ਪੱਟੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੱਟੀ : ਪੱਟੀ ਇੱਕ ਲੋਕ-ਕਾਵਿ ਰੂਪ ਹੈ । ਇਸ ਵਿੱਚ ਗੁਰਮੁਖੀ ਵਰਨਮਾਲਾ ਦੇ ਅੱਖਰਾਂ ਨੂੰ ਆਧਾਰ ਬਣਾ ਕੇ ਕੋਈ ਉਪਦੇਸ਼ ਦਿੱਤਾ ਜਾਂਦਾ ਹੈ । ਪੱਟੀ ਦੇ ਸ਼ਾਬਦਿਕ ਅਰਥ ਫੱਟੀ ਜਾਂ ਤਖ਼ਤੀ ਦੇ ਹਨ , ਜਿਸ ਉਪਰ ਵਰਨਮਾਲਾ ਦੇ ਅੱਖਰ ਲਿਖੇ ਜਾਂਦੇ ਹਨ । ਜਿਵੇਂ :

                  ਮੇਰੀ ਪਟੀਆ ਲਿਖਹੁ ਹਰਿ ਗੋਬਿੰਦ ਗੋਪਾਲ

        ਸਾਹਿਤ ਵਿੱਚ ਪੱਟੀ ਤੋਂ ਭਾਵ ਉਸ ਖ਼ਾਸ ਬਾਣੀ ਜਾਂ ਕਾਵਿ ਤੋਂ ਹੈ , ਜਿਸ ਦੇ ਹਰ ਬੰਦ ਵਿੱਚ ਵਰਨਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਦਿੱਤਾ ਜਾਂਦਾ ਹੈ । ਗੁਰੂ ਨਾਨਕ ਦੇਵ ਨੇ ਆਪਣੀ ਰਾਗ ਆਸਾ ਵਿਚਲੀ ਅਜਿਹੀ ਬਾਣੀ ਨੂੰ ‘ ਪੱਟੀ’ ਦਾ ਨਾਂ ਦਿੱਤਾ ਹੈ । ਜਨਮ-ਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਨੇ ਅਜਿਹੀ ਬਾਣੀ ਸੱਤ ਸਾਲ ਦੀ ਉਮਰ ਵਿੱਚ ਉਸ ਸਮੇਂ ਉਚਾਰੀ ਜਦੋਂ ਉਹ ਪਾਂਧੇ ਪਾਸ ਪੜ੍ਹਨ ਗਏ ।

        ਪੱਟੀ ਫ਼ਾਰਸੀ ਸੀਹਰਫੀ ਅਤੇ ਸੰਸਕ੍ਰਿਤ/ਹਿੰਦੀ ਬਾਵਨ ਅੱਖਰੀ ਵਾਂਗ ਹੀ ਇੱਕ ਸੁਤੰਤਰ ਕਾਵਿ-ਰੂਪ ਹੈ । ਇਸ ਦਾ ਸ੍ਰੋਤ ਨਿਰੋਲ ਪੰਜਾਬੀ ਲੋਕ-ਕਾਵਿ ਰੂਪ ‘ ਪੈਂਤੀ-ਅੱਖਰੀ’ ਹੈ । ਕਿਉਂਕਿ ਗੁਰਮੁਖੀ ਵਰਨਮਾਲਾ ਦੇ ਮੂਲ ਪੈਂਤੀ ਅੱਖਰ ਹਨ । ਮੱਧਕਾਲ ਵਿੱਚ ਪੈਂਤੀ-ਅੱਖਰੀ ਦਾ ਬੋਧ ਬਾਲਕ ਨੂੰ ਪੱਟੀ ਜਾਂ ਤਖ਼ਤੀ ਉੱਤੇ ਲਿਖ ਕੇ ਕਰਵਾਇਆ ਜਾਂਦਾ ਸੀ , ਇਸ ਲਈ ਇਸਦਾ ਨਾਂ ‘ ਪੱਟੀ’ ਪੈ ਗਿਆ । ਸਾਹਿਤ ਵਿੱਚ ਪੈਂਤੀ-ਅੱਖਰੀ ਗੁਰਮੁਖੀ ਵਰਨਮਾਲਾ ਦੇ ਪੈਂਤੀ ਅੱਖਰਾਂ ਦੀ ਵਿਆਖਿਆ ਕਰਦੀ ਉਹ ਰਚਨਾ ਹੈ ਜਿਸ ਦੁਆਰਾ ਕੋਈ ਸੰਦੇਸ਼ ਦਿੱਤਾ ਜਾਂਦਾ ਹੈ । ਇਹ ਸੰਦੇਸ਼ ਅਧਿਆਤਮਿਕ , ਸਮਾਜਿਕ ਜਾਂ ਰਾਜਨੀਤਿਕ ਕੋਈ ਵੀ ਹੋ ਸਕਦਾ ਹੈ ।

        ਗੁਰੂ ਕਾਲ ਵਿੱਚ ਹਰ ਅਧਿਆਪਕ ਦੇ ਅਜਿਹੇ ਲੋਕ- ਕਾਵਿ ਤੋਂ ਦੋ ਮੰਤਵ ਸਨ । ਇੱਕ ਤਾਂ ਫੱਟੀ ਜਾਂ ਤਖ਼ਤੀ ਉੱਤੇ ਲਿਖਣ ਨਾਲ ਬੱਚੇ ਨੂੰ ਅੱਖਰਾਂ ਅਤੇ ਅੱਖਰ-ਕ੍ਰਮ ਦੀ ਪਛਾਣ ਹੋ ਜਾਂਦੀ ਸੀ । ਦੂਸਰਾ ਉਹ ਸੁੱਤੇ-ਸਿਧ ਹੀ ਸ਼ੁਭ ਗੁਣ ਅਥਵਾ ਆਚਾਰ ਵਿਹਾਰ ਦੀਆਂ ਗੱਲਾਂ ਵੀ ਗ੍ਰਹਿਣ ਕਰ ਜਾਂਦਾ ਸੀ । ਇਹ ਗੁਣ ਹੌਲੀ-ਹੌਲੀ ਉਸ ਦੇ ਜੀਵਨ ਦਾ ਅੰਗ ਬਣ ਜਾਂਦੇ ਸਨ । ਗੁਰੂ ਨਾਨਕ ਦੇਵ ਦੀ ‘ ਪਟੀ’ ਕਾਵਿ-ਰੂਪ ਸੱਸਾ ਵਰਨਮਾਲਾ ਨਾਲ ਸ਼ੁਰੂ ਹੁੰਦੀ ਹੈ ਅਤੇ ਇਸ ਵਿਚਲੇ ਬੰਦਾਂ ਦੀ ਵਰਨ-ਤਰਤੀਬ ਇਉਂ ਹੈ :

                                ਸ      ੲ      ੳ      ਙ

                                ਕ      ਖ      ਗ      ਘ

                                ਚ      ਛ      ਜ      ਝ      ਞ

                                ਟ      ਠ      ਡ      ਢ      ਣ

                                ਤ      ਥ      ਦ      ਧ      ਨ

                                ਪ      ਫ      ਬ      ਭ      ਮ

                                ਯ      ਰ      ਲ      ਵ      ੜ

                                    ਹ              ਅ

        ਗੁਰੂ ਨਾਨਕ ਦੇਵ ਰਚਿਤ ਪੱਟੀ ਵਿੱਚੋਂ ਇੱਕ ਮਿਸਾਲ ਵੇਖੀ ਜਾ ਸਕਦੀ ਹੈ :

ਦਦੈ ਦੋਸੁ ਨ ਦੇਊ ਕਿਸੈ

ਦੋਸੁ ਕਰੰਮਾ ਆਪਣਿਆ ॥

ਜੋ ਮੈ ਕੀਆ ਸੋ ਮੈ ਪਾਇਆ

ਦੋਸੁ ਨ ਦੀਜੈ ਅਵਰ ਜਨਾ ॥

        ਗੁਰਮੁਖੀ ਵਰਨਮਾਲਾ ਦੇ ਪੈਂਤੀ ਅੱਖਰਾਂ ਦੀ ਤਰਤੀਬ ਅਧੀਨ ਆਦਿ ਗ੍ਰੰਥ ਵਿੱਚ ਪੱਟੀ ਨਾਂ ਦੀ ਇੱਕ ਹੋਰ ਬਾਣੀ ਵੀ ਹੈ , ਜੋ ਗੁਰੂ ਅਮਰਦਾਸ ਦੀ ਰਚਨਾ ਹੈ । ਪੱਟੀ ਨਾਂ ਦੀ ਇਸ ਬਾਣੀ ਵਿੱਚ ਲੰਡਿਆਂ ਦੀ ਮੁਹਾਰਨੀ ਵਾਲੇ ਢੰਗ ਨੂੰ ਅਪਣਾ ਕੇ ਪਾਂਧੇ ਨੂੰ ਉਪਦੇਸ਼ ਦਿੱਤਾ ਗਿਆ ਹੈ ।

        ਇਸ ਕਾਵਿ-ਰੂਪ ਦੀ ਇੱਕ ਵੰਨਗੀ ਅਜਿਹੀ ਹੈ , ਜਿਸ ਵਿੱਚ ਕਵਿਤਾ ਦੀਆਂ ਤੁਕਾਂ ਦਾ ਅਰੰਭ ਗੁਰਮੁਖੀ ਦੇ ਪੈਂਤੀ ਅੱਖਰ ਕ੍ਰਮ ਅਨੁਸਾਰ ਹੁੰਦਾ ਹੈ । ਜਿਵੇਂ :

ਉੱਠ ਜਾਗ ਦੇਸ਼ ਦੇ ਵੀਰ ਜਵਾਨ ।

ਅੱਜ ਕਰੀਏ ਦੇਸ਼ ਦੀ ਉੱਚੀ ਸ਼ਾਨ ।

ਇੰਝ ਸੁੱਤਾ ਰਿਹਾ ਜੇ ਤੂੰ ਇਨਸਾਨ ।

ਸਾਡਾ ਦੇਸ਼ ਬਣੇਗਾ ਕਿੰਝ ਮਹਾਨ ।

ਹੋ ਸੰਭਾਲ ਅਜੇ ਵੀ ਕਦਰਦਾਨ ।

ਕਰ ਦੇਸ਼ ਹਵਾਲੇ ਆਪਣੀ ਜਾਨ ।

        ਇਸ ਕਾਵਿ-ਟੁਕੜੀ ਦੀ ਹਰ ਤੁਕ ਵਿੱਚ ਅਰੰਭਲਾ ਅੱਖਰ ੳ , ਅ , ੲ , ਸ , ਹ , ਕ ਅੱਖਰ-ਕ੍ਰਮ ਅਨੁਸਾਰ ਆਏ ਹਨ ।

        ਦਸਮ ਗ੍ਰੰਥ ਦੇ ‘ ਕ੍ਰਿਸ਼ਨਾਵਤਾਰ’ ਵਿੱਚ ‘ ਸਵੱਯਾ ਛੰਦ’ ਦੇ ਅੰਤ ਤੇ ਲਿਖੀ ਪੈਂਤੀ-ਅੱਖਰੀ ਇਸੇ ਕਾਵਿ-ਰੂਪ ਦੀ ਇੱਕ ਹੋਰ ਵੰਨਗੀ ਹੈ । ਇਸ ਵਿੱਚ ਅੰਤਲੇ ਅੱਖਰ-ਕ੍ਰਮ ਅਨੁਸਾਰ ਰੱਖੇ ਗਏ ਹਨ :

ਕੋਤਕ ਏਕ ਵਿਚਾਰ ਜਦੂਪਤਿ ,

ਸੂਰਤ ਏਕ ਧਰੀ ਗਿਰੀ ਬਾਕੀ ।

ਹੋਇ ਰਹੈ ਵਿਸਮੈ ਸਭ ਗੋਪ ,

ਸੁਨੀ ਹਰਿ ਕੇ ਮੁਖ ਤੇ ਜਬ ਸਾਖੀ

ਔਰ ਗਈ ਸੁਧ ਭੁਲ ਸਭੇ ,

ਇੱਕ ਕਾਨੁਹਿ ਹੈ ਰਸ ਮੇਂ ਅਨੁਰਾਗੇ ।

ਕਾਨ੍ਹ ਕਹੀ ਸਭ ਕੋ ਹਸ ਕੈ ,

ਮਿਲ ਧਾਮ ਚਲੋ ਜੋਉ ਹੈ ਹਰਤਾ ਅਘ ।

ਭੂਸੁਤ ਸੋ ਲਰ ਕੇ ਜਿਨਹੂ ,

ਨਵਸਾਤ ਛਡਾਹਿ ਲਈ ਬਰਮੰਙਾ ।

        ਉਪਰੋਕਤ ਟੂਕ ਵਿਚਲੀ ਹਰ ਪੰਕਤੀ ਦੇ ਅੰਤਲੇ ਅੱਖਰ ਕ , ਖ , ਗ , ਘ , ਙ ਗੁਰਮੁਖੀ ਪੈਂਤੀ ਦੇ ‘ ਕਵਰਗ’ ਦੇ ਅੱਖਰ ਕ੍ਰਮ ਅਨੁਸਾਰ ਹਨ ।


ਲੇਖਕ : ਕੁਲਦੀਪ ਸਿੰਘ ਧੀਰ, ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟੀ ( ਨਾਂ , ਇ ) ਜਖ਼ਮ ਜਾਂ ਫੋੜੇ ਆਦਿ ’ ਤੇ ਬੰਨ੍ਹੀ ਜਾਣ ਵਾਲੀ ਲੰਮੀ ਲੀਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟੀ ( ਨਾਂ , ਇ ) ਇਸਤਰੀਆਂ ਦੇ ਵਾਲਾਂ ਦੀ ਵਾਹੀ ਹੋਈ ਇੱਕ ਪਾਸੇ ਦੀ ਲਿਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟੀ [ ਨਾਂਇ ] ਜ਼ਖ਼ਮ ਜਾਂ ਫੋੜੇ ਆਦਿ ਉੱਤੇ ਬੰਨ੍ਹਣ ਵਾਲ਼ਾ ਕੱਪੜਾ , ਘੱਟ ਚੌੜਾ ਪਰ ਲੰਮਾ ਕੱਪੜਾ; ਅਨੁਸੂਚੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟੀ . ਸੰਗ੍ਯਾ— ਤਖਤੀ. ਫੱਟੀ. ਦੇਖੋ , ਪਟੀ । ੨ ਲੱਤ ਲੱਕ ਆਦਿ ਅੰਗਾਂ ਪੁਰ ਲਪੇਟਣ ਦਾ ਵਸਤ੍ਰ । ੩ ਜ਼ਖਮ ਅਤੇ ਫੋੜੇ ਆਦਿ ਪੁਰ ਬੰਨ੍ਹਣ ਦਾ ਕਪੜਾ । ੪ ਇੱਕ ਪ੍ਰਕਾਰ ਦਾ ਉਂਨੀ ਵਸਤ੍ਰ , ਜਿਸ ਦਾ ਅ਼ਰ੒ ਛੋਟਾ ਹੁੰਦਾ ਹੈ. ਕਾਬੁਲ ਅਤੇ ਕਸ਼ਮੀਰ ਦੀ ਪੱਟੀ ਉੱਤਮ ਗਿਣੀ ਗਈ ਹੈ । ੫ ਪੜਦੇ ਦਾ ਵਸਤ੍ਰ ਕਨਾਤ ਆਦਿ. ਸੰ. ਅਪਟੀ । ੬ ਭਾਜ. ਦੌੜ । ੭ ਪਿੰਡ ਦੀ ਪੱਤੀ । ੮ ਲਹੌਰ ਜਿਲੇ ਦੀ ਕੁਸੂਰ ਤਸੀਲ ਦਾ ਇੱਕ ਨਗਰ , ਜੋ ਹੁਣ ਅੰਮ੍ਰਿਤਸਰ ਕੁਸੂਰ ਰੇਲਵੇ ਲੈਨ ਪੁਰ ਸਟੇਸ਼ਨ ਹੈ. ਦੇਖੋ , ਸੰਤ ਸਿੰਘ.

        ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਉੱਤਮ ਘੋੜਿਆਂ ਦੀ ਨਸਲ ਵਧਾਉਣ ਲਈ ਸਟਡ ( stud ) ਬਣਾਇਆ ਸੀ । ੯ ਦੇਖੋ , ਗੁਰੂਆਣਾ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੱਟੀ : ‘ ਪੱਟੀ’ ਦੇ ਸ਼ਾਬਦਿਕ ਅਰਥ ਫੱਟੀ ਜਾਂ ਲਿਖਣ ਵਾਲੀ ਲੱਕੜ ਦੀ ਤਖ਼ਤੀ ਹਨ , ‘ ਮੇਰੀ ਪਟੀਆ ਲਿਖਹੁ ਹਰਿ ਗੋਬਿੰਦ ਗੋਪਾਲਾ’ – – ( ਭੈਰਉ ਮ.੩ ) ਤੇ ਦੂਜੇ ਅਰਥ ਪੱਟ ਜਾਂ ਰੇਸ਼ਮ ਦੀ ਅੱਟੀ ਹਨ । ਆਮ ਤੌਰ ’ ਤੇ ਵਿਆਹੀਆਂ ਹੋਈਆਂ ਇਸਤ੍ਰੀਆਂ ਸਿਰ ਦੇ ਵਾਲਾਂ ਨੂੰ ਮੱਥੇ ਦੇ ਉੱਤੇ ਵਾਹ ਕੇ ਚਿਪਕਾ ਲੈਂਦੀਆਂ ਹਨ । ਇੰਜ ਚਿਪਕੇ ਵਾਲਾਂ ਨੂੰ ਵੀ ਪੱਟੀਆਂ ਆਖਦੇ ਹਨ :

                                    ਜਿਨਿ ਸਿਰਿ ਸੋਹਨਿ ਪਟੀਆਂ ਮਾਂਗੀ ਪਾਇ ਸੰਧੂਰੁ ।                                     – – ( ਆ. ਗ੍ਰੰਥ , ਪੰ. ੪੧੭ )

ਪਰ ਸਾਹਿੱਤ ਵਿਚ ਪੱਟੀ ਤੋਂ ਮੁਰਾਦ ਉਹ ਖ਼ਾਸ ਬਾਣੀ ਦਾ ਕਾਵਿ ਹੈ ਜਿਸ ਵਿਚ ਵਰਣਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਦਿੱਤਾ ਜਾਂਦਾ ਹੈ । ਗੁਰੂ ਸਾਹਿਬ ਦੀ ਰਾਗ ਆਸਾ ਵਿਚ ਆਈ ਬਾਣੀ ‘ ਪੱਟੀ’ ਇਸੇ ਤਰ੍ਹਾਂ ਦੀ ਹੈ ।

                  ਪੱਟੀ ਨੂੰ ਕਈ ਵਾਰ ਪੰਜਾਬੀ ਵਿਚ ਪੈਂਤੀ ਅੱਖਰੀ ਆਖ ਦਿੰਦੇ ਹਨ ਕਿਉਂਕਿ ਗੁਰਮੁਖੀ ਵਰਣਮਾਲਾ ਦੇ ਮੂਲ ਪੈਂਤੀ ਅੱਖਰ ਹਨ । ਕਾਵਿ ਜਾਂ ਸਾਹਿੱਤ ਵਿਚ ‘ ਪੈਂਤੀ– ਅੱਖਰੀ’ ਵਰਣਮਾਲਾ ਦੇ ਪੈਂਤੀ ਅੱਖਰਾਂ ਦੀ ਵਿਆਖਿਆ ਦਰਸਾਉਂਦੀ ਹੋਈ ਉਹ ਰਚਨਾ ਹੈ ਜਿਸ ਦੁਆਰਾ ਕਵੀ ਸੰਦੇਸ਼ ਦਿੰਦਾ ਹੈ । ਇਹ ਸੰਦੇਸ਼ ਅਧਿਆਤਮਕ , ਸਮਾਜਕ , ਰਾਜਨੀਤਿਕ , ਕੋਈ ਵੀ ਹੋ ਸਕਦਾ ਹੈ ।

                  ਕਈ ਵਾਰ ਕਾਵਿ ਵਿਚ ਆਏ ਛੰਦਾਂ ਦੇ ਅੰਤਲੇ ਅੱਖਰ ਪੈਂਤੀ ਦੇ ਅੱਖਰ– ਕ੍ਰਮ ਅਨੁਸਾਰ ਰੱਖੇ ਜਾਂਦੇ ਹਨ । ਅਜਿਹੀ ਕਾਵਿ– ਰਚਨਾ ਨੂੰ ਵੀ ਪੈਂਤੀ ਆਖਦੇ ਹਨ । ਭਾਈ ਕਾਨ੍ਹ ਸਿੰਘ ( ਨਾਭਾ ) ਨੇ ‘ ਮਹਾਨ ਕੋਸ਼’ ਵਿਚ ਪੈਂਤੀ– ਅੱਖਰੀ ਦੀ ਇਹ ਪਰਿਭਾਸ਼ਾ ਦਿੱਤੀ ਹੈ– – “ ਉਹ ਕਾਵੑਯ ਜਿਸ ਦੇ ਆਦਿ ਅਥਵਾ ਅੰਤ ਪੈਂਤੀਸ ਅੱਖਰ ਯਥਾਕ੍ਰਮ ਰੱਖੇ ਜਾਣ , ਜੈਸੇ ‘ ਦਸਮ– ਗ੍ਰੰਥ’ ਦੇ ‘ ਕ੍ਰਿਸ਼ਨਾਵਤਾਰ’ ਵਿਚ ਸਵੱਯੇ ਛੰਦਾਂ ਦੇ ਅੰਤ ਪੈਂਤੀ ਲਿਖੀ ਹੈ” :

                                    ਕੋਤਕ ਏਕ ਵਿਚਾਰ ਜਦੂਪਤਿ , ਸੂਰਤ ਏਕ ਧਰੀ ਗਿਰਿ ਬਾਕੀ ।

                                    ਹੋਇ ਰਹੈ ਵਿਸਮੈ ਸਭ ਗੋਪ , ਸੁਨੀ ਹਰਿ ਕੇ ਮੁਖ ਤੇ ਜਬ ਸਾਖੀ

                                    ਔਰ ਗਈ ਸੁਧ ਭੂਲ ਸਭੋ , ਇਕ ਕਾਨ੍ਹਹਿਂ ਕੈ ਰਸ ਮੇਂ ਅਨੁਰਾਗੇ ।

                                    ਕਾਨ੍ਹ ਕਹੀ ਸਭ ਤੋ ਹਸ ਕੈ , ਮਿਲ ਧਾਮ ਚਲੋ ਜੋਉ ਹੈ ਹਰਤਾ ਅਘ ।

                                    ਭੂਸੁਤ ਸੋਂ ਲਰ ਕੇ ਜਿਨਹੂ , ਨਞਸਾਤ ਛਡਾਇ ਲਈ ਬਰਮੰਙਾ ।

                  ਉਪਰੋਕਤ ਟੂਕ ਵਿਚਲੀ ਹਰ ਪੰਕਤੀ ਦੇ ਅੰਤਲੇ ਸ਼ਬਦ ਬਾਕੀ ਦਾ ‘ ਕ’ , ਸਾਖੀ ਦਾ ‘ ਖ’ , ਅਨੁਰਾਗੇ ਦਾ ‘ ਗ’ , ਅਘ ਦਾ ‘ ਘ’ ਤੇ ਬਰਮੰਙਾ ਦਾ ‘ ਙ’ ਅੱਖਰ ਗੁਰਮੁਖੀ ਪੈਂਤੀ ਦੇ ‘ ਕਵਰਗ’ ਦੇ ਅੱਖਰ ਕ੍ਰਮ ਅਨੁਸਾਰ ਹਨ ।

                  ਇਸ ਤਰ੍ਹਾਂ ‘ ਗੑਯਾਨ ਪ੍ਰਬੋਧ’ ਵਿਚ ਛੰਦਾਂ ਦੇ ਆਦਿ ਪੈਂਤੀ ਲਿਖੀ ਹੈ । ‘ ਗਯਾਨ– ਪ੍ਰਬੋਧ’ ਵਿਚੋਂ ਭਾਈ ਕਾਨ੍ਹ ਸਿੰਘ ( ਨਾਭਾ ) ਹੋਰਾਂ ਇਹ ਉਦਾਹਰਣ ਦਿੱਤੀ ਹੈ :

                                    ਕ੍ਰਿਪਸਤਵਾ ਕ੍ਰਿਪਾਰੰ ।

                                    ਖਿਪਸਤਵਾ ਅਖੰਡੰ ।

                                    ਗਤਸਤਵਾ ਅਗੰਡੰ ।

                                    ਘਤਸਤਵਾ ਘਰਾਨੰ ।

                                    ਙਿਅਸਤਵਾ ਙਿਹਾਲੁੰ । ਆਦਿ ।                                                                                                                


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1370, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.