾ ਜਾਂਦਾ ਹੈ। ਇਸ ਦਾ ਮੂਲ ਸੰਬੰਧ ਮੁਕਤੀ ਜਾਂ ਸਵਰਗ ਦੀ ਪ੍ਰਾਪਤੀ ਨਾਲ ਹੈ। ਭਾਰਤ ਦੀਆਂ ਸਾਰੀਆਂ ਆਸਤਿਕ ਪਰੰਪਰਾਵਾਂ ਅਤੇ ਬੌਧ-ਮਤ ਤੇ ਜੈਨ-ਮਤ ਵਿਚ ਵੀ ਪੁੰਨ ਨੂੰ ਪ੍ਰਵਾਨਗੀ ਮਿਲੀ ਹੈ। ਪੁੰਨ ਦਾ ਮੂਲ ਆਧਾਰ ਕੋਈ ਵਿਸ਼ੇਸ਼ ਕਰਮ ਮੰਨਿਆ ਜਾਂਦਾ ਹੈ। ਇਹ ਕਰਮ ਸਾਤਵਿਕ ਹੁੰਦਾ ਹੈ ਅਤੇ ਇਸ ਨੂੰ ਕਰਨ ਪਿਛੇ ਸਵਰਗ ਦੀ ਪ੍ਰਾਪਤੀ ਦੀ ਕਾਮਨਾ ਆਪਣੀ ਭੂਮਿਕਾ ਨਿਭਾਉਂਦੀ ਹੈ।

ਸਾਰਿਆਂ ਮਤਾਂ ਵਿਚ ਧਰਮ ਅਨੁਸਾਰ ਕੀਤੇ ਆਚਰਣ ਨੂੰ ਪੁੰਨ-ਕਰਮ ਮੰਨਿਆ ਜਾਂਦਾ ਹੈ। ਪੁੰਨ-ਕਰਮ ਸੁਖ-ਫਲ-ਦਾਇਕ ਹੈ। ਇਸ ਦੇ ਉਲਟ ਪਾਪ (ਵੇਖੋ) ਕਰਮ ਦੁਖ-ਫਲ-ਦਾਇਕ ਹੈ। ਇਹ ਦੋਵੇਂ ਇਕ ਦੂਜੇ ਦੇ ਪ੍ਰਤਿਦੁਅੰਦੀ ਹਨ।

ਗੁਰਬਾਣੀ ਵਿਚ ਵੀ ਪੁੰਨ ਕਰਮ ਕਰਨ ਉਤੇ ਬਲ ਦਿੱਤਾ ਗਿਆ ਹੈ। ਗੁਰੂ ਰਾਮਦਾਸ ਜੀ ਨੇ ਕਿਹਾ ਹੈ—ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ਕਰਿ ਡੰਡਉਤ ਪੁਨੁ ਵਡਾ ਹੇ (ਗੁ.ਗ੍ਰੰ.13)। ਨਿਸ਼ਕਾਮ ਭਾਵ ਨਾਲ ਕੀਤੇ ਪੁੰਨ-ਕਰਮ ਹੀ ਲਾਭਦਾਇਕ ਹਨ। ਦ੍ਵੈਤ-ਭਾਵ ਨਾਲ ਕੀਤੇ ਪੁੰਨ ਜਮਕਾਲ ਦੇ ਵਸ ਪਾਣ ਵਾਲੇ ਸਿੱਧ ਹੁੰਦੇ ਹਨ—ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ਬਿਨੁ ਸਤਿਗੁਰੂ ਜਮਕਾਲੁ ਛੋਡਈ ਦੂਜੈ ਭਾਇ ਖੁਆਈ (ਗੁ.ਗ੍ਰੰ.1414)।

ਸਭ ਤੋਂ ਵੱਡਾ ਪੁੰਨ ਹਉਮੈ ਨੂੰ ਮਾਰਨਾ ਹੈ। ਹਉਮੈ ਸਭ ਪੁੰਨਾਂ ਦਾ ਨਾਸ਼ ਕਰਦੀ ਹੈ। ‘ਸੁਖਮਨੀਬਾਣੀ ਵਿਚ ਇਸ ਤੱਥ ਵਲ ਸੰਕੇਤ ਕੀਤਾ ਗਿਆ ਹੈ। ਆਸਾ ਰਾਗ ਵਿਚ ਵੀ ਗੁਰੂ ਅਰਜਨ ਦੇਵ ਜੀ ਨੇ ਜਿਗਿਆਸੂ ਨੂੰ ਚੇਤਾਵਨੀ ਦਿੱਤੀ ਹੈ ਕਿ ਪਰਮਾਤਮਾ ਹਰ ਵਕਤ ਪ੍ਰਾਣੀ ਦੇ ਸੰਗ-ਸਾਥ ਹੈ, ਫਿਰ ਪਾਪ ਕਿਉਂ ਕੀਤੇ ਜਾਣ। ਇਸ ਲਈ ‘ਸੁਕ੍ਰਿਤ’ (ਪੁੰਨ) ਕਰਕੇ ਨਾਮ ਜਪਣਾ ਚਾਹੀਦਾ ਹੈ ਤਾਂ ਜੋ ਨਰਕਾਂ ਵਿਚ ਜਾਣ ਤੋਂ ਬਚਿਆ ਜਾ ਸਕੇ—ਸੰਗਿ ਦੇਖੈ ਕਰਣਾਹਾਰਾ ਕਾਇ ਪਾਪੁ ਕਮਾਈਐ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਜਾਈਐ (ਗੁ.ਗ੍ਰੰ.461)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪੁੰਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੁੰਨ (ਗੁ.। ਸੰਸਕ੍ਰਿਤ ਪੁਣ੍ਯ) ੧. ਪਵਿੱਤ੍ਰ ।     ਦੇਖੋ , ‘ਪੁੰਨ ਪਰਾਣੀ

੨. (ਸੰ.) ਦਾਨ , ਉਹ ਦਾਨ ਜੋ ਹਿੰਦੂ ਸ਼ੁਭ ਸਮਿਆਂ ਤੇ ਕਰਦੇ ਹਨ। ਯਥਾ-‘ਪੁੰਨ ਦਾਨੁ ਜੋ ਬੀਜਦੇ’।

            ਦੇਖੋ, ‘ਪੁੰਨ ਦਾਨ’, ‘ਪੁੰਨਿ ਆਤਮੈ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਪੁੰਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਪੁੰਨ : ਪੁੰਨ ਦਾ ਸੰਬੰਧ ਧਰਮ ਨਾਲ ਜਾਂ ਧਾਰਮਿਕ ਕਾਰਜਾਂ ਨਾਲ ਹੁੰਦਾ ਹੈ ਜਾਂ ਇਸ ਦਾ ਸੰਬੰਧ ਸ਼ੁੱਭ ਕਰਮਾਂ ਨਾਲ ਵੀ ਮੰਨਿਆ ਜਾਂਦਾ ਹੈ, ਕਿਉਂਕਿ ਧਰਮ ਤੇ ਕਰਮ ਤੋਂ ਹੀ ਪੁੰਨ ਪੈਦਾ ਹੁੰਦਾ ਹੈ। ਇਸ ਤਰ੍ਹਾਂ ਸ਼ੁੱਭ ਕਰਮਾਂ ਦੇ ਫਲ ਨੂੰ ਪੁੰਨ ਕਿਹਾ ਜਾਂਦਾ ਹੈ। ਇਹ ਪੁੰਨ ਪਾਪ ਤੋਂ ਉਲਟ ਸਮਝਿਆ ਜਾਂਦਾ ਹੈ ਅਤੇ ਇਸ ਨੂੰ ਸੁਖ ਦਾ ਕਾਰਨ ਕਿਹਾ ਜਾਂਦਾ ਹੈ। ਸਾਰੇ ਧਰਮਾਂ ਦੇ ਆਚਾਰੀਆਂ ਨੇ, ਸੰਤਾਂ ਨੇ ਰਿਸ਼ੀਆਂ-ਮੁਨੀਆਂ ਨੇ, ਪੀਰ-ਪੈਗ਼ੰਬਰਾਂ ਨੇ ਅਤੇ ਸਮਾਜ-ਸੁਧਾਰਕਾਂ ਨੇ ਪੁੰਨ ਕਰਮ ਕਰਨ ਦਾ ਉਪਦੇਸ਼ ਦਿੱਤਾ ਹੈ। ਭਾਰਤ ਦੀ ਵੈਦਿਕ ਪਰੰਪਰਾ ਅਨੁਸਾਰ ਯੱਗ ਆਦਿ ਸ਼ੁੱ ਭ ਕਰਮ ਕਰਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਸ ਪੁੰਨ ਦਾ ਫਲ ਵਿਅਕਤੀ ਸ੍ਵਰਗ ਵਿੱਚ ਜਾ ਕੇ ਭੋਗਦਾ ਹੈ। ਭਾਰਤੀ ਸੰਸਕ੍ਰਿਤੀ ਵਿੱਚ ਪੁਨਰ-ਜਨਮ ਦਾ ਸਿਧਾਂਤ ਮੰਨਿਆ ਜਾਂਦਾ ਹੈ ਅਤੇ ਇਸ ਦੇ ਪਿੱਛੇ ਮਨੁੱਖ ਦਾ ਕਰਮ ਹੀ ਵਰਤਦਾ ਹੈ। ਇੱਕ ਮਾਨਤਾ ਅਨੁਸਾਰ, ਜੇ ਮਨੁੱਖ ਨੇ ਪਿਛਲੇ ਜਨਮ ਵਿੱਚ ਪੁੰਨ ਵਾਲੇ ਕਰਮ ਕੀਤੇ ਹੋਣ, ਤਾਂ ਉਹ ਧਰਮਾਤਮਾ ਜਾਂ ਪੁੰਨਆਤਮਾ ਵਾਲੇ ਪਰਵਾਰ ਵਿੱਚ ਜਨਮ ਲੈਂਦਾ ਹੈ ਅਤੇ ਸੁਖੀ ਜੀਵਨ ਪ੍ਰਾਪਤ ਕਰਦਾ ਹੈ; ਇਸ ਤਰ੍ਹਾਂ ਪੁੰਨ ਵਾਲਾ ਪੁਰਸ਼ ਫਿਰ ਪੁੰਨ ਕਰਦਾ ਹੈ ਅਤੇ ਸੁਖ ਨੂੰ ਪ੍ਰਾਪਤ ਕਰਦਾ ਹੈ; ਪਰ ਪਾਪੀ ਦੀ ਹਾਲਤ ਇਸ ਤੋਂ ਉਲਟ ਹੁੰਦੀ ਹੈ।

ਮਹਾਰਿਸ਼ੀ ਵੇਦਵਿਆਸ ਨੇ ਮਹਾਂਭਾਰਤ ਵਿੱਚ ਕਿਹਾ ਹੈ ਕਿ ਮੈਂ ਬਾਹਾਂ ਉੱਚੀਆਂ ਕਰਕੇ ਅਤੇ ਚਿਲਾਅ-ਚਿਲਾਅ ਕੇ ਕਹਿ ਰਿਹਾ ਹਾਂ ਕਿ ਪਰਉਪਕਾਰ ਪੁੰਨ ਵਾਸਤੇ ਹੁੰਦਾ ਹੈ ਅਤੇ ਦੂਜੇ ਨੂੰ ਦੁੱਖ ਦੇਣਾ ਪਾਪ ਹੈ, ਪਰ ਮੇਰੀ ਗੱਲ ਕੋਈ ਸੁਣਦਾ ਹੀ ਨਹੀਂ ਹੈ। ਰਿਸ਼ੀ ਦੇ ਇਸ ਵਾਕ ਤੋਂ ਇਹ ਪਤਾ ਲੱਗਦਾ ਹੈ ਕਿ ਪਰਉਪਕਾਰ ਜਾਂ ਦੂਜੇ ਦਾ ਭਲਾ ਕਰਨ ਨਾਲ ਪੁੰਨ ਮਿਲਦਾ ਹੈ। ਇਸ ਪਰਉਪਕਾਰ ਦੇ ਅਨੇਕ ਰੂਪ ਹੋ ਸਕਦੇ ਹਨ। ਵਿਅਕਤੀ ਦੇ ਰੂਪ ਵਿੱਚ ਭੁੱਖੇ ਨੂੰ ਰੋਟੀ ਦੇਣਾ ਪੁੰਨ ਹੈ, ਪਿਆਸੇ ਨੂੰ ਪਾਣੀ ਪਿਲਾਉਣਾ ਪੁੰਨ ਹੈ, ਬਿਮਾਰ ਨੂੰ ਦਵਾਈ ਦੇਣਾ ਵੀ ਪੁੰਨ ਦਾ ਹੀ ਰੂਪ ਹੈ ਅਤੇ ਇਸੇ ਤਰ੍ਹਾਂ ਲੋੜਵੰਦ ਵਿਅਕਤੀ ਦੀ ਲੋੜ ਨੂੰ ਪੂਰਾ ਕਰਨਾ ਵੀ ਪੁੰਨ ਦਾ ਕਾਰਜ ਕਿਹਾ ਜਾ ਸਕਦਾ ਹੈ। ਸਮਾਜਿਕ ਤੌਰ ’ਤੇ ਅਨੇਕ ਪ੍ਰਕਾਰ ਦੇ ਦਾਨ ਪੁੰਨ ਦਾ ਰੂਪ ਮੰਨੇ ਜਾਂਦੇ ਹਨ। ਕਈ ਧਰਮਾਤਮਾ ਪੁਰਸ਼ਾਂ ਜਾਂ ਧਾਰਮਿਕ ਸੰਸਥਾਵਾਂ ਨੇ ਸਕੂਲ ਜਾਂ ਕਾਲਜ ਬਣਵਾਏ ਹਨ, ਜਿਨ੍ਹਾਂ ਵਿੱਚ ਵਿੱਦਿਆ ਦਾ ਦਾਨ ਕੀਤਾ ਜਾਂਦਾ ਹੈ; ਇਸ ਵਿੱਦਿਆ-ਦਾਨ ਤੋਂ ਜੋ ਪੁੰਨ ਮਿਲਦਾ ਹੈ, ਉਸ ਨਾਲ ਸਮਾਜ ਤੇ ਰਾਸ਼ਟਰ ਦਾ ਕਲਿਆਣ ਹੁੰਦਾ ਹੈ। ਇਸ ਤਰ੍ਹਾਂ ਵਿੱਦਿਆ-ਦਾਨ ਸਭ ਤੋਂ ਵੱਡਾ ਦਾਨ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਵਿੱਦਿਆ ਨੂੰ ਗੁਰੂਆਂ ਦਾ ਵੀ ਗੁਰੂ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਪੁਰਸ਼ ਦਾ ਲੋਕ ਤੇ ਪਰਲੋਕ ਸੁਧਰ ਜਾਂਦਾ ਹੈ। ਕੁਝ ਲੋਕ ਕੰਨਿਆ-ਦਾਨ ਨੂੰ ਸਭ ਤੋਂ ਵੱਡਾ ਦਾਨ ਕਹਿੰਦੇ ਹਨ। ਕੁਝ ਸ਼ਾਸਤਰਾਂ ਵਿੱਚ ਅੰਨ-ਦਾਨ ਨੂੰ ਸਭ ਤੋਂ ਉੱਚਾ ਦਾਨ ਮੰਨਿਆ ਜਾਂਦਾ ਹੈ ਕਿਉਂਕਿ ਅੰਨ ਨਾਲ ਸਾਰੇ ਜੀਵਨ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਅੰਨ-ਦਾਨ ਨਾਲ ਜੀਵਨ-ਦਾਨ ਦਾ ਪੁੰਨ ਮਿਲਦਾ ਹੈ। ਇਸੇ ਤਰ੍ਹਾਂ ਕੁਝ ਲੋਕ ਭੂਮੀ-ਦਾਨ ਜਾਂ ਘਰ-ਦਾਨ ਨੂੰ ਸਭ ਤੋਂ ਜ਼ਿਆਦਾ ਪੁੰਨ ਸਮਝਦੇ ਹਨ, ਇਸ ਕਰਕੇ ਕੁਝ ਮਹਾਂਪੁਰਸ਼ਾਂ ਨੇ ਧਰਮਸ਼ਾਲਾਵਾਂ ਬਣਵਾ ਦਿੱਤੀਆਂ ਹਨ; ਕਈਆਂ ਨੇ ਮਰੀਜ਼ਾਂ ਦੀ ਸੇਵਾ ਲਈ ਹਸਪਤਾਲ ਬਣਵਾਏ ਹਨ; ਇਹ ਸਭ ਲੋਕ ਪੁੰਨ ਦੇ ਭਾਗੀ ਮੰਨੇ ਜਾਂਦੇ ਹਨ ਅਤੇ ਅਜਿਹੇ ਕਾਰਜਾਂ ਨਾਲ ਸਮਾਜ ਦੀ ਸੇਵਾ ਹੁੰਦੀ ਹੈ। ਇਹ ਸੇਵਾ ਵੀ ਪੁੰਨ ਦਾ ਹੀ ਰੂਪ ਕਹੀ ਜਾ ਸਕਦੀ ਹੈ ਪਰ ਕੁਝ ਸ਼ਾਸਤਰਾਂ ਵਿੱਚ ਦਾਨ ਆਦਿ ਸ਼ੁੱਭ ਕਰਮਾਂ ਦੇ ਤਿੰਨ ਰੂਪ ਦੱਸੇ ਗਏ ਹਨ ਜਿਨ੍ਹਾਂ ਨੂੰ ਸਾਤਵਿਕ, ਰਾਜਸ ਤੇ ਤਾਮਸ ਕਿਹਾ ਗਿਆ ਹੈ। ਸਾਤਵਿਕ ਕਰਮਾਂ ਤੋਂ ਜੋ ਪੁੰਨ ਹੁੰਦਾ ਹੈ, ਉਸ ਵਿੱਚ ਨਿਸ਼ਕਾਮਤਾ ਦੀ ਭਾਵਨਾ ਹੁੰਦੀ ਹੈ ਅਤੇ ਇਸ ਨੂੰ ਚੰਗਾ ਸਮਝਿਆ ਜਾਂਦਾ ਹੈ। ਜੋ ਦਾਨ ਆਦਿ ਰਾਜਸ ਕਰਮ ਹਨ, ਉਹਨਾਂ ਦੇ ਪਿੱਛੇ ਵਿਅਕਤੀ ਦੀ ਸ੍ਵਾਰਥ ਦੀ ਭਾਵਨਾ ਹੁੰਦੀ ਹੈ ਅਤੇ ਉਸ ਦਾ ਸੰਬੰਧ ਇਸ ਲੋਕ ਨਾਲ ਹੁੰਦਾ ਹੈ। ਜੋ ਦਾਨ, ਪਰਉਪਕਾਰ ਆਦਿ ਤਾਮਸ ਕਰਮ ਹੁੰਦੇ ਹਨ, ਉਹਨਾਂ ਦੇ ਪਿੱਛੇ ਕੁਝ ਮਜ਼ਬੂਰੀ ਹੁੰਦੀ ਹੈ ਅਤੇ ਅਜਿਹੇ ਕਰਮਾਂ ਤੋਂ ਕੋਈ ਪੁੰਨ ਨਹੀਂ ਮਿਲਦਾ। ਜ਼ਿਆਦਾਤਰ ਪੁੰਨ-ਕਰਮਾਂ ਨੂੰ ਚੰਗਾ ਸਮਝਿਆ ਜਾਂਦਾ ਹੈ ਅਤੇ ਹਿੰਦੂ ਪਰੰਪਰਾ ਅਨੁਸਾਰ ਪੁੰਨ ਵਾਲਾ ਪੁਰਸ਼ ਸ੍ਵਰਗ ਵਿੱਚ ਜਾ ਕੇ ਸੁਖ ਭੋਗਦਾ ਹੈ ਪਰ ਜਦੋਂ ਉਸ ਦੇ ਪੁੰਨ ਦਾ ਫਲ ਭੋਗ ਲਿਆ ਜਾਂਦਾ ਹੈ, ਤਾਂ ਉਹ ਪੁਰਸ਼ ਫਿਰ ਇਸ ਲੋਕ ਵਿੱਚ ਜਨਮ ਲੈਂਦਾ ਹੈ। ਫਿਰ ਉਹ ਸ਼ੁੱਭ ਕਰਮ ਕਰਕੇ ਪੁੰਨ ਇਕੱਠਾ ਕਰਦਾ ਹੈ ਅਤੇ ਫਿਰ ਉਸ ਦਾ ਫਲ ਭੋਗ ਕੇ ਜਾਂ ਉਸ ਦੇ ਪ੍ਰਭਾਵ ਨਾਲ ਚੰਗੇ ਘਰ ਵਿੱਚ ਜਨਮ ਲੈਂਦਾ ਹੈ। ਇਸ ਤਰ੍ਹਾਂ ਇਹ ਪ੍ਰਕਿਰਿਆ ਚੱਲਦੀ ਹੀ ਰਹਿੰਦੀ ਹੈ, ਇਸ ਲਈ ਭਾਰਤ ਦੇ ਅਧਿਆਤਮਵਾਦੀ ਸ਼ਾਸਤਰਾਂ ਤੇ ਆਗੂਆਂ ਨੇ ਨਿਸ਼ਕਾਮ ਭਾਵ ਨਾਲ ਪੁੰਨ ਤੇ ਪਾਪ ਦੀ ਸਥਿਤੀ ਤੋਂ ਉੱਪਰ ਉੱਠ ਕੇ ਆਤਮਬੋਧ ਨਾਲ ਮੁਕਤੀ ਦੀ ਪ੍ਰਾਪਤੀ ’ਤੇ ਜ਼ੋਰ ਦਿੱਤਾ ਹੈ। ਸਿੱਖ ਧਰਮ ਅਨੁਸਾਰ ਸ਼ੁਭ ਕਰਮ ਕਰਨ ਵਾਲਾ ਵਿਅਕਤੀ ਇਸ ਜੀਵਨ ਵਿੱਚ ਹੀ ਪਰਮਾਤਮਾ ਨਾਲ ਰਹੱਸਾਤਮਿਕ ਏਕਤਾ ਅਨੁਭਵ ਕਰ ਸਕਦਾ ਹੈ। ਇਸ ਸਥਿਤੀ ਨੂੰ ਸਿੱਖ ਅਧਿਆਤਮਿਕਤਾ ਵਿੱਚ ਜੀਵਨ-ਮੁਕਤੀ ਕਿਹਾ ਗਿਆ ਹੈ। ਉਸ ਦੀ ਆਤਮਾ ਪਰਮਾਤਮਾ ਨਾਲ ਇੱਕ-ਮਿਕ ਹੋ ਜਾਂਦੀ ਹੈ ਅਤੇ ਉਹ ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ।


ਲੇਖਕ : ਆਰ. ਡੀ. ਨਿਰਾਕਾਰੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 7699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-04-38-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.