ਫਗਵਾੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਵਾੜਾ. ਰਿਆਸਤ ਕਪੂਰਥਲਾ ਵਿੱਚ ਇਹ ਵਡਾ ਪੁਰਾਣਾ ਸ਼ਹਿਰ ਹੈ, ਜੋ ਸ਼ਾਹੀ ਸੜਕ ਅਤੇ ਨਾਰਥ ਵੈਸਟ੍ਰਨ ਰੇਲਵੇ ਤੇ ਹੈ. ਇਹ ਅੰਮ੍ਰਿਤਸਰ ਤੋਂ ੬੨ ਮੀਲ ਹੈ. ਇੱਥੇ ਦੋ ਗੁਰਦ੍ਵਾਰੇ ਹਨ:-

(੧) ਬਾਂਸਾਂ ਵਾਲੇ ਦਰਵਾਜ਼ੇ ਭੈਰੋ ਦੇ ਮੰਦਿਰ ਪਾਸ ਸ੍ਰੀ ਗੁਰੂ ਹਰਿਰਾਇ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਕਰਤਾਰਪੁਰੋਂ ਕੀਰਤਪੁਰ ਜਾਂਦੇ ਇੱਥੇ ਠਹਿਰੇ ਸਨ. ਛੋਟਾ ਜੇਹਾ ਗੁਰਦ੍ਵਾਰਾ ਬਾਜ਼ਾਰ ਨਾਲ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਹੈ.

(੨) ਸੁਖਚੈਨਆਣਾ. ਸ਼ਹਰ ਤੋਂ ਡੇਢ ਮੀਲ ਦੇ ਕਰੀਬ ਪੂਰਵ, ਸ਼੍ਰੀ ਗੁਰੂ ਹਰਿਗੋਬਿੰਦ ਜੀ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਇੱਕੋ ਅਸਥਾਨ ਹੈ. ਗੁਰਦ੍ਵਾਰਾ ਛੋਟਾ ਜੇਹਾ ਬਣਿਆ ਹੋਇਆ ਹੈ. ਪੱਕਾ ਸੇਵਾਦਾਰ ਕੋਈ ਨਹੀਂ. ਗੁਰਦ੍ਵਾਰੇ ਨਾਲ ੩ ਘਮਾਉਂ ਜ਼ਮੀਨ ਰਿਆਸਤ ਕਪੂਰਥਲੇ ਵੱਲੋਂ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਫਗਵਾੜਾ ਤੋਂ ਦੋ ਮੀਲ ਉੱਤਰ ਪੂਰਵ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫਗਵਾੜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਫਗਵਾੜਾ (ਨਗਰ): ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦਾ ਇਕ ਸੰਨਤੀ ਨਗਰ ਜੋ ਜੀ.ਟੀ. ਰੋਡ ਉਤੇ ਸਥਿਤ ਹੈ। ਗੁਰੂ ਹਰਿਗੋਬਿੰਦ ਸਾਹਿਬ ਸੰਨ 1634 ਈ. ਵਿਚ ਕਰਤਾਰਪੁਰ ਦੀ ਲੜਾਈ ਤੋਂ ਬਾਦ ਕੀਰਤਪੁਰ ਨੂੰ ਜਾਂਦੇ ਹੋਏ ਇਸ ਨਗਰ ਵਿਚ ਰੁਕੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ‘ਗੁਰਦੁਆਰਾ ਛੇਵੀਂ ਪਾਤਿਸ਼ਾਹੀ’ ਬਣਿਆ ਹੋਇਆ ਹੈ। ਇਸ ਗੁਰੂ-ਧਾਮ ਦੀ ਪੁਰਾਣੀ ਇਮਾਰਤ ਉਤੇ ਹੀ ਨਵੀਂ ਇਮਾਰਤ ਉਸਾਰੀ ਗਈ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਜੂਨ ਮਹੀਨੇ ਵਿਚ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਦਿਨ ਹਰ ਸਾਲ ਬੜੇ ਉਤਸਾਹ ਨਾਲ ਮੰਨਾਇਆ ਜਾਂਦਾ ਹੈ।

ਇਸ ਨਗਰ ਤੋਂ ਲਗਭਗ 3 ਕਿ.ਮੀ. ਦੀ ਵਿਥ ਉਤੇ ‘ਗੁਰਦੁਆਰਾ ਸ੍ਰੀ ਸੁਖਚੈਨਆਣਾ’ (ਵੇਖੋ) ਵੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.