ਪੂਰਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪੂਰਕ : ਪੂਰਕ ਸੰਕਲਪ ਦੀ ਵਰਤੋਂ ਵਿਆਕਰਨਕ ਕਾਰਜ ਦੀ ਵਿਆਖਿਆ ਲਈ ਕੀਤੀ ਜਾਂਦੀ ਹੈ । ਪਰੰਪਰਾਵਾਦੀ ਵਿਆਕਰਨਕਾਰ ਵਾਕ ਨੂੰ ਉਦੇਸ਼ ਅਤੇ ਵਿਧੇ ਵਿਚ ਵੰਡਦੇ ਹਨ । ਉਦੇਸ਼ ਦੀ ਬਣਤਰ ਵਿਚ ਇਕ ਨਾਂਵ ਵਾਕੰਸ਼ ਵਿਚਰਦਾ ਹੈ ਜਦੋਂ ਕਿ ਵਿਧੇ ਦੀ ਬਣਤਰ ਵਿਚ ਕਿਰਿਆ ਵਾਕੰਸ਼ ਤੋਂ ਇਲਾਵਾ ਕਰਮ ਨਾਂਵ ਵਾਕੰਸ਼ਾਂ ਦੇ ਵਿਚਰਨ ਦੀ ਸੰਭਾਵਨਾ ਹੁੰਦੀ ਹੈ । ਵਿਧੇ ਦੀ ਬਣਤਰ ਵਿਚ ਵਿਚਰਨ ਵਾਲੇ ਸਾਰੇ ਨਾਂਵ ਵਾਕੰਸ਼ ਕਰਮ ਵਜੋਂ ਹੀ ਕਾਰਜ ਨਹੀਂ ਕਰ ਰਹੇ ਹੁੰਦੇ । ਅਰਥ ਦੀ ਦਰਿਸ਼ਟੀ ਤੋਂ ਕਈ ਨਾਂਵ ਪੂਰਕ ਵਜੋਂ ਕਾਰਜ ਕਰਦੇ ਹਨ । ਪੰਜਾਬੀ ਵਿਚ ਪੂਰਕ ਨਾਂਵ ਦੋ ਪਰਕਾਰ ਦਾ ਕਾਰਜ ਕਰਦੇ ਹਨ : ( i ) ਕਰਤਾ ਪੂਰਕ ਅਤੇ ( ii ) ਕਰਮ ਪੂਰਕ । ਇਹ ਦੋਵੇਂ ਪੂਰਕ ਕਰਤਾ ਜਾਂ ਕਰਮ ਦੀ ਵਿਆਖਿਆ-ਸੂਚਕ ਹੁੰਦੇ ਹਨ ਜਿਵੇਂ : ‘ ਇਹ ਮੁੰਡਾ ਯੂਨੀਵਰਸਿਟੀ ਦਾ ਵਿਦਿਆਰਥੀ ਹੈ’ । ‘ ਇਹ ਮੁੰਡਾ’ ਉਦੇਸ਼ ਵਜੋਂ ਕਾਰਜ ਕਰਦਾ ਹੈ ਅਤੇ ਇਸ ਮੁੰਡੇ ਦੀ ਵਿਆਖਿਆ ਅੱਗੋਂ ‘ ਯੂਨੀਵਰਸਿਟੀ ਦਾ ਵਿਦਿਆਰਥੀ’ ਰਾਹੀਂ ਕੀਤੀ ਗਈ ਹੈ । ਇਸ ਲਈ ਦੂਜਾ ਅੰਸ਼ ਪਹਿਲੇ ਅੰਸ਼ ਦਾ ਪੂਰਕ ਹੈ । ਇਹ ਅੰਸ਼ ਕਰਤਾ \ ਉਦੇਸ਼ ਦਾ ਪੂਰਕ ਹੈ ਇਸ ਲਈ ਇਸ ਅੰਸ਼ ਨੂੰ ਕਰਤਾ ਪੂਰਕ ਨਾਂ ਦਿੱਤਾ ਜਾਂਦਾ ਹੈ । ਕਰਤਾ ਪੂਰਕ ਅੰਸ਼ ਨਾਂਵ , ਵਿਸ਼ੇਸ਼ਣ ਆਦਿ ’ ਤੇ ਅਧਾਰਤ ਹੁੰਦਾ ਹੈ ਜਿਵੇਂ : ‘ ਉਹ ਕੁੜੀ ਨਰਸ ਹੈ , ਉਹ ਆਦਮੀ ਮੂਰਖ ਹੈ , ਕੁੜੀ ਪਰਾਏ ਘਰ ਦਾ ਸ਼ਿੰਗਾਰ ਹੁੰਦੀ ਹੈ’ ਵਿਚ ਗੂੜ੍ਹੇ ਛਪੇ ਸ਼ਬਦ ਕਰਤਾ ਪੂਰਕ ਵਜੋਂ ਕਾਰਜ ਕਰਦੇ ਹਨ । ਦੂਜੇ ਪਾਸੇ ਵਿਧੇ ਦੀ ਬਣਤਰ ਵਿਚ ਵਿਚਰਨ ਵਾਲੇ ਨਾਂਵ ਵਾਕੰਸ਼ ਕਰਮ ਵਜੋਂ ਕਾਰਜ ਕਰਦੇ ਹਨ । ਕਰਮ ਨਾਂਵ ਵਾਕੰਸ਼ ਦੇ ਵੀ ਕਰਤਾ ਵਾਂਗ ਪੂਰਕ ਹੁੰਦੇ ਹਨ ਜਿਵੇਂ : ‘ ਉਸ ਆਦਮੀ ਨੇ ਆਪਣੇ ਦੋਸਤ ਦੀ ਵਿਧਵਾ ਨੂੰ ਆਪਣੀ ਘਰਵਾਲੀ ਬਣਾਇਆ , ਉਸ ਨੇ ਆਪਣੀ ਪਤਨੀ ਨੂੰ ਪਿੰਡ ਦੀ ਪੰਚਣੀ ਬਣਾਇਆ , ਉਸ ਨੇ ਆਪਣੀ ਪਤਨੀ ਨੂੰ ਮੂਰਖ ਬਣਾਇਆ । ’ ਇਨ੍ਹਾਂ ਵਾਕਾਂ ਦੀ ਬਣਤਰ ਵਿਚ ਗੂੜ੍ਹੇ ਛਪੇ ਅੰਸ਼ ਕਰਮ ਦੇ ਪੂਰਕ ਵਜੋਂ ਕਾਰਜ ਕਰਦੇ ਹਨ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਪੂਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੂਰਕ . ਸੰ. ਵਿ— ਪੂਰਾ ਕਰਨ ਵਾਲਾ । ੨ ਪੂਰਣ ਕਰਤਾ. ਭਰਣ ਪੋਖਣ ਕਰਤਾ. “ ਸਗਲ ਪੂਰਕ ਪ੍ਰਭੁ ਧਨੀ.” ( ਆਸਾ ਛੰਤ ਮ : ੫ ) ੩ ਸੰਗ੍ਯਾ— ਪ੍ਰਾਣਾਯਾਮ ਦਾ ਪ੍ਰਿਥਮ ਅੰਗ. ਓਅੰ ਜਪ ਨਾਲ ਸ੍ਵਾਸ ਅੰਦਰ ਲੈ ਜਾਣੇ. “ ਰੇਚਕ ਪੂਰਕ ਕੁੰਭ ਕਰੈ.” ( ਪ੍ਰਭਾ ਅ : ਮ : ੧ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੂਰਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੂਰਕ ( ਗੁ. । ਸੰਸਕ੍ਰਿਤ ) ੧. ਪੂਰਨ । ਯਥਾ-‘ ਏਕ ਅਨੇਕ ਬਿਆਪਕ ਪੂਰਕ’ ।

੨. ਪੂਰੀ ਕਰਨ ਵਾਲਾ । ਯਥਾ-‘ ਜੈਸੀ ਭੂਖ ਤੈਸੀ ਕਾ ਪੂਰਕੁ ’ ।

੩. ਸ੍ਵਾਸਾਂ ਦਾ ਦਸਮ ਦੁਆਰ ਵਿਚ ਚਾੜ੍ਹਨਾ । ਯਥਾ-‘ ਪੂਰਕੁ ਕੁੰਭਕ ਰੇਚਕ ਕਰ ਮਾਤਾ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.