ਬਾਜ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਜ ਸਿੰਘ ( ਮ. 1716 ਈ. ) : ਬਲ ਗੋਤ ਦਾ ਇਕ ਜੱਟ ਸਿੰਘ , ਜਿਸ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ‘ ਮੀਰਪੁਰ ਪਟੀ ’ ਵਿਚ ਹੋਇਆ । ਇਸ ਨੇ ਆਨੰਦਪੁਰ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਅਤੇ ਗੁਰੂ ਜੀ ਦੁਆਰਾ ਲੜੀਆਂ ਗਈਆਂ ਸਾਰੀਆਂ ਜੰਗਾਂ ਵਿਚ ਹਿੱਸਾ ਲਿਆ । ਨਾਂਦੇੜ ਤਕ ਇਹ ਗੁਰੂ ਜੀ ਦੇ ਅੰਗ-ਸੰਗ ਰਿਹਾ । ਸੰਨ 1708 ਈ. ਵਿਚ ਜਦੋਂ ਗੁਰੂ ਜੀ ਨੇ ਬਾਬਾ ਬੰਦਾ ਬਹਾਦਰ ਨੂੰ ਪੰਜਾਬ ਵਿਚ ਜ਼ੁਲਮ ਨੂੰ ਖ਼ਤਮ ਕਰਨ ਲਈ ਭੇਜਿਆ , ਤਾਂ ਇਹ ਬਾਬਾ ਜੀ ਨਾਲ ਆਏ ਪੰਜ ਮੁੱਖ ਸਿੰਘਾਂ ਵਿਚ ਸ਼ਾਮਲ ਸੀ । ਇਸ ਨੇ ਮਈ 1710 ਈ. ਵਿਚ ਚੱਪੜ ਚਿੜੀ ਕੋਲ ਲੜੀ ਗਈ ਜੰਗ ਵਿਚ ਅਦੁੱਤੀ ਵੀਰਤਾ ਦਾ ਪ੍ਰਦਰਸ਼ਨ ਕੀਤਾ ਅਤੇ ਨਵਾਬ ਵਜ਼ੀਰ ਖ਼ਾਨ ਨਾਲ ਦੁਅੰਦ ਯੁੱਧ ਰਚਾਇਆ । ਜੰਗ ਤੋਂ ਬਾਦ ਬਾਬਾ ਜੀ ਵਲੋਂ ਇਸ ਨੂੰ ਸਰਹਿੰਦ ਦਾ ਪ੍ਰਸ਼ਾਸਕ ਸਥਾਪਿਤ ਕੀਤਾ ਗਿਆ । ਦਸੰਬਰ 1715 ਈ. ਵਿਚ ਇਹ ਗੁਰਦਾਸ-ਨੰਗਲ ਦੀ ਗੜ੍ਹੀ ਵਿਚ ਪਕੜਿਆ ਗਿਆ ਅਤੇ ਬਾਬਾ ਬੰਦਾ ਬਹਾਦਰ ਤੇ ਹੋਰ ਸਿੰਘਾਂ ਨਾਲ ਦਿੱਲੀ ਲਿਆਉਂਦਾ ਗਿਆ । ਜੂਨ 1716 ਈ. ਨੂੰ ਇਸ ਨੂੰ ਸ਼ਹੀਦ ਕੀਤਾ ਗਿਆ । ਸਿੱਖ ਧਰਮ ਵਿਚ ਦ੍ਰਿੜ੍ਹ ਨਿਸਚਾ ਰਖਣ ਵਾਲਾ ਬਾਜ ਸਿੰਘ ਧਰਮ ਲਈ ਸਭ ਕੁਝ ਨਿਛਾਵਰ ਕਰ ਦੇਣ ਵਾਲੇ ਸਿੰਘਾਂ ਵਿਚ ਵਿਸ਼ੇਸ਼ ਸਥਾਨ ਰਖਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.