ਫਰਿਸ਼ਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਿਸ਼ਤਾ ਫ਼ਾ  ਫ਼ਰਿਸ਼੍ਤਹ. ਵਿ—ਭੇਜਿਆ ਹੋਇਆ. ਇਸ ਦਾ ਮੂਲ ਫ਼ਰਸ੍ਤਾਦਨ (ਭੇਜਣਾ) ਹੈ. ਸੀਨ ਦੇ ਥਾਂ ਸ਼ੀਨ ਹੋਗਿਆ ਹੈ। ੨ ਸੰਗ੍ਯਾ—ਵਕੀਲ. ਦੂਤ। ੩ ਤੋਫ਼ਾ. ਭੇਟਾ. ਉਪਹਾਰ।

 

੪ ਦੇਵਤਾ. Angel. ਅ਼ ਮਲਕ. ਇਸਲਾਮ ( ) ਦੀ ਕਿਤਾਬਾਂ ਅਨੁਸਾਰ ਫ਼ਰਿਸ਼ਤੇ ਖ਼ੁਦਾ ਦੇ ਨੂਰ ਤੋਂ ਪੈਦਾ ਹੋਏ ਹਨ. ਉਨ੍ਹਾਂ ਨੂੰ ਭੁੱਖ ਤੇਹ ਨਹੀਂ ਲਗਦੀ ਅਰ ਵਡੀ ਸ਼ਕਤਿ ਰਖਦੇ ਹਨ. ਫ਼ਰਿਸ਼ਤਿਆਂ ਦੀ ਗਿਣਤੀ ਕਈ ਥਾਂਈਂ ਸਵਾ ਲੱਖ, ਕਿਤੇ ਅੱਸੀ ਹਜ਼ਾਰ ਦਿੱਤੀ ਹੈ. .ਕੁਰਾਨ ਵਿੱਚ ਚਾਰ ਫ਼ਰਿਸ਼ਤੇ ਮੁਖੀਏ ਲਿਖੇ ਹਨ—

(ੳ) ਜਿਬਰਾਈਲ ( ) ਜੋ ਖ਼ੁਦਾ ਦਾ ਪੈਗ਼ਾਮ ਪੈਗ਼ੰਬਰਾਂ ਕੋਲ ਲੈ ਜਾਂਦਾ ਹੈ. ਇਸੇ ਮਲਕ ਨੇ ਮੁਹ਼ੰਮਦ ਸਾਹਿਬ ਨੂੰ ਕੁਰਾਨ ਦੀਆਂ ਬਹੁਤ ਆਯਤਾਂ ਸਮੇਂ ਸਮੇਂ ਪੁਰ ਲਿਆਕੇ ਦਿੱਤੀਆਂ ਸਨ. ਇਸ ਨੂੰ ਰੂ.ਹੁਲ.ਕੁਦਸ (Holy Ghost) ਭੀ ਲਿਖਿਆ ਹੈ.

(ਅ) ਮੀਕਾਈਲ ਜੋ ਜੀਵਾਂ ਨੂੰ ਰਿਜ਼ਕ ਪਹੁਚਾਂਉਂਦਾ ਅਤੇ ਵਰਖਾ ਕਰਦਾ ਹੈ.

(ੲ) ਇਸਰਾਫ਼ੀਲ  ਇਹ ਪ੍ਰਲਯ ਦੇ ਵੇਲੇ ਤੁਰ੍ਹੀ ਨੂੰ ਵਜਾਉਣ ਵਾਲਾ ਹੈ. ਇਸ ਦੇ ਰਣਸਿੰਗੇ ਦੀ ਧੁਨਿ ਨਾਲ ਦੁਨੀਆਂ ਵਿੱਚ ਪ੍ਰਲਯ ਆਵੇਗੀ ਅਰ ਕਬਰਾਂ ਵਿੱਚੋਂ ਮੁਰਦੇ ਉਠਣਗੇ.

(ਸ) ਇ਼ਜ਼ਰਾਈਲ ਅਥਵਾ ਅ਼ਜ਼ਰਾਈਲ  ਇਹ ਮੌਤ ਦਾ ਦੇਵਤਾ ਹੈ. “ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ”. (ਮ: ੫ ਗਉ ਵਾਰ ੧) ਇਸ ਦਾ ਨਾਮ ਮਲਕੁਲਮੌਤ ਭੀ ਹੈ. “ਮਲਕਲਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ”. (ਸ: ਫਰੀਦ)

ਇਨ੍ਹਾਂ ਤੋਂ ਛੁੱਟ, ਕੁਰਾਨ ਵਿੱਚ ਦੋ ਹੋਰ ਫ਼ਰਿਸ਼ਤੇ ਕਿਰਾਮਨ ਕਾਤਿਬੀਨ   ਹਨ. ਇੱਕ ਆਦਮੀਆਂ ਦੇ ਸਜੇ ਹੱਥ ਸ਼ੁਭ ਕਰਮ ਲਿਖਣ ਲਈ, ਦੂਜਾ ਖੱਬੇ ਪਾਸੇ ਕੁਕਰਮ ਲਿਖਣ ਲਈ ਹਾਜ਼ਿਰ ਰਹਿਂਦਾ ਹੈ. ਦੇਖੋ, ਚਿਤ੍ਰਗੁਪਤ.

ਦੋ ਫ਼ਰਿਸ਼ਤੇ “ਮੁਨਕਰ”  “ਨਕੀਰ”  ਕਬਰਾਂ ਵਿੱਚ ਮੁਰਦਿਆਂ ਦਾ ਇਮਤਹਾਨ ਕਰਨ ਵਾਲੇ ਹਨ. ਅੱਠ ਫ਼ਰਿਸ਼ਤੇ ਖ਼ੁਦਾ ਦਾ ਸਿੰਘਾਸਨ ਉਠਾਕੇ ਰਖਦੇ ਹਨ, ਅਰ ਮਾਲਿਕ ਫ਼ਰਿਸ਼ਤੇ ਦੇ ਮਾਤਹਿਤ ੧੯ ਫ਼ਰਿਸ਼ਤੇ ਨਰਕ ਦੇ ਰਾਖੇ ਹਨ. ਬਹਿਸ਼ਤ ਦਾ ਪ੍ਰਧਾਨ ਫ਼ਰਿਸ਼ਤਾ ਰਿ੒ਵਾਨ   ਹੈ, ਜਿਸ ਨੂੰ ਪੁਰਾਣਾਂ ਦਾ ਇੰਦ੍ਰ ਸਮਝਣਾ ਚਾਹੀਏ।

੫ ਇੱਕ ਕਵੀ, ਜਿਸ ਦਾ ਅਸਲ ਨਾਮ ਮੁਹ਼ੰਮਦ ਕ਼ਾਸਿਮ ਸੀ. ਇਸ ਦਾ ਜਨਮ “ਅਸਤਰਾਬਾਦ” ਫ਼ਾਰਸ ਵਿੱਚ ਕਰੀਬ ਸਨ ੧੫੭੦ ਦੇ ਹੋਇਆ. ਇਸ ਦੇ ਪਿਤਾ ਦਾ ਨਾਮ ਗ਼ੁਲਾਮਅ਼ਲੀ ਸੀ. ਮੁਹ਼ੰਮਦ ਕ਼ਾਸਿਮ ਦੀ ਲਿਖੀ ਹੋਈ ਤਵਾਰੀਖ਼, ਜੋ ਸਨ ੧੬੧੪ ਵਿੱਚ ਤਿਆਰ ਹੋਈ ਹੈ “ਫ਼ਰਿਸ਼੍ਤਾ” ਨਾਮ ਤੋਂ ਪ੍ਰਸਿੱਧ ਹੈ.1 ਮੁਹ਼ੰਮਦ ਕ਼ਾਸਿਮ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਭੀ ਕੁਝ ਸਮਾਂ ਰਿਹਾ ਹੈ। ੬ ਦੇਵਤਾ ਦੇ ਗੁਣ ਰੱਖਣ ਵਾਲਾ ਸਾਧੁ. ਦੇਖੋ ਫ਼ਰਿਸ਼ਤਾ ਸਿਫ਼ਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.