ਪ੍ਰਹਿਲਾਦ ਸਿੰਘ, ਭਾਈ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪ੍ਰਹਿਲਾਦ ਸਿੰਘ, ਭਾਈ: ਸਿੱਖ ਜਗਤ ਵਿਚ ਰਹਿਤਨਾਮਾ ਲੇਖਕ ਵਜੋਂ ਪ੍ਰਸਿੱਧ ਭਾਈ ਪ੍ਰਹਿਲਾਦ ਸਿੰਘ ਜਾਤਿ ਦਾ ਬ੍ਰਾਹਮਣ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਨੂੰ ਸਰਪ੍ਰਸਤੀ ਪ੍ਰਾਪਤ ਸੀ। ਇਸ ਦਾ ਪਹਿਲਾ ਨਾਂ ‘ਪ੍ਰਹਿਲਾਦ ਰਾਇ’ ਸੀ, ਪਰ ਅੰਮ੍ਰਿਤ ਛਕਣ ਤੋਂ ਬਾਦ ‘ਪ੍ਰਹਿਲਾਦ ਸਿੰਘ’ ਅਖਵਾਇਆ। ਗੁਰੂ ਜੀ ਦੀ ਆਗਿਆ ਨਾਲ ਇਸ ਨੇ ਸੰਨ 1689 ਈ. ਵਿਚ ਦਾਰਾ ਸ਼ਕੋਹ ਦੁਆਰਾ ਫ਼ਾਰਸੀ ਵਿਚ ਕੀਤੇ 50 ਉਪਨਿਸ਼ਦਾਂ ਦੇ ਅਨੁਵਾਦ ਦਾ ਭਾਖਾ ਅਨੁਵਾਦ ਸ਼ੁਰੂ ਕੀਤਾ। ਇਹ ਕੇਵਲ ਫ਼ਾਰਸੀ ਦਾ ਹੀ ਚੰਗਾ ਵਿਦਵਾਨ ਨਹੀਂ ਸੀ, ਸਗੋਂ ਸੰਸਕ੍ਰਿਤ ਭਾਸ਼ਾ ਦਾ ਵੀ ਗੰਭੀਰ ਗਿਆਤਾ ਸੀ, ਕਿਉਂਕਿ ਇਸ ਦੇ ਅਨੁਵਾਦ ਵਿਚ ਵਰਤੀ ਪਰਿਭਾਸ਼ਿਕ ਅਧਿਆਤਮਿਕ ਸ਼ਬਦਾਵਲੀ ਬੜੀ ਸ਼ੁੱਧ ਅਤੇ ਸਹੀ ਹੈ।
ਉਪਰੋਕਤ ਅਨੁਵਾਦ ਤੋਂ ਇਲਾਵਾ ਇਸ ਦੇ ਨਾਂ’ਤੇ ਇਕ ‘ਰਹਿਤਨਾਮਾ’ ਵੀ ਪ੍ਰਚਲਿਤ ਹੈ। 38 ਪਦਿਆਂ ਦੇ ਇਸ ਰਹਿਤਨਾਮੇ ਦੀ ਪ੍ਰਮਾਣਿਕਤਾ ਨੂੰ ਵਿਦਵਾਨ ਸੰਦਿਗਧ ਕਹਿੰਦੇ ਹਨ ਕਿਉਂਕਿ ਇਸ ਦੇ ਆਰੰਭ ਵਿਚ ਅੰਕਿਤ ਹੈ ਕਿ ਇਹ ਰਹਿਤ ਗੁਰੂ ਜੀ ਨੇ ‘ਅਬਚਲ ਨਗਰ ’ ਵਿਚ ਬੈਠਿਆਂ ਲੇਖਕ ਨੂੰ ਦਸੀ। ਅਸਲ ਵਿਚ, ‘ਅਬਚਲ ਨਗਰ’ ਨਾਂ ਬਹੁਤ ਬਾਦ ਵਿਚ ਪ੍ਰਚਲਿਤ ਹੋਇਆ। ਦੂਜੀ ਗੱਲ ਇਹ ਕਿ ਇਸ ਰਹਿਤਨਾਮੇ ਦੇ ਅੰਤ’ਤੇ ਇਸ ਦਾ ਰਚਨਾ-ਕਾਲ ਸੰ. 1752 ਬਿ. (1695 ਈ.) ਦਿੱਤਾ ਹੈ, ਜਦੋਂ ਗੁਰੂ ਜੀ ਅਜੇ ਆਨੰਦਪੁਰ ਵਿਚ ਹੀ ਸਨ। ਇਸ ਤਰ੍ਹਾਂ ਇਹ ਰਹਿਤਨਾਮਾ ਪ੍ਰਮਾਣਿਕ ਨਹੀਂ ਹੋ ਸਕਦਾ ਅਤੇ ਨ ਹੀ ਇਸ ਵਿਚ ਲਿਖੀਆਂ ਰਹਿਤਾਂ ਗੁਰੂ ਜੀ ਦੁਆਰਾ ਦਸੀਆਂ ਹੋ ਸਕਦੀਆਂ ਹਨ। ਪ੍ਰਤੀਤ ਹੁੰਦਾ ਹੈ ਕਿ ਬਾਦ ਵਿਚ ਕਿਸੇ ਪ੍ਰੇਮੀ ਸਿੱਖ ਨੇ ਇਨ੍ਹਾਂ ਰਹਿਤਾਂ ਨੂੰ ਗੁਰੂ ਜੀ ਦੇ ਮੁਖ ਤੋਂ ਉਚਰੀਆਂ ਦਸ ਕੇ ਇਨ੍ਹਾਂ ਦਾ ਕਰਤ੍ਰਿਤਵ ਪ੍ਰਹਿਲਾਦ ਸਿੰਘ ਨਾਲ ਸੰਬੰਧਿਤ ਕਰ ਦਿੱਤਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1793, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First