ਪੜਨਾਂਵ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੜਨਾਂਵ : ਵਾਕ ਬਣਤਰ ਵਿੱਚ ਨਾਂਵ ਸ਼੍ਰੇਣੀ ਦੇ ਕਿਸੇ ਸ਼ਬਦ ਦੀ ਥਾਂ ਵਰਤੇ ਜਾਣ ਵਾਲੇ ਅਰਥਾਤ ਕਿਸੇ ਨਾਂਵ ਦੇ ਕਾਰਜ ਦੀ ਪੂਰਤੀ ਕਰਨ ਵਾਲੇ ਸ਼ਬਦ ਨੂੰ ਪੜਨਾਂਵ ਕਿਹਾ ਜਾਂਦਾ ਹੈ । ਪੰਜਾਬ ਦੇ ਪੜਨਾਂਵ ਸ਼ਬਦਾਂ ਦਾ ਕੋਈ ਲਿੰਗ ਭੇਦ ਨਹੀਂ ਹੁੰਦਾ , ਇਹਨਾਂ ਦੀ ਰੂਪਬਦਲੀ ਵਚਨ ਅਤੇ ਕਾਰਕ ਵਿਆਕਰਨ ਸ਼੍ਰੇਣੀਆਂ ਲਈ ਹੁੰਦੀ ਹੈ ।

 

        ਅਰਥਾਂ ਦੇ ਆਧਾਰ ਉੱਤੇ ਪੜਨਾਂਵ ਸ਼ਬਦਾਂ ਨੂੰ ਸੱਤ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ :

              1.                ਪੁਰਖਵਾਚਕ ਪੜਨਾਂਵ                             

              2.              ਅਧਿਕਾਰ ਸੂਚਕ ਪੜਨਾਂਵ

              3.              ਨਿੱਜਵਾਚਕ ਪੜਨਾਂਵ                               

              4.              ਨਿਸ਼ਚੇਵਾਚਕ ਪੜਨਾਂਵ

              5.              ਅਨਿਸ਼ਚੇਵਾਚਕ ਪੜਨਾਂਵ

              6.              ਸੰਬੰਧਵਾਚਕ ਪੜਨਾਂਵ

              7.              ਪ੍ਰਸ਼ਨਵਾਚਕ ਪੜਨਾਂਵ

        ਵਿਆਕਰਨ ਸ਼੍ਰੇਣੀ ਪੁਰਖ ( ਪਹਿਲਾ ਪੁਰਖ ਅਰਥਾਤ ਉੱਤਮ ਪੁਰਖ , ਦੂਜਾ ਪੁਰਖ ਅਰਥਾਤ ਮੱਧਮ ਪੁਰਖ ਅਤੇ ਤੀਜਾ ਪੁਰਖ ਅਰਥਾਤ ਅਨਯ ਪੁਰਖ ) ਲਈ ਵਰਤੇ ਜਾਣ ਵਾਲੇ ਪੜਨਾਂਵ ਨੂੰ ਪੁਰਖਵਾਚਕ ਪੜਨਾਂਵ ਕਿਹਾ ਜਾਂਦਾ ਹੈ । ਇਸ ਸ਼੍ਰੇਣੀ ਦੇ ਪੜਨਾਂਵਾਂ ਦੀ ਰੂਪਬਦਲੀ ਦਾ ਵੇਰਵਾ ਤਾਲਿਕਾ 1 ਵਿੱਚ ਦਿੱਤਾ ਗਿਆ ਹੈ ।

        ਪੰਜਾਬੀ ਦੇ ਪਹਿਲੇ ਪੁਰਖ ਅਤੇ ਦੂਜੇ ਪੁਰਖ ਦੇ ਪੜਨਾਂਵਾਂ ਵਿੱਚ ਲੱਛਣਾਂ ਦੀ ਸਾਂਝ ਹੈ ਪਰ ਤੀਜੇ ਪੁਰਖ ਦੇ ਪੜਨਾਂਵ ਇਹਨਾਂ ਨਾਲੋਂ ਕੁਝ ਨਵੇਕਲੇ ਲੱਛਣਾਂ ਵਾਲੇ ਹਨ । ਤੀਜੇ ਪੁਰਖ ਦੇ ਪੜਨਾਂਵਾਂ ਨਾਲ ਸੰਬੰਧਕ ‘ ਨੇ’ ਦੀ ਵਰਤੋਂ ਕੀਤੀ ਜਾਂਦੀ ਹੈ , ਇਹਨਾਂ ਦੀ ਵਰਤੋਂ ਗ਼ੈਰ-ਮਨੁੱਖਾ ਨਾਂਵਾਂ ਲਈ ਵੀ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਇੱਕਵਚਨੀ ਅਤੇ ਬਹੁਵਚਨੀ ਰੂਪਾਂ ਵਿੱਚ ਵੱਖਰਾ ਨਹੀਂ । ਪਹਿਲੇ ਅਤੇ ਦੂਜੇ ਪੁਰਖਾਂ ਦੇ ਪੜਨਾਂਵਾਂ ਦਾ ਅਜਿਹਾ ਵਰਤਾਰਾ ਨਹੀਂ ਹੈ ।

ਤਾਲਿਕਾ ਨੰ. 1

ਪਹਿਲੇ ਅਤੇ

ਦੂਜੇ ਪੁਰਖ ਦੇ ਕਾਰਕੀ ਰੂਪ

ਪਹਿਲਾ ਪੁਰਖ

ਦੂਜਾ ਪੁਰਖ

ਤੀਜਾ ਪੁਰਖ

ਤੀਜੇ ਪੁਰਖ ਦੇ ਕਾਰਕੀ ਰੂਪ

ਇੱਕ-      ਵਚਨ

ਬਹੁਵਚਨ

ਇੱਕ-      ਵਚਨ

ਬਹੁਵਚਨ

ਇੱਕਵਚਨ

ਬਹੁਵਚਨ

ਨੇੜਲਾ

ਦੁਰਾਡਾ

ਨੇੜਲਾ

ਦੁਰਾਡਾ

ਸਧਾਰਨ

ਮੈਂ

ਅਸੀਂ/ਆਪਾਂ

ਤੂੰ

ਤੁਸੀਂ/ਤੁਸਾਂ

ਇਹ

ਉਹ

ਇਹ

  ਉਹ

ਸਧਾਰਨ

ਸੰਪਰਦਾਨ

ਮੈਨੂੰ

ਸਾਨੂੰ

ਤੈਨੂੰ

ਤੁਹਾਨੂੰ

 

 

 

 

 

 

 

 

 

 

ਇਹ/ਇਸ

ਉਹ/ਉਸ

ਇਹਨਾਂ

ਉਹਨਾਂ

ਸੰਬੰਧਕੀ

ਅਪਾਦਾਨ

ਮੈਥੋਂ

ਸਾਥੋਂ/ਤੈਥੋਂ

ਤੁਹਾਥੋਂ

 

 

 

 

 

 

        ਪੁਰਖਵਾਚੀ ਪੜਨਾਂਵਾਂ ਨਾਲ ਸੰਬੰਧਕ ‘ ਦੇ’ ਦੀ ਵਰਤੋਂ ਨਾਲ ਬਣੇ ਰੂਪ ਅਧਿਕਾਰ ਜਾਂ ਮਲਕੀਅਤ ਦਾ ਸੰਕੇਤ ਕਰਦੇ ਹਨ । ਇਹਨਾਂ ਨੂੰ ਅਧਿਕਾਰਪੂਰਵਕ ਪੜਨਾਂਵ ਕਿਹਾ ਜਾ ਸਕਦਾ ਹੈ : ਮੈਂ + ਦਾ = ਮੇਰਾ , ਤੁਸੀਂ + ਦਾ = ਤੁਹਾਡਾ ਆਦਿ । ਇਹਨਾਂ ਦਾ ਵੇਰਵਾ ਤਾਲਿਕਾ 2 ਵਿੱਚ ਦਿੱਤਾ ਗਿਆ ਹੈ ।

ਤਾਲਿਕਾ ਨੰ. 2

 

ਪੁਲਿੰਗ 

ਇਲਿੰਗ

 

ਇੱਕਵਚਨ

ਬਹੁਵਚਨ

ਇੱਕਵਚਨ

ਬਹੁਵਚਨ

ਪਹਿਲਾ ਪੁਰਖ

ਮੇਰਾ/ਸਾਡਾ

ਮੇਰੇ/ਸਾਡੇ

ਮੇਰੀ/ਸਾਡੀ

ਮੇਰੀਆਂ/ਸਾਡੀਆਂ

ਦੂਜਾ ਪੁਰਖ

ਤੇਰਾ/ਤੁਹਾਡਾ

ਤੇਰੇ/ਤੁਹਾਡੇ

ਤੇਰੀ/ਤੁਹਾਡੀ

ਤੇਰੀਆਂ/ਤੁਹਾਡੀਆਂ

  1. ਮੋਹਣ ਦੀ ਕਿਤਾਬ ਤਾਂ ਨਵੀਂ ਹੈ ਪਰ ਤੁਹਾਡੀ ਪੁਰਾਣੀ ਹੈ ।

        ਕਿਸੇ ਨਾਂਵ ਜਾਂ ਪੜਨਾਂਵ ਨਾਲ ਆ ਕੇ ਉਸ ਦੀ ਨਿੱਜਤਾ ਨੂੰ ਉਭਾਰਨ ਵਾਲਾ ਪੜਨਾਂਵ ਨਿੱਜਵਾਚਕ ਪੜਨਾਂਵ ਅਖਵਾਉਂਦਾ ਹੈ । ਪੰਜਾਬੀ ਵਿੱਚ ਨਿੱਜਵਾਚਕ ਪੜਨਾਂਵ ‘ ਆਪ’ ਹੈ ਜੋ ਆਪੇ , ਆਪੋ , ਆਪਸ , ਆਪਣਾ ਆਦਿ ਰੂਪਾਂ ਵਿੱਚ ਵਰਤਿਆ ਜਾਂਦਾ ਹੈ । ਨਿੱਜਵਾਚਕ ਪੜਨਾਂਵ ਜਾਂ ਤਾਂ ਕਿਰਿਆ ਦੇ ਕਰਤਾ ਨੂੰ ਮਹੱਤਤਾ ਪ੍ਰਦਾਨ ਕਰਦਾ ਹੈ : ਵਾਕ ( 2 ) , ( 3 ) ਅਤੇ ਜਾਂ ਕਿਰਿਆ ਦੇ ਕਰਤਾ ਅਤੇ ਕਰਮ ਨੂੰ ਇੱਕੋ ਧਿਰ ਵਜੋਂ ਪੇਸ਼ ਕਰਦਾ ਹੈ :

        ਵਾਕ ( 4 ) , ( 5 )

                  2.            ਤੁਸੀਂ ਆਪ ਉੱਥੇ ਜਾਇਓ ।

                  3.            ਇਹ ਤਸਵੀਰ ਬਲਕਾਰ ਨੇ ਆਪ ਬਣਾਈ ਸੀ

                  4.            ਮੈਨੂੰ ਆਪਣੇ-ਆਪ ਉੱਤੇ ਬਹੁਤ ਗੁੱਸਾ ਆਇਆ ।

                  5.            ਮੁੰਡੇ ਆਪਸ ਵਿੱਚ ਲੜ ਪਏ ।

        ਨਿਸ਼ਚਿਤ ਦੂਰੀ ਉੱਤੇ ਸਥਿਤ ਨਾਂਵ ਲਈ ਵਰਤੇ ਜਾਣ ਵਾਲੇ ਪੜਨਾਂਵ ਨੂੰ ਨਿਸ਼ਚੇਵਾਚਕ ਪੜਨਾਂਵ ਆਖਦੇ ਹਨ । ਤੀਜੇ ਪੁਰਖ ਦੇ ਪੜਨਾਂਵ ਨਿਸ਼ਚੇਵਾਚਕ ਪੜਨਾਂਵਾਂ ਵਜੋਂ ਵੀ ਵਰਤੇ ਜਾਂਦੇ ਹਨ । ਪੰਜਾਬੀ ਵਿੱਚ ‘ ਇਹ’ ਅਤੇ ‘ ਉਹ’ ਤੋਂ ਇਲਾਵਾ ‘ ਆਹ’ ਅਤੇ ‘ ਔਹ’ ਇਸ ਸ਼੍ਰੇਣੀ ਦੇ ਪੜਨਾਂਵ ਹਨ । ਇਹਨਾਂ ਦੁਆਰਾ ਦੂਰੀ ਦਾ ਸੰਕੇਤ ਹੇਠ ਲਿਖੇ ਅਨੁਸਾਰ ਕੀਤਾ ਜਾਂਦਾ ਹੈ :

                                1.                ਇਹ :     ਬੁਲਾਰੇ ਅਤੇ ਸ੍ਰੋਤੇ ਦੋਹਾਂ ਦੇ ਨੇੜੇ ।

                                2.                ਉਹ :       ਬੁਲਾਰੇ ਅਤੇ ਸ੍ਰੋਤੇ ਤੋਂ ਇੱਕੋ ਜਿਹੀ ਥੋੜ੍ਹੀ ਦੂਰੀ ਉੱਤੇ ।

                                3.                ਔਹ :       ਬੁਲਾਰੇ ਅਤੇ ਸ੍ਰੋਤੇ ਦੋਹਾਂ ਤੋਂ ਬਹੁਤ ਦੂਰੀ ਉੱਤੇ ।

                                4.                ਆਹ :     ਬੁਲਾਰੇ ਦੇ ਨੇੜੇ ।

        ਉਹ ਪੜਨਾਂਵ ਜੋ ਕਿਸੇ ਵਿਸ਼ੇਸ਼ ਨਾਂਵ ਦਾ ਬੋਧ ਨਾ ਕਰਵਾਏ ਅਤੇ ਜਾਂ ਕਿਸੇ ਨਾਂਵ ਦੀ ਗਿਣਤੀ-ਮਿਣਤੀ ਬਾਰੇ ਨਿਸ਼ਚੇਜਨਕ ਜਾਣਕਾਰੀ ਨਾ ਦੇਵੇ , ਉਸ ਨੂੰ ਅਨਿਸ਼ਚੇਵਾਚਕ ਪੜਨਾਂਵ ਆਖਿਆ ਜਾਂਦਾ ਹੈ । ਪੰਜਾਬੀ ਵਿੱਚ ਕੋਈ ਅਤੇ ਕਈ ਅਜਿਹੇ ਪੜਨਾਂਵ ਹਨ , ਇਹਨਾਂ ਦਾ ਸੰਬੰਧਕੀ ਰੂਪ ‘ ਕਿਸੇ’ ਹੈ । ਇਹਨਾਂ ਦੀ ਇੱਕਹਿਰੀ ਵਰਤੋਂ ( ਵਾਕ ( 6 ) , ( 7 ) ) ਵਿੱਚ ਵੀ ਮਿਲਦੀ ਹੈ , ਦੋਹਰੀ ( ਵਾਕ ( 8 ) , ( 9 ) ) ਵਿੱਚ ਵੀ;

                  6.            ਇਸ ਦੁਨੀਆ ਵਿੱਚ ਕਈ ਆਏ ਅਤੇ ਕਈ ਚਲੇ ਗਏ ।

                  7.            ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ।

                  8.            ਕਿਸੇ ਨਾ ਕਿਸੇ ਨੂੰ ਜ਼ਰੂਰ ਇਨਾਮ ਮਿਲੇਗਾ ।

                  9.            ਕਿਸੇ-ਕਿਸੇ ਨੇ ਹੀ ਇਹ ਪ੍ਰਸ਼ਨ ਹੱਲ ਕੀਤਾ ਹੈ ।

        ਜਿਹੜਾ ਪੜਨਾਂਵ ਆਪਣੇ ਉਪਵਾਕ ਦੀਆਂ ਹੱਦਾਂ ਤੋਂ ਬਾਹਰਲੇ ਉਪਵਾਕ ਵਿੱਚ ਵਿਚਰਦੇ ਨਾਂਵ ਨਾਲ ਸੰਬੰਧ ਰੱਖਦਾ ਹੋਵੇ , ਉਸ ਨੂੰ ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ । ਪੰਜਾਬੀ ਵਿੱਚ ‘ ਜੋ’ ਅਤੇ ‘ ਜਿਹੜਾ’ ਇਸ ਕਿਸਮ ਦੇ ਪੜਨਾਂਵ ਹਨ ਅਤੇ ‘ ਜਿਸ’ , ‘ ਜਿਨ੍ਹਾਂ` , ‘ ਇਹਨਾਂ` ਦੇ ਸੰਬੰਧੀ ਰੂਪ ਹਨ । ਸੰਬੰਧਵਾਚਕ ਪੜਨਾਂਵ ਦੀ ਵਰਤੋਂ ਪਰਾਧੀਨ ਉਪਵਾਕ ਵਿੱਚ ਹੁੰਦੀ ਹੈ ਅਤੇ ਉਸ ਨਾਲ ਸੰਬੰਧਿਤ ਨਾਂਵ ਦੀ ਸਵਾਧੀਨ ਉਪਵਾਕ ਵਿੱਚ;

                                    10.          ਜਿਹੜਾ ਸਭ ਤੋਂ ਅੱਗੇ ਬੈਠਾ ਹੈ ਉਹ ਮੋਹਣ ਦਾ ਭਰਾ ਹੈ ।

        ਸੰਬੰਧਵਾਚਕ ਪੜਨਾਂਵ ਦੀ ਥਾਂ ਉਸ ਨਾਲ ਸੰਬੰਧਿਤ ਨਾਂਵ ਰੱਖਣ ਨਾਲ ਵਾਕ ਬਣਤਰ ਸਧਾਰਨ ਹੋ ਜਾਂਦੀ ਹੈ ।

                  11.          ਮੋਹਣ ਦਾ ਭਰਾ ਸਭ ਤੋਂ ਅੱਗੇ ਬੈਠਾ ਹੈ ।

        ਪ੍ਰਸ਼ਨਵਾਚੀ ਵਾਕ ਵਿੱਚ ਵਰਤੇ ਗਏ ਜਿਸ ਪੜਨਾਂਵ ਦੇ ਸੰਬੰਧ ਵਿੱਚ ਸ੍ਰੋਤੇ ਦਾ ਉੱਤਰ ਕੋਈ ਨਾਂਵ ਸ਼ਬਦ ਹੋਵੇ , ਉਸ ਨੂੰ ਪ੍ਰਸ਼ਨਵਾਚਕ ਪੜਨਾਂਵ ਆਖਦੇ ਹਨ । ਪੰਜਾਬੀ ਵਿੱਚ ਕੌਣ , ਕਿਹੜਾ ਅਤੇ ਕੀ ਪ੍ਰਸ਼ਨਵਾਚਕ ਪੜਨਾਂਵ ਹਨ । ‘ ਕੌਣ’ ਦਾ ਸੰਬੰਧਕੀ ਰੂਪ ‘ ਕਿਸ’ ਹੈ ਅਤੇ ਇਸ ਦੀ ਵਰਤੋਂ ਮਾਨਵੀ ਨਾਂਵਾਂ ਲਈ ਹੀ ਕੀਤੀ ਜਾਂਦੀ ਹੈ । ਇੱਕਵਚਨੀ ਰੂਪ ਲਈ ਇੱਕਹਿਰੀ ਅਤੇ ਬਹੁਵਚਨੀ ਰੂਪ ਲਈ ਦੋਹਰੀ :

                                    12.          ਤੁਹਾਨੂੰ ਮਿਲਣ ਵਾਸਤੇ ਕੌਣ ਆਇਆ ਸੀ ?

                                                        - ਜੋਧਾ ਸਿੰਘ

                                    13.          ਤੁਹਾਨੂੰ ਮਿਲਣ ਵਾਸਤੇ ਕੌਣ-ਕੌਣ ਆਇਆ ਸੀ ?

                                                        - ਜੋਧਾ ਸਿੰਘ ਅਤੇ ਰਾਮਲਾਲ

                                    14.          ਉਹਨਾਂ ਵਿੱਚੋਂ ਇਹ ਕਿਤਾਬ ਕਿਸ ਨੇ ਪੜ੍ਹੀ ਹੈ ?

                                                        - ਹਰਨਾਮ ਨੇ

                                    15.          ਉਹਨਾਂ ਵਿੱਚੋਂ ਇਹ ਕਿਤਾਬ ਕਿਸ-ਕਿਸ ਨੇ ਪੜ੍ਹੀ ਹੈ ?

                                    - ਬਲਕਾਰ , ਕਰਤਾਰ ਅਤੇ ਸੁਰਿੰਦਰ ਨੇ

        ‘ ਕਿਹੜਾ’ ਪੰਜਾਬੀ ਦਾ ਅਜਿਹਾ ਪ੍ਰਸ਼ਨਵਾਚਕ ਪੜਨਾਂਵ ਹੈ , ਜੋ ਹੋਰ ਆਧੁਨਿਕ ਭਾਰਤ-ਆਰੀਆ ਭਾਸ਼ਾਵਾਂ ਵਿੱਚ ਨਹੀਂ ਮਿਲਦਾ । ਇਹ ਸਜੀਵ ਅਤੇ ਨਿਰਜੀਵ ਦੋਵਾਂ ਕਿਸਮਾਂ ਦੇ ਨਾਂਵਾਂ ਲਈ ਵਰਤਿਆ ਜਾਂਦਾ ਹੈ ।

                                    16.          ਇਹਨਾਂ ਮੁੰਡਿਆਂ ਵਿੱਚੋਂ ਕਿਹੜਾ ਸਭ ਤੋਂ ਵੱਧ ਲਾਇਕ ਹੈ ? ( ਮੁੰਡਾ : ਸਜੀਵ )

                  17.          ਇਹਨਾਂ ਕਿਤਾਬਾਂ ਵਿੱਚੋਂ ਤੁਹਾਨੂੰ ਕਿਹੜੀ ਵਧੇਰੇ ਪਸੰਦ ਹੈ ? ( ਕਿਤਾਬ : ਨਿਰਜੀਵ )

        ਪ੍ਰਸ਼ਨਵਾਚਕ ਪੜਨਾਂਵ ‘ ਕੀ’ ਦੀ ਵਰਤੋਂ ਕੇਵਲ ਨਿਰਜੀਵ ਨਾਂਵਾਂ ਲਈ ਹੀ ਕੀਤੀ ਜਾਂਦੀ ਹੈ । ਬਹੁਵਚਨੀ ਰੂਪ ਲਈ ਇਸ ਦੀ ਦੋਹਰੀ ਵਰਤੋਂ ਕੀਤੀ ਜਾਂਦੀ ਹੈ । ( ਵਾਕ ( 19 ) ) ਜਾਂ ਇਸ ਨਾਲ ਸ਼ਬਦ ‘ ਕੁਝ’ ਦੀ ਵਰਤੋਂ ਕੀਤੀ ਜਾਂਦੀ ਹੈ ( ਵਾਕ 20 ) ) ।

                                    18.          ਤੁਸੀਂ ਕੀ ਕਰ ਰਹੇ ਹੋ ?                                                 ( ਇੱਕਵਚਨ )

                                    19.          ਇੱਥੋਂ ਤੁਸਾਂ ਕੀ-ਕੀ ਖ਼ਰੀਦਿਆ ਹੈ ?                           ( ਬਹੁਵਚਨ )

                                    20.        ਇੱਥੋਂ ਤੁਸਾਂ ਕੀ ਕੁਝ ਖ਼ਰੀਦਿਆ ਹੈ ?                         ( ਬਹੁਵਚਨ )

ਪੁਰਖਵਾਚੀ ਪੜਨਾਂਵਾਂ ਵਿੱਚੋਂ ਪਹਿਲੇ ਅਤੇ ਦੂਜੇ ਪੁਰਖ ਦੇ ਪੜਨਾਂਵਾਂ ਅਤੇ ਪ੍ਰਸ਼ਨਵਾਚਕ ਪੜਨਾਂਵਾਂ ਵਿੱਚੋਂ ‘ ਕੌਣ’ ਨੂੰ ਛੱਡ ਕੇ ਬਾਕੀ ਸਾਰੇ ਜੇ ਕਿਸੇ ਨਾਂਵ ਤੋਂ ਪਹਿਲਾਂ ਵਰਤੇ ਜਾਣ ਤਾਂ ਉਹ ਵਿਸ਼ੇਸ਼ਣ ਵਜੋਂ ਵਿਚਰਦੇ ਹਨ । ( ਵੇਖੋ ਵਿਸ਼ੇਸ਼ਣ )


ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 21960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੜਨਾਂਵ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪੜਨਾਂਵ : ਪੜਨਾਂਵ ਸ਼ਰੇਣੀ ਦੇ ਸ਼ਬਦਾਂ ਦੀ ਤਾਦਾਦ ਸੀਮਤ ਹੈ । ਇਸ ਲਈ ਇਨ੍ਹਾਂ ਨੂੰ ਸੀਮਤ ਜਾਂ ਬੰਦ ਸ਼ਬਦ-ਸ਼ਰੇਣੀ ਦੇ ਮੈਂਬਰਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ । ਇਹ ਸ਼ਬਦ ਵਾਕਾਤਮਕ ਕਾਰਕ ਵਿਚ ਨਾਂਵ ਦੀ ਥਾਂ ’ ਤੇ ਵਿਚਰ ਕੇ ਨਾਂਵ ਦੇ ਕਾਰਜ ਨੂੰ ਪੂਰਿਆਂ ਕਰਦੇ ਹਨ । ਇਨ੍ਹਾਂ ਸ਼ਬਦਾਂ ਵਿਚ ਕੋਈ ਲਿੰਗ ਭੇਦ ਨਹੀਂ ਹੁੰਦਾ ਅਤੇ ਇਨ੍ਹਾਂ ਦੇ ਲਿੰਗ ਦਾ ਪਤਾ ਕਿਰਿਆ ਦੇ ਰੂਪ ਤੋਂ ਲਗਦਾ ਹੈ ਜਿਵੇਂ : ਉਹ ਜਾਂਦਾ ਹੈ , ਉਹ ਜਾਂਦੀ ਹੈ । ਤਾਦਾਦ ਦੇ ਪੱਖ ਤੋਂ ਭਾਵੇਂ ਇਨ੍ਹਾਂ ਸ਼ਬਦਾਂ ਨੂੰ ਸੀਮਤ ਸ਼ਰੇਣੀ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ ਪਰ ਇਨ੍ਹਾਂ ਦੀ ਵਰਤੋਂ ਦਾ ਘੇਰਾ ਕਾਫੀ ਵਿਸ਼ਾਲ ਹੈ । ਪੜਨਾਂਵ ਸ਼ਬਦਾਂ ਨੂੰ ਵਿਆਕਰਨਕ ਇਕਾਈ ‘ ਪੁਰਖ’ ਅਨੁਸਾਰ ਵੰਡਿਆ ਜਾਂਦਾ ਹੈ । ਪਹਿਲੇ ਭਾਗ ਵਿਚ ਪਹਿਲੇ ਅਤੇ ਦੂਜੇ ਪੁਰਖ ਦੇ ਸੂਚਕ ਪੜਨਾਂਵ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ । ਇਹ ਸ਼ਬਦ ਵਚਨ ਦੇ ਪੱਖ ਤੋਂ ਇਕ ਵਚਨ ਅਤੇ ਬਹੁਵਚਨ ਦੇ ਸੂਚਕ ਹੁੰਦੇ ਹਨ ਅਤੇ ਸਧਾਰਨ , ਸਬੰਧਕੀ , ਸੰਪਰਦਾਨ ਅਤੇ ਅਪਾਦਾਨ ਕਾਰਕ ਅਨੁਸਾਰ ਰੂਪਾਂਤਰਤ ਹੁੰਦੇ ਹਨ । ‘ ਮੈਂ’ ਅਤੇ ‘ ਤੂੰ’ ਮੂਲ ਪੜਨਾਂਵ ਹਨ । ਵਚਨ ਅਤੇ ਕਾਰਕ ਅਨੁਸਾਰ ਇਹ ‘ ਅਸੀਂ , ਤੁਸੀਂ , ਮੈਨੂੰ , ਸਾਨੂੰ , ਤੈਨੂੰ , ਤੁਹਾਨੂੰ , ਮੈਥੋਂ , ਸਾਥੋਂ , ਤੈਥੋਂ , ਤੁਹਾਥੋਂ’ ਅਨੁਸਾਰ ਰੂਪਾਂਤਰਤ ਹੁੰਦੇ ਹਨ । ਦੂਜੇ ਭਾਗ ਵਿਚ ਤੀਜਾ ਪੁਰਖ-ਸੂਚਕ ਪੜਨਾਂਵ ਨੂੰ ਰੱਖਿਆ ਜਾਂਦਾ ਹੈ । ਇਸ ਭਾਗ ਵਿਚ ‘ ਇਹ’ ਅਤੇ ‘ ਉਹ’ ਦੋ ਮੂਲ ਪੜਨਾਂਵ ਸ਼ਬਦ ਹਨ ਜੋ ਵਚਨ ਦੇ ਪੱਖ ਤੋਂ ਇਕ ਵਚਨ ਅਤੇ ਬਹੁ-ਵਚਨ ਦੇ ਸੂਚਕ ਹੁੰਦੇ ਹਨ ਅਤੇ ਸਧਾਰਨ , ਸਬੰਧਕੀ , ਸੰਪਰਦਾਨ ਅਤੇ ਅਪਾਦਾਨ ਕਾਰਕ ਲਈ ਰੂਪਾਂਤਰਤ ਹੁੰਦੇ ਹਨ । ਇਨ੍ਹਾਂ ਪੜਨਾਂਵ ਸ਼ਬਦਾਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਸ਼ਬਦ ਪੁਰਖ ਦੀ ਨੇੜਲੀ ਦੁਰਾਡੀ , ਦਿਸਦੀ ਅਤੇ ਅਦਿਸ ਸਥਿਤੀ ਦੀ ਸੂਚਨਾ ਪਰਦਾਨ ਕਰਦੇ ਹਨ । ‘ ਉਹ’ ਦੁਰਾਡੇ ਦਾ ਸੂਚਕ ਹੈ ਅਤੇ ‘ ਇਹ’ ਨੇੜਲੇ ਦਾ ਸੂਚਕ ਹੈ । ਵਚਨ ਅਤੇ ਕਾਰਕ ਅਨੁਸਾਰ ਇਹ , ‘ ਉਹ-ਇਹ , ਉਹਨਾਂ-ਇਹਨਾਂ , ਉਹ ਨੂੰ-ਇਹ ਨੂੰ , ਉਹਨਾਂ ਨੂੰ-ਇਹਨਾਂ ਨੂੰ , ਉਹ ਨੇ-ਇਹ ਨੇ , ਉਹਨਾਂ ਨੇ , ਇਹਨਾਂ ਨੇ , ਉਹਤੋਂ-ਇਹਤੋਂ , ਉਹਨਾਂ ਤੋਂ , ਇਹਨਾਂ ਤੋਂ’ ਅਨੁਸਾਰ ਰੂਪਾਂਤਰਤ ਹੁੰਦੇ ਹਨ ।

              ‘ ਮੈਂ , ਤੂੰ , ਉਹ \ ਉਸ’ ਪੜਨਾਂਵ ਸ਼ਬਦ ਜਦੋਂ ਸਬੰਧ-ਵਾਚਕ ਕਾਰਕ ਅਨੁਸਾਰ ਰੂਪਾਂਤਰਤ ਹੁੰਦੇ ਹਨ ਤਾਂ ਇਨ੍ਹਾਂ ਦੀ ਰੂਪਾਵਲੀ ਬਣਦੀ ਹੈ ਜੋ ਲਿੰਗ , ਵਚਨ , ਕਾਰਕ ਅਤੇ ਪੁਰਖ ਦੇ ਸੂਚਕ ਹੁੰਦੇ ਹਨ , ਜਿਵੇਂ : ਮੈਂਮੇਰਾ , ਮੇਰੀ , ਮੇਰੀਆਂ.... । ਵਾਕਾਤਮਕ ਪੱਧਰ ’ ਤੇ ਇਹ ਸ਼ਬਦ ਪੜਨਾਂਵ ਵਜੋਂ ਨਹੀਂ ਵਿਚਰਦੇ ਸਗੋਂ ਇਹ ਵਿਸ਼ੇਸ਼ਣ ਵਰਗਾ ਕਾਰਜ ਕਰਦੇ ਹਨ ਅਤੇ ਵਿਸ਼ੇਸ਼ਣ ਵਾਂਗ ਹੀ ਰੂਪਾਂਤਰਤ ਹੁੰਦੇ ਹਨ । ਸੁਤੰਤਰ ਵਾਕੰਸ਼ ਦੀ ਥਾਂ ਵਾਕੰਸ਼ ਦੇ ਹਿੱਸੇ ਵਜੋਂ ਹੀ ਵਿਚਰਦੇ ਹਨ : ਮੇਰਾ ਮੁੰਡਾ , ਸਾਡਾ ਘਰ , ਉਸ ਦਾ ਪੁੱਤਰ । ਇਸ ਪਰਕਾਰ ਦੀ ਸਥਿਤੀ ਵਿਚ ਵਿਚਰਨ ਵਾਲੇ ਪੜਨਾਂਵ ਸ਼ਬਦਾਂ ਨੂੰ ਸੰਕੇਤ-ਸੂਚਕ ਜਾਂ Demonstrative Pronoun ਨਾਂ ਦਿੱਤਾ ਜਾਂਦਾ ਹੈ ।

              ਪਰੰਪਰਾਵਾਦੀ ਵਿਆਕਰਨਾਂ ਵਿਚ ਪੜਨਾਂਵ ਸ਼ਬਦਾਵਲੀ ਨੂੰ ਅਰਥ ਦੇ ਪੱਖ ਤੋਂ ਵੰਡਿਆ ਜਾਂਦਾ ਹੈ : ਪੁਰਖ-ਵਾਚਕੳਤਮ ਪੁਰਖ ‘ ਮੈਂ’ ਤੇ ਇਸ ਦੇ ਰੂਪ , ਮੱਧਮ ਪੁਰਖ ‘ ਤੂੰ’ ਤੇ ਇਸ ਦੇ ਰੂਪ ਅਤੇ ਅਨਯ ਪੁਰਖ ‘ ਉਹ’ ਤੇ ਇਸ ਦੇ ਰੂਪ । ਨਿਜ-ਵਾਚਕ ਪੜਨਾਂਵ : ਆਪ-ਆਪਣਾ ਅਤੇ ਇਸ ਦੀ ਰੂਪਾਵਲੀ । ‘ ਆਪ’ ਦੀ ਵਰਤੋਂ ਲਈ ਕਈ ਵਾਰ ਪੂਰਕ ਨਾਂਵ ਦੀ ਥਾਂ ਹੁੰਦੀ ਹੈ : ਮੈਂ ਆਪ ਸ਼ਹਿਰ ਗਿਆ । ‘ ਆਪ’ ਅਤੇ ‘ ਖੁਦ’ ਦੋਹਾਂ ਦੀ ਵਿਕਲਪੀ ਵਰਤੋਂ ਕੀਤੀ ਜਾਂਦੀ ਹੈ । ਅਨਿਸ਼ਚਤ ਪੜਨਾਂਵ ਵਿਚ ਉਨ੍ਹਾਂ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਸ਼ਬਦਾਂ ਦੀ ਦੋਹਰੀ ਮੈਂਬਰਸ਼ਿਪ ਹੈ ਭਾਵ ਇਹ ਪੜਨਾਂਵ ਵਜੋਂ ਅਤੇ ਵਿਸ਼ੇਸ਼ਕ ਵਜੋਂ ਵੀ ਵਰਤੇ ਜਾਂਦੇ ਹਨ , ਕੋਈ-ਕਈ , ਕਿਸੇ-ਕਈ , ਕੁਝ ਇਕ-ਇਕਨਾ , ਸਭ-ਸਭਨਾਂ ਆਦਿ ਸ਼ਬਦਾਂ ਨੂੰ ਇਨ੍ਹਾਂ ਨਾਲ ਰੱਖਿਆ ਜਾਂਦਾ ਹੈ ਜਿਵੇਂ : ਕੋਈ ਆਦਮੀ ਨਹੀਂ ਬਚਿਆ , ਕੋਈ ਕੀ ਕਰ ਸਕਦਾ ਹੈ ? ਇਹ ਸ਼ਬਦ ਕਈ ਵਾਰ ਜੁੱਟਾਂ ਵਿਚ ਵਰਤੇ ਜਾਂਦੇ ਹਨ , ਜਿਵੇਂ : ਕੋਈ ਕੋਈ , ਕੁਝ ਕੁਝ , ਹਰ ਕੋਈ , ਸਭ ਕੁਝ ਆਦਿ । ਜੋ-ਜਿਸ , ਜਿਨ-ਜਿਨ੍ਹਾਂ , ਤਿਨ-ਤਿਨ੍ਹਾਂ ਅਤੇ ਜਿਹੜਾ ਦੀ ਰੂਪਾਵਲੀ ਨੂੰ ਸਬੰਧ-ਵਾਚਕ ਪੜਨਾਵਾਂ ਵਿਚ ਰੱਖਿਆ ਜਾਂਦਾ ਹੈ ਜਿਵੇਂ : ਜੋ ਕਰਦਾ ਹੈ ਸੋ ਭਰਦਾ ਹੈ । ‘ ਕੌਣ , ਕਿਸ , ਕਿਨ੍ਹਾਂ , ਕੀ’ ਆਦਿ ਸ਼ਬਦਾਂ ਨੂੰ ਪ੍ਰਸ਼ਨ-ਵਾਚਕ ਪੜਨਾਵਾਂ ਵਿਚ ਰੱਖਿਆ ਜਾਂਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 21944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਪੜਨਾਂਵ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੜਨਾਂਵ [ ਨਾਂਪੁ ] ਭਾਵਿ ਨਾਂਵ ਦੀ ਥਾਂ ਆਉਣ ਵਾਲ਼ਾ ਸ਼ਬਦ ( ਜਿਵੇਂ ਮੈਂ , ਉਹ ਆਦਿ )


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.