ਪ੍ਰਲਯ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਲਯ . ਸੰਗ੍ਯਾ— ਚੰਗੀ ਤਰਾਂ ਲੀਨ ਹੋਣਾ. ਲੈ ਨੂੰ ਪ੍ਰਾਪਤ ਹੋਣਾ । ੨ ਪੁਰਾਣਾਂ ਵਿੱਚ ਪ੍ਰਲਯ ਦਾ ਅਰਥ ਹੈ ਸੰਸਾਰ ਦਾ ਲੀਨ ਹੋਣਾ.  ਵਿ੄ਨੁਪੁਰਾਣ ਦੇ ਅੰਸ਼ ੧ ਅ : ੭ ਵਿੱਚ ਲੇਖ ਹੈ ਕਿ ਜੀਵਾਂ ਦੇ ਨਿਤ੍ਯ ਮਰਨ ਦਾ ਨਾਮ ਨਿਤ੍ਯਪ੍ਰਲਯ , ਬ੍ਰਹਮਾ ਦੇ ਸੌਣ ਪੁਰ ਨੈਮਿੱਤਿਕਪ੍ਰਲਯ , ਬ੍ਰਹਮਾ ਦੇ ਮਰਨ ਪੁਰ ਪ੍ਰਾਕ੍ਰਿਤਕ ਪ੍ਰਲਯ , ਗ੍ਯਾਨ ਦ੍ਵਾਰਾ ਆਤਮ ਵਿੱਚ ਲੀਨ ਹੋਣ ਤੋਂ ਆਤ੍ਯੰਤਿਕ ਪ੍ਰਲਯ ਹੁੰਦੀ ਹੈ.3  ਬਾਈਬਲ ਅਨੁਸਾਰ ਹੁਣ ਕਦੇ ਪ੍ਰਲਯ ਨਹੀਂ ਹੋਵੇਗੀ. ਦੇਖੋ , ਇੰਦ੍ਰਧਨੁਖ । ੩ ਕਾਵ੍ਯ ਅਨੁਸਾਰ ਇੱਕ ਸਾਤ੍ਵਿਕ ਭਾਵ , ਅਰਥਾਤ ਕਿਸੇ ਵਸਤੂ ਵਿੱਚ ਤਦਰੂਪ ਹੋਣ ਤੋਂ ਸਿਮ੍ਰਿਤੀ ਦਾ ਅਭਾਵ ਹੋਕੇ ਮੂਰਛਾਦਸ਼ਾ ਨੂੰ ਪ੍ਰਾਪਤ ਹੋਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪ੍ਰਲਯ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰਲਯ : ਇਸ ਦਾ ਸ਼ਾਬਦਿਕ ਅਰਥ ਹੈ ਭੂ-ਖੰਡ ਜਾਂ ਬ੍ਰਹਿਮੰਡ ਦਾ ਮਿਟ ਜਾਣਾ । ਸੰਸਾਰ ਦੀਆਂ ਸਾਰੀਆਂ ਪੁਰਾਤਨ ਕਥਾਵਾਂ ਵਿਚ ਪ੍ਰਲਯ ਦਾ ਜ਼ਿਕਰ ਕਿਸੇ ਨ ਕਿਸੇ ਰੂਪ ਵਿਚ ਹੋਇਆ ਹੈ । ਪੁਰਾਤਨ ਭਾਰਤੀ ਸਾਹਿਤ ਵਿਚ ਇਸ ਦੇ ਸਰੂਪ ਨੂੰ ਵਿਸਤਾਰ ਨਾਲ ਸਪੱਸ਼ਟ ਕੀਤਾ ਗਿਆ ਹੈ । ‘ ਸ਼ਤਪਥ- ਬ੍ਰਾਹਮਣ ’ ( 1/8/1-6 ) ਅਤੇਮਹਾਭਾਰਤ ’ ( ਵਨ ਪਰਵ , ਅ.187 ) ਤੋਂ ਇਲਾਵਾ ਇਸ ਦਾ ਅਧਿਕ ਵਰਣਨ ਪੁਰਾਣ-ਸਾਹਿਤ ਵਿਚ ਹੋਇਆ ਹੈ । ਅਸਲ ਵਿਚ , ਪੁਰਾਣਾਂ ਦੇ ਪੰਜ ਲੱਛਣਾਂ ( ਸਰਗ , ਪ੍ਰਤਿਸਰਗ , ਵੰਸ਼ , ਮਨਵੰਤਰ ਅਤੇ ਵੰਸ਼ਾਨੁਚਰਿਤ ) ਵਿਚੋਂ ‘ ਪ੍ਰਤਿਸਰਗ’ ਦਾ ਸੰਬੰਧ ਪ੍ਰਲਯ ਨਾਲ ਹੈ ।

‘ ਵਿਸ਼ਣੂ-ਪੁਰਾਣ’ ਵਿਚ ਲਿਖਿਆ ਹੈ ਕਿ ਬ੍ਰਹਮਾ ਦੀ ਜਾਗ੍ਰਿਤ ਅਵਸਥਾ ਵਿਚ ਉਸ ਦੀ ਪ੍ਰਾਣ-ਸ਼ਕਤੀ ਦੀ ਪ੍ਰੇਰਣਾ ਨਾਲ ਬ੍ਰਹਿਮੰਡ-ਚੱਕਰ ਚਲਦਾ ਰਹਿੰਦਾ ਹੈ , ਪਰ ਉਸ ਦੀ ਸੁੱਤੀ ਹੋਈ ਅਵਸਥਾ ਵਿਚ ਸਾਰੇ ਬ੍ਰਹਿਮੰਡ ਦੀ ਗਤਿਵਿਧੀ ਰੁਕ ਜਾਂਦੀ ਹੈ । ਸਾਰੀ ਸ੍ਰਿਸ਼ਟੀ ਨਸ਼ਟ ਹੋ ਜਾਂਦੀ ਹੈ । ਇਸ ਨੂੰ ਸਾਧਾਰਣ ਜਾਂ ਨੈਮਿਤਿਕ ਪ੍ਰਲਯ ਕਿਹਾ ਜਾਂਦਾ ਹੈ । ਇਸ ਤੋਂ ਛੁਟ ਇਕ ‘ ਪ੍ਰਾਕ੍ਰਿਤ-ਪ੍ਰਲਯ’ ਵੀ ਹੈ । ਇਸ ਨੂੰ ‘ ਮਹਾਪ੍ਰਲਯ’ ਵੀ ਕਿਹਾ ਜਾਂਦਾ ਹੈ । ਇਸ ਦਾ ਸੰਬੰਧ ਬ੍ਰਹਮਾ ਦੀ ਆਯੂ ਦੇ ਘਟ ਜਾਣ ਨਾਲ ਹੈ । ਇਹ ਅਜਿਹੀ ਮਹਾਪ੍ਰਲਯ ਹੈ ਕਿ ਸਭ ਕੁਝ ਪ੍ਰਕ੍ਰਿਤੀ ਵਿਚ ਲੀਨ ਹੋ ਜਾਂਦਾ ਹੈ । ਅਤਿ- ਅਧਿਕ ਵਰਸ਼ਾ ਹੋਣ ਕਾਰਣ ਆਇਆ ਹੜ੍ਹ ਹੀ ਸਾਰੀ ਸ੍ਰਿਸ਼ਟੀ ਨੂੰ ਗ਼ਰਕ ਕਰ ਦਿੰਦਾ ਹੈ । ਵਿਅਕਤ ਜਗਤ ਅਵਿਅਕਤ ਪ੍ਰਕ੍ਰਿਤੀ ਵਿਚ ਅਤੇ ਅਵਿਅਕਤ ਪ੍ਰਕ੍ਰਿਤੀ ਪੁਰਸ਼ ਵਿਚ ਲੀਨ ਹੋ ਜਾਂਦੀ ਹੈ । ਇਹੀ ਪੁਰਸ਼ ਹੀ ਨਿੱਤ- ਪਰਮਾਤਮਾ ਅਤੇ ਜਗਤ ਦਾ ਕਾਰਣ ਹੈ । ਹੜ੍ਹ ਕਾਰਣ ਪੈਦਾ ਹੋਣ ਵਾਲੀ ਸਥਿਤੀ ਦਾ ਵਰਣਨ ‘ ਬਾਈਬਲ ’ ਅਤੇ ਗ੍ਰੀਕ ਦੀਆਂ ਮਿਥਿਕ ਪਰੰਪਰਾਵਾਂ ਵਿਚ ਵੀ ਮਿਲਦਾ ਹੈ ।

ਇਨ੍ਹਾਂ ਦੋਹਾਂ ਤੋਂ ਇਲਾਵਾ ਪ੍ਰਲਯ ਦੇ ਦੋ ਹੋਰ ਪ੍ਰਕਾਰ ਵੀ ਹਨ । ਇਕ ‘ ਅਤਿ-ਅੰਤਿਕ ਪ੍ਰਲਯ’ ਹੈ ਇਸ ਵਿਚ ਯੋਗੀ ਗਿਆਨ ਰਾਹੀਂ ਬ੍ਰਹਮ ਵਿਚ ਲੀਨ ਹੋ ਜਾਂਦਾ ਹੈ । ਦੂਜੀ , ‘ ਨਿੱਤ ਪ੍ਰਲਯ’ ਹੈ; ਇਸ ਤੋਂ ਭਾਵ ਹੈ ਪੈਦਾ ਹੋਏ ਪਦਾਰਥਾਂ ਦਾ ਨਿੱਤ ਖ਼ਤਮ ਹੁੰਦੇ ਰਹਿਣਾ । ਇਨ੍ਹਾਂ ਚੌਹਾਂ ਕਿਸਮਾਂ ਵਿਚੋਂ ਪਹਿਲੀਆਂ ਦੋ ਦਾ ਸੰਬੰਧ ਬ੍ਰਹਿਮੰਡ ਦੇ ਖ਼ਤਮ ਹੋਣ ਨਾਲ ਹੈ ਅਤੇ ਦੂਜੀਆਂ ਦੋਹਾਂ ਦਾ ਦੇਹ-ਧਾਰੀਆਂ ਨਾਲ ਹੈ । ਗੁਰਬਾਣੀ ਵਿਚ ਉਤਪੱਤੀ ਅਤੇ ਪਰਲੋ ਛਿਣ ਭਰ ਵਿਚ ਪਰਮਾਤਮਾ ਦੁਆਰਾ ਹੁੰਦੀ ਮੰਨੀ ਗਈ ਹੈ— ਓਪਤਿ ਪਰਲਉ ਖਿਨ ਮਹਿ ਕਰਤਾ ( ਗੁ.ਗ੍ਰੰ.387 ) , ਪਰ ਭਾਰਤੀ ਮਿਥਿਕ ਪ੍ਰਲਯ ਪ੍ਰਤਿ ਗੁਰਬਾਣੀ ਵਿਚ ਕੋਈ ਵਿਸ਼ਵਾਸ ਪ੍ਰਗਟ ਕੀਤਾ ਨਹੀਂ ਮਿਲਦਾ । ਅਸਲ ਵਿਚ ਸਿੱਖ ਜਗਤ ਈਸ਼ਵਰੀ ਭਾਣੇ ਵਿਚ ਵਿਸ਼ਵਾਸ ਕਰਦਾ ਹੋਇਆ ਪੌਰਾਣਿਕ ਮਿਥਾਂ ਪ੍ਰਤਿ ਅਰੁਚਿਤ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.